ਜਾਤ ਪਾਤ ਕਾਰਨ ਭਾਰਤ ਸੈਂਕੜੇ
ਸਾਲ ਗ਼ੁਲਾਮ ਰਿਹਾ
ਐਸ ਐਲ ਵਿਰਦੀ ਐਡਵੋਕੇਟ
ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਦਾ ਨਾਮ ਇੰਡੀਆ
ਭਾਵ ਭਾਰਤ ਹੈ। ਭਾਰਤ ਦਾ ਅਰਥ ਹੈ ਭਰਤ ਦਾ ਦੇਸ਼।
ਇੱਕ ਸਮੇਂ ਭਰਤ ਦਾ ਇਸ ਦੇਸ਼ 'ਤੇ ਰਾਜ ਸੀ। ਭਰਤ
ਦੁਸ਼ਅੰਤ ਅਤੇ ਸ਼ਕੁੰਤਲਾ ਦਾ ਪੁੱਤਰ ਸੀ। ਆਰੀਆਂ ਦੇ
ਭਾਰਤ 'ਤੇ ਕਾਬਜ਼ ਹੋਣ ਤੋਂ ਬਾਅਦ ਇਸ ਦਾ ਨਾਮ
'ਆਰੀਆ ਵਰਤ' ਹੋ ਗਿਆ। ਆਰੀਆ ਲੋਕ ਸਿੰਧੂ
ਸੱਭਿਅਤਾ ਨਿਵਾਸੀਆਂ ਨੂੰ ਸਿੰਧੂ ਨਹੀਂ, ਹਿੰਦੂ
ਬੋਲਦੇ ਸਨ। ਹਿੰਦੂ ਸ਼ਬਦ ਨੂੰ ਯੂਨਾਨੀ ਲੋਕਾਂ ਨੇ
ਇੰਡੀਜ਼ 'ਸ਼ਬਦ ਚ ਬਦਲ ਦਿੱਤਾ। ਰੋਮਾਨੀਅਨਾਂ ਨੇ ਇਸ
ਸ਼ਬਦ ਨੂੰ ਸੁਧਾਰ ਕੇ 'ਇੰਡਸ' ਦਾ ਨਾਮ ਦਿੱਤਾ।
ਇੰਡਸ ਤੋਂ ਇਸ ਨੂੰ ਇੰਡੀਆ ਕਿਹਾ ਜਾਣ ਲੱਗ ਪਿਆ।
ਅਖੌਤੀ ਉੱਚ ਜਾਤੀਏ ਭਾਰਤ ਨੂੰ ਧੱਕੇ ਨਾਲ
ਹਿੰਦੁਸਤਾਨ ਕਹਿੰਦੇ ਹਨ।
ਆਰੀਆਂ ਨੇ ਆਪਣੀ ਤਾਨਾਸ਼ਾਹੀ ਤੇ ਦਬ ਦਬਾ
ਜਾਰੀ ਰੱਖਣ ਲਈ ਬ੍ਰੱਹਮਾਂ ਨੂੰ ਇਸ ਸਰਿਸ਼ਟੀ ਦਾ
ਰਚਣਹਾਰਾ ਦੱਸਕੇ, ਭੋਲੇ ਭਾਲੇ ਲੋਕਾਂ ਦੇ ਮਨ
ਵਿੱਚ ਬ੍ਰੱਹਮਾਂ ਦਾ ਡਰ ਤੇ ਖੌਫ ਪੈਦਾ ਕਰ ਦਿੱਤਾ
ਕਿ ਬ੍ਰਹੱਮਾਂ ਨੇ ਬ੍ਰਾਹਮਣ ਮੂੰਹ ਵਿੱਚੋ, ਕਸ਼ੱਤਰੀ
ਬਾਹਾਂ ਵਿੱਚੋ, ਵੈਸ਼ ਪੇਟ ਵਿੱਚੋਂ, ਸ਼ੂਦਰ ਪੈਰਾਂ
ਵਿੱਚੋਂ ਪੈਦਾ ਕੀਤੇ ਹਨ। ਪੜ੍ਹਨਾ-ਪੜ੍ਹਾਉਣਾ,
ਯੱਗ ਕਰਨਾ-ਕਰਾਉਣਾ, ਦਾਨ ਦੇਣਾ-ਲੈਣਾ ਇਹ 6 ਕੰਮ
ਉਸ ਬ੍ਰਾਹਮਣਾਂ ਨੂੰ ਦਿੱਤੇ ਹਨ। ਪ੍ਰਜਾ ਦੀ
ਰੱਖਿਆ ਕਰਨਾ, ਮਰਨਾ, ਮਾਰਨਾ, ਕੁਰਬਾਨੀ ਦੇਣਾ
ਕਸ਼ੱਤਰੀ ਦਾ ਕੰਮ ਹੈ। ਪਸ਼ੂ ਪਾਲਣ, ਵਣਜ਼ ਵਿਉਪਾਰ
ਤੇ ਖੇਤੀ ਕਰਨਾ ਵੈਸ਼ ਦਾ ਕੰਮ ਹੈ। ਬ੍ਰੱਹਮਾਂ ਨੇ
ਸ਼ੂਦਰਾਂ ਨੂੰ ਕੇਵਲ ਇਹ ਹੀ ਕੰਮ ਦਿੱਤਾ ਹੈ ਕਿ ਉਹ
ਉਪਰੋਕਤ ਤਿੰਨ ਵਰਣਾਂ ਦੀ ਇਮਾਨਦਾਰੀ ਨਾਲ ਸੇਵਾ
ਕਰਨ।
ਹੋਇਆ ਇਹ ਕਿ ਕਿ ਮਹਾਂਪਦਮਾ ਨੰਦ ਸ਼ੂਦਰ
ਅਤੇ ਅਖੌਤੀ ਨੀਵੀਂ ਕੁੱਲ ਦਾ ਰਾਜਾ ਸੀ। ਉਸ ਨੇ
ਉਚ ਜਾਤੀ ਰਾਜਿਆਂ ਤੋਂ ਮਗਧ ਸਾਮਰਾਜ ਖੋਹ ਲਿਆ
ਸੀ। ਉਸ ਨੇ ਚਾਣੱਕਿਆ ਨੂੰ ਮਨੂੰਵਾਦੀ ਨੀਤੀ ਕਾਰਨ
ਰਾਜ ਨਿਕਾਲਾ ਦੇ ਦਿੱਤਾ। ਚਾਣੱਕਿਆ ਨੂੰ ਇਹ ਕਦਈ
ਮਨਜ਼ੂਰ ਨਹੀਂ ਸੀ। ਉਸ ਨੇ ਸ਼ੂਦਰ ਰਾਜ ਨੂੰ ਖ਼ਤਮ
ਕਰਨ ਦਾ ਤਹੱਈਆ ਕਰ ਲਿਆ। ਉਸ ਦੀ ਕਮਾਂਡ ਹੇਠ ਆਪਣੀ
ਹੋਂਦ ਬਚਾਉਣ ਲਈ ਪ੍ਰੋਹਿਤ ਤੇ ਰਾਜੇ (ਬ੍ਰਾਹਮਣ
ਤੇ ਕਸ਼ੱਤਰੀ) ਇਕੱਠੇ ਹੋ ਗਏ। ਚਾਣਕਿਆ ਤਕਸ਼ਿਲਾ 'ਚ
ਸਿਕੰਦਰ ਤੇ ਤਾਇਨਾਤ ਯੂਨਾਨੀਆਂ ਨੂੰ ਮਿਲਿਆ ਤਾਂ
326 ਈਸਵੀ ਪੂਰਵ ਵਿੱਚ ਯੂਨਾਨੀ ਰਾਜੇ ਸਿਕੰਦਰ ਨੇ
ਭਾਰਤ ਉਤੇ ਹਮਲਾ ਕਰ ਦਿੱਤਾ।
ਫਿਰ ਦੂਜੀ ਸਦੀ ਈਸਾ ਪੂਰਬ ਤੋਂ ਲੈ ਕੇ
ਪਹਿਲੀ ਸਦੀ ਈਸਵੀ (ਭਾਵ 300 ਸਾਲ) ਤੱਕ ਭਾਰਤ
ਉੱਤੇ ਲਗਾਤਾਰ ਵਿਦੇਸ਼ੀ ਹਮਲੇ ਹੁੰਦੇ ਰਹੇ। ਗਰੀਕ,
ਪਾਰਥਵ, ਸ਼ਕ, ਕੁਸ਼ਾਣ ਇੱਕ ਤੋਂ ਮਗਰੋਂ ਭਾਰਤ ਨੂੰ
ਟੁੱਟ ਕੇ ਪੈਂਦੇ ਰਹੇ ਅਤੇ ਆਪਣੇ ਜ਼ਾਲਮ ਵਾਰਾਂ
ਨਾਲ ਭਾਰਤੀ ਰਾਜ, ਧਰਮ ਅਤੇ ਸਮਾਜ ਵਿਵਸਥਾ ਨੂੰ
ਮਿੱਧਦੇ ਰਹੇ। ਗਰੀਕਾਂ ਨੇ ਭਾਰਤ ਉੱਤੇ ਹਮਲਾ ਕਰਕੇ
ਸਿੰਧ ਦੇ ਪੱਛਮੀ ਤੇ ਪੂਰਬੀ ਪੰਜਾਬ ਵਿੱਚ ਆਪਣੇ
ਮਜ਼ਬੂਤ ਰਾਜ ਸਥਾਪਤ ਕਰ ਲਏ। ਗਰੀਕਾਂ, ਸ਼ਕਾਂ ਵਾਂਗ
ਹੀ ਆਭੀਰਾਂ ਤੇ ਕੁਸ਼ਾਣਾਂ ਨੇ ਵੀ ਭਾਰਤੀਆਂ ਨੂੰ
ਹਰਾਇਆ।
ਸੱਤਵੀ ਸਦੀ ਵਿੱਚ ਭਾਰਤ ਉੱਤੇ
ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ ਅਤੇ ਲਗਾਤਾਰ
12ਵੀਂ ਸਦੀ ਤੱਕ ਚਲਦੇ ਰਹੇ। ਪਹਿਲਾਂ ਪਹਿਲਾਂ
ਤਾਂ ਹਮਲਿਆਂ ਦਾ ਮਕਸਦ ਸਿਰਫ 'ਚ ਮੰਦਰਾਂ ਰੱਖੀ
ਮਾਇਆ ਨੂੰ ਲੁੱਟਣਾ ਸੀ। ਜਦ ਮੁਸਲਮਾਨ ਹਮਲਾਵਰਾਂ
ਨੇ ਵੇਖਿਆ ਕਿ ਇੱਥੋਂ ਦੇ ਸ਼ਾਸ਼ਕ ਤੇ ਸਮਾਜ
ਜਾਤ-ਪਾਤ ਵਿੱਚ ਵੰਡਿਆ ਹੋਇਆ ਹੈ ਤੇ ਉਹਨਾਂ ਵਿੱਚ
ਆਪਸੀ ਇੰਨੀ ਨਫਰਤ ਹੈ ਕਿ ਉਹ ਕਦੇ ਵੀ ਇਕੱਠੇ
ਨਹੀਂ ਹੋ ਸਕਦੇ ਤਾਂ ਉਹਨਾਂ ਭਾਰਤ ਦੇ ਸਥਾਨੀਏ
ਸ਼ਾਸ਼ਕ ਬਣਨ ਦਾ ਮਨ ਬਣਾ ਲਿਆ। ਜਦ ਭਾਰਤ ਵਿੱਚ
ਇਸਲਾਮਿਕ ਸਤਾ ਸਥਾਪਿਤ ਹੋ ਗਈ ਤਾਂ ਮੁਸਲਮਾਨ
ਸ਼ਾਸ਼ਕਾ ਨੇ ਆਪਣੀ ਗਿਣਤੀ ਵਧਾਉਣ ਦੇ ਨਜ਼ਰੀਏ ਤੋਂ
ਜਦ ਉਹਨਾਂ ਸ਼ੂਦਰਾਂ ਅਤੇ ਅਤੀ ਸ਼ੂਦਰਾਂ ਪ੍ਰਤੀ ਦਯਾ,
ਪਿਆਰ ਤੇ ਭਰਾਤਰੀ ਭਾਵ ਦੀ ਭਾਵਨਾ ਵਧਾਈ ਤਾਂ
ਸਦੀਆਂ ਤੋਂ ਨਫਰਤ ਦਾ ਸ਼ਿਕਾਰ, ਪਿਆਰ ਅਤੇ ਸਤਿਕਾਰ
ਦੇ ਭੁੱਖੇ ਬਹੁਜਨ ਦਲਿਤ ਲੋਕ ਇਸਲਾਮ ਵੱਲ ਖਿੱਚੇ
ਗਏ। ਮੁਸਲਮਾਨ ਰਾਜਿਆਂ ਨੇ ਰਾਜ ਭਾਗ 'ਚ ਦਲਿਤਾਂ
ਦੀ ਸਮੂਲੀਅਤ ਲਈ ਦਰਵਾਜੇ ਖੋਲ ਦਿੱਤੇ।
ਖੁਸਰੋ ਗੁਜਰਾਤ ਦਾ ਇੱਕ ਦਲਿਤ ਸੀ ਜਿਸ
ਨੂੰ ਜਾਤ ਪਾਤ ਦੇ ਠੇਕੇਦਾਰਾਂ ਨੇ ਬਹੁਤ ਫਟਕਾਰਿਆ
ਤਾਂ ਸਤ ਕੇ ਉਹ ਮੁਸਲਮਾਨ ਬਣ ਗਿਆ। ਖੁਸਰੋ ਮੁਗਲ
ਫੌਜ ਵਿੱਚ ਭਰਤੀ ਹੋ ਕੇ ਕੁੱਝ ਹੀ ਸਮੇਂ ਵਿੱਚ
ਸੈਨਾਪਤੀ ਬਣ ਗਿਆ। ਜਦ ਉਹ ਅਲਾਊਦੀਨ ਖਿਲਜੀ ਦੇ
ਪੁੱਤਰ ਮੁਬਾਰਕ ਖਾਂ (ਜੋ ਕਿ ਅਜ਼ਾਸ਼ ਸੀ) ਨੂੰ ਮਾਰ
ਕੇ 13 ਅਪ੍ਰੈਲ 1320 ਨੂੰ ਜਦ ਭਾਰਤ ਦੇ ਸਿੰਘਾਸਨ
'ਤੇ ਬੈਠਾ, ਤਾਂ ਮਨੂੰਵਾਦੀ ਪ੍ਰੋਹਿਤਾਂ ਦੇ ਹੋਸ਼
ਉਡ ਗਏ। ਉਚ ਜਾਤੀਆਂ ਵਿੱਚ ਖਲਬਲੀ ਮੱਚ ਗਈ। ਉਹ
ਤਰਲੋ-ਮੱਛੀ ਹੋ ਗਏ ਕਿਉਂਕਿ ਉਹਨਾਂ ਨੂੰ ਉਹਨਾਂ
ਦੇ ਧਰਮ ਸ਼ਾਸ਼ਤਰਾਂ ਦੀ ਸਿੱਖਿਆ ਹੈ ਕਿ ਸਵਰਨ,
ਸ਼ੂਦਰ ਅਛੂਤ ਦੇ ਰਾਜ ਵਿੱਚ ਨਾ ਰਹੇ, ਨਹੀਂ ਤਾਂ
ਉਸ ਦਾ ਜੀਵਨ ਨਰਕ ਭਰਿਆ ਹੋਵੇਗਾ। ਉਹ ਇੱਥੋ ਚਲਾ
ਜਾਵੇ ਜਾਂ ਫਿਰ ਅਛੂਤ ਰਾਜ ਨੂੰ ਖਤਮ ਕਰੇ। ਉਹਨਾਂ
ਦਾ ਇੱਥੋ ਜਾਣਾ ਮੁਸ਼ਕਲ ਸੀ। ਇਸੇ ਧਾਰਨਾ ਤਹਿਤ ਉਚ
ਜਾਤੀਆਂ ਨੇ ਉਸ ਦੀ ਸਹਾਇਤਾ ਕਰਨ ਤੋਂ ਹੀ ਇਨਕਾਰ
ਨਹੀ ਕੀਤਾ ਬਲਕਿ ਤੁਰਕਾਂ ਨਾਲ ਮਿਲ ਕੇ ਖੁਸਰੋ
ਨੂੰ ਮਰਵਾ ਕੇ ਦੇਸ਼ ਮੁੜ ਗੁਲਾਮ ਕਰਵਾ ਦਿੱਤਾ।
ਸ਼ੇਰ ਸ਼ਾਹ ਸੂਰੀ ਦੇ ਵੰਸ਼ ਦਾ ਰਾਜ ਮੰਤਰੀ
ਬਹਾਦਰ ਹੇਮ ਚੰਦਰ ਇੱਕ ਵਾਰ ਦਿੱਲੀ ਦੇ ਤਖਤ ਉਤੇ
ਬੈਠ ਵੀ ਗਿਆ ਸੀ ਪ੍ਰੰਤੂ ਰਾਜਪੂਤਾ ਨੇ ਬਾਣੀਆ ਕਹਿ
ਕੇ ਉਸਦਾ ਵਿਰੋਧ ਕੀਤਾ। ਅੰਗਰੇਜ਼ਾਂ ਦੇ ਹੱਥ ਵਿੱਚ
ਜਾਣ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਵੱਡਾ
ਸਾਮਰਾਜ ਮਰਾਠਿਆਂ ਦਾ ਸੀ, ਪ੍ਰੰਤੂ ਉਹ ਵੀ
ਬ੍ਰਾਹਮਣ-ਗੈਰ-ਬ੍ਰਾਹਮਣ ਦੇ ਝਗੜਿਆਂ ਕਾਰਨ ਟੁਕੜੇ
ਟੁਕੜੇ ਹੋ ਗਿਆ। ਕਾਇਰਤਾ ਅਤੇ ਜਾਤ-ਪਾਤ
ਕਾਰਨ ਜੈਪਾਲ ਅਤੇ ਆਨੰਦਪਾਲ, ਪ੍ਰਿਥਵੀਰਾਜ ਅਤੇ
ਜੈ ਚੰਦ, ਸਾਂਗਾ ਅਤੇ ਪ੍ਰਤਾਪ, ਆਪਸ 'ਚ ਲੜ ਕੇ
ਤਬਾਹ ਹੋ ਗਏ। ਪਾਲ ਅਤੇ ਪ੍ਰਤੀਹਾਰ, ਰਾਸ਼ਟਰਕੁਟ
ਅਤੇ ਚਾਲੁਕਯ, ਚੌਹਾਨ ਅਤੇ ਗਹੜਵਾਲ, ਚੰਦੇਲ ਤੇ
ਕਛਵਾਹੇ ਆਪਸ ਵਿੱਚ ਹੀ ਭਿੜਦੇ ਰਹੇ। ਅੰਦਰੂਨੀ
ਝਗੜਿਆਂ ਦੀ ਭਰਮਾਰ ਬਾਹਰੀ ਸ਼ਤਰੂ ਦੇ ਹਮਲੇ ਸਮੇਂ
ਹੁੰਦੀ ਰਹੀ। ਪੁਰਾਣੀਆਂ ਦੁਸ਼ਮਣੀਆਂ ਦੇਸੀ ਮਿੱਤਰਾਂ
ਉੱਪਰ ਆਏ ਵਿਦੇਸ਼ੀ ਸੰਕਟ ਸਮੇਂ ਕੱਢੀਆਂ ਜਾਂਦੀਆੰ
ਰਹੀਆ।
ਬਾਬਰ ਦੇ ਵਿਰੁੱਧ ਜਦੋਂ ਹਾਣਾ ਸਾਂਗਾ
ਜੂਝ ਰਿਹਾ ਸੀ ਉਦੋਂ ਸੀਕਰੀ ਦੇ ਖੇਤਾਂ ਵਿੱਚ
ਕਿਸਾਨ ਜਾਤੀ ਭੇਦ ਕਾਰਨ ਚੁੱਪ ਚਾਪ ਹਲ ਵਹੁੰਦੇ
ਰਹੇ? ਭਾਰਤ ਨੂੰ ਵਿਦੇਸ਼ੀਆਂ ਤੋਂ ਅਜ਼ਾਦ ਕਰਾਉਣ ਲਈ
ਕਈ ਵਾਰ ਹੈਲਾਤ ਬਣੇ ਪੰ੍ਰਤੂ ਉੱਚ ਜਾਤੀਆਂ ਦੇ
ਨਿੱਜੀ ਸਵਾਰਥਾਂ ਨੇ ਉਹਨਾਂ ਨੂੰ ਸਾਜਹਾਰ ਨਹੀਂ
ਹੋਣ ਦਿੱਤਾ। ਇੱਕ ਵਾਰ ਰਾਣਾ ਸਾਗਾਂ ਨੇ ਆਪਣੀ
ਪੂਰੀ ਸ਼ਕਤੀ ਨਾਲ ਦਿੱਲੀ ਨੂੰ ਫ਼ਤਹੇ ਕੀਤਾ ਤੇ
ਬਾਬਰ ਇੱਧਰ ਉੱਧਰ ਭਟਕਣ ਲੱਗਾ, ਪਰ ਸਾਂਗਾਂ ਦੇ
ਚਹੇਤਿਆਂ ਨੇ ਸਾਥ ਨਹੀਂ ਦਿੱਤਾ। ਫਿਰ ਜਦ ਮੁਹੱਮਦ
ਗੌਰੀ ਪ੍ਰਿਥੀਰਾਜ ਦਾ ਪਤਨ ਕਰਕੇ ਵਾਪਸ ਪਰਤ ਗਿਆ
ਸੀ ਤਦ ਜੈ ਚੰਦ ਹੁਣੀ ਦਿੱਲੀ ਉਤੇ ਕਾਬਜ ਹੋ ਸਕਦੇ
ਸਨ। ਜਦ ਰਾਣਾ ਪ੍ਰਤਾਪ ਨੂੰ ਮਾਨ ਸਿੰਘ ਮਿਲਣ ਗਏ
ਸੀ, ਉਸ ਵਕਤ ਉਸ ਦੀ ਅਕਬਰ ਨਾਲ ਅੰਦਰੂਨੀ ਖਹਿ
ਬਾਜੀ ਚਲ ਰਹੀ ਸੀ, ਜੇਕਰ ਉਸ ਸਮੇਂ ਪ੍ਰਤਾਪ
ਹੰਕਾਰ ਨਾ ਕਰਕੇ ਮਾਨ ਸਿੰਘ ਨੂੰ ਗਲੇ ਲਾ ਲੈਂਦਾ
ਤਾਂ ਅਕਬਰ ਹੀ ਆਖਰੀ ਮੁਸਲਮਾਨ ਬਾਦਸ਼ਾਹ ਹੁੰਦਾ।
ਜਦ ਮਰਾਠਿਆਂ ਨੇ ਦਿੱਲੀ ਨੂੰ ਜਿੱਤ ਕੇ ਬਾਦਸ਼ਾਹ
ਨੂੰ ਕੈਦ ਕਰ ਲਿਆ ਸੀ ਤਾਂ ਵੀ ਦੇਸ਼ ਨੂੰ ਅਜ਼ਾਦ
ਕਰਾਉਣ ਦਾ ਸੁਨਿਹਰੀ ਮੌਕਾ ਸੀ, ਜਿਸ ਦਾ
ਹਿੰਦੁਸਤਾਨੀ ਫਾਇਦਾ ਨਹੀਂ ਉਠਾ ਸਕੇ।
ਹਿੰਦੂਆਂ ਦੇ ਮੁਸਲਮਾਨਾਂ ਹਥੋਂ ਹਾਰਨ
ਪਿਛੇ ਇਕ ਕਾਰਨ ਇਹ ਵੀ ਰਿਹਾ ਹੈ ਕਿ ਇਸਲਾਮ ਵਿਚ
ਸਭਨਾਂ ਦੇ ਬਰਾਬਰ ਹੱਕ ਹੋਣ ਕਾਰਨ ਉਨ੍ਹਾਂ ਵਿਚ
ਉਚੇ ਨੀਵੇਂ ਦਾ ਵਿਤਕਰਾ ਨਹੀਂ ਸੀ ਅਤੇ ਨਾ ਹੀ
ਉਹਨਾਂ ਵਿਚ ਆਪਸੀ ਨਫਰਤ ਸੀ। ਮੁਸਲਮਾਨ ਦੇ ਹਰ
ਵਰਗ ਅਤੇ ਹਰ ਵਿਅਕਤੀ ਦੀ ਹਰ ਖੇਤਰ ਵਿਚ ਵਰਤੋਂ
ਹੋਈ। ਸਿੱਟੇ ਵਜੋਂ ਉਹ ਇਥੋਂ ਦੇ ਰਾਜੇ ਬਣੇ ਤੇ
ਉਹਨਾਂ ਸੈਂਕੜੇ ਸਾਲ ਰਾਜ ਕੀਤਾ। ਇਸਦੇ ਉਲਟ
ਹਿੰਦੂਆਂ ਵਿਚ ਆਮ ਜਨਤਾ ਯਾਨੀ ਇਕ ਅਜਿਹੀ ਤਾਕਤ (ਦਲਿਤ)
ਜਿਸ ਨੂੰ ਅਣਗੌਲਿਆ ਨਹੀਂ ਸੀ ਕੀਤਾ ਜਾਣਾ ਚਾਹੀਦਾ,
ਗੌਲਿਆ ਹੀ ਨਹੀਂ ਗਿਆ। ਨਾਈਆਂ, ਮੋਚੀਆਂ, ਦਰਜੀਆਂ,
ਝਿਊਰਾਂ ਆਦਿ ਵਿਚੋਂ ਸੈਨਾਪਤੀ ਕਿਉਂ ਨਹੀਂ ਬਣੇ?
ਜਾਤ ਪਾਤ ਹੀ ਉਹਨਾਂ ਦੇ ਰਾਹ ਵਿਚ ਮੁੱਖ ਰੁਕਾਵਟ
ਸੀ।
ਭਾਰਤ ਦੇ ਇਤਿਹਾਸ ਵਿੱਚ ਕਈ ਵਾਰ ਅਜਿਹਾ
ਸਮਾਂ ਵੀ ਆਇਆ ਹੈ ਜਦੋਂ ਦੇਸ਼ ਦੀ ਸੁਤੰਤਰਤਾ ਫੇਰ
ਵਾਪਸ ਆ ਰਹੀ ਸੀ ਪਰੰਤੂ ਸਾਡੀਆਂ ਪੁਰਾਣੀਆਂ ਆਦਤਾਂ
ਭਾਵ ਜਾਤ ਪਾਤ ਦੇ ਵਾਇਰਸ ਨੇ ਅਜਿਹਾ ਨਹੀਂ ਹੋਣ
ਦਿੱਤਾ। ਜਾਤੀਵਾਦੀ ਆਪਣੇ ਹੀ ਦੇਸ਼ ਦੇ ਦਲਿਤ ਭਰਾਵਾਂ
ਨੂੰ ਜਾਤ ਪਾਤ ਤੋੜਕੇ ਫੌਜਾਂ ਵਿਚ ਭਰਤੀ ਕਰਕੇ
ਸਮਾਨਤਾ ਦੇਣ ਲਈ ਤਿਆਰ ਨਹੀਂ ਹੋਏ, ਪਰ ਵਿਦੇਸ਼ੀਆਂ
ਦੀ ਗੁਲਾਮੀ ਨੂੰ ਸਵੀਕਾਰ ਕਰ ਲਿਆ।
ਦੇਸ਼ ਦੀ ਗੁਲਾਮੀ ਦਾ ਇੱਕ ਕਾਰਣ
ਅੰਧਵਿਸ਼ਵਾਸ ਵੀ ਹੈ। ਬਹੁਤ ਸਾਰੇ ਯੁੱਧ ਹਿੰਦੂ
ਸੈਨਿਕ ਅੰਧਵਿਸ਼ਵਾਸ ਕਾਰਣ ਵੀ ਹਾਰੇ। ਵਿਦੇਸ਼ੀ
ਹਮਲਾਵਰ ਬੁਹਤ ਵਾਰੀ ਆਪਣੀ ਸੈਨਾ ਦੇ ਅੱਗੇ ਅੱਗੇ
ਗਊਆਂ ਦੇ ਝੁੰਡ ਚਲਾਇਆ ਕਰਦੇ ਸਨ ਤਾਂ ਕਿ ਉਹਨਾਂ
ਦੇ ਪਿੱਛਿਉਂ ਉਹ ਹਿੰਦੂ ਸੈਨਾ ਤੇ ਵਾਰ ਕਰਦੇ
ਰਹਿਣ ਅਤੇ ਹਿੰਦੂ ਸੈਨਿਕ ਗਊਆਂ ਦੇ ਚੋਟ ਲੱਗਣ ਦੇ
ਡਰ ਤੋਂ ਪਿੱਛੇ ਹੱਟਦੇ ਹੱਟਦੇ ਮੈਦਾਨ 'ਚੋਂ ਦੌੜ
ਜਾਣ ਤੇ ਉਹਨਾਂ ਨੂੰ ਜਿੱਤ ਪ੍ਰਾਪਤ ਹੋ ਜਾਵੇ।
712 ਈਸਵੀ ਵਿੱਚ ਮੁਹੰਮਦ ਬਿਨ ਕਾਸਿਮ ਨੇ ਸਿੰਧ
ਤੇ ਹਮਲਾ ਕੀਤਾ ਤਾਂ ਇੱਕ ਸਮਾਂ ਅਜਿਹਾ ਵੀ ਸਮਾਂ
ਆਇਆ ਕਿ ਉਹ ਯੁੱਧ ਦੇ ਮੈਦਾਨ 'ਚੋਂ ਭੱਜਣ ਹੀ ਵਾਲਾ
ਸੀ ਕਿ ਇੱਕ ਸਵਰਨ ਨੇ ਆ ਕੇ ਉਸਨੂੰ ਦੱਸਿਆ ਕਿ
ਜੇਕਰ ਉਹ ਦੇਵੀ ਦੇ ਮੰਦਰ ਦਾ ਝੰਡਾ ਨੀਚੇ ਗਿਰਾ
ਦੇਵੇ ਤਾਂ ਹਿੰਦੂ ਸੈਨਾ ਦੌੜ ਜਾਵੇਗੀ। ਉਸ ਨੇ
ਅਜਿਹਾ ਹੀ ਕੀਤਾ ਕਿਉਂਕਿ ਹਿੰਦੂ ਸੈਨਾ ਦਾ ਇਹ
ਅੰਧ ਵਿਸ਼ਵਾਸ ਸੀ ਕਿ ਝੰਡੇ ਦੇ ਡਿੱਗਣ ਦਾ ਮਤਲਵ
ਦੇਵੀ ਦੀ ਕ੍ਰੋਪੀ ਹੋ ਗਈ ਹੈ। ਹਿੰਦੂ ਸੈਨਾ ਦੇ
ਅੰਧ ਵਿਸ਼ਵਾਸ ਕਾਰਨ ਕਾਸਿਮ ਦੀ ਜਿੱਤ ਹੋਈ।
ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ
ਇੱਟ ਖੜਕਾ ਕੇ ਸਤਨਾਮੀਆਂ ਤੇ ਸਿੱਖਾਂ 'ਤੇ ਢਾਹੇ
ਜੁਲਮਾਂ ਦਾ ਬਦਲਾ ਲਿਆ। ਪ੍ਰੰਤੂ ਰਾਜ ਸਥਾਪਤੀ
ਬਾਅਦ ਜਦ ਬੰਦਾ ਬਹਾਦਰ ਨੇ ਦਲਿਤਾਂ ਨੂੰ ਉੱਚ
ਪਦਵੀਆਂ ਦੇ ਕੇ ਸਨਮਾਨਤ ਕੀਤਾ ਤਾਂ ਉੱਚ ਜਾਤੀਆਂ
ਤੋਂ ਇਹ ਸਹਿਣ ਨਾ ਹੋਇਆ। ਮੁਗਲਾਂ ਨੇ ਉੱਚਜਾਤੀਆੰ
ਦੀ ਸ਼ਹਿ 'ਤੇ ਹੀ ਬੰਦਾ ਬਹਾਦੁਰ ਤੇ ਉਸ ਦੇ ਸਾਥੀਆਂ
ਨੂੰ ਦਿੱਲੀ ਲਿਜਾ ਕੇ ਬੜੀ ਬੇ ਰਹਿਮੀ ਨਾਲ ਸ਼ਹੀਦ
ਕਰ ਦਿੱਤਾ। ਜਾਤੀਵਾਦੀਆੰ ਅੰਗਰੇਜਾਂ ਨਾਲ ਸਾਂਢ
ਗਾਂਢ ਕਰਕੇ ਸਿੱਖ ਰਾਜ ਦਾ 1849 ਵਿੱਚ ਅੰਤ ਕਰਵਾ
ਦਿੱਤਾ।
ਵਰਣ ਵਿਵਸਥਾ ਕੋਈ ਧਰਮ ਨਹੀਂ, ਇੱਕ
ਰਾਜਨੀਤੀ ਹੈ। ਇਹ ਰਾਜਨੀਤੀ ਸ਼ੋਸ਼ਿਕਾਂ ਦੀ ਹੈ,
ਜਿਸਨੇ ਗੁਲਾਮੀ ਨੂੰ ਲੋਕਾਂ ਦੇ ਖ਼ੂੰਨ ਵਿਚ ਇਸ
ਤਰ੍ਹਾਂ ਮਿਲਾ ਦਿੱਤਾ ਹੈ ਕਿ ਲੋਕਾਂ ਨੂੰ ਗੁਲਾਮੀ
ਪ੍ਰਤੀ ਕੋਈ ਸ਼ਿਕਾਇਤ ਹੀ ਨਹੀਂ ਹੈ। ਇੱਥੇ ਧਰਮ ਨੇ
ਰਾਜਨੀਤੀ ਦਾ ਚੋਲਾ ਪਹਿਨਿਆ ਹੋਇਆ ਹੈ ਜੋ ਕਿ ਅੱਤ
ਦਾ ਖਤਰਨਾਕ ਖੇਲ ਹੈ। ਇਸ ਖਤਰਨਾਕ ਖੇਲ ਦੀ ਜੜ੍ਹ
ਵੇਦ ਗ੍ਰੰੰਥਾਂ, ਸਾਸ਼ਤਰਾਂ ਅਤੇ ਸਿਮਰਤੀਆਂ ਵਿਚ
ਹੈ।
ਸਾਡਾ ਦੇਸ਼ ਵਾਰ-ਵਾਰ ਗੁਲਾਮ ਕਿਉਂ
ਹੋਇਆ? ਸਾਨੂੰ ਇੰਨੀ ਲੰਬੀ ਵਿਦੇਸ਼ੀ ਰਾਜ ਦੀ
ਗੁਲਾਮੀ ਵਿਚ ਕਿਉਂ ਰਹਿਣਾ ਪਿਆ? ਇਸ ਦੇ ਜਵਾਬ
ਵਿਚ ਡਾਕਟਰ ਅੰਬੇਡਕਰ ਕਹਿੰਦੇ ਹਨ ਕਿ ਇਸ ਦਾ
ਕਾਰਨ ਇਹ ਹੈ ਕਿ ਇਹ ਦੇਸ਼ ਦੁਸ਼ਮਣ ਦੇ ਮੁਕਾਬਲੇ ਕਦੇ
ਇਕੱਠਾ ਹੋ ਕੇ ਨਹੀਂ ਲੜਿਆ। ਹਮੇਸ਼ਾ ਸਮਾਜ ਦੇ ਇੱਕ
ਭਾਗ ਅਰਥਾਤ 3 ਪ੍ਰੀਸ਼ਤ ਕਸ਼ੱਤਰੀ ਜਾਤ ਨੇ ਹੀ
ਦੁਸ਼ਮਣ ਦਾ ਮੁਕਾਬਲਾ ਕੀਤਾ। ਇਨ੍ਹਾ ਵਿਚੋ ਵੀ
ਅੱਧੀਆ ਔਰਤਾਂ, ਬੁੱਢੇ ਤੇ ਬੱਚੇ ਜੰਗ ਵਿਚ ਭਾਗ
ਨਹੀ ਲੈਂਦੇ ਸਨ। ਸਿੱਟੇ ਵਜੋਂ ਉਹ ਬਾਰ ਬਾਰ ਹਾਰਦੇ
ਰਹੇ। ਪਿਛਲੇ 12 ਸੌ ਸਾਲ ਦੇ ਇਤਿਹਾਸ ਨੂੰ ਹੀ
ਲਈਏ ਤਾਂ ਪਤਾ ਲੱਗਦਾ ਹੈ ਕਿ ਹਿੰਦੋਸਤਾਨੀ ਲੋਕ
ਵਿਦੇਸ਼ੀਆਂ ਦੇ ਪੈਰਾ ਹੇਠ ਬਾਰ ਬਾਰ ਇਸ ਲਈ ਦਰੜੇ
ਜਾਂਦੇ ਰਹੇ ਅਤੇ ਦੇਸ਼ ਬਾਰ ਬਾਰ ਇਸ ਲਈ ਗੁਲਾਮ
ਹੁੰਦਾ ਰਿਹਾ ਕਿਉਂਕਿ ਉਹਨਾਂ 'ਚ ਜਾਤੀ-ਪਾਤੀ ਭੇਦ
ਭਾਵ ਸੀ। ਚਾਰਵਰਣ ਦੇ ਮਨਹੂਸ ਸਿਸਟਮ ਦੇ ਕਾਰਨ
ਹਿੰਦੂਆਂ ਦੀਆਂ ਹੇਠਲੀਆਂ ਸ਼੍ਰੇਣੀਆਂ ਹਿੰਸਕ
ਕਾਰਵਾਈ ਦੇ ਮੁਕੰਮਲ ਅਯੋਗ ਬਣਾ ਦਿੱਤੀਆਂ ਗਈਆਂ।
ਉਹ ਹਥਿਆਰ ਨਹੀਂ ਰੱਖ ਸਕਦੇ ਅਤੇ ਬਿਨਾਂ ਹਥਿਆਰਾਂ
ਦੇ ਬਗਾਵਤ ਨਹੀਂ ਹੋ ਸਕਦੀ।
ਜਾਤ-ਪਾਤ ਸਿਸਟਮ ਸਾਂਝੀ ਸਰਗਰਮੀ ਨੂੰ
ਰੋਕਦਾ ਹੈ। ਸਾਂਝੀ ਸਰਗਰਮੀ ਤੋਂ ਬਿਨਾਂ ਏਕਤਾ ਤੇ
ਭਾਈਚਾਰਾ ਕਿਵੇਂ ਉਸਰ ਸਕਦਾ ਹੈ? ਇਸ ਸਾਂਝੀ
ਸਰਗਰਮੀ ਨੂੰ ਰੋਕ ਕੇ ਜਾਤ ਪਾਤ ਨੇ ਭਾਰਤੀਆਂ ਨੂੰ
ਇਕ ਅਜਿਹਾ ਸਮਾਜ ਬਣਨ ਤੋਂ ਰੋਕ ਦਿੱਤਾ ਜਿਹਨਾ ਦਾ
ਏਕਤਾ ਭਰਿਆ ਜੀਵਨ ਹੋਵੇ ਅਤੇ ਉਹਨਾਂ ਨੂੰ ਆਪਣੇ
ਸੰਗਠਨ ਅਤੇ ਸ਼ਕਤੀ ਦਾ ਅਹਿਸਾਸ ਹੋਵੇ। ਇਹ ਸਭ
ਜਾਤ-ਪਾਤ ਦੇ ਘ੍ਰਿਣਤ ਸਿਸਟਮ ਕਰਕੇ ਹੋਇਆ।
ਵਿਦੇਸ਼ੀਆਂ ਦੇ ਵਾਰ ਵਾਰ ਹਮਲੇ ਹੁੰਦੇ ਰਹੇ, ਦੇਸ਼
ਦਾ ਇੱਕ ਬਹੁਤ ਵੱਡਾ ਹਿੱਸਾ ਲੋਕਾਂ ਨੂੰ ਮਰਦੇ
ਕੱਟਦੇ ਦੇਖਦਾ ਰਿਹਾ ਕਿਉਂਕਿ ਉਸ ਨੂੰ ਇਹਨਾਂ ਜਾਤ
ਤੇ ਧਰਮ ਠੇਕੇਦਾਰਾਂ ਨੇ ਹਥਿਆਰ ਉਠਾਉਣ ਦੀ ਆਗਿਆ
ਨਹੀਂ ਦਿੱਤੀ। ਦੱਸੋ! 3 ਪ੍ਰਤੀਸ਼ਤ ਇਕੱਲਾ ਕਸ਼ੱਤਰੀ
ਦੇਸ਼ ਦੀ ਰੱਖਿਆ ਕਿਵੇਂ ਕਰ ਸਕਦਾ ਹੈ? ਇਸੇ ਕਰਕੇ
ਦੇਸ਼ ਬਾਰ ਬਾਰ ਗੁਲਾਮ ਹੋਇਆ। ਜੇ ਦਲਿਤਾਂ ਅਤੇ ਸਭ
ਦੇਸ਼ਵਾਸੀਆੰ ਨੂੰ ਹਥਿਆਰ ਰੱਖਣ ਦੀ ਆਗਿਆ ਹੁੰਦੀ
ਤਾਂ ਦੇਸ਼ ਕਦੇ ਵੀ ਗੁਲਾਮ ਨਾ ਹੁੰਦਾ।
ਐਸ ਐਲ ਵਿਰਦੀ ਐਡਵੋਕੇਟ
|