6 ਦਸੰਬਰ, ਮਾਨਵ-ਮੁਕਤੀ ਸੰਕਲਪ ਦਿਵਸ 'ਤੇ
ਵਿਸ਼ੇਸ਼
ਮੈਨੂੰ ਮੇਰੇ ਸਮਾਜ ਦੇ ਪੜੇ ਲਿਖੇ ਲੋਕਾਂ ਨੇ
ਧੋਖਾ ਦਿੱਤਾ-ਡਾ. ਅੰਬੇਡਕਰ
''ਮੈਨੂੰ ਮੇਰੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ
ਨੇ ਧੋਖਾ ਦਿੱਤਾ ਹੈ, ਜਿਹਨਾਂ ਲੋਕਾਂ ਤੋਂ ਮੈਨੂੰ ਉਮੀਦ ਸੀ ਕਿ
ਇਹ ਉੱਚੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਸਮਾਜ ਦੀ ਸੇਵਾ ਕਰਨਗੇ,
ਪ੍ਰੰਤੂ ਮੈਂ ਦੇਖ ਰਿਹਾ ਹਾਂ ਕਿ ਇਹ ਇਕ ਛੋਟੇ ਵੱਡੇ ਕਲਰਕਾਂ
(ਨੇਤਾਵਾਂ ਅਤੇ ਅਫਸਰਾਂ) ਦੀ ਭੀੜ ਇਕੱਠੀ ਹੋ ਗਈ ਹੈ, ਜੋ ਕੇਵਲ
ਆਪਣਾ ਪੇਟ ਪਾਲਣ ਵਿਚ ਹੀ ਲੱਗੀ ਹੋਈ ਹੈ।''
ਇਹ ਸ਼ਬਦ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ
18 ਮਾਰਚ 1956 ਨੂੰ ਆਗਰਾ ਦੇ ਲਾਲ ਕਿਲ੍ਹਾ ਮੈਦਾਨ ਵਿਚ ਇਕ
ਬਹੁਤ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੜ੍ਹੇ ਲਿਖੇ ਲੋਕਾਂ
ਨੂੰ ਉਹਨਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ
ਕਰਾਉਂਦਿਆਂ ਭਰੇ ਮਨ ਨਾਲ ਕਹੇ। ਉਨ੍ਹਾਂ ਕਿਹਾ;
''ਦਲਿਤ ਅਤੇ ਗਰੀਬ ਭਰਾਵੋ ਤੁਹਾਡੇ ਉਥਾਨ ਲਈ
ਇਕ ਮਨੁੱਖ ਪਾਸੋਂ ਇਕ ਯੁੱਗ ਵਿਚ ਜੋ ਕੁਝ ਵੀ ਸੰਭਵ ਹੋ ਸਕਦਾ
ਸੀ, ਉਹ ਮੈਂ ਤੁਹਾਡੇ ਲਈ ਕੀਤਾ ਹੈ। ਮੇਰੇ ਕੁਝ ਕੰਮ ਸਫਲ ਹੋ
ਗਏ, ਕੁਝ ਨਹੀਂ ਹੋ ਸਕੇ। ਲੇਕਿਨ ਮੈਂ ਆਪਣਾ ਕੰਮ ਉਤਸ਼ਾਹ ਨਾਲ
ਜਾਰੀ ਰੱਖਿਆ ਹੈ। 25 ਸਾਲਾਂ ਵਿਚ ਮੈਂ ਤੁਹਾਡੇ ਲਈ ਜੋ ਕੁਝ
ਕੀਤਾ ਹੈ ਇਹ ਥੋੜੇ ਜਿਹੇ ਸਮੇਂ ਵਿਚ ਇਕ ਵਿਅਕਤੀ ਨੇ ਕਦੇ ਵੇ
ਨਹੀਂ ਕੀਤਾ। ਮੈਂ ਇਹ ਗੱਲ ਤੁਹਾਨੂੰ ਹੰਕਾਰ ਨਾਲ ਨਹੀਂ, ਆਤਮ
ਵਿਸ਼ਵਾਸ ਨਾਲ ਦੱਸ ਰਿਹਾ ਹਾਂ, ਜੋ ਕਿ ਇਕ ਸਚਾਈ ਹੈ। ਮੇਰੇ ਕੰਮ
ਦੀ ਦਿਸ਼ਾ ਤਿੰਨ ਪ੍ਰਕਾਰ ਸੀ:-
1. ਸਭ ਤੋਂ ਪਹਿਲਾਂ ਸਦੀਆ ਤੋਂ ਮਨੁੱਖੀ
ਅਧਿਕਾਰਾਂ ਤੋਂ ਵੰਚਿਤ ਦਲਿਤਾਂ ਵਿਚ ਆਤਮ ਵਿਸ਼ਵਾਸ ਪੈਦਾ ਕੀਤਾ।
ਇਹ ਕੰਮ ਮੈਨੂੰ ਸਭ ਤੋਂ ਮਹੱਤਵਪੂਰਨ ਲੱਗਾ ਕਿਉਂਕਿ ਮੇਰੇ ਸੰਘਰਸ਼
ਤੋਂ ਪਹਿਲਾਂ ਦਲਿਤ ਸਮਾਜ ਇਨਸਾਨੀਅਤ ਤੋਂ ਨੀਚੇ ਗਿਰ ਚੁਕਿਆ
ਸੀ.... ਇਥੇ ਹੀ ਬਸ ਨਹੀਂ, ਆਪਣੀ ਮਾਨਸਿਕ ਗੁਲਾਮੀ ਪਰ ਹੀ
ਸੰਤੁਸ਼ਟ ਸੀ। ਮਨੁੱਖੀ ਅਧਿਕਾਰਾਂ ਦੇ ਪਤਨ ਦੀ ਇਹ ਆਖਰੀ ਸੀਮਾ
ਹੈ। ਬੇਸ਼ੱਕ ਪਿਛਲੇ 25 ਸਾਲਾਂ ਦੇ ਸੰਘਰਸ਼ ਵਿਚ ਮੈਂ ਦਲਿਤਾਂ ਨੂੰ
ਸੰਪੂਰਨ ਸੁੱਖੀ ਨਹੀਂ ਬਣਾ ਸਕਿਆ, ਫਿਰ ਵੀ ਮੈਂ ਉਹਨਾਂ ਵਿਚ
ਤੀਬਰ ਆਤਮ ਵਿਸ਼ਵਾਸ ਦੀ ਭਾਵਨਾ ਉਤਪਨ ਕੀਤੀ ਹੈ। ਇਹ ਕੋਈ ਸਧਾਰਣ
ਤੇ ਅਸਾਨ ਕੰਮ ਨਹੀਂ ਹੈ।
2. ਦੂਸਰੀ ਗੱਲ ਦਲਿਤਾਂ ਨੂੰ ਰਾਜਨੀਤਕ
ਅਧਿਕਾਰ ਪ੍ਰਾਪਤ ਕਰਾ ਦੇਣ ਦੀ ਹੈ। ਪਹਿਲਾਂ ਸਾਨੂੰ ਦਿੱਲੀ
ਮੰਤਰੀ ਪ੍ਰੀਸ਼ਦ ਵਿਚ ਝਾੜੂ ਲਗਾਉਣ ਦੀ ਵੀ ਨੌਕਰੀ ਨਹੀਂ ਮਿਲਦੀ
ਸੀ। ਅੱਜ ਮੈਂ ਉਸ ਵਿਚ ਦਲਿਤ ਸਮਾਜ ਦਾ ਇਕ ਮੰਤਰੀ ਲਿਜਾ ਕੇ
ਬਿਠਾ ਦਿੱਤਾ ਹੈ।
3. ਤੀਸਰੀ ਗੱਲ ਸਿੱਖਿਆ ਦੇ ਖੇਤਰ ਦੀ ਹੈ। 25
ਸਾਲ ਪਹਿਲਾਂ ਦਲਿਤ ਸਮਾਜ ਲਈ ਸਿੱਖਿਆ ਦੇ ਦਰਵਾਜੇ ਬੰਦ ਸੀ। ਮੈਂ
ਉਹ ਤੁਹਾਡੇ ਲਈ ਖੋਲਹ ਦਿੱਤੇ ਹਨ। ਦਲਿਤ ਬੱਚਿਆਂ ਲਈ ਸਿੱਖਿਆ ਦਾ
ਪ੍ਰਬੰਧ ਹੋ ਸਕੇ ਇਸ ਲਈ ਮੈਂ ਸਰਕਾਰ ਨਾਲ ਲੜ ਕੇ ਸਹੂਲਤਾਂ ਦਾ
ਪ੍ਰਬੰਧ ਕਰਾਇਆ ਹੈ।
''ਮੈਂ ਤੁਹਾਡੇ ਲਈ ਜੋ ਕੁਝ ਕੀਤਾ ਹੈ, ਉਹ
ਬੇਹੱਦ ਮੁਸੀਬਤਾਂ, ਅਤਿਅੰਤ ਦੁੱਖਾਂ ਅਤੇ ਬੇਸ਼ੁਮਾਰ ਵਿਰੋਧੀਆਂ
ਦਾ ਮੁਕਾਬਲਾ ਕਰਕੇ ਕੀਤਾ ਹੈ। ਇਹ ਕਾਰਵਾਂ ਅੱਜ ਜਿਸ ਜਗ੍ਹਾ ਪਰ
ਹੈ ਮੈਂ ਏਥੇ ਬੜੀ ਮੁਸ਼ਕਲ ਨਾਲ ਲੈ ਕੇ ਆਇਆ ਹਾਂ। ਬੇਸ਼ੱਕ ਰਸਤੇ
ਵਿਚ ਕਿੰਨੀਆਂ ਵੀ ਰੁਕਾਵਟਾਂ ਕਿਉਂ ਨਾ ਆਉਣ, ਇਹ ਕਾਰਵਾਂ ਅੱਗੇ
ਤੋਂ ਅੱਗੇ ਵਧਦਾ ਜਾਣਾ ਚਾਹੀਦਾ ਹੈ, ਇਹ ਤੁਹਾਡਾ ਪਰਮ ਕਰਤੱਵ
ਹੈ। ਜੇਕਰ ਤੁਸੀਂ ਇਸ ਨੂੰ ਅੱਗੇ ਨਾ ਵਧਾ ਸਕੇ ਤਾਂ ਇਸ ਨੂੰ ਇਥੇ
ਹੀ ਛੱਡ ਦੇਣਾ, ਪਰ ਕਿਸੇ ਵੀ ਹਾਲਤ ਵਿਚ ਇਸ ਨੂੰ ਪਿੱਛੇ ਨਾ ਜਾਣ
ਦੇਣਾ। ਮੇਰੇ ਖਿਆਲ ਵਿਚ ਕੁਝ ਕੰਮ ਅਜੇ ਅਧੂਰਾ ਹੈ। ਮੇਰਾ ਨਾਮ
ਲੈ ਕੇ, ਜੈ ਜੈ ਕਾਰ ਕਰਨ ਦੀ ਬਜਾਏ, ਜੋ ਕੰਮ ਮਹੱਤਵਪੂਰਨ ਹਨ
ਉਨ੍ਹਾਂ ਦੀ ਪੂਰਤੀ ਲਈ ਜਾਨ ਦੀ ਬਾਜੀ ਲਗਾ ਦੱਤੀ। ਆਪ ਲੋਕਾਂ
ਨੂੰ ਮੇਰਾ ਇਹੀ ਸੰਦੇਸ਼ ਹੈ!''
ਬਾਬਾ ਸਾਹਿਬ ਦਾ ਕਿਹੜਾ ਕੰਮ ਅਧੂਰਾ ਹੈ, ਇਸ
ਪ੍ਰਤੀ ਬਾਬਾ ਸਾਹਿਬ ਕਹਿੰਦੇ ਹਨ;
''ਸਾਡੇ ਅੰਦੋਲਨ ਦਾ ਲਕਸ਼ ਕੇਵਲ ਆਪਣੀ ਅਯੋਗਤਾ
ਦੂਰ ਕਰਨਾ ਹੀ ਨਹੀਂ ਹੈ ਬਲਕਿ ਦੇਸ਼ ਵਿਚ ਸਮਾਜਿਕ ਇਨਕਲਾਬ
ਲਿਆਉਂਣਾ ਵੀ ਹੈ। ਇਕ ਐਸਾ ਇਨਕਲਾਬ ਜਿਸ ਰਾਹੀਂ ਉੱਚ ਤੋਂ ਉੱਚ
ਪਦ 'ਤੇ ਪਹੁੰਚਣ ਲਈ ਹਰ ਮਨੁੱਖ ਨੂੰ ਬਰਾਬਰ ਮੌਕਾ ਮਿਲ ਸਕੇ।
ਮਨੁੱਖ-ਮਨੁੱਖ ਵਿਚਕਾਰੋਂ ਭੇਦ ਭਾਵ ਖਤਮ ਕਰਕੇ ਜਾਤੀ ਤੇ ਜਮਾਤੀ
ਰਹਿਤ ਸਮਾਜ ਦੀ ਸਿਰਜਨਾ ਕਰਨਾ ਵੀ ਹੈ।''
ਪ੍ਰੰਤੂ! ਮੈਂ ਦੇਖ ਰਿਹਾ ਹਾ ਕਿ ''ਲੋਕ ਸਭਾ
ਤੇ ਵਿਧਾਨ ਸਭਾਵਾਂ ਵਿਚ ਚੁਣੇ ਗਏ ਲੋਕਾਂ ਨੇ ਆਪਣੀ ਇਕ ਅਲੱਗ
ਜਮਾਤ ਬਣਾ ਲਈ ਹੈ। ਉਨ੍ਹਾਂ ਦਾ ਮੇਲ ਮਿਲਾਪ, ਰਹਿਣ ਸਹਿਣ ਤੇ
ਭਾਈਚਾਰਾ ਆਪਣੇ ਜਿਹੇ ਲੋਕਾਂ ਤੱਕ ਸੀਮਤ ਹੋ ਗਿਆ ਹੈ। ਇਹ ਸਭ
ਆਪਣਾ ਸਵਾਰਥ ਪੂਰਾ ਕਰਨ ਵਿਚ ਲੱਗੇ ਹੋਏ ਹਨ। ਇਹਨਾਂ ਵਿਚੋਂ ਕੁਝ
ਵਜ਼ੀਰੀਆਂ, ਚੇਅਰਮੈਨੀਆਂ, ਕੋਟੇ, ਪਰਮਿਟ, ਜ਼ਮੀਨਾਂ, ਕੋਠੀਆਂ
ਬਣਾਉਣ ਵਿਚ ਮਗਨ ਹਨ ਅਤੇ ਬਹੁਤ ਸਾਰੇ ਰਾਜਨੀਤੀ ਨੂੰ ਰੋਟੀ ਰੋਜੀ
ਦਾ ਸਾਧਨ ਬਣਾ ਕੇ ਧੰਨ ਦੌਲਤ ਕਮਾਉਣ ਵਿਚ ਸਰਗਰਮ ਹਨ।''
ਫਿਰ ਬਾਬਾ ਸਾਹਿਬ ਸਰਕਾਰੀ ਮੁਲਾਜਮਾ ਪ੍ਰਤੀ
ਬੋਲੇ। ਭਰਾਵੋ;
''ਹਰ ਇਕ ਦੇਸ਼ ਵਿਚ ਬੁੱਧੀਜੀਵੀ ਵਰਗ ਜੇ ਕਰ
ਸ਼ਾਸ਼ਕ ਵਰਗ ਐਮ.ਐਲ.ਏ., ਐਮ.ਪੀ. ਨਹੀਂ ਵੀ ਬਣਦਾ ਤਾਂ ਵੀ ਉਹ
ਬਹੁਤ ਹੱਦ ਤੱਕ ਸਮਾਜ ਨੂੰ ਪ੍ਰਭਾਵਤ ਕਰਨ ਵਾਲਾ ਹੁੰਦਾ ਹੈ।
ਬੁੱਧੀਜੀਵੀ ਵਰਗ ਹੀ ਇਕ ਅਜਿਹਾ ਵਰਗ ਹੈ, ਜੋ ਦੂਰ ਅੰਦੇਸ਼ ਹੋ
ਸਕਦਾ ਹੈ। ਇਹ ਹੀ ਵਰਗ ਲੋਕਾਂ ਨੂੰ ਨੇਕ ਸਲਾਹ ਅਤੇ ਅਗਵਾਈ ਦੇ
ਸਕਦਾ ਹੈ। ਕਿਸੇ ਵੀ ਦੇਸ਼ ਦਾ ਬਹੁਜਨ ਬੌਧਿਕ ਤੌਰ ਤੇ ਸਰਗਰਮ
ਜੀਵਨ ਬਤੀਤ ਨਹੀਂ ਕਰਦਾ, ਉਹ ਬੁੱਧੀਜੀਵੀ ਵਰਗ ਦੀ ਸਲਾਹ ਮੰਨਦਾ
ਹੈ ਤੇ ਉਸ ਦੇ ਪਿੱਛੇ ਚਲਦਾ ਹੈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ
ਹੋਵੇਗੀ ਕਿ ਦੇਸ਼ ਦਾ ਸਾਰਾ ਭਵਿੱਖ ਬੁੱਧੀਜੀਵੀ ਵਰਗ ਤੇ ਨਿਰਭਰ
ਕਰਦਾ ਹੈ। ਜੇ ਬੁੱਧੀਜੀਵੀ ਵਰਗ ਈਮਾਨਦਾਰ, ਆਜ਼ਾਦ ਅਤੇ ਨਿਰਪੱਖ
ਹੈ ਤਾਂ ਉਸ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਸੰਕਟ ਸਮੇਂ ਉਹ
ਜਨਤਾ ਨੂੰ ਯੋਗ ਅਗਵਾਈ ਦੇਵੇਗਾ...।
''ਆਪਣੇ ਗਰੀਬ ਅਤੇ ਅਗਿਆਨੀ ਭਰਾਵਾਂ ਦੀ ਭਲਾਈ
ਕਰਨਾ ਹਰ ਇਕ ਪੜ੍ਹੇ ਲਿਖੇ ਵਿਅਕਤੀ ਦਾ ਪ੍ਰਮੁੱਖ ਕਰਤੱਵ ਹੈ।
ਉੱਚ ਪੱਦਾਂ ਤੇ ਪਹੁੰਚ ਜਾਣ ਬਾਅਦ ਅਸੀਂ ਆਪਣੇ ਅਗਿਆਨੀ ਭਰਾਵਾਂ
ਨੂੰ ਭੁੱਲ ਜਾਂਦੇ ਹਾਂ। ਜੇਕਰ ਅਸੀਂ ਆਪਣੇ ਭੈਣਾਂ ਭਰਾਵਾਂ ਦੀ
ਭਲਾਈ ਪ੍ਰਤੀ ਧਿਆਨ ਨਾ ਦਿੱਤਾ ਤਾਂ ਸਮਾਜ ਦਾ ਪਤਨ ਹੋ
ਜਾਵੇਗਾ।''
ਪ੍ਰੰਤੂ! ਕਾਰਵਾਂ ਦੀ ਹਾਲਤ ਜੋ ਅੱਜ ਨਜ਼ਰ
ਆਉਂਦੀ ਹੈ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਲੀਡਰ ਲੋਕ ਲੱਖ
ਕਹਿਣ, ਬੇਸ਼ੁਮਾਰ ਦਲੀਲਾਂ ਦਾਵਏ ਪੇਸ਼ ਕਰਨ, ਬਾਬਾ ਸਾਹਿਬ
ਅੰਬੇਡਕਰ ਦੀ ਜੈ ਜੈ ਕਾਰ ਕਰਨ, ਪ੍ਰੰਤੂ ਕਾਰਵਾਂ Àਥੇ ਨਹੀ ਜਾ
ਸਕਿਆ ਜਿੱਥੇ ਬਾਬਾ ਸਾਹਿਬ ਚਾਹੁੰਦੇ ਸਨ।
ਦੁੱਖ ਦੀ ਗੱਲ ਤਾਂ ਇਹ ਹੈ ਕਿ
ਕਾਰਵਾਂ ਨੂੰ ਅੱਗੇ ਲੈ ਕੇ ਜਾਣ ਦੀ ਜਿਹਨਾਂ 'ਤੇ ਜੁੰਮੇਵਾਰੀ
ਹੈ, ਉਹ ਸਭ ਆਪਸ ਵਿੱਚ ਇਸ ਤਰ•ਾਂ ਲੜ ਰਹੇ ਹਨ ਕਿ ਦੁਸ਼ਮਣ ਵੀ
ਉੱਦਾ ਨਹੀਂ ਲੜਦੇ। ਦੁਸ਼ਮਣਾਂ ਦੇ ਵੀ ਲੜਾਈ ਸੰਬਧੀ ਕੁੱਝ ਨਿਯਮ
ਹੁੰਦੇ ਹਨ। ਪਰ ਇਹਨਾਂ ਅੰਬੇਡਕਰੀ ਠੇਕੇਦਾਰਾਂ ਨੇ ਸਭ ਅਸੂਲ
ਛਿੱਕੇ ਟੰਗ ਦਿੱਤੇ ਹਨ। ਲੋਕਹਿੱਤ ਲਈ, ਘੋਰ ਤੋਂ ਘੋਰ ਦੁਸ਼ਮਣ ਵੀ
ਘੱਟ ਤੋਂ ਘੱਟ ਮੁੱਦਿਆਂ ਤੇ ਮਿੱਤਰ ਬਣ ਜਾਂਦੇ ਹਨ ਪ੍ਰੰਤੂ
ਇਹਨਾਂ ਠੇਕੇਦਾਰਾਂ ਨੇ ਆਪਸੀ ਜਾਨੀ ਦੁਸ਼ਮਣੀ ਪਾਈ ਹੋਈ ਹੈ। ਹਰ
ਨੇਤਾ, ਮੇਹਨਤਕਸ਼ ਲੋਕਾਂ ਲਈ ਕੁੱਝ ਨਹੀ ਕਰ ਰਿਹਾ, ਸਿਰਫ ਆਪਣੇ
ਆਪ ਨੂੰ ਬਾਬਾ ਸਾਹਿਬ ਦਾ ਸੱਚਾ ਅਨੁਆਈ ਸਾਬਿਤ ਕਰਨ ਲਈ ਹੀ ਸਾਰੀ
ਸ਼ਕਤੀ ਨਸ਼ਟ ਕਰ ਰਿਹਾ ਹੈ।
ਅਸੀਂ ਦੇਖ ਰਹੇ ਹਾ ਕਿ ਪੜ੍ਹੇ ਲਿਖੇ ਲੋਕਾਂ
ਨੇ ਆਪਣੇ ਆਪ ਨੂੰ ਮਨੂੰਵਾਦੀ ਲੋਕਾਂ ਦੇ ਚਮਚੇ ਤੇ ਖੂੰਨ ਪੀਣੀਆ
ਜੌਕਾਂ ਸਿੱਧ ਕੀਤਾ ਹੈ। ਲੀਡਰ ਤੇ ਅਫਸਰ ਆਪਣੀਆ ਨਿੱਜੀ ਲਾਲਸਾਵਾ
ਵਿਚ ਲਥ ਪਥ ਹੋ ਗਏ ਹਨ। ਇਹਨਾਂ ਆਪਣਾ ਜੀਵਨ ਦੁਰਾਚਾਰੀ ਬਣਾ ਲਿਆ
ਹੈ। ਦੁਰਾਚਾਰੀ ਕਿਸੇ ਨੂੰ ਸੁੱਖ ਨਹੀ ਦੇ ਸਕਦਾ। ਦੁਰਾਚਾਰੀ ਤਾਂ
ਦੁੱਖ ਹੀ ਪੈਦਾ ਕਰੇਗਾ।'' ਇਸੇ ਕਰਕੇ ਦਲਿਤਾਂ ਦੇ ਦੁੱਖਾਂ ਵਿਚ
ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਜਿਵੇਂ ਕਿ
ਦੇਸ਼ ਵਿਚ ਬਹੁਜਨ ਦਲਿਤ ਸ਼ੋਸ਼ਿਤ
ਗਰੀਬ, ਮਜਦੂਰ, ਕਿਸਾਨ, ਔਰਤ, ਮੁਲਾਜਮ ਅਤੇ ਦੁਕਾਨਦਾਰ ਦੀ
ਸੰਖਿਆ 85 ਪ੍ਰੀਸ਼ਤ ਹੈ ਪ੍ਰੰਤੂ ਦੇਸ਼ ਦੀ ਸਤਾ, ਸੰਮਤੀ ਅਤੇ
ਪੈਦਾਵਾਰ ਦੇ ਸਾਧਨਾਂ ਤੇ ਕਬਜਾ 15 ਪ੍ਰਤੀਸ਼ਤ ਪੂੰਜੀਪਤੀ ਅਤੇ
ਸਮੰਤੀਆ ਦਾ ਹੈ। ਦੇਸ਼ ਦੀ ਅੱਧੀ ਪੂੰਜੀ ਨਾਲ ਦੇਸ਼ ਦੇ 85 ਪ੍ਰੀਸ਼ਤ
ਦਾ ਜੀਵਨ ਚਲਦਾ ਹੈ ਅਤੇ ਦੇਸ਼ ਦੀ ਬਾਕੀ ਅੱਧੀ ਪੂੰਜੀ ਨਾਲ 15
ਪ੍ਰੀਸ਼ਤ ਪੂੰਜੀਪਤੀ ਅਤੇ ਬ੍ਰਹਮਣਵਾਦੀ ਬੁੱਲੇ ਲੁੱਟ ਰਹੇ ਹਨ।
ਦੇਸ ਭਰ ਵਿਚ ਦਲਿਤਾਂ ਤੇ ਵਾਰ-ਵਾਰ
ਅੱਤਿਆਚਾਰ ਹੋ ਰਹੇ ਹਨ, ਉਨ੍ਹਾਂ ਦੀਆਂ ਬਸਤੀਆਂ ਜਲਾਈਆਂ
ਜਾਂਦੀਆਂ ਹਨ, ਔਰਤਾਂ ਦੀ ਹਾਲਤ ਚਿੰਤਾਜਨਕ ਹੈ। ਪੇਟ ਦੀ ਪੂਰਤੀ
ਲਈ ਦਲਿਤ ਸ਼ੋਸ਼ਿਤ, ਪੱਛੜਾ ਸਮਾਜ ਪਸ਼ੂ ਪਾਲਦਾ ਹੈ। ਪਸ਼ੂਆਂ ਦੇ
ਚਾਰੇ ਲਈ ਉਹ ਜਿਮੀਂਦਾਰਾਂ ਦੇ ਖੇਤਾਂ ਉੱਤੇ ਨਿਰਭਰ ਹਨ। ਦਲਿਤ
ਕੁੜੀਆਂ ਬਚਪਨ ਤੋਂ ਹੀ ਮਾਂ ਦੇ ਕੰੰੰੰੰੰੰੰਮਾਂ ਝਾੜੂ ਪੋਚਾ,
ਗੋਹਾ ਕੂੜਾ,ਪੱਠਾ ਦੱਥਾ, ਕਾਰਖਾਨਿਆਂ ਵਿਚ ਮੇਹਨਤ ਮਜਦੂਰੀ ਜਾਂ
ਫਿਰ ਲਫਾਫੇ ਚੁੱਗਣ ਲਗ ਜਾਂਦੀਆ ਹਨ। ਇਥੇ ਇਹ ਆਰਥਿਕ ਸ਼ੋਸ਼ਣ ਹੀ
ਨਹੀਂ, ਸਰੀਰਕ ਸ਼ੋਸ਼ਣ ਦਾ ਸ਼ਿਕਾਰ ਵੀ ਹੁੰਦੀਆ ਹਨ।
ਵਿੱਦਿਆ ਦੇ ਵਪਾਰੀਕਰਣ ਨੇ ਦਲਿਤ
ਸ਼ੋਸ਼ਿਤ,ਗਰੀਬ ਮਜਦੂਰ ਅਤੇ ਪੱਛੜੇ ਸਮਾਜ ਦਾ ਭਵਿੱਖ ਤਬਾਹ ਕਰ
ਦਿੱਤਾ ਹੈ। ਉਹ ਪਬਲਿਕ ਤੇ ਕਾਨਵੈਂਟ ਸਕੂਲਾਂ ਵਿੱਚ ਬੱਚੇ ਭੇਜਣ
ਤੋਂ ਅਸਮਰਥ ਹਨ। ਉਹ ਬੇਕਾਰ ਹੋ ਚੁੱਕੇ ਸਰਕਾਰੀ ਸਕੂਲਾਂ ਵਿੱਚ
ਆਪਣੇ ਬੱਚਿਆਂ ਦਾ ਭਵਿਖ ਖਤਰੇ ਵਿਚ ਪਾਉਣ ਲਈ ਮਜ਼ਬੂਰ ਹਨ।
ਸਰਕਾਰੀ ਸਕੂਲਾਂ ਵਿੱਚ ਨਾਂ ਲੁੜੀਂਦੇ ਕਮਰੇ ਅਤੇ ਨਾ ਹੀ ਪੜ•ਾਉਣ
ਲਈ ਅਧਿਆਪਕ ਅਤੇ ਸਹਾਇਕ ਸਮੱਗਰੀ ਹੈ।
ਫੀਸਾਂ ਐਨੀਆਂ ਵਧ ਗਈਆਂ ਹਨ ਕਿ
ਟੈਸਟਾਂ ਵਿੱਚ ਮੈਰਟ ਪੁਜੀਸ਼ਨਾਂ ਲੈਣ ਦੇ ਬਾਵਜੂਦ ਵੀ ਦਲਿਤ ਗਰੀਬ
ਕਿੱਤਾ ਕੋਰਸਾਂ ਵਿੱਚ ਦਾਖਲਾ ਹੀ ਨਹੀਂ ਲੈ ਸਕਦੇ। ਫੀਸਾਂ ਨਾ ਦੇ
ਸਕਣ ਕਾਰਨ ਤੀਜਾ ਹਿੱਸਾ ਵਿੱਦਿਆਰਥੀਆਂ ਨੂੰ ਪੜ੍ਹਾਈ ਛੱਡਣੀ ਪੈ
ਰਹੀ ਹੈ। ਦਾਖਲੇ ਨਾ ਦੇ ਸਕਣ ਕਾਰਨ ਵਿੱਦਿਆਰਥੀ ਆਤਮ ਹੱਤਿਆਵਾ
ਕਰ ਰਹੇ ਹਨ।
ਫੈਕਟਰੀਆਂ ਵਿੱਚ ਮਜਦੂਰਾਂ ਨਾਲ
ਦੋਹਰੇ ਮਾਪਦੰਡ ਵਰਤੇ ਜਾਂਦੇ ਹਨ। ਉਹਨਾਂ ਨੂੰ ਤਨਖਾਹਾਂ ਘੱਟ
ਦਿੱਤੀਆਂ ਜਾਂਦੀਆਂ ਹਨ, ਪਰ ਦਸਖਤ ਜਿਆਦਾ ਉੱਤੇ ਕਰਾਏ ਜਾਂਦੇ
ਹਨ। ਜਦੋਂ ਮਰਜੀ ਮਜਦੂਰਾਂ ਨੂੰ ਕੰਮ ਤੋਂ ਜਵਾਬ ਦੇ ਕੇ ਉਹਨਾਂ
ਦੇ ਫੰਡ, ਛੁੱਟੀਆਂ ਪੈਨਸ਼ਨ ਹੜੱਪ ਕਰ ਲਏ ਜਾਂਦੇ ਹਨ। ਲੇਬਰ
ਕੋਰਟਾਂ ਵਿੱਚ ਸਵਾਏ ਵਾਰ ਵਾਰ ਚੱਕਰ ਲਾਉਣ ਦੇ ਮਜਦੂਰਾਂ ਨੂੰ
ਕੁਝ ਨਹੀਂ ਮਿਲਦਾ। ਮਾਲਕ ਤੇ ਮੁਨਸਫ ਮਿਲ ਜਾਂਦੇ ਹਨ।
ਦੇਸ਼ ਵਿੱਚ 15 ਕਰੋੜ ਬਾਲ ਮਜਦੂਰ
ਹਨ। ਜਿਹਨਾਂ ਬਾਲਾਂ ਦਾ ਖੇਡਣਾ ਮੱਲਹਣਾ ਮਨ ਦਾ ਚਾਓ ਹੋਣਾ
ਚਾਹੀਦਾ ਹੈ। ਉਹਨਾਂ ਬਾਲਾਂ ਨੂੰ ਪੇਟ ਪੂਜਾ ਦੇ ਸੰਧੇ ਪਏ ਹੋਏ
ਹਨ। ਜਿਹਨਾਂ ਹੱਥਾਂ ਵਿੱਚ ਵਿੱਦਿਆ ਪ੍ਰਾਪਤ ਕਰਨ ਲਈ ਵਧੀਆਂ ਤੋਂ
ਵਧੀਆ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉਹਨਾਂ ਹੱਥਾਂ ਵਿੱਚ
ਧੋਣ ਲਈ ਜੂਠੇ ਭਾਂਡੇ ਹਨ। ਉਹ ਘਟੀਆ ਤੋਂ ਘਟੀਆ ਟੀ ਸਟਾਲਾਂ,
ਢਾਬਿਆਂ, ਦੁਕਾਨਾਂ ਅਤੇ ਫੈਕਟਰੀਆਂ ਵਿੱਚ ਝਿੜਕਾਂ ਖਾਂਦੇ ਹਨ।
ਰਾਜ ਭਾਗ ਵਿੱਚ ਪੱਛੜੇ ਵਰਗਾਂ ਦੀ
ਸ਼ਮੂਲੀਅਤ ਲਈ ਮੰਡਲ ਕਮਿਸ਼ਨ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।
ਸੰਵਿਧਾਨ ਦੀ 85 ਵੀ ਸੋਧ ਨੂੰ ਲਾਗੂ ਤਾਂ ਕੀ ਕਰਨਾ ਸਗੋਂ
ਨਿੱਜੀਕਰਣ ਕਰਕੇ ਸਰਕਾਰ, ਨੌਕਰੀਆਂ ਵਿੱਚੋਂ ਦਲਿਤਾਂ ਨੂੰ ਨਕਾਰ
ਰਹੀਆਂ ਹਨ।
ਰਾਸ਼ਨ ਡੀਪੂ, ਰਿਸ਼ਵਤ ਖੋਰੀ ਅਤੇ
ਘਟੀਆਂ ਮਾਲ ਵੇਚਣ ਦੇ ਅੱਡੇ ਹਨ। ਰੋਜ਼ਾਨਾਂ ਖਾਣ ਵਾਲੀਆਂ ਚੀਜ਼ਾਂ
ਘਟੀਆ ਤੇ ਮਿਲਾਵਟ ਵਾਲੀਆਂ ਦਿੱਤੀਆਂ ਜਾਂਦੀਆਂ ਹਨ। ਸਿੱਟੇ ਵਜੋਂ
ਦਲਿਤ ਸ਼ੋਸ਼ਿਤ ਗਰੀਬ ਲੋਕ ਬਿਮਾਰੀਆਂ ਦਾ ਸ਼ਿਕਾਰ ਹਨ।
² ਅੱਤ ਦੀ ਗਰੀਬੀ ਕਾਰਨ ਗਰੀਬ ਲੋਕ
ਮਹਿੰਗੇ ਪ੍ਰਾਈਵੇਟ ਹਸਪਤਾਲਾਂ 'ਚੋ ਇਲਾਜ ਕਰਾਉਣ ਦੇ ਅਸਮਰਥ ਹਨ।
ਸਰਕਾਰੀ ਹਸਪਤਾਲਾਂ ਦਾ ਬਿਲਕੁਲ ਸਰਿਆ ਹੋਇਆ ਹੈ। ਡਾਕਟਰ,
ਕੈਮਿਸਟਾਂ ਤੋਂ ਕਮਿਸ਼ਨ ਲੈਂਦੇ ਹਨ।
ਬਜੁਰਗਾਂ ਦਾ ਬੁਢਾਪਾ ਰੁਲ ਰਿਹਾ
ਹੈ। ਨੌਜਵਾਨ ਨਸ਼ਿਆਂ ਵੱਲ ਵਧ ਰਹੇ ਹਨ। ਦਵਾਈ ਦਾਰੂ ਤਾਂ ਕੀ,
ਬਜੁਰਗ ਰੋਟੀ ਤੋਂ ਅਵਾਜਾਰ ਹਨ। ਚੰਦ ਬੁੱਢਿਆ ਨੂੰ ਚਾਹ ਪੀਣ
ਜੋਗੀ, ਲੰਙੇ ਡੰਗ ਬੁਢਾਪਾ ਪੈਨਸ਼ਨ ਮਿਲਦੀ ਹੈ। ਪੇਟ ਪੂਜਾ ਲਈ ਉਹ
ਪੈਰ ਪੈਰ ਤੇ ਠੋਕਰਾਂ ਖਾ ਰਹੇ ਹਨ।
ਬੇਘਰੇ ਲੋਕਾਂ ਦੀ ਗਿਣਤੀ ਵਿੱਚ
ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਲੋਕ ਛੱਪਰਾਂ, ਢਾਰਿਆਂ,
ਕੁੱਲੀਆਂ ਵਿੱਚ ਦਿਨ ਕਟੀ ਕਰ ਰਹੇ ਹਨ। ਜਮੀਨਾਂ ਦੇ ਭਾਅ ਇੰਨੇ
ਵੱਧ ਗਏ ਹਨ ਕਿ ਮਜ਼ਦੂਰ ਮਾੜਾ ਮੋਟਾ ਘਰ ਬਣਾਉਣ ਲਈ ਵੀ ਜਮੀਨ ਨਹੀ
ਖਰੀਦ ਸਕਦੇ। ਗਰਮੀ, ਸਰਦੀ ਅਤੇ ਬਰਸਾਤ ਉਹਨਾਂ ਨੂੰ ਤਨ ਤੇ
ਹੰਢਾਉਣੀ ਪੈਂਦੀ ਹੈ।
ਸੜਕਾਂ ਤੇ ਮਟਿਆਰਾਂ ਰੋੜੀ
ਕੁੱਟਦੀਆ ਹਨ। ਉਹਨਾਂ ਦੇ ਤਨ ਤੇ ਲੀਰਾਂ ਲਮਕ ਦੀਆ ਹਨ। ਬੱਚਾ
ਧੁੱਪੇ ਦੁੱਧ ਨੂੰ ਕੁਰਲਾਉਂਦਾ ਹੈ।... ਮੱਮੀਏ ਛਾਂਵੇ ਲੈ ਚਲ ਦੇ
ਵਾਸਤੇ ਪਾਉਂਦਾ ਹੈ ਪ੍ਰੰਤੂ ਠੇਕੇਦਾਰ ਇਹ ਦੂਰੀ ਮਿਟਣ ਨਹੀ
ਦਿੰਦਾ।
ਸ਼ਹਿਰਾਂ ਵਿਚ ਦਲਿਤ ਸ਼ੋਸ਼ਿਤ ਗਰੀਬ
ਮਜਦੂਰ ਮੰਡੀਆਂ ਵਿੱਚ ਵਿਕਦੇ ਹਨ। ਸਾਮਾਨ ਢੋਂਦੇ ਹਨ। ਮੰਡੀਆ
ਵਿਚ ਪੱਲੇਦਾਰ ਕਵਿੰਟਲਾਂ ਬੱਧੀ ਬੋਰੀਆ ਉਠਾਉਂਦੇ ਹਨ। ਟਰੱਕ
ਲੱਦਦੇ ਹਨ। ਪੇਂਟਰ ਪਾਲਿਸ਼ ਕਰਦੇ ਹਨ। ਮੋਚੀ ਜੁੱਤੀਆਂ ਗੰਢਦੇ
ਹਨ। ਮਿਸਤਰੀ, ਮਜ਼ਦੂਰ ਉੱਚੀਆ ਪੈੜਾਂ ਤੇ ਚੜਹਦੇ ਹਨ। ਰਿਕਸ਼ਾ
ਚਲਾਉਂਦੇ। ਤਰਖਾਣ, ਲੁਹਾਰ ਹੱਡ ਭੰਨ ਕੇ ਮੇਹਨਤ ਕਰਦੇ ਹਨ ਪਰ
ਮੇਹਨਤ ਦਾ ਕੋਈ ਮੁੱਲ ਨਹੀ ਪੈਂਦਾ। ਗਰੀਬ ਕਿਰਸਾਨ ਕਰਜੇ ਥੱਲੇ
ਕਰਲਾ ਰਿਹਾ ਹੈ।
ਇੰਨਾ ਹੀ ਨਹੀ, ਗਮਾਂ 'ਚ ਗਮਗੀਨ,
ਗਰੀਬ ਤੇ ਲਾਚਾਰ ਲੋਕਾਂ ਨੂੰ ਅਸਲੀਅਤ ਤੋਂ ਪਰੇ ਲਿਜਾਣ ਲਈ,
ਲੋਟੂ ਜਮਾਤਾਂ ਵਲੋਂ ਆਰਕੈਸਟਰਾ ਦੀਆਂ ਵਿਸ਼ੇਸ਼ ਤਰਜਾਂ ਰਾਹੀਂ,
ਭੋਲੇ ਭਾਲੇ ਨੌਜਵਾਨਾਂ ਨੂੰ ਭੜਕਾ ਕੇ, ਭੰਗੜੇ ਪੁਆ ਕੇ ਅਖੌਤੀ
ਖੁਸ਼ੀ ਦਾ ਪ੍ਰਗਟਾਵਾ ਕਰਕੇ, ਬੁੱਧੂ ਬਣਾਇਆ ਜਾ ਰਿਹਾ ਹੈ ਤਾਂ ਜੋ
ਕਿ ਨੌਜਵਾਨਾਂ ਵਿੱਚੋਂ ਵਿਦਰੋਹ ਦੀ ਭਾਵਨਾ ਖਤਮ ਕਰਕੇ, ਉਹਨਾਂ
ਨੂੰ ਸਦੀਵੀ ਗੁਲਾਮ ਰੱਖਿਆ ਜਾ ਸਕੇ। ਕਿਸੇ ਵੀ ਸਮਾਜ ਨੂੰ ਪੀੜੀ
ਦਰ ਪੀੜੀ ਗੁਲਾਮ ਬਣਾਈ ਰੱਖਣ ਲਈ ਇਹ ਸਿਰੇ ਦੀ ਸਾਜਿਸ਼ ਹੈ।
ਸਾਥੀਓ, ਦੁੱਖਾਂ ਨੂੰ ਦੂਰ ਕਰਨ
ਅਤੇ ਸੁੱਖ ਪ੍ਰਾਪਤੀ ਲਈ ਤੁਹਾਨੂੰ ਵਿਵਸਥਾ ਬਦਲਣੀ ਪਵੇਗੀ।
ਵਿਵਸਥਾ ਪ੍ਰੀਵਰਤਨ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨਾ ਹੋਵੇਗਾ।
ਆਓ, ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਤੇ
ਉਹਨਾਂ ਦੇ ਕਾਰਵਾਂ ਨੂੰ ਅੱਗੇ ਲੈ ਕੇ ਜਾਣ ਲਈ ਸੰਕਲਪ ਲਈਏ।
ਡਾ. ਸੰਤੋਖ ਲਾਲ ਵਿਰਦੀ ਐਡਵੋਕੇਟ,
ਜੀ ਟੀ ਰੋਡ, ਚਾਚੋਕੀ, ਫਗਵਾੜਾ -144632.
ਫੋਨ: 01824 265887, ਮੋ: 98145 17499 |