ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥
ਰੰਗ ਸਭੈ ਨਾਰਾਇਣੈ ਜੇਤੇ ਮਨਿ ਭਵੰਨਿ
॥
ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥
ਜੋ ਪ੍ਰਭ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥
ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ
॥
ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਯੰਨਿ
॥
ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥
੪॥
{ਪੰਨਾ
੧੩੪)
ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ,
ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ
। ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ
ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ
(ਭਾਵ,
ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ) ।
(ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ
ਦੌੜ-ਭੱਜ ਕਰਦੇ ਹਨ,
ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ)
ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤਿ ਧਨ ਹੈ ਕਿ
ਉਹ ਚੁਰਾਇਆ ਨਹੀਂ ਜਾ ਸਕਦਾ । ਪਰਮਾਤਮਾ ਦੇ ਜਿਤਨੇ ਭੀ
ਕੌਤਕ ਹੋ ਰਹੇ ਹਨ, (ਨਾਮ-ਧਨ
ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ ।
(ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ
ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ
ਲੱਗਦਾ ਹੈ । ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ
ਸਿਫ਼ਤਿ-ਸਾਲਾਹ ਦੀ ਦਾਤਿ ਦੇ ਕੇ) ਆਪਣਾ ਬਣਾ ਲਿਆ ਹੈ,
ਉਹਨਾਂ ਨੂੰ
ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ । (ਪਰ ਪਰਮਾਤਮਾ ਜੀਵਾਂ
ਦੇ ਆਪਣੇ ਉ੍ਨਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ
ਆਪਣੇ ਉ੍ਨਦਮ ਨਾਲ ਮਿਲ ਸਕਦਾ ਹੋਵੇ,
ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ?
ਹੇ ਨਾਨਕ! (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ)
ਮਾਣਦੇ ਹਨ,
ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ । ਜਿਸ ਮਨੁੱਖ ਦੇ
ਮੱਥੇ ਉ੍ਨਤੇ ਭਾਗ ਜਾਗੇ,
ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ,
ਉਸੇ ਨੂੰ
ਪ੍ਰਭੂ-ਮਾਲਕ ਮਿਲਦਾ ਹੈ ।
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ
ਬਿਸਰੈ ॥
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥ ੭
॥
{ਪੰਨਾ
੧੧੦੮)
ਜੇਠ ਮਹੀਨਾ (ਉਹਨਾਂ ਨੂੰ
ਹੀ) ਚੰਗਾ ਲੱਗਦਾ ਹੈ ਜਿਨ੍ਹਾਂ ਨੂੰ
ਪ੍ਰੀਤਮ-ਕਦੇ ਨਹੀਂ ਵਿੱਸਰਦਾ । (ਜੇਠ ਵਿਚ ਲੋਆਂ ਪੈਣ ਨਾਲ)
ਭੱਠ ਵਾਂਗ ਥਲ ਤਪਣ ਲੱਗ ਪੈਂਦੇ ਹਨ (ਇਸੇ ਤਰ੍ਹਾਂ ਕਾਮਾਦਿਕ
ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਹਨ,
ਉਹਨਾਂ ਦੀ ਤਪਸ਼ ਅਨੁਭਵ ਕਰ ਕੇ) ਗੁਰਮੁਖਿ ਜੀਵ-ਇਸਤ੍ਰੀ
(ਪ੍ਰਭੂ-ਚਰਨਾਂ ਵਿਚ) ਅਰਦਾਸ ਕਰਦੀ ਹੈ,
ਉਸ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲਦੀ ਹੈ,
ਜੋ ਇਸ ਤਪਸ਼ ਤੋਂ ਨਿਰਾਲਾ ਆਪਣੇ ਸਦਾ-ਥਿਰ ਮਹਲ ਵਿਚ ਟਿਕਿਆ
ਰਹਿੰਦਾ ਹੈ,
ਉਸ ਅੱਗੇ ਜੀਵ-ਇਸਤ੍ਰੀ ਬੇਨਤੀ ਕਰਦੀ ਹੈ—ਹੇ
ਪ੍ਰਭੂ! ਮੈਂ ਤੇਰੀ ਸਿਫ਼ਤਿ-ਸਾਲਾਹ ਕਰਦੀ ਹਾਂ,
ਤਾ ਕਿ ਤੈਨੂੰ
ਚੰਗੀ ਲੱਗ ਪਵਾਂ,
ਤੂੰ ਮੈਨੂੰ
ਆਗਿਆ ਦੇਵੇਂ ਮੈਂ ਭੀ ਤੇਰੇ ਮਹਲ ਵਿਚ ਆ ਜਾਵਾਂ (ਤੇ
ਬਾਹਰਲੀ ਤਪਸ਼ ਤੋਂ ਬਚ ਸਕਾਂ) । ਜਿਤਨਾ ਚਿਰ ਜੀਵ-ਇਸਤ੍ਰੀ
ਪ੍ਰਭੂ ਤੋਂ ਵੱਖ ਰਹਿ ਕੇ (ਵਿਕਾਰਾਂ ਦੀ ਤਪਸ਼ ਨਾਲ) ਨਿਢਾਲ
ਤੇ ਕਮਜ਼ੋਰ ਹੈ,
ਉਤਨਾ ਚਿਰ (ਤਪਸ਼ੋਂ ਬਚੇ ਹੋਏ ਪ੍ਰਭੂ ਦੇ) ਮਹਲ ਦਾ ਆਨੰਦ
ਨਹੀਂ ਮਾਣ ਸਕਦੀ । ਹੇ ਨਾਨਕ! ਜੇਠ (ਦੀ ਸਾੜਦੀ ਲੋ) ਵਿਚ
ਪ੍ਰਭੂ ਦੀ ਸਿਫ਼ਤਿ-ਸਾਲਾਹ ਨੂੰ
ਹਿਰਦੇ ਵਿਚ ਵਸਾ ਲੈਣ ਵਾਲੀ ਜੇਹੜੀ ਜੀਵ-ਇਸਤ੍ਰੀ ਪ੍ਰਭੂ
ਨਾਲ ਜਾਣ-ਪਛਾਣ ਪਾ ਲੈਂਦੀ ਹੈ,
ਉਹ ਉਸ (ਸ਼ਾਂਤ-ਚਿੱਤ ਪ੍ਰਭੂ) ਵਰਗੀ ਹੋ ਜਾਂਦੀ ਹੈ,
ਉਸ ਦੀ ਮਿਹਰ ਨਾਲ ਉਸ ਵਿਚ ਇਕ-ਰੂਪ ਹੋ ਜਾਂਦੀ ਹੈ (ਤੇ
ਵਿਕਾਰਾਂ ਦੀ ਤਪਸ਼-ਲੋ ਤੋਂ ਬਚੀ ਰਹਿੰਦੀ ਹੈ) । ੭ ।
ਭਾਵ:- ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ
ਹਿਰਦੇ ਤਪਦੇ ਰਹਿੰਦੇ ਹਨ । ਜਿਹੜਾ ਮਨੁੱਖ ਪਰਮਾਤਮਾ ਦੀ
ਸਿਫ਼ਤਿ-ਸਾਲਾਹ ਨੂੰ
ਹਿਰਦੇ ਵਿਚ ਵਸਾ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ
ਰੱਖਦਾ ਹੈ,
ਉਸ ਦਾ ਹਿਰਦਾ ਸਦਾ ਸ਼ਾਂਤ ਰਹਿੰਦਾ ਹੈ,
ਉਹ ਮਨੁੱਖ ਵਿਕਾਰਾਂ ਦੀ ਤਪਸ਼-ਲੋ ਤੋਂ ਬਚਿਆ ਰਹਿੰਦਾ ਹੈ ।