ਗੁਰੂ
ਰਵਿਦਾਸ ਜੀ ਤੇ ਦੇਹਰਾਂ ਚੱਕ ਹਕੀਮ ਮੇਲੇ ਦੀ
ਇਤਿਹਾਸਕਤਾ
ਐਸ ਐਲ ਵਿਰਦੀ
ਐਡਵੋਕੇਟ
ਗੁਰੂ ਰਵਿਦਾਸ ਜੀ ਕੁਵਨ ਮੱਠ (ਸੁਲਤਾਨਪੁਰ ਲੋਧੀ)
ਤੋਂ ਜਲੰਧਰ ਹੁੰਦੇ ਹੋਏ ਹਦੀਆਬਾਦ ਆ ਗਏ। ਇੱਥੇ
ਉਹ ਫੱਗੂ ਦੇ ਬਾੜੇ ਦੇ ਉੱਤਰ 'ਚ ਵਸੇ ਬਾਹਰਵਾਰ
ਚੱਕ ਪਿੰਡ ਰੁਕੇ। ਇਹ ਮੂਲ ਨਿਵਾਸੀ ਦਲਿਤਾਂ ਦਾ
ਪਿੰਡ ਸੀ। ਇਥੇ ਜਾਤੀਵਾਦ ਤੇ ਛੂਆ-ਛਾਤ ਤੋਂ ਪੀੜਤ
ਕੁਝ ਦਲਿਤ ਲੋਕ ਸਮਾਨਤਾ ਅਤੇ ਸਤਿਕਾਰ ਲਈ
ਮੁਸਲਮਾਨ ਬਣ ਗਏ ਸਨ। ਦਲਿਤ ਮੁਸਲਮਾਨ ਤਾਂ ਬਣ ਗਏ
ਪਰ ਉਹ ਕੰਮ ਚਮੜੇ ਦਾ ਹੀ ਕਰਦੇ ਸਨ। ਗੁਰੂ ਜੀ
ਇੱਥੇ ਲੰਬਾ ਸਮਾਂ ਰੁਕੇ।
ਗੁਰੂ ਜੀ ਨੇ ਹਰ ਰੋਜ ਪ੍ਰਬਚਨ ਕਰਨੇ। ਸਤਿਸੰਗ
ਵਿੱਚ ਦਿਨੋ ਦਿਨ ਸੰਗਤ ਦੀ ਭੀੜ ਵਧਣ ਲੱਗੀ। ਇਕ
ਦਿਨ ਗੁਰੂ ਜੀ ਨੇ ਦਲਿਤ ਸ਼ੋਸ਼ਿਤ ਗਰੀਬ ਲੋਕਾਂ ਨੂੰ
ਹਲੂਣਦਿਆ ਕਿਹਾ; ''ਕੇਵਲ ਜ਼ਿੰਦੇ ਰਹਿਣ 'ਚ ਕੋਈ
ਸਨਮਾਨ ਨਹੀਂ ਹੈ, ਕਿਸ ਸਥਿਤੀ 'ਚ ਅਸੀਂ ਜਿਊਂਦੇ
ਹਾਂ, ਇਹ ਜ਼ਿਆਦਾ ਮਹੱਤਵਪੂਰਨ ਹੈ। ਕੋਈ ਬਿਨਾਂ
ਸ਼ਰਤ ਸ਼ਰਨ ਲੈ ਕੇ ਜਿੰਦਾ ਰਹਿ ਸਕਦਾ ਹੈ, ਤੇ ਕੋਈ
ਕਾਇਰਤਾ 'ਚ ਮਾਰ ਖਾ ਕੇ ਗੁਲਾਮ ਬਣਕੇ, ਜਿੰਦਾ
ਰਹਿ ਸਕਦਾ ਹੈ ਅਤੇ ਕੋਈ ਸੰਘਰਸ਼ ਕਰਕੇ ਅਣਖ ਨਾਲ
ਜਿੰਦਾ ਰਹਿੰਦਾ ਹੈ।
ਅਪਮਾਨਤ ਗੰਦੇ ਕੰਮਾਂ ਨੂੰ ਕਰਕੇ ਤੁਹਾਡੀ ਕੋਈ
ਕਦਰ ਨਹੀ ਕਰਦਾ। ਤੁਹਾਡੀ ਯੋਗਤਾ ਵਿਅਰਥ ਜਾਂਦੀ
ਹੈ। ਹਿੰਦੂ ਮਜ਼੍ਹਬ ਵਿਚ ਮਨੁੱਖ ਮਿਹਨਤ ਕਰਕੇ
ਵੱਡਾ ਛੋਟਾ ਨਹੀਂ, ਬਲਕਿ ਜਨਮ ਅਤੇ ਕੰਮ ਕਰਕੇ
ਵੱਡਾ ਛੋਟਾ ਗਿਣਿਆ ਜਾਂਦਾ ਹੈ। ਮਾਨਸਿਕ ਆਜ਼ਾਦੀ
ਹੀ ਅਸਲ ਆਜ਼ਾਦੀ ਹੈ। ਜੋ ਮਾਨਸਿਕ ਤੌਰ 'ਤੇ ਆਜ਼ਾਦ
ਨਹੀਂ ਉਹ ਆਜ਼ਾਦ ਹੁੰਦੇ ਹੋਏ ਵੀ ਗੁਲਾਮ ਹੈ ਅਤੇ
ਗੁਲਾਮ ਦਾ ਕੋਈ ਸਨਮਾਨ ਨਹੀ ਕਰਦਾ ਹੈ। ਜਦ ਤੱਕ
ਤੁਸੀਂ ਆਪਣੇ ਜਿਊਣ ਦਾ ਢੰਗ ਅਤੇ ਕੰਮ ਨਹੀਂ
ਬਦਲਦੇ, ਤਦ ਤੱਕ ਤੁਸੀਂ ਸਮਾਜ ਵਿਚ ਸਨਮਾਨ ਤੇ
ਸ਼ੋਸ਼ਣ ਤੋਂ ਛੁਟਕਾਰਾ ਨਹੀਂ ਪਾ ਸਕਦੇ।''
''ਸੰਤ ਮਹਾਰਾਜ ਜੀ! ਦੂਜੇ ਕੰਮ ਸਾਨੂੰ ਸਿਖਾਉਂਦਾ
ਕੌਣ ਹੈ?'' ਇਕ ਬਜੁਰਗ ਨੇ ਕਿਹਾ।
ਗੁਰੂ ਜੀ ਨੇ ਇੱਥੇ ਦਲਿਤਾਂ ਨੂੰ ਦਵਾਈ ਦਾਰੂ
(ਹਿਕਮਤ) ਦਾ ਕੰਮ ਸਿਖਾ ਕੇ ਹਕੀਮ ਬਣਇਆ। ਗੁਰੂ
ਜੀ ਇੱਥੇ ਕੁਝ ਸਮਾਂ ਰਹਿ ਕੇ ਯਾਤਰਾ ਲਈ ਅੱਗੇ
ਚੱਲ ਪਏ। ਬਾਅਦ ਵਿੱਚ ਇੱਥੇ ਕਈ ਕਾਬਿਲ ਹਕੀਮ
ਬਣੇ। ਇਲਾਕੇ ਵਿੱਚ ਉਹਨਾਂ ਦੀ ਪੈਠ ਪੈ ਗਈ।
ਹਿਕਮਤ ਵਿਚ ਉਹਨਾਂ ਖੂਬ ਨਾਮ ਕਮਾਇਆ। ਸਿੱਟੇ
ਵਜੋਂ ਜਦ ਇਲਾਕੇ ਵਿਚ ਕੋਈ ਬਿਮਾਰ ਹੋ ਜਾਂਦਾ ਤਾਂ
ਲੋਕ ਕਹਿੰਦੇ ਚੱਕ, ਹਕੀਮਾਂ ਕੋਲ ਜਾਓ। ਇਸ ਤਰਾਂ
ਹੋਲੀ ਹੋਲੀ ਚੱਕ ਪਿੰਡ ਦਾ ਨਾਮ ਹੀ ਚੱਕ ਹਕੀਮਾਂ
ਪੈ ਗਿਆ।
ਸੰਤ ਹੀਰਾ ਦਾਸ ਜੀ ਦਾ ਆਗਮਨ
ਸੰਤ ਹੀਰਾ ਦਾਸ ਜੀ ਬਚਪਨ ਤੋਂ ਹੀ ਬਹੁਤ ਗੰਭੀਰ
ਸੁਭਾਅ ਦੇ ਸਨ। ਉਹ ਭਾਰਤ ਦੀ ਯਾਤਰਾ 'ਤੇ ਨਿਕਲ
ਪਏ। ਆਪ ਨੇ ਕਾਂਸ਼ੀ, ਹਰਿਦਵਾਰ, ਰਿਸ਼ੀਕੇਸ਼, ਗਯਾ,
ਗੋਦਾਵਰੀ ਅਤੇ ਬਦਰੀਨਾਥ ਸਥਾਨਾਂ 'ਤੇ ਗਏ ਅਤੇ
ਵਿੱਦਿਆ ਪ੍ਰਾਪਤ ਕੀਤੀ। ਸਾਰੇ ਪਰਦੇਸ਼ਾਂ ਦੀ
ਯਾਤਰਾ ਕਰਕੇ ਉਹਨਾਂ ਦੇਖਿਆ ਕਿ ਓਨਾਂ ਦੇ ਗੁਰੂ
ਸ੍ਰੀ ਰਵਿਦਾਸ ਜੀ ਦਾ ਕਿਤੇ ਕੋਈ ਮੰਦਰ ਨਹੀਂ ਹੈ
ਅਤੇ ਲੋਕ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਕੁੱਝ
ਵੀ ਨਹੀਂ ਜਾਣਦੇ । ਸੰਤ ਹੀਰਾ ਦਾਸ ਜੀ ਨੇ ਦਲਿਤ
ਸਮਾਜ ਨੂੰ ਉਨ੍ਹਾਂ ਦੇ ਇਤਿਹਾਸ ਦਾ ਬੋਧ ਕਰਾਉਣ
ਲਈ 'ਰਵਿਦਾਸ ਦੀਪ' ਗ੍ਰੰਥ ਦੀ ਰਚਨਾ ਕੀਤੀ । ਇਸ
ਵਿਚ ਗੁਰੂ ਰਵਿਦਾਸ ਜੀ ਦਾ ਪੂਰਾ ਜੀਵਨ ਅੰਕਿਤ
ਕੀਤਾ ਸੰਤ ਹੀਰਾ ਦਾਸ ਜੀ ਦਾ ਇਹ ਗ੍ਰੰਥ ਬਾਬਾ
ਸਾਹਿਬ ਡਾ. ਅੰਬੇਡਕਰ ਨੂੰ ਸਮਰਪਤ ਹੈ।
ਸੰਤ ਹੀਰਾ ਦਾਸ ਜੀ ਨੇ ਪਿੰਡ ਚੱਕ ਹਕੀਮ ਦੇ
ਬਾਹਰਵਾਰ ਜਰਨੈਲੀ ਸੜਕ ਦੇ ਕੰਢੇ ਉੱਤੇ ਬਾਬੂ ਖਾਨ
ਜ਼ਿਮੀਦਾਰ ਪਾਸੋਂ ਕੁੱਝ ਜ਼ਮੀਨ ਪ੍ਰਾਪਤ ਕੀਤੀ ਤੇ
ਉਸ ਉੱਤੇ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ
ਬਣਾਇਆ। ਗੁਰੂ ਰਵਿਦਾਸ ਜੀ ਨੂੰ ਚਿਤੌੜ ਵਿਚ ਸ਼ਹੀਦ
ਕੀਤਾ ਗਿਆ ਜਿਥੇ ਬਾਅਦ ਵਿੱਚ, ਮੀਰਾਂ ਨੇ ਗੁਰੂ
ਰਵਿਦਾਸ ਜੀ ਦੀ ਯਾਦ 'ਚ ਇਸ ਸਥਾਨ 'ਤੇ ਸ਼ਹੀਦੀ
ਸਮਾਰਕ ਬਣਾਇਆ ਜੋ ਕਿ ਅੱਜ ਵੀ ਰਵਿਦਾਸ ਛਤਰੀ
'ਸ਼ਹੀਦੀ ਸਮਾਰਕ' ਤੌਰ 'ਤੇ ਚਿਤੌੜ ਵਿੱਚ ਸਥਿਤ
ਹੈ। ਫਿਰ ਸੰਤਾਂ ਨੇ ਹਰ ਸਾਲ ਗੁਰੂ ਰਵਿਦਾਸ ਜੀ
ਦੇ ਸ਼ਹੀਦੀ ਦਿਵਸ 'ਤੇ ਹਾੜ ਦੀ ਸੰਗਰਾਂਦ ਨੂੰ
ਇੱਥੇ ਮੇਲਾ ਲਾਉਣਾ ਸ਼ੁਰੂ ਕੀਤਾ। ਜਿਹੜਾ ਹੌਲੀ
ਹੌਲੀ ਪੰਜਾਬ ਦੇ ਦਲਿਤਾਂ ਦੀ ਜਾਗ੍ਰਤੀ ਦਾ ਕੇਂਦਰ
ਬਣ ਗਿਆ।
ਨਿੱਧੜਕ ਭਰਾਵਾਂ ਦੀ ਬਹਾਦਰੀ
ਨਜ਼ਦੀਕ ਦੇ ਪਿੰਡਾਂ ਦੇ ਜ਼ਿੰਮੀਦਾਰ ਇਸ ਮੇਲੇ ਵਿਚ
ਆ ਕੇ ਦਲਿਤਾਂ ਦੀਆਂ ਲੜਕੀਆਂ ਤੇ ਬਹੂ ਬੇਟੀਆਂ
ਨਾਲ ਗੁੰਡਾ ਗਰਦੀ ਕਰਿਆ ਕਰਦੇ ਸੀ ਅਤੇ ਇਸ
ਪ੍ਰਕਾਰ ਖੱਪਖਾਨਾ ਪਾ ਕੇ ਮੇਲਾ ਖਰਾਬ ਕਰ ਦਿੰਦੇ
ਸੀ। 1939 ਵਿਚ ਸ੍ਰੀ ਚਰਨ ਦਾਸ ਨਿਧੜਕ ਤੇ ਉਹਨਾਂ
ਦੇ ਭਾਈ ਕਰਤਾਰ ਚੰਦ ਡਾਂਗਾਂ ਲੈ ਕੇ ਮੇਲੇ ਦੀ
ਰੱਖਿਆ ਕਰਨ ਦੇ ਇਰਾਦੇ ਨਾਲ ਚੱਕ ਹਕੀਮ ਪਹੁੰਚੇ।
ਜਿਉਂ ਹੀ ਜ਼ਿਮੀਦਾਰ ਗੁੰਡਿਆਂ ਨੇ ਗੁੰਡਾਗਰਦੀ
ਸ਼ੁਰੂ ਕੀਤੀ ਤਾਂ ਦੋਵਾਂ ਭਰਾਵਾਂ ਨੇ ਡਾਂਗਾਂ ਨਾਲ
ਗੁੰਡਿਆਂ ਤੇ ਮੀਂਹ ਵਰਸਾ ਦਿੱਤਾ । ਗੁੰਡੇ ਮੇਲਾ
ਛੱਡ ਕੇ ਭੱਜ ਗਏ, ਫਿਰ ਉਹਨਾਂ ਦਾ ਪਿੱਛਾ ਕੀਤਾ
ਤੇ ਫਗੂੜੇ ਪਿੰਡ ਜਾ ਕੇ ਵੀ ਗੁੰਡਿਆਂ ਦੀ ਭੁਗਤ
ਸਵਾਰੀ। ਇਸ ਤੋਂ ਬਾਅਦ ਫਿਰ ਚੱਕ ਹਕੀਮ ਦਾ ਮੇਲਾ
ਕਦੇ ਕਿਸੇ ਗੁੰਡੇ ਨੇ ਖਰਾਬ ਨਾ ਕੀਤਾ ਅਤੇ ਨਾ ਹੀ
ਕਿਸੇ ਦੀ ਫਿਰ ਦਲਿਤਾਂ ਦੀਆਂ ਬਹੂ ਬੇਟੀਆਂ ਨੂੰ
ਮਸ਼ਕਰੀ ਠੱਠਾ ਕਰਨ ਦੀ ਜੁਅਰਤ ਪਈ। ਤਦ ਤੋਂ ਹੀ
ਸ੍ਰੀ ਚਰਨ ਦਾਸ ਨੂੰ ਲੋਕਾਂ ਨੇ ਸਤਿਕਾਰ ਨਾਲ
ਨਿਧੜਕ ਕਹਿਣਾ ਸ਼ੁਰੂ ਕੀਤਾ ਹੋਇਆ ਹੈ। ਅੱਜ ਹਰ
ਪੰਜਾਬੀ ਉਹਨਾਂ ਦੇ ਨਾ ਤੋਂ ਜਾਣੂ ਹੈ।
ਡਾ. ਬਾਬਾ ਸਾਹਿਬ ਅੰਬੇਡਕਰ ਜੀ ਦੀ 14 ਅਕਤੂਬਰ
1956 ਦੀ ਬੁੱਧ ਧੱਮ ਕ੍ਰਾਂਤੀ ਤੋਂ ਬਾਅਦ ਪੰਜਾਬ
ਵਿਚ ਬੁੱਧ ਧੱਮ ਦੀ ਦੀਖਸ਼ਾ ਵੀ ਪਹਿਲੀ ਵਾਰ 17
ਜੂਨ 1958 ਨੂੰ ਇਸੇ ਸਥਾਨ ਉੱਤੇ ਹੋਈ।
ਰਾਜਨੀਤਕ ਚੇਤਨਾ ਦਾ ਕੇਂਦਰ
ਮੇਲੇ ਦੇ ਪਹਿਲੇ ਦਿਨ ਪਿੰਡ ਬਿਰਕਾਂ (ਜਲੰਧਰ)
ਤੋਂ ਹਜ਼ਾਰਾਂ ਸਮਤਾ ਸੈਨਿਕ ਦਲ ਪੰਜਾਬ ਦੇ
ਵਲੰਟੀਅਰਾਂ ਦਾ ਵਰਦੀਧਾਰੀ ਕਾਫ਼ਲਾ 2-2 ਦੀਆਂ
ਲਾਈਨਾਂ ਵਿਚ ਢੋਲ ਧਮੱਕੇ ਨਾਲ ਭੰਗੜੇ ਪਾਉਂਦਾ,
ਚੱਕ ਹਕੀਮ ਦੇ ਮੇਲੇ ਵਿਚ ਸ਼ਮੂਲੀਅਤ ਲਈ ਅਜੀਤ
ਕੁਮਾਰ ਫੁਲਕਾ ਦੀ ਰਹਿਨੁਮਾਈ ਹੇਠ ਚਲਦਾ ਸੀ।
ਕਾਫਲੇ ਅੱਗੇ ਆਰੇ ਘੁਮਾਏ ਜਾਂਦੇ ਸਨ ਵਲੰਟੀਅਰ
ਡਾਕਟਰ ਅੰਬੇਡਕਰ-ਜਿੰਦਾਬਾਦ, ਸਮਤਾ ਸੈਨਿਕ ਦਲ
ਜਿੰਦਾਬਾਦ, ਗਾਂਧੀ ਦੀ ਜਾਨ ਬਚਾਉਣ ਵਾਲੇ ਕੌਣ
ਸਨ, ਬਾਬਾ ਸਾਹਿਬ ਡਾਕਟਰ ਅੰਬੇਡਕਰ! ਧੰਨ ਔਰ
ਧਰਤੀ, ਵੰਡ ਕੇ ਰਹੇਗੀ! ਆਦਿ ਨਾਹਰੇ ਲਗਾਉਂਦੇ
ਸਨ। ਸਮਤਾ ਸੈਨਿਕ ਦਲ ਦੇ ਇਸ ਕਾਫਲੇ ਨੂੰ ਵੇਖਣ
ਲਈ ਜੀ.ਟੀ. ਰੋਡ ਦੇ ਦੋਹੀਂ ਪਾਸੀਂ ਪਿੰਡਾਂ
ਵਿਚੋਂ ਲੋਕਾਂ ਦੀਆਂ ਭੀੜਾਂ ਲੱਗ ਜਾਂਦੀਆਂ ਸਨ।
ਜੀ. ਟੀ. ਰੋਡ ਤੇ ਟਰੈਫਿਕ ਜਾਮ ਹੋ ਜਾਂਦਾ ਸੀ।
ਜਦ ਕਾਫਲਾ ਮਾ. ਸਾਧੂ ਰਾਮ ਕਾਂਗਰਸੀ ਐਮ.ਪੀ. ਦੀ
ਕੋਠੀ ਸਾਹਮਣਿਓ ਲੰਘਦਾ ਤਾਂ ਸਥਿਤੀ ਨਾਜੁਕ ਹੋ
ਜਾਂਦੀ। ਪੁਲੀਸ ਅਜੀਤ ਕੁਮਾਰ ਫੁਲਕਾ ਨੂੰ
ਗਿਰਫਤਾਰ ਕਰ ਲੈਂਦੀ, ਕਾਫਲਾ ਕੋਠੀ ਮੋਹਰੇ ਧਰਨੇ
ਉਤੇ ਬੈਠ ਜਾਂਦਾ। ਸਾਰਾ ਮੇਲਾ ਧਰਨੇ ਵੱਲ ਨੂੰ
ਵਹੀਰਾਂ ਘੱਤ ਲੈਂਦਾ। ਲੋਕਾਂ ਦੇ ਹੜ੍ਹ ਨੂੰ
ਵੇਖਕੇ ਪੁਲੀਸ ਨੂੰ ਅਜੀਤ ਕੁਮਾਰ ਫੁਲਕੇ ਨੂੰ
ਰਿਹਾ ਕਰਨਾ ਪੈਂਦਾ। ਸਮਤਾ ਸੈਨਿਕ ਦਲ ਦੇ ਕਾਫਲੇ
ਦੇ ਚੱਕ ਹਕੀਮ ਪੁੱਜਦਿਆਂ ਹੀ ਮੇਲਾ ਦੂਣ ਸਵਾਇਆ
ਹੋ ਜਾਂਦਾ।
ਸਾਰੀਆਂ ਰਾਜਨੀਤਕ ਪਾਰਟੀਆਂ ਫਿਰ ਇੱਥੇ ਆਪਣੀਆਂ
ਕਾਨਫਰੰਸਾਂ ਕਰਨ ਲੱਗ ਪਈਆਂ। ਸੀ ਪੀ ਆਈ ਦੀ ਸਟੇਜ
ਉਤੇ ਦਰਸ਼ਨ ਸਿੰਘ ਸ਼ੌਕੀ ਤੇ ਉਹਨਾਂ ਦੇ ਸਾਥੀ
ਅਪੇਰੇ ਗਾਉਂਦੇ ਅਤੇ ਨਾਟਕ ਖੇਡਦੇ। ਸਤਾਧਾਰੀ
ਪਾਰਟੀ ਦਾ ਮੁੱਖ ਮੰਤਰੀ ਇਸ ਮੇਲੇ ਵਿਚ ਜ਼ਰੂਰ ਆਇਆ
ਕਰਦਾ ਸੀ। ਰਾਤ ਨੂੰ ਮਲੂਕ ਚੰਦ ਜਾਡਲਾ
ਡਰਾਮਾਟਿੱਕ ਕਲੱਬ ਗੁਰੂ ਰਵਿਦਾਸ ਤੇ ਦਲਿਤ ਸਮਾਜ
ਦੀ ਭਲਾਈ ਸਬੰਧੀ ਡਰਾਮੇ ਕਰਦੇ। ਇਹ ਮੇਲਾ ਪੰਜਾਬ
ਦੇ ਵੱਡੇ ਮੇਲਿਆਂ ਵਿਚੋਂ ਇੱਕ ਬਣ ਗਿਆ।
ਦਲਿਤ ਰਾਜਨੀਤੀ ਦਾ ਕੇਂਦਰ ਵੀ ਇਹੋ ਸਥਾਨ
ਦਲਿਤਾਂ ਦੀ ਰਾਜਨੀਤਕ ਜਾਗ੍ਰਤੀ ਦਾ ਕੇਂਦਰ ਵੀ
ਇਹੋ ਸਥਾਨ ਬਣ ਗਿਆ। 1964 ਵਿਚ ਦਲਿਤਾਂ ਦੀਆਂ
ਸਮੱਸਿਆਵਾਂ ਸਬੰਧੀ ਜੋ ਰਿਪਬਲਿਕਨ ਪਾਰਟੀ ਦਾ
ਮੋਰਚਾ ਲੱਗਿਆ ਉਸ ਸਬੰਧੀ 101 ਪਾਰਟੀ ਵਰਕਰਾਂ ਦਾ
ਸਾਈਕਲ ਜੱਥਾ ਸ੍ਰੀ ਚਰਨ ਦਾਸ ਨਿਧੜਕ ਦੀ ਅਗਵਾਈ
ਵਿਚ ਦਿੱਲੀ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ
ਵਾਸਤੇ ਇਥੋਂ ਰਵਾਨਾ ਹੋਇਆ। 6 ਦਸੰਬਰ 1964 ਨੂੰ
ਰਿਪਬਲਿਕਨ ਪਾਰਟੀ ਨੇ ਦਲਿਤ ਮਜ਼ਦੂਰਾਂ ਦੀਆਂ 14
ਮੰਗਾਂ ਜਿਨ੍ਹਂ ਵਿਚ ਨਿਕਾਸੀ ਜਮੀਨ ਦਲਿਤਾਂ ਨੂੰ
ਦੇਣ, ਬੈਂਕਾਂ ਦਾ ਕੌਮੀ ਕਰਨ ਕਰਕੇ ਗਰੀਬਾਂ ਨੂੰ
ਰੋਜ਼ਗਾਰ ਲਈ ਬਿਨਾਂ ਵਿਆਜ਼ ਕਰਜੇ ਦੇਣ, ਪਾਰਲੀਮੈਂਟ
ਸਾਹਮਣੇ ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਲਾਉਣ,
ਤੇ ਦਲਿਤ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਲਈ
ਸੈਂਟਰ ਆਦਿ ਬਣਾਉਣ ਵਾਸਤੇ ਦੇਸ਼ ਵਿਆਪੀ ਮੋਰਚਾ
ਲਾਇਆ। ਪੂਰੇ ਦੇਸ਼ ਵਿਚ ਪਾਰਟੀ ਦੇ 3 ਲੱਖ 64
ਹਜ਼ਾਰ ਵਰਕਰ ਗ੍ਰਿਫਤਾਰ ਹੋਏ। ਪੰਜਾਬ ਵਿਚੋਂ ਕਰੀਬ
ਤਿੰਨ ਹਜ਼ਾਰ ਵਰਕਰ ਗ੍ਰਿ੍ਰਫਤਾਰ ਕੀਤੇ ਗਏ ਜਦ ਕਿ
ਗ੍ਰਿਫਤਾਰੀ ਕਰੀਬ ਦਸ ਹਜਾਰ ਵਰਕਰਾਂ ਨੇ ਦਿੱਤੀ।
²ਜੇਹਲਾਂ ਵਿਚ ਪਾਰਟੀ ਦੇ 25 ਵਰਕਰ ਸ਼ਹੀਦ ਹੋਏ
ਜਿਨ੍ਹਾਂ ਵਿਚ ਅਬਾਦ ਪੁਰਾ ਜਲੰਧਰ ਦਾ ਰਾਮ
ਪ੍ਰਕਾਸ਼ ਵੀ ਸ਼ਹੀਦ ਹੋਇਆ।
ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦੀ ਇਕ ਦਲਿਤ ਔਰਤ
ਨੂੰ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਪਿਸ਼ਾਬ
ਵਾਲੀ ਜਗ੍ਹਾ ਵਿਚ ਡਾਂਗ ਧੱਕ ਕੇ ਬੇਰਹਿਮੀ ਨਾਲ
ਕਤਲ ਕਰ ਦਿੱਤਾ ਗਿਆ। ਪੰਜਾਬ ਦਲਿਤ ਪੈਂਥਰ ਦੇ
ਪ੍ਰਧਾਨ ਐਸ. ਐਲ. ਵਿਰਦੀ ਨੇ ਪੰਜਾਬ ਦੇ ਮੁੱਖ
ਮੰਤਰੀ ਦੇ 15 ਜੂਨ ਨੂੰ ਚੱਕ ਹਕੀਮ ਮੇਲੇ 'ਤੇ
ਫਗਵਾੜਾ ਆਉਣ ਤੇ ਘਿਰਾਓ ਕਰਨ ਦਾ ਐਲਾਨ ਕਰ
ਦਿੱਤਾ। ਇਸ ਸਬੰਧ ਵਿਚ ਸਾਰੇ ਇਲਾਕੇ 'ਚ ਦਿਵਾਰਾਂ
'ਤੇ ਘਰਾਓ ਬਾਰੇ ਲਿਖਿਆ ਗਾ। ਇਸ ਕਰਕੇ 14 ਜੂਨ
1978 ਦੀ ਰਾਤ ਨੂੰ ਮੇਲਾ ਚੱਕ ਹਕੀਮ ਫਗਵਾੜਾ
ਵਿੱਚੋਂ ਐਸ ਐਲ ਵਿਰਦੀ ਨੂੰ ਗ੍ਰਿਫਤਾਰ ਕਰ ਲਿਆ
ਗਿਆ, ਇਸ ਮੌਕੇ 'ਤੇ ਮੇਲੇ ਵਿਚ ਹਾਜਰ ਹਜਾਰਾਂ
ਲੋਕਾਂ ਨੇ ਪੁਲਸ ਨੂੰ ਘੇਰ ਲਿਆ ਤਾਂ ਪੁਲਸ ਨੂੰ
ਲੋਕਾਂ ਦਾ ਰੋਹ ਵੇਖ ਕੇ ਐਸ ਐਲ ਵਿਰਦੀ ਨੂੰ ਰਿਹਾ
ਕਰਨਾ ਪਿਆ।
ਪੰਜਾਬ ਦੇ ਹਲਾਤ ਖਰਾਬ ਹੋਣ ਕਰਕੇ 1984 ਵਿਚ ਇਹ
ਮੇਲਾ ਬੰਦ ਹੋ ਗਿਆ। 2-3 ਸਾਲ ਬਾਅਦ ਮੇਲਾ ਸ਼ੁਰੂ
ਤਾਂ ਹੋਇਆ ਪਰ ਪਹਿਲਾਂ ਵਾਲੀ ਗੱਲ ਨਾ ਰਹੀ।
ਰਾਜਨੀਤਕ ਤੌਰ 'ਤੇ ਬਹੁਜਨ ਸਮਾਜ ਪਾਰਟੀ ਤੇ
ਰਿਪਬਲਿਕਨ ਪਾਰਟੀ ਹੀ ਹੁਣ ਕਾਨਫਰੰਸ ਕਰਦੀਆਂ ਹਨ।
ਕਮੇਟੀ ਵਲੋਂ ਦਿਵਾਨ ਸੱਜਦਾ ਹੈ ਪਰ ਲੋਕਾਂ ਵਿਚ
ਉਤਸ਼ਾਹ ਨਹੀਂ ਰਿਹਾ। ਲੇਖਕ ਇਸ ਮੇਲੇ ਨੂੰ ਪਿਛਲੇ
50 ਸਾਲ ਤੋਂ ਲਗਾਤਾਰ ਅੱਖੀ ਵੇਖਦਾ ਆ ਰਿਹਾ ਹੈ।
ਐਸ ਐਲ ਵਿਰਦੀ
ਐਡਵੋਕੇਟ,
ਸਿਵਲ ਕੋਰਟਸ ਫਗਵਾੜਾ,
ਪੰਜਾਬ।
ਫੋਨ:
01824 265887, 98145 17499
|