UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

 

ਗੁਰਬਾਣੀ ਵਿਚਾਰ

ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥

ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥ ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥ ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥ (ਪੰਨਾ ੧੩੪)

ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ, ਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ ।(ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ ਹੈ) ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ) । (ਕੁਦਰਤਿ ਦਾ ਨਿਯਮ ਹੀ ਐਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ ਉਸਦੇ ਮੱਥੇ ਉ੍ਨਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ । (ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ [ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਂਦੇ ਹਨ) । ਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ ਬੇਨਤੀ ਹੈਆਪਣੀ ਮਿਹਰ ਕਰ, (ਮੇਰੇ ਮਨ ਵਿਚ) ਤੇਰੇ ਦਰਸਨ ਦੀ ਤਾਂਘ ਬਣੀ ਰਹੇ, (ਕਿਉਂਕਿ) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾਪਰਨਾ ਨਹੀਂ ਹੈ [ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ƒ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ॥ ੫॥

 ਆਸਾੜੁ ਭਲਾ ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥ ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥ {ਪੰਨਾ ੧੧੦੮)

(ਜਦੋਂ) ਹਾੜ ਮਹੀਨਾ ਚੰਗਾ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ । (ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ) ਸੁਕਾਂਦਾ ਹੈ, ਧਰਤੀ ਦੁੱਖ ਸਹਾਰਦੀ ਹੈ (ਧਰਤੀ ਦੇ ਜੀਅ-ਜੰਤ ਔਖੇ ਹੁੰਦੇ ਹਨ), ਧਰਤੀ ਅੱਗ (ਵਾਂਗ) ਭਖਦੀ ਹੈ । (ਸੂਰਜ) ਅੱਗ (ਵਾਂਗ) ਪਾਣੀ ƒ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ (ਕਰੀ ਜਾਂਦਾ ਹੈ) । (ਸੂਰਜ ਦਾ) ਰਥ ਚੱਕਰ ਲਾਂਦਾ ਹੈ, ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ (ਰੁੱਖ ਦੀ ਛਾਵੇਂ) ਟੀਂ ਟੀਂ ਪਿਆ ਕਰਦਾ ਹੈ (ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਂਦਾ ਦਿੱਸਦਾ ਹੈ) ।(ਅਜੇਹੀ ਮਾਨਸਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਹਮਣੇ (ਭਾਵ, ਜੀਵਨ-ਸਫ਼ਰ ਵਿਚ) ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉਤੇ) ਬੰਨ੍ਹ ਕੇ ਤੁਰਦੀ ਹੈ । ਆਤਮਕ ਆਨੰਦ ਸਿਰਫ਼ ਉਸ ਨੂੰ  ਹੈ ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੀ ਹੈ । ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਬਣ ਜਾਂਦਾ ਹੈ (ਉਸ ਨੂੰ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ) ॥ ੮।

ਭਾਵ:- ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਨੂੰ ਇਸ ਜੀਵਨ-ਸਫ਼ਰ ਵਿਚ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ