ਕੌਣ ਗ਼ੱਦਾਰ ਤੇ ਕੌਣ ਪਹਿਰੇਦਾਰ?
ivjY kumfr hjfrf
ਗੁਰੂ
ਰਵਿਦਾਸ ਸਮਾਜ ਦੇ ਲੋਕ ਅੱਜ ਪੂਰੇ ਵਿਸ਼ਵ ਵਿਚ ਵੱਸ ਰਹੇ ਹਨ,
ਉਨ੍ਹਾਂ ਨੇ ਹਰ ਖੇਤਰ ਵਿਚ ਮੱਲ੍ਹਾਂ ਮਾਰੀਆਂ ਹੋਈਆਂ ਹਨ ਅਤੇ
ਇਨ੍ਹਾਂ ਮਹਾਨ ਲੋਕਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ
ਸਮਾਜ ਦੇ ਲੋਕ ਗੁਰੂ ਰਵਿਦਾਸ ਜੀ ਦੇ ਨਾਲ ਨਾਲ ਸੰਤ ਕਬੀਰ ਜੀ,
ਸੰਤ ਨਾਮਦੇਵ ਜੀ, ਸੰਤ ਸਧਨਾ ਤੇ ਸੈਣ ਜੀ, ਗੁਰੂ ਨਾਨਕ ਜੀ ਵਰਗੇ
ਮਹਾਂਪੁਰਸ਼ਾਂ ਦਾ ਨਾਮ ਸੁਣਦੇ ਸਾਰ ਹੀ ਸ਼ਰਧਾ-ਭਾਵਨਾ ਵਿਚ ਆ
ਜਾਂਦੇ ਹਨ। ਕੁਝ ਵੀ ਹੋਵੇ, ਜਿਨ੍ਹਾਂ ਵੀ ਹਲਾਤਾਂ ਵਿਚ ਇਹ ਸਮਾਜ
ਵਿਚਰ ਰਿਹਾ ਹੋਵੇ, ਆਪਣੇ ਗੁਰੂਆਂ ਖਾਸ ਕਰਕੇ ਗੁਰੂ ਰਵਿਦਾਸ ਜੀ
ਦਾ ਨਾਮ ਤੇ ਬਾਣੀ ਸੁਣ ਕੇ ਇਨ੍ਹਾਂ ਦੀ ਆਤਿਮਕ ਭੁੱਖ ਮਿਟ ਜਾਂਦੀ
ਹੈ।
ਇੱਥੇ ਅਸੀਂ ਵਿਦੇਸ਼ਾਂ ਵਿਚ ਵਸਦੇ ਉਨ੍ਹਾਂ
ਲੋਕਾਂ ਦੀ ਗੱਲ੍ਹ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਗੁਰੂ ਰਵਿਦਾਸ
ਮਹਾਰਾਜ ਜੀ ਵਿਚ ਬਹੁਤ ਸ਼ਰਧਾ ਹੈ, ਜਿਹੜੇ ਦਿਨ-ਰਾਤ ਗੁਰੂ ਜੀ
ਅੱਗੇ ਅਰਦਾਸਾਂ ਕਰਕੇ ਆਪਣਾ ਜੀਵਨ ਸਫਲ ਬਣਾਉਣ ਲੱਗੇ ਹੋਏ ਹਨ
ਅਤੇ ਬਾਣੀ ਦੇ ਇਸ ਫਰਮਾਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ
ਹੋਇਆ ਹੈ-
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ
ਕਰਿ।।
ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ।। (ਪੰ. 519)
ਉਪਰੋਕਤ ਤੁਕਾਂ ਨੂੰ ਅਸੀਂ ਸ਼ਰਧਾਵਾਨ ਲੋਕਾਂ
ਨੇ ਆਪਣੇ ਮਨ ਅੰਦਰ ਹੀ ਨਹੀਂ ਵਸਾਇਆ ਹੋਇਆ ਸਗੋਂ ਆਪਣੀ ਜਿੰਦਗੀ
ਦਾ ਆਧਾਰ ਬਣਾਇਆ ਹੋਇਆ ਹੈ। ਪਰ ਅਸੀਂ ਕਿਹੜੀ ਸਿਆਣਪ ਦਾ ਤਿਆਗ
ਕਰਨਾ ਹੈ ਇਹ ਨਹੀਂ ਸਮਝ ਰਹੇ, ਅਸੀਂ ਤਾਂ ਗੁਰੂ ਦੀ ਸਿਆਣਪ ਦੇ
ਅੱਗੇ ਆਪਣੀ ਸਿਆਣਪ ਦਾ ਤਿਆਗ ਕਰਨਾ ਸੀ। ਅਸੀਂ ਤਨ-ਮਨ ਤਾਂ ਗੁਰੂ
ਅੱਗੇ ਅਰਪਣ ਕਰਨਾ ਸੀ ਪ੍ਰੰਤੂ ਇਸਦੇ ਉਲਟ ਸੋੜੀ ਸੋਚ ਰੱਖਣ
ਵਾਲਿਆਂ ਵਲੋਂ ਵਛਾਏ ਜਾ ਰਹੇ ਮੱਕੜ ਜਾਲ ਵਿਚ ਫਸ ਰਹੇ ਹਾਂ।
ਅਸੀਂ ਇੱਥੋਂ ਤੱਕ ਫਸ ਚੁੱਕੇ ਹਾਂ ਕਿ ਆਪਣੀ ਸਿਆਣਪ ਨੂੰ ਜੋ
ਸਾਨੂੰ ਗੁਰੂ ਮਹਾਰਾਜ ਦੇ ਕੇ ਗਏ ਉਸਨੂੰ ਵਰਤਣਾ ਪਾਪ ਸਮਝੀ ਬੈਠੇ
ਹਾਂ ਤੇ ਅੱਖਾਂ ਮੀਚ ਕੇ ਕਿਸੇ ਦੇ ਮਗਰ ਲੱਗ ਤੁਰਦੇ ਹਾਂ।
ਅੱਜ ਧਰਮ ਦੇ ਨਾਮ ਤੇ ਲੋਕਾਂ ਨੂੰ ਜਿਸ ਕਦਰ
ਲੁੱਟਿਅ ਜਾ ਰਿਹਾ ਹੈ ਇਸ ਤੋਂ ਹਰ ਸੂਝਵਾਨ ਬੰਦਾ ਵਾਕਫ ਹੈ।
ਪਹਿਲਾਂ ਤਾਂ ਦੂਜੇ ਧਰਮਾਂ ਵਲੋਂ ਸਮਾਜ ਨੂੰ ਖਾਸ ਕਰਕੇ ਸਾਡੇ
ਸਮਾਜ ਨੂੰ ਲੁੱਟਿਅ ਜਾਂਦਾ ਸੀ ਪਰ ਅੱਜ ਦੇ ਸਮੇਂ ਵਿਚ ਸਾਡੇ
ਸਮਾਜ ਵਿਚੋਂ ਹੀ ਚੰਦ ਲੋਕ ਉਠ ਖੜ੍ਹੇ ਹਨ ਧਰਮ ਦੇ ਨਾਮ ਤੇ
ਲੋਕਾਂ ਨੂੰ ਵ਼ੰਡਣ ਅਤੇ ਮੂਰਖ ਬਣਾਉਣ ਲਈ। ਪਹਿਲਾਂ ਤਾਂ ਸਾਨੂੰ
ਪਤਾ ਹੋਣਾ ਚਾਹੀਦਾ ਹੈ ਕਿ ਧਰਮ ਕਹਿੰਦੇ ਕਿਸਨੂੰ ਹਨ, ਮੇਰੀ
ਸੋਝੀ ਅਨੁਸਾਰ ਧਰਮ ਆਪਣੇ-ਆਪ ਸਹਿਜ ਰੂਪ ਵਿਚ ਖਿੜ੍ਹਿਆ ਉਹ ਫੁੱਲ
ਹੁੰਦਾ ਹੈ ਜਿਸਦੀ ਖੁਸ਼ਬੂ ਹਰ ਵਰਗ ਦਾ ਬੰਦਾ ਮਹਿਸੂਸ ਕਰਦਾ ਹੈ।
ਜਿਹੜਾ ਧਰਮ ਆਪਣੀ ਰੂਪ-ਰੇਖਾ ਸੋਹਣੇ ਅਤੇ ਸਹਿਜ ਰੂਪ ਵਿਚ ਨਹੀਂ
ਅਖਤਿਆਰ ਕਰਦਾ ਉਹ ਹਮੇਸ਼ਾਂ ਹੀ ਖਾਤਮੇਂ ਵੱਲ ਨੂੰ ਮੋੜ ਕੱਟ
ਲੈਂਦਾ ਹੈ ਕਿਉਂਕਿ ਸਹਿਜ ਅਤੇ ਸੋਹਣਾ ਰੂਪ ਬਣਾਉਣ ਵਿਚ ਨੇਕ
ਬੰਦਿਆ ਦੀ ਨੇਕ ਨੀਅਤ ਹੀ ਕੰਮ ਕਰਦੀ ਹੈ ਵਰਨਾ ਕੋਈ ਵੀ ਗੁਰੂ
ਆਪਣੇ ਨਾਂ ਤੇ ਧਰਮ ਖੜ੍ਹਾ ਕਰਕੇ ਨਹੀਂ ਜਾਂਦਾ। ਉਹਨਾਂ ਦਾ ਨਾਮ
ਤਾਂ ਹਮੇਸ਼ਾਂ ਅਮਰ ਰਹਿੰਦਾ ਹੈ ਉਨ੍ਹਾਂ ਦੇ ਉਪਦੇਸ਼ਾਂ ਦੇ ਰੂਪ
ਵਿਚ, ਅਤੇ ਇਹ ਉਪਦੇਸ਼ ਸਾਨੂੰ ਅੱਖਰਾਂ ਵਿਚ ਲਿਖੇ ਹੋਏ ਮਿਲਦੇ ਹਨ
ਜਿਸਦਾ ਅਰਥ ਹੈ ਕਦੇ ਨਾ ਖਰਨ ਵਾਲੇ- ਅ-ਖਰ। ਇਨ੍ਹਾਂ ਅੱਖਰਾਂ ਤੇ
ਪਹਿਰਾ ਦੇਣ ਵਾਲਿਅਂ ਜਾਂ ਚੱਲਣ ਵਾਲਿਆਂ ਨੂੰ ਧਰਮੀ ਲੋਕ, ਧਰਮੀ
ਜਾਂ ਧਰਮ ਦਾ ਨਾਮ ਦੇ ਦਿੱਤਾ ਜਾਂਦਾ ਹੈ। ਇਹ ਕੋਈ ਵਿਖਾਵਾ ਕਰਨ
ਵਾਲੀ ਚੀਜ਼ ਨਹੀਂ ਹੁੰਦੀ, ਇਹ ਇਕ ਵਿਚਾਰਧਾਰਾ ਹੁੰਦੀ ਹੈ ਜਿਸ
ਨੂੰ ਜੀਵਨ ਅੰਦਰ ਢਾਲਣਾ ਹੁੰਦਾ ਹੈ। ਪਰ ਚੰਦ ਲੋਕ ਧਰਮ ਦੇ ਨਾਂ
ਤੇ ਕੱਟੜਤਾ ਦਾ ਬੀਜ ਬੀਜਣ ਦੀ ਕੋਸ਼ਿਸ਼ ਕਰਦੇ ਹਨ। ਸਭ ਨੂੰ ਪਤਾ
ਹੈ ਕਿ ਔਰੰਗਜੇਬ ਭਾਂਵੇ ਬਾਦਸ਼ਾਹ ਸੀ ਪਰ ਉਹ ਆਪਣੀ ਕੱਟਡ਼ਤਾ ਨਾਲ
ਓਨੇ ਲੋਕਾਂ ਨੂੰ ਮੁਸਲਮਾਨ ਨਹੀਂ ਬਣਾ ਸਕਿਆ ਜਿੰਨਾ ਬਾਬਾ ਫ਼ਰੀਦ
ਦੇ ਪ੍ਰੇਮ-ਭਾਵ ਤੋਂ ਪ੍ਰਭਾਵਿਤ ਹੋ ਕੇ ਹਿੰਦੋਸਤਾਨ ਦੇ ਲੋਕਾਂ
ਨੇ ਮੁਸਲਮਾਨ ਧਰਮ ਅਖਿਤਆਰ ਕੀਤਾ।
ਸਾਡੇ ਸਮਾਜ ਦੇ ਚੰਦ ਲੋਕ ਜਾਣੇ-ਅਣਜਾਣੇ ਵਿਚ ਧਰਮ ਦੇ ਨਾਂ ਤੇ
ਇਕ ਅਜਿਹਾ ਸੌੜਾ ਦਾਇਰਾ ਬਣਾ ਰਹੇ ਹਨ ਜਿਸ ਵਿਚ ਅਸੀਂ ਆਪਣੇ
ਲੋਕਾਂ ਨੂੰ ਹੀ ਸ਼ਾਮਿਲ ਨਹੀਂ ਕਰ ਪਾ ਰਹੇ, ਦੂਸਰੇ ਹੋਰ ਧਰਮਾਂ
ਅਤੇ ਜਾਤਾਂ, ਫਿਰਕਿਆਂ ਦੇ ਲੋਕਾਂ ਨੇ ਤਾਂ ਸਾਡੇ ਗੁਰੂ ਦੇ ਨਾਮ
ਤੇ ਕੀ ਇਕੱਠੇ ਹੋਣਾ ਹੈ। ਜਿਸ ਗੱਲ ਦੀ ਚਿੰਤਾ ਮੈਨੂੰ ਹੈ ਸ਼ਾਇਦ
ਮੇਰੇ ਵਰਗੇ ਕਿਸੇ ਹੋਰ ਵਿਅਕਤੀ ਨੂੰ ਵੀ ਹੋਵੇ ਜੋ ਗੁਰੂ ਰਵਿਦਾਸ
ਜੀ ਵਿਚ ਤਾਂ ਸ਼ਰਧਾ ਰੱਖਦਾ ਹੋਵੇ ਪ੍ਰੰਤੂ ਡੇਰਿਆਂ, ਧਰਮਾਂ ਦੇ
ਠੇਕੇਦਾਰਾਂ ਤੋਂ ਵੀ ਚੰਗੀ ਤਰ੍ਹਾਂ ਵਾਕਫ ਹੋਵੇ। ਗੁਰੂ ਰਵਿਦਾਸ
ਜੀ ਦੇ ਨਾਮ ਤੇ ਬਣਾਏ ਜਾ ਰਹੇ ਦਾਇਰੇ ਓਦੋਂ ਮੇਰੇ ਵਰਗੇ ਵਿਅਕਤੀ
ਨੂੰ ਸੌੜੇ ਤੇ ਬੇ-ਬੁਨਿਆਦ ਲੱਗਦੇ ਹਨ ਜਦੋਂ ਇਨ੍ਹਾਂ ਦਾਇਰਿਆਂ
ਵਿਚ ਗੁਰੂ ਰਵਿਦਾਸ ਜੀ ਦੀ ਗੱਲ ਘੱਟ ਤੇ ਡੇਰੇਦਾਰਾਂ ਦੀ ਗੱਲ
ਜਿਆਦਾ ਹੁੰਦੀ ਹੈ। ਕੀ ਇਸ ਤਰ੍ਹਾਂ ਕਰਕੇ ਅਸੀਂ ਗੁਰੂ ਰਵਿਦਾਸ
ਜੀ ਦਾ ਨਾਮ ਸਹੀ ਢੰਗ ਨਾਲ ਪ੍ਰਚਾਰ ਰਹੇ ਹੁੰਦੇ ਹਾਂ। ਤੁਸੀਂ
ਦਿਮਾਗ ਤੇ ਪੂਰਾ ਜੋਰ ਪਾ ਕੇ ਸੋਚੋ ਕਿ ਜਿਹੜੀ ਬਾਣੀ ਵਿਚ
ਮਿਲਾਵਟ ਹੋ ਚੁੱਕੀ ਹੈ, ਜਿਹੜੀਆਂ ਤੁੱਕਾਂ ਗੁਰੂ ਰਵਿਦਾਸ ਜੀ ਦੀ
ਸ਼ੁੱਧ ਤੇ ਅਮਰ ਬਾਣੀ ਦੀ ਵਿਚਾਰਧਾਰਾ ਤੇ ਖਰੀਆਂ ਨਹੀਂ ਉਤਰਦੀਆਂ,
ਉਹ ਅੰਮ੍ਰਿਤਬਾਣੀ ਕਿਵੇਂ ਹੋ ਸਕਦੀ ਹੈ। ਕੁਝ ਲੋਕ ਗੱਲ ਤਾਂ ਧਰਮ
ਦੀ ਕਰਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਧਰਮ ਦੀ ਨੀਂਹ
ਕਿਵੇਂ ਮਜਬੂਤ ਹੁੰਦੀ ਹੈ।ਉਦਾਹਰਣ
ਦੇ ਤੌਰ ਤੇ ਕਾਂਸ਼ੀ ਟੀ. ਵੀ. ਨੂੰ ਲੈ ਲਓ,ਵੀਨਸ ਟੀ. ਵੀ. ਤੇ
ਵਿਖਾਏ ਜਾਂਦੇ ਇਕ-ਇਕ ਘੰਟੇ ਦਾ ਪ੍ਰੋਗਰਾਮ ਜਿਸ ਦਾ ਨਾਮ
ਕਾਂਸ਼ੀ ਟੀ. ਵੀ. ਰੱਖਿਆ ਹੈ।
ਇਸ ਪ੍ਰੋਗਰਾਮ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਇਸ ਤਰ੍ਹਾਂ ਕੀਤਾ
ਹੈ ਜਿਵੇਂ ਇਹ ਕੋਈ ਆਪਣਾ ਨਿੱਜੀ ਚੈਨਲ ਹੋਵੇ ਪਰ ਇਹ (ਕਾਂਸ਼ੀ
ਟੀ. ਵੀ.) ਵੀਨਸ ਟੀ. ਵੀ. ਤੇ ਵਿਖਾਏ ਜਾਣ ਵਾਲੇ ਇਕ-ਇਕ ਘੰਟੇ
ਦਾ ਪ੍ਰੋਗਰਾਮ ਹੈ। ਇਸ ਵਿਚ ਇਕੋ ਹੀ ਅਲਾਪ ਅਲਾਪਿਆ ਜਾਂਦਾ ਹੈ
ਤੇ ਸਾਡੇ ਸਮਾਜ ਦੇ ਲੋਕਾਂ ਵਿਚ ਕੋਈ ਸਕਾਰਾਤਮਕ ਸੋਚ ਪੈਦਾ ਨਹੀਂ
ਕੀਤੀ ਜਾਂਦੀ। ਮੈਨੂੰ ਅਜਿਹਾ ਪ੍ਰਤੀਤ ਹੋਇਆ ਕਿ ਇਹ ਇਕੋ ਡੇਰੇ
ਦੀ ਬੋਲੀ ਬੋਲ ਰਿਹਾ ਹੈ ਜਿਸ ਵਿਚ ਮੈਨੂੰ ਕੋਈ ਇਤਰਾਜ਼ ਨਹੀਂ
ਹੈ। ਇਤਰਾਜ ਓਦੋਂ ਹੁੰਦਾ ਹੈ ਜਦੋਂ ਵਾਰ ਵਾਰ ਇਹ ਪੂਰੀ ਦੀ ਪੂਰੀ
ਕੌਮ ਨੂੰ ਸੰਬੋਧਨ ਹੁੰਦੇ ਹਨ ਕਿਉਂਕਿ ਆਪਣੇ ਵਲੋਂ ਤਾਂ ਇਸ
ਪ੍ਰੋਗਰਾਮ ਵਾਲੇ ਰਵਿਦਾਸੀਆ ਧਰਮ ਦੇ ਨਾਮ ਤੇ ਲੋਕਾਂ ਨੂੰ ਇਕੱਠਾ
ਕਰਕੇ ਆਪਣੇ ਦਾਇਰੇ ਵਿਚ ਫਸਾਉਣਾ ਚਾਹੁੰਦੇ ਹਨ। ਪਰ ਇਹ ਉਸ ਮਹਾਨ
ਕੌਮ (ਜਿਸਦਾ ਇਤਿਹਾਸ ਬਹੁਤ ਹੀ ਮਹਾਨ ਹੈ) ਦੀਆਂ ਭਾਵਨਾਵਾਂ ਨੂੰ
ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਜਿਨ੍ਹਾਂ ਦੀਆਂ ਭਾਵਨਾਵਾਂ
ਕਾਂਸ਼ੀ ਵਾਲੇ ਸਤਿਗੁਰੂ ਨਾਲ ਅਤੇ ਉਨ੍ਹਾਂ ਦੇ ਇਤਿਹਾਸਕ ਅਸਥਾਨਾਂ
ਨਾਲ ਜੁੜੀਆਂ ਹੋਈਆਂ ਹਨ, ਜਿਵੇਂ ਕਿ- ਸ੍ਰੀ ਖੁਰਾਲਗੜ੍ਹ ਸਹਿਬ
ਜੀ, ਸ੍ਰੀ ਮਾਧੋਪੁਰ ਸਾਹਿਬ ਜੀ, ਸ੍ਰੀ ਚੱਕਹਕੀਮ ਸਹਿਬ ਜੀ।
ਇਨ੍ਹਾਂ ਮਹਾਨ ਇਤਿਹਾਸਕ ਅਸਥਾਨਾਂ ਦੇ ਦੂਰ-ਦੁਰਾਡੇ ਬੈਠੀਆਂ
ਸੰਗਤਾਂ ਨੂੰ ਦਰਸ਼ਨ ਕਰਵਾਉਣੇ ਬਹੁਤ ਜਰੂਰੀ ਹਨ। ਪੰਜਾਬੀਆਂ ਵਲੋਂ
ਚਲਾਏ ਜਾਂਦੇ ਇਸ ਪ੍ਰੋਗਰਾਮ ਵਿਚ ਕਾਂਸ਼ੀ ਵਾਲੇ ਸਤਿਗੁਰੂ ਦੇ
ਇਨ੍ਹਾਂ ਇਤਿਹਾਸਕ ਅਸਥਾਨਾਂ ਨਾਲ ਜੋ ਪੰਜਾਬ ਵਿਚ ਹੀ ਮੌਜੂਦ ਹਨ,
ਵਿਤਕਰਾ ਕਿਉਂ । ਇਸੇ ਵਿਤਕਰੇ ਕਾਰਨ ਹੀ ਅੱਜ ਪੰਜਾਬ ਵਿਚਲੇ
ਬਹੁਤ ਸਾਰੇ ਸਾਧਾਂ ਦੇ ਡੇਰਿਆਂ ਤੇ ਧੜਾਧੜ ਉਸਾਰੀ ਹੋ ਰਹੀ ਹੈ
ਅਤੇ ਸਾਡੇ ਇਤਿਹਾਸਕ ਅਸਥਾਨਾਂ ਤੇ ਉਸਾਰੀ ਦੇ ਕੰਮ ਰੁਕੇ ਪਏ ਹਨ,
ਇਨ੍ਹਾਂ ਅਸਥਾਨਾਂ ਤੇ ਸੰਗਤਾਂ ਨੂੰ ਰਾਤ ਠਹਿਰਣ ਵਿਚ ਮੁਸ਼ਕਲ
ਆਉਂਦੀ ਹੈ, ਬਾਥਰੂਮ ਦਾ ਪ੍ਰਬੰਧ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ
ਜੋ ਨਹੀਂ ਹੈ, ਪੀਣ ਵਾਲੇ ਪਾਣੀ ਦਾ ਖਾਸ ਪ੍ਰਬੰਧ ਨਹੀਂ ਹੈ,
ਲੰਗਰ ਦਾ ਪੱਕਾ ਤੇ ਯੋਜਨਾਬੱਧ ਤਰੀਕੇ ਨਾਲ ਪ੍ਰਬੰਧ ਹੋਣਾ
ਚਾਹੀਦਾ ਹੈ, ਜੋ ਨਹੀਂ ਹੈ, ਬਹੁਤ ਸਾਰੀਆਂ ਹੋਰ ਸਹੂਲਤਾਂ ਨਹੀਂ
ਹਨ।
ਮੈਂ ਜਦੋਂ ਡੇਰਿਆਂ ਅਤੇ ਇਨ੍ਹਾਂ ਅਸਥਾਨਾਂ ਤੇ
ਘੁੰਮ ਕੇ ਵੇਖਿਆ ਤਾਂ ਮੈਂ ਅਜਿਹਾ ਵਿਤਕਰਾ ਦੇਖ ਕੇ ਦੁੱਖੀ
ਹੋਇਆ। ਕੀ ਸਾਡਾ ਸਮਾਜ ਇਸ ਤਰ੍ਹਾਂ ਇਕ ਹੋ ਰਿਹਾ ਹੈ ਜਾਂ
ਪੁਜਾਰੀ ਸ਼੍ਰੇਣੀ ਵਰਗੀ ਸੋਚ ਰੱਖਣ ਵਾਲੇ ਅੱਜਕਲ੍ਹ ਦੇ ਸਾਧਾਂ ਦੇ
ਚੁੰਗਲ ਵਿਚ ਫਸ ਕੇ ਬਿਖਰਦਾ ਜਾ ਰਿਹਾ ਹੈ।
ਸੰਤ ਰਾਮਾਨੰਦ ਜੀ ਦੀ ਸ਼ਹਾਦਤ ਤੋਂ ਬਾਅਦ ਸਾਡੇ ਦੋਆਬੇ ਦੇ ਚਮਾਰ
ਭਰਾਵਾਂ ਨੇ ਵੱਖਰੇ ਧਰਮ ਦਾ ਐਲਾਨ ਕਰ ਦਿੱਤਾ ਸੀ ਤੇ ਇਸ ਧਰਮ ਦਾ
ਨਾਮ ਰੱਖਿਆ ਸੀ ਰਵਿਦਾਸੀਆ ਧਰਮ। ਚਲੋ ਇਸ ਵਿਚ ਇਤਰਾਜ ਵਾਲੀ ਕੋਈ
ਗੱਲ ਨਹੀਂ ਸਭ ਨੂੰ ਧਾਰਮਿਕ ਆਜਾਦੀ ਹੈ ਪਰ ਸੰਤ ਰਾਮਾਨੰਦ ਜੀ ਦੀ
ਇੰਨੀ ਵੱਡੀ ਸ਼ਹਾਦਤ ਤੋਂ ਬਾਅਦ ਫਿਰ ਵੀ ਅਸੀਂ ਇਕੱਠੇ ਕਿਉਂ ਨਹੀਂ
ਹੋਏ। ਸੰਤ ਰਾਮਾਨੰਦ ਜੀ ਦੀ ਸ਼ਹਾਦਤ ਤੋਂ ਬਾਅਦ ਸਾਰਾ ਦਲਿਤ ਸਮਾਜ
ਸਡ਼ਕਾਂ ਤੇ ਉਤਰ ਆਇਆ ਸੀ, ਤੇ ਇਸ ਦੁੱਖਦ ਘਟਨਾ ਨੂੰ ਦਲਿਤ
ਭਾਈਚਾਰੇ ਨੇ ਆਪਣੇ ਪਿੰਡੇ ਤੇ ਝੱਲਿਆ। ਜਿਸ ਵਿਚ ਬੇਕਸੂਰ ਜਾਨਾਂ
ਵੀ ਚਲੀਆਂ ਗਈਆਂ। ਵਿਆਨਾ ਦੀ ਘਟਨਾ ਤੋਂ ਬਾਅਦ ਅੱਜ ਵੀ ਹਜਾਰਾਂ
ਦੀ ਗਿਣਤੀ ਵਿਚ ਦਲਿਤ ਪਰਿਵਾਰ ਦੇ ਲੋਕ ਇਸ ਘਟਨਾ ਦਾ ਦੁੱਖ ਭੋਗ
ਰਹੇ ਹਨ, ਨੌਜਵਾਨਾਂ ਸਿਰ ਬਹੁਤ ਸਾਰੇ ਕੇਸ ਪੈ ਗਏ ਹਨ। ਇਸ
ਤਰ੍ਹਾਂ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਅਸੀਂ ਇਕੱਠੇ ਕਿਉਂ
ਨਹੀਂ ਹੋਏ, ਕਿਉਂਕਿ ਚੰਦ ਲੋਕ ਹੀ ਆਪਣੀ ਵਾਹ-ਵਾਹ ਖੱਟਣ ਅਤੇ
ਧਰਮ ਦੇ ਨਾਂ ਤੇ ਕੌਮ ਦੇ ਠੇਕੇਦਾਰ ਬਣਨ ਵਿਚ ਲੱਗੇ ਹੋਏ ਹਨ,
ਹੋਰ ਸੂਝਵਾਨ ਲੋਕਾਂ ਨੂੰ ਪਿੱਛੇ ਸੁੱਟਿਆ ਜਾ ਰਿਹਾ ਹੈ। ਬਿਨਾ
ਸ਼ੱਕ ਸੰਤ ਰਾਮਾਨੰਦ ਜੀ ਗੁਰੂ ਘਰ ਵਿਖੇ ਆਪਣੀ ਡਿਊਟੀ ਦੌਰਾਨ
ਸ਼ਹੀਦ ਹੋਏ ਹਨ ਅਤੇ ਇਹ ਕੌਮ ਲਈ ਬਹੁਤ ਵੱਡੀ ਸ਼ਹਾਦਤ ਸੀ। ਪਰ
ਗੁਰੂ ਰਵਿਦਾਸ ਜੀ ਵਰਗੀ ਮਹਾਨ ਸਖਸ਼ੀਅਤ ਦੀ ਬਰਾਬਰੀ ਜਾਂ ਉਨ੍ਹਾਂ
ਜਿੱਡਾ ਰੁਤਬਾ ਅਸੀਂ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਸੰਤ
ਰਾਮਾਨੰਦ ਜੀ ਦੀ ਆਪਣੀ ਸ਼ਹਾਦਤ ਕੌਮ ਦੇ ਦਿਲਾਂ ਵਿਚ ਰਹਿੰਦੀ
ਦੁਨੀਆਂ ਤੱਕ ਛਾਪ ਛੱਡ ਗਈ ਹੈ। ਪਰ ਜਦੋਂ ਅਸੀਂ ਆਪਣੇ ਨਿੱਜੀ
ਮੁਫਾਦਾਂ ਲਈ ਕਿਸੇ ਵੀ ਸੰਤ ਦੀ ਤੁਲਨਾ ਜਾਂ ਬਰਾਬਰੀ ਗੁਰੂ
ਰਵਿਦਾਸ ਜੀ ਨਾਲ ਕਰਨ ਲੱਗ ਪੈਂਦੇ ਹਾਂ ਜਾਂ ਗੁਰੂ ਰਵਿਦਾਸ ਜੀ
ਨਾਲੋਂ ਜਿਆਦਾ ਇਨ੍ਹਾਂ ਵੱਖ-ਵੱਖ ਡੇਰਿਆਂ ਵਿਚ ਸ਼ਰਧਾ ਰੱਖਦੇ ਹਾਂ
ਤਾਂ ਇਸ ਨਾਲ ਜਿਹੜਾ ਸਮਾਜ ਕਰੋੜਾਂ ਦੀ ਗਿਣਤੀ ਵਿਚ ਵੱਖ ਵੱਖ
ਡੇਰਿਆਂ, ਧਰਮਾਂ, ਫਿਰਕਿਆਂ, ਗੋਤਾਂ ਆਦਿ ਵਿਚ ਵੰਡਿਆ ਹੈ, ਉਸਦੇ
ਆਪਸ ਵਿਚ ਜੁਡ਼ਨ ਦੇ ਆਸਾਰ 90 ਫੀ ਸਦੀ ਘੱਟ ਜਾਂਦੇ ਹਨ। ਇਸਦਾ
ਕਾਰਨ ਇਹ ਵੀ ਹੈ ਕਿ ਹਰੇਕ ਡੇਰੇ ਦੇ ਸੰਤ ਦਾ ਕੋਈ ਨਾ ਕੋਈ ਨਿਜੀ
ਪੱਖ ਜਾਂ ਨਿੱਜੀ ਵਿਚਾਰਧਾਰਾ ਵੀ ਹੁੰਦੀ ਹੈ, ਜੋ ਇਨ੍ਹਾਂ
ਅਨੁਸਾਰ ਸਹੀ ਹੁੰਦੇ ਹਨ ਪਰ ਗੁਰੂ ਰਵਿਦਾਸ ਜੀ ਵਰਗੀ ਸਖ਼ਸ਼ੀਅਤ
ਨਾਲ ਉਨ੍ਹਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਡੇਰਿਆਂ ਦੇ ਕਈ
ਨਿੱਜੀ ਪੱਖ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨਾਲ ਮੇਲ ਨਹੀਂ
ਖਾਂਦੇ। ਇਸ ਲਈ ਜਦੋਂ ਅਸੀਂ ਅੰਨੀ-ਸ਼ਰਧਾ ਜਾਂ ਜਾਣ-ਬੁੱਝ ਕੇ
ਆਪਣੇ ਨਿੱਜੀ ਮੁਫਾਦ ਲਈ ਗੁਰੂ ਰਵਿਦਾਸ ਜੀ ਦੇ ਨਾਮ ਦੇ ਐਨ
ਬਰਾਬਰ ਕਿਸੇ ਹੋਰ ਸੰਤ,ਸਾਧ, ਬਾਬੇ ਦਾ ਨਾਮ ਜੋੜ ਦਿੰਦੇ ਹਾਂ
(ਬਿਨਾ ਸ਼ੱਕ ਉਹ ਕੋਈ ਮਹਾਨ ਸਖਸ਼ੀਅਤ ਹੀ ਕਿਉਂ ਨਾ ਹੋਵੇ) ਤਾਂ
ਪੂਰੇ ਦੇ ਪੂਰੇ ਸਮਾਜ ਨੂੰ ਇਕ ਲੜੀ ਵਿਚ ਪ੍ਰੋਣਾ ਸੁਪਨੇ ਦਾ
ਸੁਪਨਾ ਰਹਿ ਜਾਂਦਾ ਹੈ। ਫਿਰ ਅਸੀਂ ਕੌਮ ਦੇ ਆਪਣੇ ਲੋਕਾਂ ਨੂੰ
ਹੀ ਜੋ ਵਿਸ਼ਾਲ ਤੇ ਵਧੀਆ ਸੋਚ ਰੱਖਦੇ ਹਨ (ਉਹ ਜਦੋਂ ਸਾਡੇ
ਦਾਇਰਿਆਂ ਵਿਚ ਨਹੀਂ ਬੰਦ ਹੁੰਦੇ) ਤਾਂ ਉਨ੍ਹਾਂ ਨੂੰ ਅਸੀਂ
ਗ਼ਦਾਰ, ਮਨਮੁੱਖ, ਮੂਰਖ, ਗੁਰੂ ਪ੍ਰਤੀ ਸ਼ਰਧਾ ਨਾ ਰੱਖਣ ਵਾਲੇ,
ਆਦਿ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਇੰਞ ਤਾਂ ਡਾ. ਭੀਮ ਰਾਓ
ਅੰਬੇਡਕਰ ਜੀ ਨੇ ਵੀ ਬੁੱਧ ਧਰਮ ਅਪਨਾਉਣ ਵੇਲੇ ਨਹੀਂ ਸੀ ਕਿਹਾ।
ਜਿੰਨਾ ਅਹਿਸਾਨ ਭਾਰਤ ਦੀ ਦਲਿਤ ਕੌਮ ਤੇ ਡਾ. ਭੀਮ ਰਾਓ ਅੰਬੇਡਕਰ
ਸਾਹਿਬ ਦਾ ਹੈ ਸ਼ਾਇਦ ਹੀ ਕਿਸੇ ਹੋਰ ਦਾ ਹੋਵੇਗਾ। ਉਨ੍ਹਾਂ ਨੇ ਵੀ
ਬੁੱਧ ਧਰਮ ਨਾ ਆਪਨਾਉਣ ਵਾਲੇ, ਚਮਾਰ, ਘੁਮਿਆਰ, ਮਹਾਰ,
ਤਰਖਾਣ, ਜੁਲਾਹਿਆਂ, ਭੰਗੀਆਂ ਨੂੰ ਗ਼ਦਾਰ ਨਹੀਂ ਸੀ ਕਿਹਾ, ਨਾ
ਹੀ ਕਿਧਰੇ ਲਿਖਿਆ ਹੈ।
ਪਰ
ਡੇਰਿਆਂ ਦਾ ਪ੍ਰਚਾਰ ਕਰਨ ਵਾਲਿਆਂ ਦਾ ਇਹ ਰੋਜ਼ ਦਾ ਸ਼ੋਸ਼ਾ ਹੋ
ਗਿਆ ਹੈ ਕਿ ਜਿਹੜਾ ਵੀ ਕੋਈ ਉਨ੍ਹਾਂ ਦੀ ਤੰਗਦਿਲੀ ਤੇ ਕਿੰਤੂ
ਕਰਦਾ ਹੈ ਤਾਂ ਉਸਨੂੰ ਕੌਮ ਦਾ ਗ਼ਦਾਰ ਗਰਦਾਨ ਦਿੰਦੇ ਹਨ, ਇਹ
ਤਾਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ। ਇਹ ਕਿਸ ਤਰ੍ਹਾਂ ਦੀ ਕੌਮ
ਦੀ ਸੇਵਾ ਹੋ ਰਹੀ ਹੈ ਜਿਸ ਵਿਚ ਆਪਣੇ ਹੀ ਬਹੁ-ਗਿਣਤੀ ਲੋਕਾਂ
ਨੂੰ ਗ਼ਦਾਰ ਗਰਦਾਨਿਆ ਜਾ ਚੁੱਕਾ ਹੈ ਜੋ ਗੁਰੂ ਰਵਿਦਾਸ ਜੀ ਨੂੰ
ਤਾਂ ਮੰਨਦੇ ਹਨ ਪਰ ਤੰਗ ਦਾਇਰਿਆ ਵਿਚ ਫਸਣਾ ਨਹੀਂ ਚਾਹੁੰਦੇ।
ਫਿਰ ਹੋਰ ਧਰਮਾਂ, ਕੌਮਾਂ, ਜਾਤਾਂ ਨੂੰ ਅਸੀਂ ਕਿਹੜਾ ਸਰਟੀਫਿਕੇਟ
ਦੇਵਾਂਗੇ। ਕੀ ਇਸ ਤਰ੍ਹਾਂ ਹੋ ਰਹੀ ਹੈ ਸਾਡੀ ਕੌਮ ਦੀ
ਪਹਿਰੇਦਾਰੀ।ਇੰਗਲੈਂਡ ਦੇ ਮਸ਼ਹੂਰ ਲੇਖਕ ਤੇ ਫਿਲੋਸਫ਼ਰ ਏਡਮੰਡ
ਬੁਰਕੇ ਨੇ ਕਿਹਾ ਹੈ,“ Those
who fail to learn from history are always destined
to repeat it ”,
ਭਾਵ ਜਿਹੜੇ ਇਤਹਾਸ ਤੋਂ ਕੋਈ ਸਬਕ ਨਹੀਂ ਸਿਖਦੇ ਉਹ ਵਾਰ ਵਾਰ
ਇਤਿਹਾਸ ਨੂੰ ਦਹੁਰਾਉਂਦੇ ਰਹਿੰਦੇ ਹਨ। ਠੀਕ ਇਸੇ ਤਰ੍ਹਾਂ ਸਾਡੇ
ਸਮਾਜ ਦੇ ਕੁਝ ਲੋਕ ਬ੍ਰਾਹਮਣਵਾਦ ਵਿਚ ਫਿਰ ਫਸਦੇ ਜਾ ਰਹੇ ਹਨ
ਅਤੇ ਓਹੀ ਨਫ਼ਰਤ ਦਾ ਪਹੀਆ ਵਾਰ ਵਾਰ ਭਾਰਤ ਵਾਸੀਆਂ ਦੇ ਦਿਲਾਂ
ਤੇ ਦਿਮਾਗਾਂ ਵਿਚ ਘੁੰਮੀ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦਾ
ਜਖ਼ਮ ਹੋਵੇ, ਚਾਹੇ ਸਾਡੇ ਸਰੀਰ ਤੇ, ਚਾਹੇ ਸਾਡੇ ਪਰਿਵਾਰ ਤੇ,
ਚਾਹੇ ਸਾਡੇ ਸਮਾਜ ਤੇ, ਉਸ ਜ਼ਖ਼ਮ ਨੂੰ ਕੁਰੇਦਣਾ ਨਹੀਂ ਚਾਹੀਦਾ
ਸਗੋਂ ਭਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਬਹੁਤ ਅਫ਼ਸੋਸ ਦੀ
ਗੱਲ ਹੈ ਕਿ ਸਾਡੀ ਕੌਮ ਦੇ ਆਪਣੇ ਆਪ ਨੂੰ ਪਹਿਰੇਦਾਰ ਕਹਾਉਣ
ਵਾਲੇ ਇਸਨੂੰ ਭਰਨ ਵਿਚ ਅਸਫ਼ਲ ਹੋ ਰਹੇ ਹਨ ਅਤੇ ਬਾਰ-ਬਾਰ
ਇਤਿਹਾਸ ਨੂੰ ਦਹਰਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।
ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਸਿਰਫ਼ ਆਪਣੇ
ਵਿਚਾਰ ਸਾਂਝੇ ਕੀਤੇ ਹਨ ਸਾਫ਼ ਤੇ ਸਪੱਸ਼ਟ ਲਫ਼ਜਾਂ ਵਿਚ, ਕਿਉਂਕਿ
ਗੁਰੂ ਰਵਿਦਾਸ ਵਰਗੀ ਮਹਾਨ ਸਖਸ਼ੀਅਤ ਦੇ ਨਾਮ ਤੇ ਜੇ ਅਸੀਂ ਕੋਈ
ਪ੍ਰਚਾਰਕ ਸੰਸਥਾ, ਸਾਧਨ ਜਾਂ ਧਰਮ ਬਣਾਉਂਦੇ ਹਾਂ ਤਾਂ ਉਸਦਾ
ਪ੍ਰਚਾਰ ਤੇ ਪ੍ਰਸਾਰ ਵੀ ਤੰਗ ਦਾਇਰਿਆਂ ਵਿਚੋਂ ਨਿਕਲ ਕੇ ਸਾਰਿਆਂ
ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਕਰਨਾ ਚਾਹੀਦਾ ਹੈ। ਗੁਰੂ
ਦੇ ਨਾਮ ਤੇ ਗੁਰੂ ਨਾਲ ਹੀ ਵਿਤਕਰਾ ਜਾਂ ਧੋਖਾ ਬਹੁਤੀ ਦੇਰ ਤੱਕ
ਚੱਲਦਾ ਰਹਿਣ ਵਾਲਾ ਨਹੀਂ ਹੈ।
ਉਨ੍ਹਾਂ ਦਾ ਨਾਮ ਪਹਿਲਾਂ ਹੀ ਦੁਨੀਆਂ ਵਿਚ
ਬਹੁਤ ਰੌਸ਼ਨ ਹੈ ਉਨ੍ਹਾਂ ਦੇ ਨਾਮ ਤੇ ਆਪਣਾ ਨਾਮ ਨਾ ਰੌਸ਼ਨ ਕੀਤਾ
ਜਾਵੇ ਤਾਂ ਹੀ ਸਾਡਾ ਸਮਾਜ ਇੱਕ ਹੋ ਸਕਦਾ ਹੈ।
ਵਿਜੇ ਹਜ਼ਾਰਾ |