ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ
ਘਣਾ ॥
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ
ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥ ਜਿਨਿ
ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥ ਇਕੁ ਖਿਨੁ ਤਿਸੁ ਬਿਨੁ
ਜੀਵਣਾ ਬਰਿਥਾ ਜਨਮੁ ਜਣਾ ॥ ਜਲਿ ਥਲਿ ਮਹੀਅਲਿ ਪੂਰਿਆ
ਰਵਿਆ ਵਿਚਿ ਵਣਾ ॥ ਸੋ ਪ੍ਰਭੁ ਚਿਤਿ ਨ ਆਵਈ ਕਿਤਡ਼ਾ ਦੁਖੁ
ਗਣਾ ॥ ਜਨੀ ਰਾਵਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥ ਹਰਿ
ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥ ਚੇਤਿ ਮਲਾਏ ਸੋ
ਪ੍ਰਭੂ ਤਿਸ ਕੈ ਪਾਇ ਲਗਾ ॥੨॥
{ਪੰਨਾ
੧੩੩}
ਅਰਥ:-
ਚੇਤ ਵਿਚ (ਬਸੰਤ ਰੁੱਤ ਆਉਂਦੀ ਹੈ,
ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ
ਦੇਂਦੀ ਹੈ,
ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ
ਦੀ ਬਰਕਤਿ ਨਾਲ) ਬਹੁਤ ਆਤਮਕ ਆਨੰਦ ਹੋ ਸਕਦਾ ਹੈ । ਪਰ ਜੀਭ
ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤਿ ਸੰਤ ਜਨਾਂ ਨੂੰ ਮਿਲ ਕੇ
ਹੀ ਪ੍ਰਾਪਤ ਹੁੰਦੀ ਹੈ । ਉਸੇ ਬੰਦੇ ਨੂੰ ਜਗਤ ਵਿਚ ਜੰਮਿਆ
ਜਾਣੋ (ਉਸੇ ਦਾ ਜਨਮ ਸਫਲਾ ਸਮਝੋ) ਜਿਸ ਨੇ (ਸਿਮਰਨ ਦੀ
ਸਹਾਇਤਾ ਨਾਲ) ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ
(ਕਿਉਂਕਿ) ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਖਿਨ ਮਾਤ੍ਰ
ਸਮਾ ਗੁਜ਼ਾਰਿਆਂ ਭੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ ।
ਜੇਹੜਾ ਪ੍ਰਭੂ ਪਾਣੀ ਵਿਚ ਧਰਤੀ ਵਿਚ
ਅਕਾਸ਼ ਵਿਚ ਜੰਗਲਾਂ ਵਿਚ ਹਰ ਥਾਂ ਵਿਅਪਕ ਹੈ,
ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿਚ ਨਾਹ ਵੱਸੇ,
ਤਾਂ ਉਸ ਮਨੁੱਖ ਦਾ (ਮਾਨਸਕ) ਦੁੱਖ ਬਿਆਨ ਨਹੀਂ ਹੋ ਸਕਦਾ ।
(ਪਰ) ਜਿਨ੍ਹਾਂ ਬੰਦਿਆਂ ਨੇ ਉਸ (ਸਰਬ ਵਿਆਪਕ) ਪ੍ਰਭੂ ਨੂੰ
ਆਪਣੇ ਹਿਰਦੇ ਵਿਚ ਵਸਾਇਆ ਹੈ,
ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ ।
ਨਾਨਕ ਦਾ ਮਨ (ਭੀ ਹਰੀ ਦੇ ਦੀਦਾਰ ਨੂੰ
ਤਾਂਘਦਾ ਹੈ,
ਨਾਨਕ ਦੇ ਮਨ ਵਿਚ ਹਰੀ ਦਰਸਨ ਦੀ ਪਿਆਸ ਹੈ । ਜੇਹੜਾ ਮਨੁੱਖ
ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀਂ
ਲੱਗਾਂਗਾ ।੨।
ਚੇਤੁ ਬਸੰਤੁ ਭਲਾ ਭਵਰ ਸੁਹਾਵਡ਼ੇ ॥ ਬਨ
ਫੂਲੇ ਮੰਝ ਬਾਰਿ ਮੈ ਪਰੁ ਘਰਿ ਬਾਹੁਡ਼ੈ ॥ ਪਰੁ ਘਰਿ ਨਹੀ
ਆਵੈ ਧਨ ਕਿਉ ਸੁਖੁ ਪਾਵੈ ਬਰਿਹਿ ਬਰੋਧ ਤਨੁ ਛੀਜੈ ॥ ਕੋਕਲਿ
ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥ ਭਵਰੁ
ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥ ਨਾਨਕ ਚੇਤਿ
ਸਹਿਜ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥
{ਪੰਨਾ
੧੧੦੮}
ਅਰਥ:-
ਚੇਤ (ਦਾ ਮਹੀਨਾ) ਚੰਗਾ ਲੱਗਦਾ ਹੈ,
(ਚੇਤ
ਵਿਚ) ਬਸੰਤ (ਦਾ ਮੌਸਮ ਭੀ) ਪਿਆਰਾ ਲੱਗਦਾ ਹੈ,
(ਇਸ
ਮਹੀਨੇ) ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ
ਹਨ,
ਤੇ (ਫੁੱਲਾਂ ਉਤੇ ਬੈਠੇ ਹੋਏ) ਭਵਰ ਸੋਹਣੇ ਲੱਗਦੇ ਹਨ ।
(ਮੇਰੇ ਹਿਰਦੇ ਦਾ ਕੌਲ-ਫੁੱਲ ਭੀ ਖਿੜ ਪਏ,
ਜੇ) ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ ।
ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ
ਹਿਰਦੇ-ਘਰ ਵਿਚ ਨਾਹ ਆ ਵੱਸੇ,
ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਨਹੀਂ ਆ ਸਕਦਾ,
ਉਸ ਦਾ ਸਰੀਰ (ਪ੍ਰਭੂ ਤੋਂ) ਵਿਛੋੜੇ ਦੇ ਕਾਰਨ (ਕਾਮਾਦਿਕ
ਵੈਰੀਆਂ ਦੇ) ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ । (ਚੇਤਰ
ਦੇ ਮਹੀਨੇ) ਕੋਇਲ ਅੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ
ਹੈ (ਵਿਜੋਗਣ ਨੂੰ ਇਹ ਬੋਲ ਮਿੱਠੇ ਨਹੀਂ ਲੱਗਦੇ,
ਚੋਭਵੇਂ ਦੁਖਦਾਈ ਲੱਗਦੇ ਹਨ,
ਤੇ ਵਿਛੋੜੇ ਦਾ) ਦੁੱਖ ਉਸ ਪਾਸੋਂ ਹਿਰਦੇ ਵਿਚ ਸਹਾਰਿਆ
ਨਹੀਂ ਜਾਂਦਾ ।
ਹੇ ਮਾਂ! ਮੇਰਾ ਮਨ-ਭੌਰਾ (ਅੰਦਰਲੇ ਖਿੜੇ
ਹੋਏ ਹਿਰਦੇ-ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗ-ਤਮਾਸ਼ਿਆਂ
ਦੇ) ਫੁੱਲਾਂ ਤੇ ਡਾਲੀਆਂ ਉਤੇ ਭਟਕਦਾ ਫਿਰਦਾ ਹੈ । ਇਹ
ਆਤਮਕ ਜੀਵਨ ਨਹੀਂ ਹੈ,
ਇਹ ਤਾਂ ਆਤਮਕ ਮੌਤ ਹੈ ।
ਹੇ ਨਾਨਕ! ਚੇਤਰ ਦੇ ਮਹੀਨੇ ਵਿਚ (ਬਸੰਤ
ਦੇ ਮੌਸਮ ਵਿਚ) ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ
ਆਤਮਕ ਆਨੰਦ ਮਾਣਦੀ ਹੈ,
ਜੇ ਜੀਵ-ਇਸਤ੍ਰੀ (ਆਪਣੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਨੂੰ
ਲੱਭ ਲਏ ।
ਭਾਵ:-
ਬਸੰਤ ਦਾ ਮੌਸਮ ਸੁਹਾਵਣਾ ਹੁੰਦਾ ਹੈ । ਹਰ ਪਾਸੇ ਫੁੱਲ
ਖਿੜੇ ਹੁੰਦੇ ਹਨ,
ਕੋਇਲ ਅੰਬ ਉਤੇ ਬੈਠੀ ਮਿੱਠੇ ਬੋਲ ਬੋਲਦੀ ਹੈ । ਪਰ ਪਤੀ
ਤੋਂ ਵਿਛੁੜੀ ਨਾਰ ਨੂੰ ਇਹ ਸਭ ਕੁਝ ਚੋਭਵਾਂ ਲੱਗਦਾ ਹੈ ।
ਜਿਸ ਮਨੁੱਖ ਦਾ ਮਨ ਅੰਦਰਲੇ ਹਿਰਦੇ-ਕੌਲ-ਫੁੱਲ ਨੂੰ ਛੱਡ ਕੇ
ਦੁਨੀਆ ਦੇ ਰੰਗ ਤਮਾਸ਼ਿਆਂ ਵਿਚ ਭਟਕਦਾ ਫਿਰਦਾ ਹੈ,
ਉਸ ਦਾ ਇਹ ਜੀਊਣ ਅਸਲ ਵਿਚ ਆਤਮਕ ਮੌਤ ਹੈ । ਆਤਮਕ ਆਨੰਦ
ਤਦੋਂ ਹੀ ਹੈ ਜਦੋਂ ਪਰਮਾਤਮਾ ਹਿਰਦੇ ਵਿਚ ਆ ਵੱਸੇ ।