14 ਅਪ੍ਰੈਲ ਜਨਮ ਦਿਨ ਤੇ ਵਿਸ਼ੇਸ਼
ਮਨੁੱਖੀ ਅਧਿਕਾਰ ਯੋਧੇ- ਬਾਬਾ ਸਾਹਿਬ
ਅੰਬੇਡਕਰ
ਡਾ. ਐਸ. ਐਲ. ਵਿਰਦੀ ਐਡਵੋਕੇਟ
ਡਾ. ਬਾਬਾ ਸਾਹਿਬ ਅੰਬੇਡਕਰ ਜੀ 14 ਅਪ੍ਰੈਲ 1891 ਨੂੰ
ਨੀਚ ਬਣਾਈ ਗਈ ਮਹਾਰ ਜਾਤੀ ਵਿਚ ਪੈਦਾ ਹੋਏ, ਬਚਪਨ ਦਾ ਨਾਂ
ਭੀਮ ਰਾਓ ਸੀ। ਸਮਾਜਿਕ ਵਾਤਾਵਰਨ ਸਾਜਗਾਰ ਨਹੀਂ ਸੀ। ਉਹਨਾਂ
ਨੂੰ ਜਨਮ ਤੋਂ ਮੌਤ ਤੱਕ ਬਾਰ ਬਾਰ ਅਪਮਾਨਤ ਕੀਤਾ ਗਿਆ। ਸੱਚ
ਤਾਂ ਇਹ ਹੈ ਕਿ ਉਹਨਾਂ ਦਾ ਜੀਵਨ ਦੁੱਖਾਂ, ਤਕਲੀਫਾਂ ਤੰਗੀਆਂ
ਤੁਰਸੀਆਂ, ਭਰਪੂਰ ਰੌਂਗਟੇ ਖੜ੍ਹੇ ਕਰਨ ਵਾਲੀਆਂ ਦੁਰਘਟਨਾਵਾਂ
ਦੀ ਗਾਥਾ ਹੈ। ਜਦੋਂ ਉਹ ਪੈਦਾ ਹੋਏ ਤਾਂ ਜੋਤਸ਼ੀਆਂ ਜੋਤਿਸ਼
ਲਾਇਆ ਕਿ ਇਹ ਮਨਹੂਸ ਬੱਚਾ ਹੈ ਅਤੇ ਕੁਲ ਨੂੰ ਕਲੰਕਤ ਕਰੇਗਾ।
ਇਸ ਕਾਰਨ ਘਰ ਦੇ ਸਭ ਮੈਂਬਰ ਉਸ ਨੂੰ ਦੁਰਕਾਰਦੇ ਅਤੇ ਕੋਈ
ਪਿਆਰ ਨਾ ਕਰਦਾ। ਉਸ ਸਮੇਂ ਸਤਾਰਾ ਵਿਚ ਪਲੇਗ ਦੀ ਬਿਮਾਰੀ
ਫੈਲ ਗਈ। ਸਭ ਇਹੀ ਕਹਿੰਦੇ, ਇਸ ਬੱਚੇ ਨੂੰ ਪਲੇਗ ਕਿਉਂ ਨਹੀਂ
ਪੈਂਦੀ। ਦਲਿਤ ਹੋਣ ਕਰਕੇ ਨਾਈ ਉਨ੍ਹਾਂ ਦੇ ਵਾਲ ਨਹੀਂ ਕੱਟਦਾ
ਸੀ। ਸਕੂਲ ਵਿਚ ਉਹਨਾਂ ਨੂੰ ਕਮਰੇ ਤੋਂ ਬਾਹਰ ਬਿਠਾਇਆ ਜਾਂਦਾ
ਸੀ। ਟਾਟ ਉਸ ਨੂੰ ਘਰੋਂ ਲਿਜਾਣਾ ਪੈਂਦਾ ਸੀ। ਦੂਜੇ
ਵਿਦਿਆਰਥੀਆਂ ਨਾਲ ਖੇਡਣ ਦੀ ਮਨਾਹੀ ਸੀ। ਸਕੂਲ ਵਿਚ ਪਿਆਸ
ਲੱਗੇ ਤਾਂ ਘੜੇ ਵਿਚੋਂ ਪਾਣੀ ਨਹੀਂ ਪੀ ਸਕਦਾ ਸੀ। ਇਕ ਵਾਰੀ
ਪਾਣੀ ਪੀਣ ਤੇ ਉਨ੍ਹਾਂ ਨੂੰ ਕੁੱਟਿਆ ਗਿਆ ਸੀ। ਧੁੱਪ, ਮੀਂਹ
ਹਨੇਰੀ 'ਚ ਬਾਹਰ ਹੀ ਬੈਠਣਾ ਪੈਂਦਾ ਸੀ। ਇਕ ਵਾਰ ਉਹਨਾਂ
ਨੂੰ ਕਿਧਰੇ ਜਾਣਾ ਪੈ ਗਿਆ, ਟਾਂਗੇ ਵਾਲੇ ਨੇ ਪਤਾ ਚੱਲਣ ਤੇ
ਉਹਨਾਂ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਉਹ
ਸੰਸਕ੍ਰਿਤ ਪੜ੍ਹਨਾ ਚਾਹੁੰਦਾ ਸੀ ਪਰ ਸਕੂਲ ਮਾਸਟਰ ਨੇ ਦਲਿਤ
ਹੋਣ ਕਰਕੇ ਸੰਸਕ੍ਰਿਤ ਪੜ੍ਹਨ ਦੀ ਇਜਾਜਤ ਨਾ ਦਿੱਤੀ।
ਮਹਾਰਾਜਾ ਬੜੌਦਾ ਤੋਂ ਕਰਜਾ ਲੈਕੇ ਉੱਚੀ ਸਿੱਖਿਆ ਪ੍ਰਾਪਤ
ਕੀਤੀ। ਰੁਕਾਵਟਾਂ ਦੇ ਬਾਵਜੂਦ ਵੀ ਡਾ. ਅੰਬੇ²ਡਕਰ ਜੀ ਨੇ
5 ਐੱਮ.ਏ., ਪੀ.ਐੱਚ.ਡੀ., ਡੀ.ਐੱਸ.ਸੀ. ਐੱਲ.ਐੱਲ.ਡੀ.,
ਡੀ. ਲਿੱਟ, ਬਾਰ ਐਟ. ਲਾਅ ਦੀਆਂ ਵਿਦੇਸ਼ਾਂ ਤੋਂ ਡਿਗਰੀਆਂ
ਪ੍ਰਾਪਤ ਕੀਤੀਆਂ।
ਬੜੌਦਾ ਰਿਆਸਤ ਵਿਚ ਮਿਲਟਰੀ ਸੈਕਟਰੀ ਨਿਯਕੁਤ ਹੋÂ,ੇ ਪਰ
ਚਪੜਾਸੀ ਫਾਈਲਾਂ ਦੂਰੋਂ ਹੀ ਸੁੱਟ ਕੇ ਅਪਮਾਨਤ ਕਰਦੇ ਰਹੇ।
ਰਹਿਣ ਲਈ ਮਕਾਨ ਚਾਹੀਦਾ ਸੀ ਪਰ ਡਾ. ਅੰਬੇਡਕਰ ਨੂੰ ਦਲਿਤ
ਹੋਣ ਕਰਕੇ ਕਿਸੇ ਨੇ ਵੀ ਮਕਾਨ ਕਰਾਏ ਤੇ ਨਾ ਦਿੱਤਾ। ਨਾਮ
ਬਦਲ ਕੇ ਪਾਰਸੀ ਸਰਾਂ ਵਿਚ ਠਹਿਰੇ ਪਰ ਪਤਾ ਚੱਲਣ ਤੇ ਉਨ੍ਹਾਂ
ਨੇ ਵੀ ਜਾਨ ਲੇਵਾ ਹਮਲਾ ਕਰ ਦਿੱਤਾ। ਸਿੱਟੇ ਵਜੋਂ ਮਜਬੂਰਨ
ਉਨ੍ਹਾਂ ਨੂੰ ਸਰਾਂ ਛੱਡਣੀ ਪਈ ਅਤੇ ਨੌਕਰੀ ਤੋਂ ਅਸਤੀਫਾ ਦੇ
ਕੇ ਵਾਪਸ ਬੰਬਈ ਪਰਤਣਾ ਪਿਆ। ਬਾਬਾ ਸਾਹਿਬ ਘਬਰਾਏ ਨਹੀਂ
ਬਲਕਿ ਉਨ੍ਹਾਂ ਨੇ ਪ੍ਰਣ ਕੀਤਾ ਕਿ ਜਿਨ੍ਹਾਂ ਲੋਕਾਂ ਵਿਚ
ਮੈਂ ਪੈਦਾ ਹੋਇਆਂ ਹਾਂ। ਜੇਕਰ ਮੈਂ ਉਨ੍ਹਾਂ ਦੀਆਂ ਗੁਲਾਮੀ
ਦੀਆਂ ਜੰਜੀਰਾਂ ਨਾ ਤੋੜ ਸਕਿਆਂ ਤਾਂ ਮੈਂ ਆਪਣਾ ਜੀਵਨ ਗੋਲੀ
ਮਾਰ ਕੇ ਖਤਮ ਕਰ ਲਵਾਂਗਾ। ਡਾ. ਅੰਬੇਡਕਰ ਜੀ ਨੇ ਦਲਿਤਾਂ
ਵਿਚ ਜਾਗਰਤੀ ਪੈਦਾ ਕਰਨ ਲਈ ਹਫਤਾਵਾਰ ਅਖ਼ਬਾਰ ''ਮੂਕ-ਨਾਇਕ''
ਗੁੰਗਿਆਂ ਦੀ ਆਵਾਜ਼ ਕੱਢਿਆ। ਉਹਨਾਂ ਨੇ ਮੂਕ ਨਾਇਕ ਦੇ ਪਹਿਲੇ
ਅੰਕ ਵਿਚ ਲਿਖਿਆ ਕਿ ਹਿੰਦੋਸਤਾਨ ਸਮਾਜਿਕ ਨਾ-ਬਰਾਬਰਤਾ ਦਾ
ਘਰ ਹੈ। ਉਹਨਾਂ ਹਿੰਦੂ ਸਮਾਜ ਇਕ ਐਸੀ ਬਹੁਮੰਜਲੀ ਇਮਾਰਤ
ਹੈ, ਜਿਸ ਨੂੰ ਕੋਈ ਪ੍ਰਵੇਸ਼ ਦਰਵਾਜਾ ਨਹੀਂ ਹੈ। ਇਕ ਮੰਜਲ
ਤੋਂ ਦੂਜੀ ਮੰਜਿਲ ਤੇ ਜਾਣ ਲਈ ਕੋਈ ਪੌੜੀ ਨਹੀਂ ਹੈ। ਜੋ
ਵਿਅਕਤੀ ਜਿਸ ਮੰਜਲ ਤੇ ਪੈਦਾ ਹੁੰਦਾ ਹੈ, ਉਹ ਉਸ ਤੇ ਹੀ
ਵੱਡਾ ਹੁੰਦਾ ਹੈ ਅਤੇ ਉਸੇ ਮੰਜਿਲ ਤੇ ਹੀ ਮਰ ਜਾਂਦਾ ਹੈ।
ਧਰਮ ਵਿਚ ਇਸ ਨੂੰ ਵਰਣ-ਵਿਵਸਥਾ ਕਹਿੰਦੇ ਹਨ। ਹਿੰਦੋਸਤਾਨ
ਵਿਚ ਅੱਜ ਇਹੀ ਵਿਵਸਥਾ ਚਲ ਰਹੀ ਹੈ । ਵਰਣ-ਵਿਵਸਥਾ ਦਾ ਮੂਲ
ਬ੍ਰਾਹਮਣਵਾਦ ਹੈ। ਬ੍ਰਾਹਮਣਵਾਦ ਕੋਈ ਭੌਤਿਕ ਕੰਧ ਜਾਂ
ਦੀਵਾਰ ਨਹੀਂ ਹੈ ਜਿਸ ਨੂੰ ਔਜਾਰ ਨਾਲ ਕੱਟਿਆ ਜਾ ਸਕੇ ਇਹ
ਤਾਂ ਇਕ ਵਿਚਾਰਧਾਰਾ ਹੈ। ਵਿਚਾਰਧਾਰਾ ਨੂੰ ਵਿਚਾਰਧਾਰਾ ਨਾਲ
ਹੀ ਖਤਮ ਕੀਤਾ ਜਾ ਸਕਦਾ ਹੈ।
20 ਜੁਲਾਈ 1924 ਨੂੰ ਡਾਕਟਰ ਅੰਬੇਡਕਰ ਨੇ ਦਲਿਤਾਂ ਵਿਚ
ਸਿੱਖਿਆ ਦੇ ਪ੍ਰਸਾਰ ਲਈ ਬਹਿਸਕ੍ਰਿਤ ਹਿੱਤਕਾਰਨੀ ਸਭਾ ਕਾਇਮ
ਕੀਤੀ (ਬ੍ਰਹਿਸਕ੍ਰਿਤ ਤੋਂ ਭਾਵ ਹੈ, ਸਮਾਜ ਤੋਂ ਬਾਹਰ ਕੱਢੇ
ਹੋਏ ਲੋਕ) ਅਤੇ ਇਸ ਦੇ ਮਧਿਅਮ ਤੋਂ ਹੋਸਟਲ, ਲਾਇਬਰੇਰੀ,
ਸਮਾਜਿਕ ਕੇਂਦਰ ਅਧਿਐਨ ਕੇਂਦਰ ਅਤੇ ਆਰਥਿਕ ਉਨਤੀ ਲਈ ਉਦਯੋਗ
ਆਦਿ ਕਾਇਮ ਕਰਨ ਅਤੇ ਸਰਕਾਰ ਵਿੱਚ ਨੁਮਾਇੰਦਗੀ ਲਈ ਅੰਦੋਲਨ
ਚਲਾਉਣਾ ਸੀ। ਬਾਬਾ ਸਾਹਿਬ ਨੇ ਦਲਿਤਾਂ ਨੂੰ ਸਿੱਖਿਆ
ਦਿੰਦਿਆ ਕਿਹਾ:-
''ਗੁਲਾਮ ਨੂੰ ਇਹ ਦਰਸਾ ਦਿਉ ਕਿ ਉਹ ਗੁਲਾਮ ਹੈ, ਫੇਰ ਉਹ
ਬਗਾਵਤ ਕਰ ਦੇਵੇਗਾ।'' ਉਹਨਾਂ ਸਵੈ-ਸਹਾਇਤਾ, ਸਵੈ-ਨਿਰਮਾਣ
ਅਤੇ ਸਵੈਮਾਣ ਦਾ ਝੰਡਾ ਨੇ ਬੁਲੰਦ ਕੀਤਾ। ਉਨ੍ਹਾਂ ਨੇ
ਲਲਕਾਰ ਕੇ ਕਿਹਾ;
''ਤੁਹਾਡੇ ਚਿਹਰਿਆਂ ਦੀ ਤਰਸਯੋਗ ਹਾਲਤ ਦੇਖਕੇ ਅਤੇ
ਤੁਹਾਡੀਆਂ ਉਦਾਸੀਆਂ ਆਵਾਜਾਂ ਸੁਣਕੇ ਮੇਰਾ ਸੀਨਾ ਫੱਟ ਜਾਂਦਾ
ਹੈ, ਕਿੰਨੇ ਚਿਰ ਤੋਂ ਤੁਸੀਂ ਜੁਲਮਾਂ ਦੀ ਚੱਕੀ 'ਚ ਪਿਸੇ
ਜਾ ਰਹੇ ਹੋ ਅਤੇ ਫੇਰ ਵੀ ਤੁਹਾਨੂੰ ਬੇਹਿੰਮਤੀ ਅਤੇ
ਬੇਭਰੋਸਗੀ ਛੱਡਣ ਦਾ ਖਿਆਲ ਕਿਉਂ ਨਹੀਂ ਆਉਂਦਾ? ਤੁਸੀਂ
ਜੰਮਦੇ ਹੀ ਕਿਉਂ ਨਹੀਂ ਖਤਮ ਹੋ ਜਾਂਦੇ? ਤੁਸੀਂ ਆਪਣੀ
ਤਰਸਯੋਗ, ਘ੍ਰਿਣਿਤ ਅਤੇ ਤਿਰਸਕਾਰ ਪੂਰਨ ਹਾਲਤ ਨਹੀਂ ਬਦਲ
ਸਕਦੇ ਤਾਂ ਇਸ ਨਾਲੋਂ ਮਰਨਾ ਕਿਧਰੇ ਚੰਗਾ ਹੈ।''
ਮਹਾਂਰਾਸ਼ਟਰ ਦੇ ਸ਼ਹਿਰ ਮਹਾਡ ਵਿਖੇ ਅਛੂਤਾਂ ਨੂੰ ਆਮ ਚੌਦਾਰ
ਤਲਾਬ ਤੋਂ ਪਾਣੀ ਨਹੀਂ ਭਰਨ ਦਿੱਤਾ ਜਾਂਦਾ ਸੀ ਬਲਕਿ ਛੱਪੜ
'ਚੋਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਕੀਤਾ ਜਾਂਦਾ ਸੀ ਜਦ ਕਿ
ਕੁੱਤੇ, ਬਿੱਲੇ, ਪੰਛੀ ਉਥੇ ਨਹਾ ਸਕਦੇ ਸਨ। 20 ਮਾਰਚ 1927
ਨੂੰ ਡਾ. ਅੰਬੇਡਕਰ ਨੇ ਚੌਦਾਰ ਤਲਾਬ ਤੋਂ ਪਾਣੀ ਲਈ ਮੋਰਚਾ
ਲਾ ਦਿੱਤਾ। ਬਾਬਾ ਸਾਹਿਬ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ
ਦਾ ਠਾਠਾਂ ਮਾਰਦਾ ਹੋਇਆ ਜਨ-ਸਮੂਹ ਚੌਦਾਰ ਤਲਾਬ ਵਲ ਤੁਰਿਆ।
ਉੱਚ ਜਾਤੀਆਂ ਨੇ ਜਲੂਸ ਤੇ ਪਥਰਾਓ ਕੀਤਾ। ਪਰ ਫਿਰ ਵੀ ਡਾ.
ਅੰਬੇਡਕਰ ਨੇ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਉਸ ਤਲਾਬ 'ਚੋਂ
ਪਾਣੀ ਪੀਤਾ।
ਮਹਾਂਰਾਸ਼ਟਰ ਦੇ ਜ਼ਿਲ੍ਹਾ ਨਾਸਿਕ ਦੇ ਕਾਲਾ ਰਾਮ ਮੰਦਰ ਵਿਚ
ਦਲਿਤਾਂ ਦੇ ਅੰਦਰ ਜਾਣ ਦੀ ਮਨਾਹੀ ਸੀ। 2 ਮਾਰਚ 1930 ਨੂੰ
ਡਾਕਟਰ ਅੰਬੇਡਕਰ ਨੇ ਹਜ਼ਾਰਾਂ ਸਾਥੀਆਂ ਸਮੇਤ ਮੰਦਰ ਪ੍ਰਵੇਸ਼
ਦਾ ਮੋਰਚਾ ਲਾ ਦਿੱਤਾ। 3 ਮਾਰਚ ਨੂੰ 125 ਮਰਦਾਂ ਅਤੇ 25
ਔਰਤਾਂ ਦੇ ਜਥੇ ਮੰਦਿਰ ਦੇ ਚੌਹਾਂ ਗੇਟਾਂ ਤੇ ਡੱਟ ਗਏ। 3
ਹਜ਼ਾਰ ਹਿੰਦੂ ਕੱਟੜਪੰਥੀ ਵੀ ਮੰਦਰ ਅੰਦਰ ਅਛੂਤਾਂ ਦੇ ਦਾਖਲੇ
ਨੂੰ ਰੋਕਣ ਲਈ ਡਟ ਗਏ। ਬਾਹਰ 8 ਹਜ਼ਾਰ ਅਛੂਤ ਮੰਦਰ ਵਿਚ
ਦਾਖਲੇ ਲਈ ਦ੍ਰਿੜ੍ਹ ਸਨ। ਬੇਸ਼ੁਮਾਰ ਹਥਿਆਰਬੰਦ ਪੁਲਿਸ ਵੀ
ਦਰਮਿਆਨ ਡਟੀ ਹੋਈ ਸੀ। ਮੋਰਚਾ ਇਸੇ ਤਰ੍ਹਾਂ ਇਕ ਮਹੀਨਾਂ
ਜਾਰੀ ਰਿਹਾ। ਅਖੀਰ 9 ਅਪਰੈਲ 1930 ਨੂੰ ਉੱਚ ਜਾਤੀਆਂ ਨੇ
ਦਲਿਤਾਂ ਤੇ ਇੱਟਾਂ ਅਤੇ ਪੱਥਰਾਂ ਦਾ ਪਥਰਾਓ ਕੀਤਾ। ਪੁਲਿਸ
ਨੇ ਅੰਬੇਡਕਰ ਨੂੰ ਕਿਹਾ ਕਿ ਉਹ ਮਹਿਫੂਜ ਥਾਂ ਤੇ ਚਲੇ ਜਾਣ
ਪਰ ਉਨ੍ਹਾਂ ਜਵਾਬ ਦਿੱਤਾ, ''ਮੈਂ ਇਕ ੈਨਿਕ ਦਾ ਬੇਟਾ
ਹਾਂ,ਮੈਦਾਨ ਵਿਚੋਂ ਭੱਜ ਕੇ ਨਹੀਂ ਜਾ ਸਕਦਾ।'' ਡਾਕਟਰ
ਅੰਬੇਡਕਰ ਡਟੇ ਰਹੇ ਅਤੇ ਪਥਰਾਓ ਕਾਰਨ ਜ਼ਖਮੀ ਹੋ ਗਏ। ਅਛੂਤਾਂ
ਅਤੇ ਹਿੰਦੂਆਂ ਵਿਚਕਾਰ ਖੁਲੱਮ ਖੁੱਲੀ ਲੜਾਈ ਹੋਈ। ਨਾਸਿਕ
ਮੋਰਚੇ ਦੀ ਕੁੜੱਤਣ ਸਾਰੇ ਜ਼ਿਲ੍ਹੇ ਵਿਚ ਫੈਲ ਗਈ। ਹਿੰਦੂਆਂ
ਨੇ ਅਛੂਤ ਵਿਦਿਆਰਥੀਆਂ ਨੂੰ ਸਕੂਲਾਂ ਤੋਂ ਬਾਹਰ ਕੱਢ ਦਿੱਤਾ।
ਉਨ੍ਹਾਂ ਨੂੰ ਸੌਦਾ ਦੇਣਾ ਬੰਦ ਕਰ ਦਿੱਤਾ ਅਤੇ ਕਈ ਥਾਵਾਂ
ਤੇ ਉਨ੍ਹਾਂ ਨੂੰ ਸੜਕਾਂ ਤੇ ਚੱਲਣ ਤੋਂ ਰੋਕ ਦਿੱਤਾ। ਅਛੂਤਾਂ
ਦਾ ਵੱਡੀ ਪੱਧਰ ਤੇ ਸਮਾਜਿਕ ਅਤੇ ਆਰਥਿਕ ਬਾਈਕਾਟ ਕੀਤਾ ਗਿਆ।
ਕਈਆਂ ਪਿੰਡਾਂ ਵਿਚ ਅਛੂਤਾਂ ਦੀ ਨਾਕਾਬੰਦੀ ਕੀਤੀ ਗਈ, ਉਨ੍ਹਾਂ
ਤੇ ਅੱਤਿਆਚਾਰ ਢਾਏ ਗਏ। ਏਨੇ ਦੁੱਖ ਸਹਿਕੇ ਵੀ ਅਛੂਤਾਂ ਨੇ
ਮੋਰਚਾ ਚਾਲੂ ਰੱਖਿਆ। ਮੰਦਿਰ ਮੋਰਚੇ ਤੇ ਟਿੱਪਣੀ ਕਰਦਿਆਂ
ਗਾਂਧੀ ਜੀ ਨੇ ਆਪਣੇ ਅਖ਼ਬਾਰ ਯੰਗ ਇੰਡੀਆ ਦੇ 24 ਨਵੰਬਰ
1930 ਦੇ ਅੰਕ ਵਿਚ ਲਿਖਿਆ-'ਜੇਕਰ ਪੁਰਾਣੇ ਮੰਦਰਾਂ ਦੇ
ਪ੍ਰਬੰਧਕ ਅਖੌਤੀ ਦਲਿਤਾਂ ਦਾ ਵਿਰੋਧ ਕਰਦੇ ਹਨ ਤਾਂ ਡਾ.
ਅੰਬੇਡਕਰ ਦਲਿਤਾਂ ਲਈ ਨਵੇਂ ਮੰਦਰ ਬਣਵਾ ਸਕਦੇ ਹੋ।''
ਡਾ. ਅੰਬੇਡਕਰ ਨੇ ਕਿਹਾ, ''ਮੈਂ ਮੰਦਰ ਅੰਦਲੋਨ ਇਸ ਲਈ ਨਹੀਂ
ਸ਼ੁਰੂ ਕੀਤਾ ਕਿ ਦਲਿਤ ਵੀ ਉਨ੍ਹਾਂ ਮੂਰਤੀਆਂ ਦੀ ਪੂਜਾ ਕਰਨ
ਜਿਨ੍ਹਾਂ ਨੂੰ ਪੁਜਣ ਤੋਂ ਹੁਣ ਤੱਕ ਉਨ੍ਹਾਂ ਨੂੰ ਰੋਕਿਆ
ਗਿਆ ਹੈ ਅਤੇ ਨਾ ਹੀ ਮੇਰਾ ਇਹ ਵਿਸ਼ਵਾਸ ਹੈ ਕਿ ਮੰਦਰ
ਪ੍ਰਵੇਸ਼ ਕਰਨ ਨਾਲ ਦਲਿਤ ਸਮਾਜ ਦੇ ਲੋਕ ਹਿੰਦੂ ਸਮਾਜ ਦੇ
ਨੁਮਾਇੰਦੇ ਬਣ ਜਾਣਗੇ। ਮੈਂ ਮੰਦਰ ਪ੍ਰਵੇਸ਼ ਦਾ ਸੱਤਿਆ ਗ੍ਰਹਿ
ਇਸ ਲਈ ਸ਼ੁਰੂ ਕੀਤਾ ਸੀ ਜਿਵੇਂ ਕਿ ਮੈਂ ਮਹਿਸੂਸ ਕਰਦਾ ਹਾਂ
ਕਿ ਇਹ ਦਲਿਤਾਂ ਨੂੰ ਸ਼ਕਤੀ ਸ਼ਾਲੀ ਬਣਾਉਣ ਅਤੇ ਉਨ੍ਹਾਂ ਨੂੰ
ਆਪਣੀ ਪੁਜੀਸ਼ਨ ਦਾ ਅਹਿਸਾਸ ਕਰਾਉਣ ਲਈ ਵਧੀਆ ਤਰੀਕਾ ਹੈ।''
ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਬਾਕੀਆਂ ਦੀ
ਤਰ੍ਹਾਂ ਅਸੀਂ ਵੀ ਇਨਸਾਨ ਹਾਂ ਅਤੇ ਇਨਸਾਨਾਂ ਦੀ ਤਰ੍ਹਾਂ
ਜੀਉਣਾ ਚਾਹੁੰਦੇ ਹਾਂ। ਅਸੀਂ ਇਸ ਗੱਲ ਦਾ ਵੀ ਹਮੇਸ਼ਾ ਲਈ
ਫੈਸਲਾ ਕਰ ਦੇਣਾ ਚਾਹੁੰਦੇ ਹਾਂ ਕਿ ਦਲਿਤ ਸਮਾਜ, ਹਿੰਦੂ
ਧਰਮ ਦੇ ਘੇਰੇ ਵਿਚ ਹੈ ਜਾ ਨਹੀਂ।''
ਉਸ ਵਕਤ ਅੰਗਰੇਜ਼ ਆਪਣੇ ਰਾਜ ਵਿਚ ਪ੍ਰਸ਼ਾਸ਼ਨਿਕ ਪੋਸਟਾਂ ਡੀ.ਸੀ.
ਕੁਲੈਕਟਰ ਐਸ.ਪੀ. ਪੁਲਿਸ ਕਪਤਾਨ, ਐੱਸ.ਡੀ.ਐੱਮ., ਡਿਪਟੀ
ਪੁਲਿਸ ਕਪਤਾਨ ਆਦਿ ਉੱਤੇ ਹਿੰਦੋਸਤਾਨੀਆਂ ਨੂੰ ਨਹੀਂ ਲਾਉਂਦੇ
ਸਨ। ਉਨ੍ਹਾਂ ਦੀ ਧਾਰਨਾ ਸੀ ਕਿ ਹਿੰਦੋਸਤਾਨੀ ਅੰਗਰੇਜ਼ਾਂ ਦੇ
ਮੁਕਾਬਲੇ ਮੈਰਿਟ ਵਿਚ ਬਹੁਤ ਹੀ ਥੱਲੇ ਹਨ। ਕਾਫੀ ਜੱਦੋ
ਜਹਿਦ ਬਾਅਦ ਸਾਊਥ ਬੇਰੀ ਸਮਿਤੀ ਦੀ ਸਿਫਾਰਸ਼ ਤੇ ਅੰਗਰੇਜ਼
ਸਰਕਾਰ ਨੇ 11 ਆਈ.ਸੀ.ਐੱਸ. ਪੋਸਟਾਂ ਫਿਰਕੂ ਅਧਾਰ ਤੇ ਚਾਰ
ਹਿੰਦੂਆਂ ਲਈ, ਚਾਰ ਮੁਸਲਮਾਨਾ ਲਈ, ਦੋ ਸਿੱਖਾਂ ਲਈ ਅਤੇ ਇਕ
ਐਂਗਲੋ ਇੰਡੀਆਂ ਲਈ ਰਿਜ਼ਰਵ ਕੀਤੀਆਂ। ਡਾ. ਅੰਬੇਡਕਰ ਜੀ ਨੇ
ਵੀ ਇਸ ਸਮਿਤੀ ਅੱਗੇ ਦਲਿਤਾਂ ਦੀ ਆਬਾਦੀ ਅਨੁਸਾਰ ਅਲੱਗ
ਅਧਿਕਾਰਾਂ ਦੀ ਮੰਗ ਰੱਖੀ ਸੀ। ਪਰੰਤੂ ਹਿੰਦੂ ਨੇਤਾਵਾਂ ਦੇ
ਵਿਰੋਧ ਕਾਰਨ ਦਲਿਤਾਂ ਨੂੰ ਕੋਈ ਰਿਜ਼ਰਵੇਸ਼ਨ ਨਾ ਦਿੱਤੀ ਗਈ।
ਹਿੰਦੂਆਂ ਦੇ ਵਿਰੋਧ ਪ੍ਰਤੀ ਦਲਿਤਾਂ ਨੇ ਸਖਤ ਰੋਸ ਪ੍ਰਗਟ
ਕੀਤਾ। ਸਿੱਟੇ ਵਜੋਂ ਸਾਈਮਨ ਕਮਿਸ਼ਨ ਭਾਰਤ ਆਇਆ। ਗਾਂਧੀ ਜੀ
ਦੀ ਰਹਿਨੁਮਾਈ ਹੇਠ ਇੰਡੀਅਨ ਨੈਸ਼ਨਲ ਕਾਂਗਰਸ ਨੇ ਸਾਈਮਨ
ਕਮਿਸ਼ਨ ਦਾ ਬਾਈਕਾਟ ਕੀਤਾ ਪ੍ਰੰਤੂ ਡਾ. ਅੰਬੇਡਕਰ ਤੇ ਉਨ੍ਹਾਂ
ਦੇ ਸਾਥੀਆਂ ਨੇ ਗਰਮਜੋਸ਼ੀ ਨਾਲ ਸਾਈਮਨ ਕਮਿਸ਼ਨ ਦਾ ਸਵਾਗਤ
ਕੀਤਾ। ਡਾ. ਅੰਬੇਡਕਰ ਤੇ ਬਾਬੂ ਮੰਗੂ ਰਾਮ ਮੁੱਗੋਵਾਲੀਆ
ਪੰਜਾਬ ਦੀ ਰਹਿਨੁਮਾਈ 'ਚ ਦਲਿਤਾਂ ਦੀਆਂ 18 ਜੱਥੇਬੰਦੀਆਂ
ਨੇ ਸਾਈਮਨ ਕਮਿਸ਼ਨ ਨੂੰ ਮੰਗ ਪੱਤਰ ਦਿੱਤੇ। ਇਸ ਵਿਚ ਦਲਿਤਾਂ
ਲਈ ਅੱਲਗ ਚੋਣ ਹਲਕਿਆਂ ਦੀ ਮੰਗ ਕੀਤੀ ਤੇ ਕਿਹਾ ਗਿਆ ਕਿ
ਸਾਨੂੰ ਹਿੰਦੂਆਂ ਨਾਲੋਂ ਬਿਲਕੁੱਲ ਵੱਖਰੀ ਤੇ ਸਪਸ਼ਟ ਹਸਤੀ
ਮਨਿਆ ਜਾਵੇ। ਸਾਈਮਨ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਕਰਨ ਲਈ
ਲੰਡਨ ਵਿਖੇ 1930, 1931,1932 ਵਿਚ ਤਿੰਨ ਕਾਨਫਰੰਸਾਂ
ਹੋਈਆ। ਹਿੰਦੂਆਂ ਵਲੋਂ ਮਹਾਤਮਾ ਗਾਂਧੀ, ਮੁਸਲਮਾਨਾਂ ਵਲੋਂ
ਮੁਹੰਮਦ ਅਲੀ ਜਿਨਾਂਹ ਅਤੇ ਦਲਿਤਾਂ ਵਲੋਂ ਡਾ. ਅੰਬੇਡਕਰ ਜੀ
ਸ਼ਾਮਲ ਹੋਏ।
15. ਸਤੰਬਰ 1931 ਨੂੰ ਗਾਂਧੀ ਜੀ ਨੇ ਫੈਡਰਲ ਸਟਰਕਚਰ ਕਮੇਟੀ
ਵਿਚ ਇਹ ਦਾਅਵਾ ਕੀਤਾ ਕਿ ਕਾਂਗਰਸ ਸਭਨਾਂ ਭਾਰਤੀ ਹਿੱਤਾਂ
ਅਤੇ ਵਰਗਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਇਸ ਲਈ ਉਹ
ਸਮੁੱਚੇ ਦੇਸ਼ ਭਾਰਤ ਦੇ ਨੁਮਾਇੰਦੇ ਹਨ। ਡਾ. ਅੰਬੇਡਕਰ ਨੇ
ਕਾਨਫਰੰਸ ਵਿਚ ਦਲਿਤਾਂ ਦੀ ਦਰਦਨਾਕ ਹਾਲਤ ਸਬੰਧੀ ਆਪਣੇ
ਭਾਸ਼ਣ ਵਿਚ ਕਿਹਾ¸
'ਮੈਂ ਜਿਨ੍ਹਾਂ ਦਲਿਤਾਂ ਦੇ ਪ੍ਰਤੀਨਿਧੀ ਵਜੋਂ ਇਥੇ ਖੜ੍ਹਾ
ਹਾਂ ਉਨ੍ਹਾਂ ਦੀ ਗਿਣਤੀ ਭਾਰਤ ਦੀ ਕੁੱਲ੍ਹ ਵਸੋਂ ਦਾ ਪੰਜਵਾ
ਹਿੱਸਾ ਹੈ ਅਰਥਾਤ ਬਰਤਾਨੀਆਂ ਜਾਂ ਫਰਾਂਸ ਦੀ ਵਸੋਂ ਦੇ
ਬਰਾਬਰ ਹੈ ਪਰ ਇਨ੍ਹਾਂ ਦੀ ਹਾਲਤ ਗੁਲਾਮਾਂ ਤੋਂ ਵੀ ਭੈੜੀ
ਹੈ। ਗੁਲਾਮ ਦੇ ਮਾਲਿਕ ਉਨ੍ਹਾਂ ਨੂੰ ਛੂੰਹਦੇ ਹਨ ਪਰ ਸਾਨੂੰ
ਛੂਹਣਾ ਪਾਪ ਸਮਝਿਆ ਜਾਂਦਾ ਹੈ। ਬਰਤਾਨਵੀ ਸਰਕਾਰ ਤੋਂ
ਪਹਿਲਾਂ ਛੂਤ-ਛਾਤ ਕਰਕੇ ਸਾਡੀ ਹਾਲਤ ਬੁਰੀ ਸੀ। ਕੀ
ਬਰਤਾਨੀਆ ਸਰਕਾਰ ਨੇ ਆਪਣੇ 150 ਸਾਲਾਂ ਦੇ ਰਾਜ ਵਿਚ ਸਾਡੀ
ਹਾਲਤ ਸੁਧਾਰਨ ਲਈ ਕੁਝ ਕੀਤਾ? ਪਹਿਲਾਂ ਅਸੀਂ ਖੂਹਾਂ ਤੋਂ
ਪਾਣੀ ਨਹੀਂ ਸੀ ਭਰ ਸਕਦੇ, ਮੰਦਰਾਂ ਵਿਚ ਦਾਖਲ ਨਹੀਂ ਸੀ ਹੋ
ਸਕਦੇ। ਪੁਲੀਸ ਅਤੇ ਫੌਜ ਵਿਚ ਭਰਤੀ ਨਹੀਂ ਸੀ ਕੀਤਾ ਜਾਂਦਾ,
ਕੀ ਹੁਣ ਸਾਡੇ ਲਈ ਇਹ ਦਰਵਾਜੇ ਖੁੱਲ੍ਹ ਗਏ ਹਨ? ਅੰਗਰੇਜ਼ਾਂ
ਦੇ 150 ਸਾਲਾ ਰਾਜ ਬਾਅਦ ਵੀ ਸਾਡੀ ਗੁਲਾਮੀ ਜਿਉਂ ਦੀ ਤਿਉਂ
ਬਣੀ ਹੋਈ ਹੈ।'' ''ਉਹ ਦੁੱਖ ਜਿਨ੍ਹਾਂ ਨਾਲ ਦਲਿਤ ਪੀੜਤ
ਹਨ, ਬੇਸ਼ੱਕ ਉਨ੍ਹਾਂ ਦਾ ਓਨਾਂ ਪ੍ਰਚਾਰ ਨਹੀਂ ਹੋਇਆ ਜਿੰਨਾਂ
ਕਿ ਯਹੂਦੀਆਂ ਦੇ ਦੁੱਖਾਂ ਦਾ ਹੋਇਆ ਤਾਂ ਵੀ ਦਮਨ ਅਤੇ
ਅੱਤਿਆਚਾਰਾਂ ਦੇ ਸਾਧਨ ਅਤੇ ਰਸਤੇ, ਜਿਨਾਂ ਦਾ ਹਿੰਦੂਆਂ ਨੇ
ਦਲਿਤਾਂ ਪ੍ਰਤੀ ਪ੍ਰਯੋਗ ਕੀਤਾ ਉਹ ਨਾਜੀਆਂ ਦੇ ਯਹੂਦੀਆਂ
ਪ੍ਰਤੀ ਵਰਤੇ ਸਾਧਨਾਂ ਤੌਂ ਘੱਟ ਭਿਆਨਕ ਨਹੀਂ ਸਨ। ਯਹੂਦੀਆਂ
ਦੇ ਵਿਰੁੱਧ ਨਾਜੀਆਂ ਦਾ ''ਐਂਟੀਸੈਮੀਟਿਜ਼ਮ' ਦਾ ਵਿਚਾਰ
ਅਤੇ ਪ੍ਰਭਾਵ ਭਾਰਤ ਵਿਚ ਦਲਿਤਾਂ ਵਿਰੁੱਧ ਹਿੰਦੂਆਂ ਦੇ
ਸਨਾਤਨਵਾਦ ਤੋਂ ਕਿਸੇ ਵੀ ਤਰ੍ਹਾਂ ਅੱਲਗ ਨਹੀਂ ਹੈ।''
'' ਮੈਂ ਤੁਹਾਨੂੰ ਹੈਰਾਨੀ ਵਿਚ ਨਹੀਂ ਪਾਉਣਾ ਚਾਹੁੰਦਾ ਪਰ
ਕਦੀ ਕਦੀ ਮੈਨੂੰ ਬੜਾ ਮਹਿਸੂਸ ਹੁੰਦਾ ਹੈ ਕਿ ਅਸੀਂ ਕਿੰਨੇ
ਭੁਲੱਕੜ ਹਾਂ, ਅਸੀਂ ਦੱਖਣੀ ਅਫਰੀਕਾ ਦੇ ਕਾਲੇ ਲੋਕਾਂ ਦੀ
ਤਾਂ ਗੱਲ ਕਰਦੇ ਹਾਂ.... ਲੇਕਿਨ ਖੁੱਦ ਸਾਡੇ ਦੇਸ਼ ਦੇ ਹਰ
ਪਿੰਡ ਵਿਚ ਇਕ ਦੱਖਣੀ ਅਫਰੀਕਾ ਹੈ ਜੋ ਕਿ ਪ੍ਰਤੱਖ ਪ੍ਰਮਾਣ
ਹੈ, ਉਸ ਬਾਰੇ ਸੋਚਦੇ ਵੀ ਨਹੀਂ ਹਾਂ।''
ਗਾਂਧੀ ਜੀ ਨੇ ਵੱਖ-ਵੱਖ ਫਿਰਕਿਆਂ ਦੀਆਂ ਸਮੱਸਿਆਵਾਂ ਪ੍ਰਤੀ
ਕਿਹਾ, ''ਕਾਂਗਰਸ ਹਿੰਦੂ ਮੁਸਲਮ-ਸਿੱਖ ਉਲਝਣ ਬਾਰੇ ਇਸ ਗੱਲ
ਤੇ ਰਾਜਮੰਦ ਹ ੋਗਈ ਹੈ ਕਿ ਉਹ ਵਿਸ਼ੇਸ਼ ਅਧਿਕਾਰਾਂ ਬਾਰੇ
ਕਿਸੇ ਹੋਰ ਦੀਆਂ ਮੰਗਾਂ ਕਿਸੇ ਵੀ ਰੂਪ ਜਾਂ ਸ਼ਕਲ ਵਿਚ
ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਮੈਂ ਵਿਸ਼ੇਸ਼ ਹਿੱਤਾਂ ਦੀ
ਸੂਚੀ ਬੜੀ ਧਿਆਨ ਨਾਲ ਸੁਣੀ ਹੈ। ਜਿੱਥੋਂ ਤੱਕ ਅਛੂਤਾਂ ਦਾ
ਸਬੰਧ ਹੈ ਮੈਂ ਡਾ. ਅੰਬੇਡਕਰ ਦੀ ਗੱਲ ਸਮਝ ਨਹੀਂ ਸਕਿਆ,
ਹਾਂ ਕਾਂਗਰਸ ਡਾ. ਅੰਬੇਡਕਰ ਨਾਲ ਅਛੂਤਾਂ ਦੇ ਹਿੱਤਾਂ ਦੀ
ਅਗਵਾਈ ਕਰਨ ਦੀ ਜਿੰਮੇਵਾਰੀ ਲੈਣ ਨੂੰ ਤਿਆਰ ਹੈ। ਕਾਂਗਰਸ
ਨੂੰ ਅਛੂਤਾਂ ਦੇ ਹਿੱਤ ਇੰੰਨੇ ਹੀ ਪਿਆਰੇ ਹਨ ਜਿੰਨੇ ਭਾਰਤ
ਦੀ ਭੂਮੀ ਦੀ ਲੰਬਾਈ ਚੌੜਾਈ ਵਿਚ ਕਿਸੇ ਹੋਰ ਨੂੰ ਹਨ। ਇਸ
ਲਈ ਮੈਂ ਹਿੰਦੂ, ਮੁਸਲਿਮ, ਸਿੱਖ ਤੋਂ ਇਲਾਵਾ ਕਿਸੇ ਹੋਰ
ਨੂੰ ਵਿਸ਼ੇਸ਼ ਅਧਿਕਾਰ ਦੇਣ ਦਾ ਸਖ਼ਤ ਵਿਰੋਧ ਕਰਾਂਗਾ।''
ਉਪਰੋਕਤ ਸ਼ਬਦ ਕਹਿ ਕੇ ਗਾਂਧੀ ਜੀ ਨੇ ਅਤੇ ਕਾਂਗਰਸ ਨੇ
ਅਛੂਤਾਂ ਵਿਰੁੱਧ ਖੁਲੱਮ ਖੁੱਲ੍ਹਾ ਲੜਾਈ ਸ਼ੁਰੂ ਕਰ ਦਿੱਤੀ।
ਗਾਂਧੀ ਜੀ ਨੇ ਕਿਹਾ, ''ਡਾ.ਅੰਬੇਡਕਰ ਵਲੋਂ ਪੇਸ਼ ਕੀਤੇ ਗਏ
ਦਾਅਵੇ ਅਤੇ ਉਨ੍ਹਾਂ ਦਾ ਇਹ ਕਹਿਣਾ ਕਿ ਉਹ ਸਮੁੱਚੇ ਅਛੂਤਾਂ
ਵਲੋਂ ਬੋਲ ਰਹੇ ਹਨ, ਠੀਕ ਨਹੀਂ ਹੈ। ਇਸ ਨਾਲ ਤਾਂ
ਹਿੰਦੂਇਜ਼ਮ ਲੀਰੋ ਲੀਰ ਹੋ ਜਾਵੇਗਾ ਜੋ ਮੈਂ ਕਿਸੇ ਕੀਮਤ ਤੇ
ਮੰਨਣ ਨੂੰ ਤਿਆਰ ਨਹੀਂ ਹਾਂ। ਮੈਨੂੰ ਇਸ ਗੱਲ ਦਾ ਦਰੇਗ
ਨਹੀਂ ਹੋਵੇਗਾ ਜੇਕਰ ਅਛੂਤ ਈਸਾਈ ਜਾਂ ਮੁਸਲਮਾਨ ਹੋ ਜਾਣ,
ਪਰ ਮੈਂ ਹਿੰਦੂਇਜ਼ਮ ਤੇ ਇਹ ਭਾਣਾ ਕਿ ਹਰ ਪਿੰਡ ਵਿਚ ਉਸ
ਦੀਆਂ ਦੋ ਫਾਕੜਾ ਹੋ ਜਾਣ, ਸਹਿਣ ਕਰਨ ਨੂੰ ਤਿਆਰ ਨਹੀਂ
ਹਾਂ। ਜੋ ਲੋਕ ਅਛੂਤਾਂ ਵਾਸਤੇ ਰਾਜਸੀ ਅਧਿਕਾਰਾਂ ਦੀ ਗੱਲ
ਕਰਦੇ ਹਨ ਉਹ ਭਾਰਤ ਨੂੰ ਜਾਣਦੇ ਹੀ ਨਹੀਂ ਅਤੇ ਨਾ ਉਹ ਇਹ
ਜਾਣਦੇ ਹਨ ਕਿ ਇਸ ਸਮੇਂ ਭਾਰਤੀ ਸਮਾਜ ਕਿਵੇਂ ਉਸਰਿਆ ਹੋਇਆ
ਹੈ। ਇਸ ਲਈ ਮੈਂ ਪੂਜੇ ਜੋਰ ਨਾਲ ਕਹਿਣਾ ਚਾਹੁੰਦਾ ਹਾਂ ਕਿ
ਜੇਕਰ ਮੈਨੂੰ ਇਕੱਲਿਆਂ ਹੀ ਇਸ ਗੱਲ ਦੀ ਵਿਰੋਧਤਾ ਕਰਨੀ ਪਈ
ਤਾਂ ਮੈ ਆਪਣੇ ਜੀਵਨ ਦੀ ਬਾਜ਼ੀ ਲਾ ਕੇ ਵੀ ਅਜਿਹਾ
ਕਰਾਂਗਾ।''
17 ਅਗਸਤ 1932 ਨੂੰ ਬ੍ਰਿਟਿਸ਼ ਸਰਕਾਰ ਨੇ 'ਕਮਿਉਨਲ ਐਵਾਰਡ'
(ਫਿਰਕੂ ਫੈਸਲਾ) ਸੁਣਾ ਦਿੱਤਾ। ਮੁਸਲਮਾਨ, ਸਿੱਖ, ਇਸਾਈਆਂ
ਵਾਂਗ ਦਲਿਤਾਂ ਨੂੰ ਘੱਟ ਗਿਣਤੀ ਮੰਨਦੇ ਹੋਏ ਅਲੱਗ
ਪ੍ਰਤੀਨਿਧੀ ਚੁਣਨ ਦਾ ਅਧਿਕਾਰ ਦੇ ਦਿੱਤਾ। ਅਛੂਤਾਂ ਲਈ
ਅਲੱਗ ਚੋਣ ਅਧਿਕਾਰ ਦਾ ਗਾਂਧੀ ਜੀ ਨੇ ਸਖਤ ਵਿਰੋਧ ਕੀਤਾ
ਅਤੇ ਕਿਹਾ ਕਿ ਸਰਕਾਰ ਆਪਣੇ ਫੈਸਲੇ ਵਿਚ ਤਰਮੀਮ ਕਰੇ ਅਤੇ
ਅਛੂਤਾਂ ਦੇ ਵੱਖਰੇ ਅਧਿਕਾਰ ਵਾਪਸ ਲਵੇ। ਗਾਂਧੀ ਜੀ ਨੇ
ਯਰਵਦਾ ਜੇਲ੍ਹ ਵਿਚੋਂ ਇਕ ਧਮਕੀ ਭਰਿਆ ਪੱਤਰ ਪ੍ਰਧਾਨ ਮੰਤਰੀ
ਮੈਕਡਾਨਲਡ ਨੂੰ ਲਿਖਿਆ, ''ਜੇਕਰ ਦਲਿਤਾਂ ਦੇ ਵੱਖਰੇ ਆਜ਼ਾਦ
ਚੋਣ ਅਧਿਕਾਰ ਵਾਪਸ ਨਾ ਲਏ ਗਏ ਤਾਂ ਮੈਂ ਆਪਣੇ ਪ੍ਰਾਣਾਂ ਦੀ
ਬਾਜ਼ੀ ਲਗਾ ਦਿਆਂਗਾ।'' ਇੰਨਾਂ ਹੀ ਨਹੀਂ ਗਾਂਧੀ ਜੀ ਨੇ
ਅਛੂਤਾਂ ਦੇ ਅਲੱਗ ਅਧਿਕਾਰਾਂ ਦੇ ਖਿਲਾਫ ਮਰਨ ਵਰਤ ਸ਼ੁਰੂ ਕਰ
ਦਿੱਤਾ। ਗਾਂਧੀ ਜੀ ਪਿੱਛੇ ਹਿੰਦੂ ਸਮਾਜ ਸਮਰਥਨ ਲਈ ਖੜਾ ਹੋ
ਗਿਆ। ਡਾ. ਅੰਬੇਡਕਰ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ
ਜਿਵੇਂ ਮਹਾਤਮਾ ਗਾਂਧੀ ਪਿਛੇ ਹਜ਼ਾਰਾਂ ਲੱਖਾਂ ਭਾਰਤੀ
ਜੇਲ੍ਹ ਜਾਣ ਨੂੰ ਤਿਆਰ ਹਨ, ਇਵੇਂ ਹੀ ਫਾਂਸੀ ਪਾਉਣ ਲਈ
ਤਿਆਰ ਹੋਣਗੇ, ਪਰ ਉਹ ਲੜਦੇ ਹੋਏ, ਉਸ ਸਮੇਂ ਮਰਨਗੇ, ਜਦ
ਉਨ੍ਹਾਂ ਦੇ ਹੋਰ ਸਾਰੇ ਯਤਨ ਬੇਅਰਥ ਹੋ ਜਾਣਗੇ। ਗਾਂਧੀ ਜੀ
ਦੀ ਮੌਤ ਵਿਰੋਧੀਆਂ ਵਾਸਤੇ ਵੀ ਸੁੱਖ ਦਾ ਨਹੀਂ ਸਗੋਂ
ਮੁਸੀਬਤਾਂ ਦਾ ਕਾਰਣ ਬਣੇਗੀ। ''ਗਾਂਧੀ ਜੀ ਅਛੂਤਾਂ ਦੇ ਧਰਮ
ਪ੍ਰੀਵਰਤਨ ਕਰਕੇ ਮੁਸਲਮਾਨ ਜਾਂ ਇਸਾਈ ਬਣਨ ਲਈ ਤਾਂ ਸਹਿਮਤ
ਹੋ ਗਏ ਪ੍ਰੰਤੂ ਅਛੂਤਾਂ ਦੇ ਅਲੱਗ ਅਧਿਕਾਰਾਂ ਲਈ ਸਹਿਮਤ ਨਾ
ਹੋਏ।''
ਗਾਂਧੀ ਜੀ ਦੇ ਮਰਨ ਵਰਤ ਨਾਲ ਸਾਰਾ ਦੇਸ਼ ਹਿੱਲ ਗਿਆ ਤੇ
ਗਾਂਧੀ ਜੀ ਦੀ ਜਾਨ ਬਚਾਉਣ ਲਈ ਚਾਰੇ ਪਾਸਿਆਂ ਤੋਂ ਡਾ.
ਅੰਬੇਡਕਰ ਤੇ ਦਬਾਅ ਪਾਇਆ ਗਿਆ। ਜਾਨ ਬਚਾਉਣ ਦਾ ਇਕ ਹੀ
ਉਪਾਅ ਸੀ ਕਿ ਗਾਂਧੀ ਜੀ ਦੀ ਇੱਛਾ ਅਨੁਸਾਰ ਪ੍ਰਧਾਨ ਮੰਤਰੀ
ਦੇ ਫੈਸਲੇ ਵਿਚ ਸੋਧ ਕੀਤੀ ਜਾਵੇ। ਅੰਤ, ਡਾ. ਅੰਬੇਡਕਰ ਜੀ
ਨੇ ਬੜੇ ਦੁਖੀ ਹਿਰਦੇ ਨਾਲ ਗਾਂਧੀ ਜੀ ਦੀ ਜਾਨ ਬਚਾਉਣ ਲਈ
ਸਮਝੌਤਾ ਕੀਤਾ ਜੋ ਪੂਨਾਂ ਪੈਕਟ ਦੇ ਨਾਮ ਨਾਲ ਪ੍ਰਸਿੱਧ
ਹੈ।''
'ਪੂਨਾ ਪੈਕਟ' ਵਿਚ ਬੇਸ਼ੱਕ ਦਲਿਤਾਂ ਨੂੰ ਫਿਰਕੂ ਫੈਸਲੇ
ਨਾਲੋਂ ਘੱਟ ਸਹੂਲਤਾਂ ਮਿਲੀਆਂ ਪਰ ਇਸ ਨਾਲ ਭਾਰਤ ਦੇ
ਇਤਿਹਾਸ ਵਿਚ ਅਛੂਤਾਂ ਨੂੰ ਵੋਟ ਦਾ ਹੱਕ, ਕੇਂਦਰੀ ਅਤੇ
ਪ੍ਰਾਂਤਿਕ ਵਿਧਾਨ ਸਭਾਵਾਂ ਵਿਚ ਆਪਣੇ ਨੁਮਾਇੰਦੇ ਭੇਜਣ,
ਪੁਲਿਸ ਵਿਚ ਭਰਤੀ, ਵਿਦਿਅਕ ਸਹੂਲਤਾਂ ਅਤੇ ਨੌਕਰੀਆਂ ਵਿਚ
ਰਾਖਵੀਆਂ ਸੀਟਾਂ ਪ੍ਰਾਪਤ ਹੋਈਆਂ। ਸਦੀਆਂ ਦੇ ਪਛਾੜੇ,
ਲਤਾੜੇ, ਅਛੂਤ, ਗੁਲਾਮ ਆਪਣੇ ਦੁੱਖਾ ਦਰਦਾਂ ਦੀ ਕਹਾਣੀ
ਸੁਣਾਉਣ ਜੋਗੇ ਹੋਏ। ਇਹ ਇਕ ਬਿਨਾ ਖੂੰਨ ਖਰਾਬੇ ਦੇ ਅਜਿਹਾ
ਇਨਕਲਾਬ ਸੀ ਜੋ ਇਕੱਲੇ ਡਾਕਟਰ ਅੰਬੇਡਕਰ ਦੀ ਯੋਗਤਾ, ਲਗਨ,
ਤਿਆਗ, ਮਿਹਨਤ ਅਤੇ ਸੰਘਰਸ਼ ਸਦਕਾ ਵਾਪਰਿਆ, ਜਿਸ ਦਲਿਤਾਂ ਦੀ
ਆਜ਼ਾਦੀ ਦਾ ਮੁੱਢ ਬੰਨ੍ਹਿਆ।
ਡਾ. ਸੰਤੋਖ ਲਾਲ ਵਿਰਦੀ ਐਡਵੋਕੇਟ,
ਜੀ ਟੀ ਰੋਡ, ਚਾਚੋਕੀ, ਫਗਵਾੜਾ -144632.
ਫੋਨ: 01824 265887, ਮੋ: 98145 17499
|