ਭਾਰਤ 'ਚੋਂ ਜਾਤ ਪਾਤ
ਖ਼ਤਮ ਨਾ ਹੋਈ ਤਾਂ ਦੇਸ਼ ਖਾਨਾ ਜੰਗੀ 'ਚ ਉਲਝ
ਜਾਵੇਗਾ
ਐਸ ਐਲ ਵਿਰਦੀ
ਐਡਵੋਕੇਟ
ਭਾਰਤ ਵਿਚ ਜਾਤ ਪਾਤ ਕੋਈ ਦੀਵਾਰ ਨਹੀਂ ਹੈ ਜੋ ਕਿ
ਇਨਸਾਨਾਂ ਨੂੰ ਆਪਸ ਵਿੱਚ ਮਿਲਣ ਤੋਂ ਰੋਕਦੀ ਹੈ।
ਜਾਤ ਪਾਤ ਤਾਂ ਮਨ ਦੀ ਇੱਕ ਭਾਵਨਾ ਹੈ। ਮਨ ਦੀ ਇਹ
ਭਾਵਨਾ (ਅਵਸਥਾ) ਉਸਾਰੂ ਨਹੀ, ਨਫ਼ਰਤ ਵਾਲੀ ਹੈ।
ਇਹ ਨਫ਼ਰਤ ਇੱਕ ਮਾਨਸਿਕ ਵਾਇਰਸ ਹੈ। ਇਸ ਮਾਨਸਿਕ
ਵਾਇਰਸ ਦਾ ਘਿਨਾਉਣਾ ਰੂਪ 'ਸਮਾਜਿਕ ਬਾਈਕਾਟ' ਹੈ।
ਸਮਾਜਿਕ ਬਾਈਕਾਟ ਅਖੌਤੀ ਉੱਚ ਜਾਤੀਆਂ ਵਲ੍ਹੋਂ
ਵਰਤਿਆ ਜਾਂਦਾ ਇੱਕ ਅਜਿਹਾ ਮਨੋਵਿਗਿਆਨਕ ਹਥਿਆਰ
ਹੈ, ਜੋ ਦਲਿਤਾਂ ਨੂੰ ਸਬਕ ਸਿੱਖਾਉਣ ਲਈ ਵਰਤਿਆ
ਜਾਂਦਾ ਹੈ ਅਤੇ ਇਸ ਦੀ ਚਹੁੰਤਰਫੀ ਮਹਾਂਮਾਰੀ ਦੇ
ਜਖ਼ਮ ਅਸੀਮ ਰਿਸਕਦੇ ਰਹਿੰਦੇ ਹਨ। ਅੱਜ ਕੱਲ੍ਹ
ਬ੍ਰਿਟਿਸ਼ ਪਾਰਲੀਮੈਂਟ 'ਹਾਊਸ ਆਫ਼ ਲਾਰਡਜ 'ਚ ਇਹ
ਵਾਇਰਸ ਪੰਜਾਬੀਆਂ ਦੇ ਇਕ ਦੂਜੇ ਨਾਲ ਜਾਤੀ-ਪਾਤੀ
ਭੇਦ-ਭਾਵ ਕਰਨ ਕਾਰਨ ਫ਼ੈਲਿਆ ਹੋਇਆ ਹੈ। ਬ੍ਰਿਟਿਸ਼
ਪਾਰਲੀਮੈਂਟ ਨੂੰ ਇਸ ਨੂੰ ਕੰਟਰੋਲ ਕਰਨ ਲਈ ਕਨੂੰਨ
ਬਣਉਣਾ ਪੈ ਰਿਹਾ ਹੈ।
ਜਾਤ ਸ਼ਬਦ ਅੰਗਰੇਜ਼ੀ ਦੇ ਸ਼ਬਦ 'ਕਾਸਟ' ਦਾ ਹਿੰਦੀ
ਅਨੁਵਾਦ ਹੈ। ਸ਼ਬਦ ਕਾਸਟ, ਪੁਰਤਗਾਲੀ ਭਾਸ਼ਾ ਦੇ
ਸ਼ਬਦ ਕਾਸਟਾ ਤੋਂ ਬਣਿਆ ਹੈ। ਕਾਸਟਾ ਦਾ ਅਰਥ ਨਸਲ,
ਪ੍ਰਜਾਤੀ ਜਾਂ ਭੇਦ-ਭਾਵ ਤੋਂ ਹੈ। ਜਾਤ ਦਾ ਨਿਰਣਾ
ਜਨਮ ਤੋਂ ਹੈ, ਕੰਮ ਤੋਂ ਨਹੀਂ। ਭਾਰਤ ਵਿੱਚ
ਜਾਤ-ਪਾਤ ਹਮਲਾਵਰ ਆਰੀਆਂ ਦੇ ਸਤਾਧਾਰੀ ਬਣਨ ਤੋ
ਬਾਅਦ, ਉਹਨਾਂ ਦੁਆਰਾ ਸਥਾਪਿਤ, ਵਰਣ-ਵਿਵਸਥਾ ਦੀ
ਕੁੱਖ ਵਿੱਚੋਂ ਜਨਮੀ। ਉਹਨਾਂ ਪਹਿਲਾਂ ਮਨੁੱਖਾਂ
ਨੂੰ ਚਹੁੰ ਵਰਗਾਂ ਵਿੱਚ ਵੰਡਿਆ ਅਤੇ ਫਿਰ ਅੱਗੋਂ
ਜਾਤ ਦੇ ਅਧਾਰ 'ਤੇ ਜਾਤਾਂ ਅਤੇ ਉੱਪ-ਜਾਤਾਂ
ਬਣਦੀਆਂ ਗਈਆਂ। ਸਮਾ ਪਾ ਕੇ ਇਹ ਵਿਵਸਥਾ ਹੋਰ ਪੀਡੀ
ਹੁੰਦੀ ਗਈ ਅਤੇ ਅਗੋਂ ਇਸ ਛੂਆ-ਛਾਤ ਦਾ ਰੂਪ ਧਾਰਨ
ਕਰ ਲਿਆ, ਜਿਸ ਦਾ ਖਮਿਆਜਾ ਅੱਜ ਸਮੱਚਾ ਦੇਸ਼ ਭੁਗਤ
ਰਿਹਾ ਹੈ।
ਛੂਆ ਛਾਤ ਇੰਨੀ ਡੂੰਗੀ ਤੇ ਵਿਆਪਕ ਹੈ ਕਿ ਇਕੋ
ਦੇਸ਼, ਇਕੋ ਧਰਤੀ, ਇਕੋ ਬੋਲੀ, ਫਿਰ ਇਕੋ ਖੂੰਨ
ਤੋਂ ਬਣੇ ਮਨੁੱਖ, ਅਖੌਤੀ ਦਲਿਤ ਦੀ ਛੋਹ ਨਾਲ
ਸਵਰਨ ਅਪਵਿਤਰ ਹੋ ਜਾਂਦੇ , ਪਾਣੀ ਅਪਵਿਤਰ ਹੋ
ਜਾਂਦੇ, ਅੰਨ ਅਪਵਿਤਰ ਹੋ ਜਾਂਦੇ, ਘਰ ਅਪਵਿਤਰ ਹੋ
ਜਾਂਦੇ, ਕੱਪੜੇ ਅਪਵਿਤਰ ਹੋ ਜਾਂਦੇ, ਪਿਆਉ
ਅਪਵਿਤਰ ਹੋ ਜਾਂਦੇ, ਹੋਟਲ, ਢਾਬੇ ਅਪਵਿਤਰ ਹੋ
ਜਾਂਦੇ, ਸ਼ਮਸ਼ਾਨ ਘਾਟ ਅਪਵਿਤਰ ਹੋ ਜਾਂਦੇ, ਹੋਰ
ਤਾਂ ਹੋਰ ਧਰਮ ਅਪਵਿਤਰ ਹੋ ਜਾਂਦੇ ਹਨ।
ਜਾਤੀ ਪਾਤੀ ਵਿਵਸਥਾ ਅਨੁਸਾਰ ਮਨੁੱਖ ਦਾ ਮਾਪ ਦੰਡ
ਉਸ ਦੇ ਗੁਣਾਂ ਔਗੁਣਾਂ ਤੋਂ ਨਹੀਂ ਉਸ ਦੀ ਜਾਤ
ਤੋਂ ਮਾਪਿਆ ਜਾਂਦਾ ਹੈ। ਉਸ ਦੀਆਂ ਪ੍ਰਾਪਤੀਆਂ ਉਸ
ਦੇ ਜੀਵਨ ਸੰਘਰਸ਼ ਤੋਂ ਨਹੀਂ, ਜਾਤ ਤੋਂ ਪਰਖੀਆਂ
ਜਾਂਦੀਆਂ ਹਨ। ਉਸ ਦੀ ਪ੍ਰਸੰਸਾਂ ਉਸ ਦੀ ਯੋਗਤਾ
ਅਨੁਸਾਰ ਨਹੀਂ, ਜਾਤ ਅਨੁਸਾਰ ਕੀਤੀ ਜਾਂਦੀ ਹੈ।
ਉਸ ਦੀ ਸਿਆਣਪ, ਉਸ ਦੀ ਸਿਰਜਣਾ ਤੋਂ ਨਹੀਂ, ਜਾਤ
ਤੋਂ ਜਾਣੀ ਜਾਂਦੀ ਹੈ। ਉਸ ਦੀ ਬਹਾਦਰੀ ਉਸ ਦੁਆਰਾ
ਲੜੀਆਂ ਗਈਆ ਲੜਾਈਆਂ ਤੋਂ ਨਹੀਂ, ਉਸ ਦੀ ਜਾਤ ਤੋਂ
ਜਾਣੀ ਜਾਂਦੀ ਹੈ। ਮਨੁੱਖ ਦਾ ਮਾਨ-ਸਨਮਾਨ, ਉਸ ਦੀ
ਸਿਆਣਪ ਤੋਂ ਨਹੀਂ, ਜਾਤ ਅਨੁਸਾਰ ਕੀਤਾ ਜਾਂਦਾ
ਹੈ।
ਯੂਰਪ ਅਤੇ ਪੱਛਮੀ ਦੇਸ਼ਾਂ ਦਾ ਸਾਡੇ ਨਾਲੋਂ
ਵਿਕਸਿਤ ਹੋਣ ਦਾ ਏਹੀ ਮੁੱਖ ਕਾਰਨ ਹੈ ਕਿ ਉੱਥੇ
ਅਜਿਹੀ ਜਾਤੀ-ਪਾਤੀ ਵਿਵਸਥਾ ਦੇ ਬੰਦਨ ਨਹੀਂ ਹਨ।
ਉੱਥੇ ਮਨੁੱਖ ਦਾ ਮਾਪ=ਦੰਡ ਕੰਮ ਹੀ ਹੈ।
ਜਾਤ ਪਾਤ ਦਾ ਵਾਇਰਸ, ਬੰਬ ਨਾਲੋ ਜਿਆਦਾ ਖਤਰਨਾਕ
ਹੁਣ ਤੱਕ ਅੱਤਵਾਦੀਆਂ ਦੇ ਬੰਬਾਂ ਨਾਲ ਜਿੰਨੇ ਲੋਕ
ਮਾਰੇ ਗਏ ਹਨ, ਉਸ ਤੋਂ ਕਈ ਗੁਣਾਂ ਜਿਆਦਾ ਲੋਕ
ਹਿੰਦੋਸਤਾਨ ਵਿੱਚ ਜਾਤ ਪਾਤ ਦੇ ਵਾਇਰਸ ਕਾਰਨ ਮਾਰੇ
ਗਏ ਹਨ। ਐਸ. ਸੀ. ਐਸ. ਟੀ ਕਮਿਸ਼ਨਾਂ ਦੀਆਂ
ਰਿਪੋਰਟਾਂ ਅਨੁਸਾਰ ਹਰ ਸਾਲ ਜਾਤ ਪਾਤ ਦੇ ਕਾਰਨ
ਦਲਿਤਾਂ 'ਤੇ ਇੱਕ ਲੱਖ ਅੱਤਿਆਚਾਰਾਂ ਦੀਆ ਘਟਨਾਵਾਂ
ਘੱਟਦੀਆ ਹਨ। ਪਿਛਲੇ 20 ਸਾਲਾਂ 'ਚ ਦਲਿਤਾਂ 'ਤੇ
ਜੋ ਜ਼ੁਲਮ ਹੋਏ ਉਨ੍ਹਾਂ
ਦਾ ਵੇਰਵਾ ਇਸ ਅਨੁਸਾਰ ਹੈ। ਸਾਲ 1981 'ਚ
28636, 1982 'ਚ 30108, 1983 'ਚ 29898,
1984 'ਚ 31974, 1985 'ਚ 30746, 1986'ਚ
30832, ਅਤੇ 1995'ਚ 31433, 1996 'ਚ 30023,
1997 'ਚ 25388, 1999 'ਚ 25093, ਅਤੇ 2000
'ਚ 23742 ਅੱਤਿਆਚਾਰ ਹੋਏ। ਇਹ ਸਿਰਫ ਉਹ ਅੰਕੜੇ
ਹਨ ਜੋ ਥਾਣਿਆਂ ਵਿੱਚ ਦਰਜ ਹੋਏ। ਜ਼ੁਲਮਾਂ ਦੇ ਜੋ
ਮਾਮਲੇ ਦਰਜ ਨਹੀਂ ਹੋਏ ਉਨ੍ਹਾਂ
ਦਾ ਵੇਰਵਾ ਇਸ ਤੋਂ ਕਿਤੇ ਵੱਧ ਹੈ।
ਨੈਸ਼ਨਲ ਬਿਊਰੋ ਆਫ਼ ਕਰਾਈਮ ਬ੍ਰਾਂਚ ਦੀ ਤਾਜਾ
ਰਿਪੋਰਟ ਅਨੁਸਾਰ 2006 'ਚ ਦਲਿਤਾਂ 'ਤੇ
ਅੱਤਿਆਚਾਰਾਂ ਦੇ 27027 ਅਪਰਾਧ ਹੋਏ। ਹਰ ਹਫ਼ਤੇ
13 ਦਲਿਤਾਂ ਦੀ ਹੱਤਿਆ, 6 ਦਲਿਤਾਂ ਦਾ ਅਪਹਰਣ,3
ਦਲਿਤ ਔਰਤਾਂ ਨਾਲ ਹਰ ਰੋਜ਼ ਬਲਾਤਕਾਰ, 11 ਦਲਿਤਾਂ
ਦਾ ਹਰ ਰੋਜ਼ ਉਤਪੀੜਨ, 18 ਮਿੰਟ 'ਚ ਇੱਕ ਦਲਿਤ
'ਤੇ ਘਨੋਣਾ ਅੱਤਿਆਚਾਰ ਅਤੇ 5 ਦਲਿਤਾਂ ਦੇ ਘਰ
ਬਾਰ ਸਾੜੇ ਜਾਂਦੇ ਹਨ।
ਹਿਉਮਨ ਰਾਈਟਸ ਵਾਚ ਨੇ ਦਲਿਤਾਂ ਉੱਤੇ ਹੋ ਰਹੇ
ਅੱਤਿਆਚਾਰ ਬੰਦ ਨਾ ਹੋਣ ਬਾਰੇ ਜੋ ਰਿਪੋਰਟ ਦਿੱਤੀ
ਹੈ ਉਸ ਵਿਚ ਕਿਹਾ ਗਿਆ ਹੈ ਕਿ ਨਿਆਂ ਕਰਨ ਵਾਲੀਆਂ
ਸੰਸਥਾਵਾਂ ਵਲ੍ਹੋਂ
ਦਲਿਤਾਂ ਨੂੰ ਬਰਾਬਰੀ ਵਾਲੇ ਸਲੂਕ ਦਾ ਅਧਿਕਾਰ
ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ। ਅਨੁਸੂਚਿਤ ਤੇ
ਜਨ-ਜਾਤੀਆਂ ਕੌਮੀ ਕਮਿਸ਼ਨ ਦੀ ਚੌਥੀ ਰਿਪੋਰਟ
ਅਨੁਸਾਰ ਦਲਿਤਾਂ ਨੂੰ ਬਰਾਬਰ ਸੁਣਵਾਈ ਦਾ ਅਧਿਕਾਰ
ਇਸ ਕਾਰਨ ਵੀ ਖ਼ਤਰੇ ਵਿੱਚ ਪੈ ਜਾਂਦਾ ਹੈ ਕਿ
ਅਦਾਲਤਾਂ ਵਿੱਚ ਦਲਿਤ ਖ਼ੁਦ ਬਹੁਤ ਘੱਟ ਗਿਣਤੀ
ਵਿੱਚ ਪ੍ਰਤੀਨਿਧਤਾ ਕਰਦੇ ਹਨ। ਮਿਸਾਲ ਵਜੋਂ 1982
ਵਿੱਚ ਦੇਸ਼ ਦੀਆਂ ਸਾਰੀਆਂ ਹਾਈਕੋਰਟਾਂ ਦੇ 235
ਜੱਜਾਂ ਵਿੱਚ ਸਿਰਫ਼ ਇੱਕ ਦਲਿਤ ਜੱਜ ਸੀ ਤੇ ਹਾਈ
ਕੋਰਟਾਂ ਦੇ 625 ਮੁਲਾਜਮਾਂ 'ਚ ਸਿਰਫ਼ 25 ਦਲਿਤ
ਸਨ। ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਬ੍ਰਾਹਮਣ,
ਜੋ ਭਾਰਤ ਦੀ 1 ਅਰਬ ਜਨਸੰਖਿਆ ਦਾ ਮਾਤਰ 3 ਫ਼ੀਸਦੀ
ਹਨ, ਭਾਰਤ ਦੇ 78 ਫ਼ੀਸਦੀ ਅਦਾਲਤੀ ਪਦਾਂ ਉਪਰ
ਕਾਬਜ ਹਨ। ਦਲਿਤਾਂ ਪ੍ਰਤੀ ਕਾਨੂੰਨ ਤਾਂ ਬੇਸ਼ੁਮਾਰ
ਬਣੇ ਹਨ। ਪਰ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ
ਵਾਲੀ ਕਾਰਜ ਪਾਲਕਾ ਤੇ ਨਿਆਂ ਪਾਲਿਕਾ 'ਤੇ
ਮਨੂੰਵਾਦੀਆਂ ਦਾ ਕਬਜ਼ਾ ਹੈ। ਸਭ ਦੋਸ਼ੀ ਬਾ-ਇੱਜਤ
ਬਰੀ ਹੋ ਜਾਂਦੇ ਹਨ।
ਕਮਿਸ਼ਨ ਦੀ ਤਾਜਾ ਰਿਪੋਰਟ ਅਨੁਸਾਰ ਜਾਤ ਪਾਤ ਕਾਰਨ
ਅੱਜ ਵੀ 11 ਪ੍ਰਾਂਤਾਂ 'ਚ 27. 6% ਦਲਿਤਾਂ ਨੂੰ
ਪੁਲਿਸ ਸਟੇਸ਼ਨਾਂ 'ਚ, 33% ਨੂੰ ਰਾਸ਼ਨ ਦੀਆਂ
ਦੁਕਾਨਾਂ 'ਚ ਪ੍ਰਵੇਸ਼ ਕਰਨਾ ਮਨ੍ਹਾਂ
ਹੈ। 23.5% ਦਲਿਤਾਂ ਦੇ ਘਰਾਂ 'ਚ ਡਾਕੀਏ ਡਾਕ ਨਹੀਂ
ਵੰਡਣ ਜਾਂਦੇ। 29.6% ਦਲਿਤਾਂ ਨੂੰ ਪੰਚਾਇਤੀ
ਦਫ਼ਤਰਾਂ ਅਤੇ 30.8% ਨੂੰ ਕੁਆਪ੍ਰੇਟਿਵ ਸੁਸਾਇਟੀ
ਦੇ ਦਫ਼ਤਰਾਂ 'ਚ ਅਲੱਗ ਬੈਠਾਇਆ ਜਾਂਦਾ ਹੈ। 14.4%
ਨੂੰ ਪੰਚਾਇਤ ਘਰਾਂ 'ਚ ਦਾਖਿਲ ਨਹੀ ਹੋਣ ਦਿੱਤਾ
ਜਾਂਦਾ, 12% ਨੂੰ ਵੋਟ ਪਾਉਣ ਲਈ ਅਲੱਗ ਲਾਇਨਾਂ
'ਚ ਖੜ੍ਹੇ ਕੀਤਾ
ਜਾਂਦਾ ਹੈ। ਜਾਤ ਪਾਤ ਦੇ ਵਾਇਰਸ ਕਾਰਨ ਪਿੱਛਲੇ
2-3 ਦਹਾਕਿਆ 'ਚ ਹੀ ਹਜਾਰਾਂ ਦਲਿਤ ਮਾਰ ਦਿੱਤੇ
ਗਏ।
ਜਾਤ ਪਾਤ ਕਾਰਨ ਹਰਿਆਣਾ 'ਚ ਖਾਪ ਪੰਚਾਇਤਾਂ ਨੇ
ਸੈਂਕੜੇ ਪ੍ਰੇਮੀ ਜੋੜੇ ਮਾਰ ਦਿੱਤੇ, ਮਹਾਂਰਾਸ਼ਟਰ
'ਚ ਦੋ ਦਲਿਤ ਭਰਾਵਾਂ ਦੀਆ ਅੱਖਾਂ ਕੱਢ ਦਿੱਤੀਆ,
ਖੈਰਲਾਂਜੀ 'ਚ ਜ਼ਮੀਨ ਖਰੀਦਣ ਕਾਰਨ 5 ਦਲਿਤ ਮਾਰ
ਦਿੱਤੇ, ਚੱਕਵਾੜਾ 'ਚ ਦਲਿਤਾਂ ਨੂੰ ਤਲਾਬ 'ਚੋਂ
ਪਾਣੀ ਨਹੀਂ ਪੀਣ ਦਿੱਤਾ ਜਾਂਦਾ, ਹਰਿਆਣਾ 'ਚ
ਦੁਲੀਨਾ ਕਸਬੇ ਦੇ 5 ਦਲਿਤ ਕੋਹ ਕੋਹ ਮਾਰ ਦਿੱਤੇ,
ਗੰਦਗੀ ਚੁੱਕਣ ਤੋਂ ਨਾਹ ਕਰਨ 'ਤੇ ਦਲਿਤ ਨੂੰ
ਜਿੰਦਾ ਜਲਾ ਦਿੱਤਾ, ਕਫਲਟਾ 'ਚ ਦਲਿਤ ਦੇ ਘੋੜੀ
ਚੜ੍ਹ ਵਿਆਉਣ ਜਾਣ
'ਤੇ ਸਾਰੀ ਬਰਾਤ ਜ਼ਿੰਦਾ ਜਲਾਤੀ, ਦਲਿਤ ਲੜਕੀਆਂ
ਤੋਂ ਆਪਣੀ ਹੀ ਗੰਦਗੀ ਹੱਥਾਂ ਨਾਲ ਉਠਵਾਈ, ਦਲਿਤ
ਸਰਪੰਚ ਨੂੰ 15 ਅਗਸਤ ਉੱਤੇ ਝੰਡਾ ਨਹੀ ਝਲਾਉਣ
ਦਿੱਤਾ, ਦਲਿਤ ਵਲ੍ਹਂ•
ਕਲਾਸ ਦੀ ਮੋਹਰਲੀ ਕਤਾਰ ਵਿਚ ਬੈਠਣ 'ਤੇ ਮਾਰ
ਦਿੱਤਾ, ਦੇਹਰਦੂਮ 'ਚ ਦਲਿਤ ਲੜਕੀ ਦੇ ਮੰਦਿਰ ਵਿਚ
ਜਾਣ ਉੱਤੇ ਨੰਗੀ ਕਰਕੇ ਕੁੱਟਿਆ, ਦਲਿਤ ਔਰਤਾਂ
ਨੂੰ ਸਕੂਲ 'ਚ ਖਾਣਾ ਬਣਾਉਣ ਤੋਂ ਸਵਰਨਾ ਰੋਕਿਆ।
ਉਪਰੋਕਤ ਤੋਂ ਸਪੱਸ਼ਟ ਹੈ ਕਿ ਉੱਚ ਜਾਤੀਆਂ ਦੀ
ਮਾਨਸਿਕਤਾ 'ਚ ਤਬਦੀਲੀ ਨਹੀਂ ਆ ਰਹੀ, ਭਾਵ ਉਹ
ਜਾਤ ਪਾਤ ਦੇ ਵਾਇਰਸ ਨੂੰ ਡੀਫਿਉਜ਼ ਕਰਨ ਲਈ ਤਿਆਰ
ਨਹੀ ਹਨ। ਜੋ ਕਿ ਇੱਕ ਪਾਰਲੀਮਾਨੀ ਲੋਕਤੰਤਰਕ ਦੇਸ਼
ਦੇ ਸਿਹਤਮੰਦ ਵਿਕਾਸ ਲਈ ਖਤਰੇ ਦੀ ਘੰਟੀ ਹੈ।
ਕਿਉਂਕਿ ਬੰਬ ਨੂੰ ਡੀਫਿਊਜ਼ ਕਰਕੇ ਖਤਮ ਕੀਤਾ ਜਾ
ਸਕਦਾ ਹੈ। ਜਦ ਕਿ ਵਾਇਰਸ ਨੂੰ ਕੁਝ ਹੱਦ ਤੱਕ
ਕੰਟਰੋਲ ਤਾਂ ਕੀਤਾ ਜਾ ਸਕਦਾ ਹੈ, ਪਰ ਇਸ ਨੂੰ
ਖ਼ਤਮ ਨਹੀਂ ਕੀਤਾ ਜਾ ਸਕਦਾ।
ਪੀੜਿਤ ਦਲਿਤ ਸ਼ੋਸ਼ਿਤ ਸਮਾਜ ਅੱਤਿਆਚਾਰ ਅਤੇ ਸ਼ੋਸ਼ਣ
ਦੇ ਖਿਲਾਫ ਚਾਰ ਤਰ੍ਹਾਂ
ਦੀ ਪ੍ਰਤਿਕਿਰਿਆ ਕਰਦਾ ਹੈ। (1) ਜੁੱਲਮ ਅਤੇ
ਸ਼ੋਸ਼ਣ ਨੂੰ ਆਪਣੀ ਕਿਸਮਤ ਮੰਨ ਕੇ ਚੁੱਪ ਚਾਪ ਸਹਿਣ
ਕਰ ਲੈਂਦਾ ਹੈ। (2) ਜਾਂ ਫਿਰ ਜੁੱਲਮ ਅਤੇ ਸ਼ੋਸ਼ਣ
ਤੋਂ ਬਚਣ ਲਈ ਪਿੰਡ ਛੱਡ ਕੇ ਸ਼ਹਿਰ ਦੀ ਸਲੱਮਬਸਤੀ
'ਚ ਚਲੇ ਜਾਂਦਾ ਹੈ। (3) ਜਾਂ ਫਿਰ ਜੁੱਲਮ ਤੇ
ਸ਼ੋਸ਼ਣ ਤੋਂ ਬਚਣ ਲਈ ਆਤਮ ਹੱਤਿਆ ਕਰ ਲੈਂਦਾ ਹੈ।
(4) ਅਣਖੀ ਲੋਕ ਹਥਿਆਰ ਚੁੱਕ ਲੈਂਦੇ ਹਨ। ਸਰਕਾਰ
ਉਹਨਾਂ ਨੂੰ ਹਥਿਆਰਾਂ ਨਾਲ ਦਬਾਉਂਦੀ ਹੈ। ਹਿੰਸਾ
ਹੁੰਦੀ ਹੈ। ਉਹ ਹਿੰਸਾ ਦਾ ਜਵਾਬ ਹਿੰਸਾ ਵਿਚ
ਦਿੰਦੇ ਹਨ। ਹਿੰਸਾ ਕੋਈ ਸਮੱਸਿਆ ਦਾ ਹਲ ਨਹੀ ਹੈ।
ਸਰਕਾਰਾਂ ਨੂੰ ਦਲਿਤ ਸ਼ੋਸ਼ਿਤ ਸਮਾਜ ਦੀਆਂ ਸਮੱਸਿਆਵਾਂ
ਨੂੰ ਸਮਝ ਕੇ ਇਸ ਦੇ ਹੱਲ ਲੱਭਣੇ ਚਾਹੀਦੇ ਹਨ। ਨਹੀਂ
ਤਾਂ ਦਲਿਤਾਂ ਵਿੱਚੋਂ ਕਈ ਨਿਕਸਲਵਾੜੀ, ਫੂਲਨ
ਦੇਵੀਆ ਤੇ ਵਿਰੱਪਨ ਪੈਦਾ ਹੁੰਦੇ ਰਹੋਣਗੇ? ਇਸ ਲਈ
ਦਲਿਤਾਂ 'ਤੇ ਹੋ ਰਹੇ ਅੱਤਿਆਚਾਰਾਂ ਦਾ ਗੰਭੀਰਤਾ
ਨਾਲ ਨੋਟਿਸ ਲਿਆ ਜਾਣਾ ਚਾਹੀਦਾ ਹੈ।
ਜਾਤ ਪਾਤ ਖਤਮ ਨਾ ਹੋਈ ਤਾਂ ਦੇਸ਼ ਖਾਨਾਂ ਜੰਗੀ
ਵਿਚ ਉਲਝ ਜਾਵੇਗਾ
ਡਾਕਟਰ ਅੰਬੇਡਕਰ ਕਹਿੰਦੇ, ''ਹਰ ਰੋਜ ਉੱਚ ਜਾਤੀਆਂ
ਤੇ ਦਲਿਤਾਂ ਵਿਚਾਲੇ ਪਿੰਡਾਂ ਵਿੱਚ ਲਗਾਤਾਰ ਇੱਕ
ਜੰਗ ਹੁੰਦੀ ਰਹਿੰਦੀ ਹੈ। ਜਿਹੜੀ ਆਰਥਿਕ ਤੇ
ਸਮਾਜਿਕ ਤੌਰ 'ਤੇ ਬਲਵਾਨ ਉੱਚ ਜਾਤੀਆਂ ਅਤੇ
ਆਰਥਿਕ ਤੇ ਸਮਾਜਿਕ ਤੌਰ 'ਤੇ ਕਮਜ਼ੋਰ ਦਲਿਤਾਂ
ਵਿਚਾਲੇ ਲਗਾਤਾਰ ਚਲਦੀ ਰਹਿੰਦੀ ਹੈ। ਉਹ ਕਹਿੰਦੇ,
''ਤੁਸੀ ਸਾਡੇ ਮਾਲਕ ਬਣੇ ਰਹੋ, ਇਸ ਵਿਚ ਤੁਹਾਡਾ
ਤਾਂ ਹਿਤ ਹੋ ਸਕਦਾ ਹੈ, ਪਰ ਅਸੀਂ ਤੁਹਾਡੇ ਗ਼ੁਲਾਮ
ਬਣੇ ਰਹੀਏ, ਇਸ ਵਿਚ ਸਾਨੂੰ ਕੀ ਲਾਭ?'' ਇਸੇ
ਚੇਤਨਾ ਤਹਿਤ ਜਿਉਂ ਜਿਉਂ ਜਾਤ ਪਾਤ ਤੋਂ ਪੀੜਤ
ਦਲਿਤ ਆਪਣੇ ਅਧਿਕਾਰਾਂ ਪ੍ਰਤੀ ਅੱਗੇ ਵੱਧਦੇ ਹਨ
ਤਿਉਂ ਤਿਉਂ ਇਹ ਜੰਗ ਤੇਜ ਹੁੰਦੀ ਜਾਂਦੀ ਹੈ। ਅੰਤ
ਉੱਚ ਜਾਤੀਏ ਦਲਿਤਾਂ ਦਾ ਸਮਾਜਿਕ ਬਾਈਕਾਟ ਕਰ
ਦਿੰਦੇ ਹਨ ਤਾਂ ਫਿਰ ਇਹ ਜੰਗ 'ਖਾਨਾਂ ਜੰਗੀ' ਦਾ
ਰੂਪ ਧਾਰਨ ਕਰ ਲੈਂਦੀ ਹੈ। ਮਰਾਠਵਾੜਾ, ਮੰਡਲ,
ਤੱਲ੍ਹਣ ਤੇ ਵਿਆਨਾ
ਕਾਂਡ ਸਾਹਮਣੇ ਪ੍ਰਤੱਖ ਪ੍ਰਮਾਣ ਹਨ। ਜੋ ਭਾਈਚਾਰੇ
ਅਤੇ ਦੇਸ਼ ਲਈ ਘਾਤਕ ਸਿੱਧ ਹੋਏ ਹਨ। ਇਸ ਲਈ ਇਸ
ਨੂੰ ਹਰ ਹਾਲਤ ਰੋਕਣਾ ਹੋਵੇਗਾ।
ਜਾਤ ਪਾਤ ਦੇ ਵਾਇਰਸ ਨੂੰ ਕਿਵੇਂ ਕਾਬੂ ਕੀਤਾ ਜਾ
ਸਕਦਾ ਹੈ?
ਡਾਕਟਰ ਅੰਬੇਡਕਰ ਨੇ ਜਾਤ ਪਾਤ ਤੇ ਛੂਆਛਾਤ ਦੇ
ਨਫੇ-ਨੁਕਸਾਨ ਦੀ ਸਿਰਫ ਚਰਚਾ ਹੀ ਨਹੀਂ ਕੀਤੀ ਬਲਕਿ
ਇਸ ਦੇ ਖਾਤਮੇ ਦੇ ਉਪਾਅ ਵੀ ਦੱਸੇ। ਉਹਨਾਂ ਕਿਹਾ
ਕਿ ਰਾਜਨੀਤਕ ਸੁਧਾਰ ਕਰਨਾ ਕੋਈ ਔਖੀ ਗੱਲ ਨਹੀਂ
ਹੈ, ਸਮਾਜ ਨੂੰ ਬਦਲਣਾ ਉਸ ਤੋਂ ਹਜ਼ਾਰਾਂ ਗੁਣਾਂ
ਔਖਾ ਹੈ। ਫਿਰ ਜਾਤ ਤੋੜਨਾ ਕੋਈ ਛੋਟੀ ਗੱਲ ਥੋੜ•ੀ
ਹੈ। ਕਰੋੜਾਂ ਦੇਵੀ-ਦੇਵਤੇ,ਪੀਰ-ਪੈਗੰਬਰ-ਔਲੀਏ,
ਸਾਧ-ਸੰਤ, ਰਾਜ, ਧਰਮ, ਤੰਤਰ ਇਸ ਨੂੰ ਨਹੀਂ ਤੋੜ
ਸਕੇ। ਇਹ ਸਭ ਜਾਤ ਨੂੰ ਨਿੰਦਦੇ ਤਾਂ ਬਹੁਤ ਰਹੇ
ਪਰ ਇਸ ਨੂੰ ਤੋੜ ਨਹੀਂ ਸਕੇ ਕਿਉਂਕਿ ਉਹ ਹਿੰਸਾ
ਤੋਂ ਡਰਦੇ ਰਹੇ।
''ਜਾਤ-ਪਾਤ ਦਾ ਅਸਲ ਇਲਾਜ ਆਪਸੀ ਸ਼ਾਦੀਆਂ ਹੀ ਹਨ।
ਖੂਨ ਦਾ ਮਿਲਾਪ ਤੇ ਕੇਵਲ ਇਹ ਹੀ ਇਕ ਮਿਲਾਪ ਹੈ
ਜੋ ਆਪਣਾਪਣ ਅਤੇ ਰਿਸ਼ਤੇਦਾਰੀ ਹੋਣ ਦਾ ਅਹਿਸਾਸ
ਪੈਦਾ ਕਰ ਸਕਦਾ ਹੈ। ਜਦੋਂ ਤੱਕ ਇਹ ਰਿਸ਼ਤੇਦਾਰੀ
ਦਾ ਤੇ ਆਪਣੇਪਣ ਦਾ ਅਹਿਸਾਸ ਸਭ ਤੋਂ ਉੱਚਾ
ਅਹਿਸਾਸ ਨਹੀਂ ਬਣ ਜਾਂਦਾ, ਉਸ ਵੇਲੇ ਤੱਕ
ਵੱਖਰੇਪਣ ਦਾ ਅਹਿਸਾਸ ਤੇ ਬਿਗਾਨਾ ਹੋਣ ਦਾ
ਅਹਿਸਾਸ ਮਿਟ ਨਹੀਂ ਸਕਦਾ।''
ਇਸ ਲਈ ਅੰਤਰ ਜਾਤੀ ਵਿਆਹਾਂ ਨੂੰ ਉਤਸ਼ਾਹਤ ਕੀਤਾ
ਜਾਵੇ। ਅੰਤਰ ਜਾਤੀ ਵਿਆਹ ਕਰਨ ਵਾਲਿਆਂ ਨੂੰ
ਸਰਕਾਰੀ ਨੌਕਰੀ ਅਤੇ ਰਹਾਇਸ਼ ਦੀ ਵਿਵਸਥਾ ਕੀਤੀ
ਜਾਵੇ। ਇਸ ਦੀ ਸੰਵਿਧਾਨਕ ਅਤੇ ਕਨੂੰਨਨ ਵਿਵਸਥਾ
ਵੀ ਹੋਵੇ। ਸਮਾਜਿਕ ਪੱਧਰ ਉਤੇ ਉਹਨਾਂ ਨੂੰ 'ਸਤਿਕਾਰਯੋਗ
ਸਿਟੀਜਨ' ਦਾ ਖਤਾਬ ਦੇ ਕੇ ਸਨਮਾਨਿਤ ਕੀਤਾ ਜਾਵੇ
ਤਾਂ ਜਾਤ ਪਾਤ ਦੀ ਇਸ ਸਮੱਸਿਆਂ ਨੂੰ ਕਾਫ਼ੀ ਹੱਦ
ਤਕ ਕਾਬੂ ਕੀਤਾ ਜਾ ਸਕਦਾ ਹੈ।
ਐਸ ਐਲ ਵਿਰਦੀ
ਐਡਵੋਕੇਟ,
ਸਿਵਲ ਕੋਰਟਸ ਫਗਵਾੜਾ,
ਪੰਜਾਬ।
ਫੋਨ:
01824 265887, 98145 17499
ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਅਤੇ
www.upkaar.com
ਵਲੋਂ
ਐਸ ਐਲ ਵਿਰਦੀ
ਜੀ ਦਾ ਧੰਨਵਾਦ ਹੈ
- Roop
Sidhu
|