ਭਾਰਤ ਨੂੰ ਭਾਰਤ ਰੱਖਣ 'ਚ ਹੀ ਸਭ ਦਾ ਭਲਾ


 

ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ) ਦੇ ਮੁੱਖੀ ਮੋਹਨ ਭਾਗਵਤ ਨੇਂ ਬੀਤੇ ਦਿਨੀ ਮੁੰਬਈ ਵਿੱਚ ਸੰਘ ਪਰਿਵਾਰ ਦੀ ਸ਼ਾਖਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਗੋਲਡਨ ਜੁਬਲੀ ਸਮਾਗਮ ਦੌਰਾਨ ਇਕ ਵਾਰ ਫਿਰ ਭਾਰਤੀ ਰਾਸ਼ਟਰਵਾਦ ਵਜੋਂ 'ਹਿੰਦੂਵਾਦ' ਦੀ ਵਿਆਖਿਆ ਕਰਕੇ ਭਾਰਤੀ ਸੰਵਿਧਾਨ, ਕਾਨੂੰਨ ਅਤੇ ਸਮਾਜਿਕ ਸਦਭਾਵਨਾ ਲਈ ਇਕ ਚੁਣੋਤੀ ਖੜੀ ਕਰ ਦਿੱਤੀ ਹੈ। ਉਹਨਾਂ ਦਲੀਲ ਦਿੰਦਿਆ ਕਿਹਾ,''ਜਦ ਅਮਰੀਕਨਾਂ ਦੇ ਦੇਸ਼ ਨੂੰ ਅਮਰੀਕਾ, ਰੂਸੀਆਂ ਦੇ ਦੇਸ਼ ਨੂੰ ਰੂਸ, ਅੰਗਰੇਜ਼ਾਂ ਦੇ ਦੇਸ਼ ਨੂੰ ਇੰਗਲੈਂਡ, ਚੀਨੀਆਂ ਦੇ ਦੇਸ਼ ਨੂੰ ਚੀਨ ਕਿਹਾ ਜਾਂਦਾ ਹੈ ਫਿਰ ਹਿੰਦੂਆਂ ਦਾ ਦੇਸ਼ ਹਿੰਦੂਸਤਾਨ ਕਿਉਂ ਨਹੀ? ਮੋਹਨ ਭਾਗਵਤ ਦੀ ਇਹ ਦਲੀਲ ਭਾਰਤੀ ਸੰਵਿਧਾਨ ਦੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਤੇ ਕਾਨੂੰਨ ਸਾਹਮਣੇ ਸਰਵਵਿਆਪੀ ਸਮਾਨਤਾ ਨਾਲ ਮੇਲ ਨਹੀ ਖਾਂਦੀ। ਕਿਉਂਕਿ ਭਾਰਤੀ ਸੰਵਿਧਾਨ ਦੇ ਅਨੁਛੇਦ ਇੱਕ ਦੇ ਅਨੁਸਾਰ ਦੇਸ਼ ਦਾ ਨਾਂਮ ਭਾਰਤ ਰੱਖਿਆ ਗਿਆ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਅਜ਼ਾਦ ਦੇਸ਼ ਦਾ ਨਾਮ ਭਾਰਤ ਐਂਵੇ ਨਹੀ ਰੱਖ ਦਿੱਤਾ ਗਿਆ, ਇਸ ਬਾਰੇ ਸੰਵਿਧਾਨ ਸਭਾ 'ਚ ਲੰਬੀ ਵਹਿੰਸ ਹੋਈ ਸੀ. ਉਦੋਂ ਇਹ ਵੀ ਸਪੱਸ਼ਟ ਸ਼ਬਦਾਂ ਵਿਚ ਕਿਹਾ ਗਿਆ ਕਿ 'ਇੰਡੀਆਂ ਦੈਟ ਇਜ਼ ਭਾਰਤ ਸ਼ੈਲ ਵੀ ਯੂਨੀਅਨ ਆਫ ਸਟੇਟਸ' ਜਾਣੀ ਇੰਡੀਆਂ ਜੋ ਕਿ ਭਾਰਤ ਹੈ ਇਹ ਰਾਜਾਂ ਦਾ ਸੰਘ ਹੋਵੇਗਾ। ਇੰਨਾ ਹੀ ਨਹੀ ਸੰਵਿਧਾਨ ਨਿਰਮਾਤਾਵਾਂ ਨੇ ਸਭ ਦੇ ਭਲੇ ਲਈ ਲੋਕਤੰਤਰ ਨੂੰ ਸੰਵਿਧਾਨ ਦਾ ਅਧਾਰ ਬਣਾਇਆ ਤੇ ਸਭ ਨਾਗਰਿਕਾਂ ਲਈ, ਇਕ ਵਿਅਕਤੀ, ਇਕ ਕੀਮਤ ਤੇ ਇਕ ਵੋਟ ਦੀ ਵਿਵਸਥਾ ਕੀਤੀ। ਸੰਵਿਧਾਨ ਦੀ ਧਾਰਾ 13 (1) (3) ਵਿਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਜੋ ਵੀ ਕੋਈ ਕਨੂੰਨ, ਉਪ ਕਨੂੰਨ, ਨਿਯਮ, ਆਦੇਸ਼, ਅਧਿਆਦੇਸ਼, ਰੂੜੀ ਜਾਂ ਰੀਤੀ ਰਿਵਾਜ ਸੰਵਿਧਾਨ ਦੇ ਵਿਰੁੱਧ ਹੋਵੇਗਾ, ਉਹ (void) ਹੋਵੇਗਾ। ਭਾਵ ਉਹ ਜੀਰੋ ਅਤੇ ਸੰਵਿਧਾਨ ਹੀਰੋ ਹੋਵੇਗਾ। ਉਨ੍ਹਾਂ ਨਵੇਂ ਸਮਾਜ ਦੀ ਸਿਰਜਨਾ ਲਈ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਹੀ ਲਿਖ ਦਿੱਤਾ- ''ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇਕ ਸੰਪੂਰਨ, ਪ੍ਰਭੂਸਤਾ ਸੰਪਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ, ਗਣਰਾਜ, ਸਥਾਪਿਤ ਕਰਨ ਅਤੇ ਉਸ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ ਦੇਣ, ਵਿਚਾਰ ਪ੍ਰਗਟਾਉਣ, ਵਿਸ਼ਵਾਸ਼ ਅਤੇ ਉਪਾਸਨਾ ਦੀ ਸੁਤੰਤਰਤਾ, ਰੁਤਬੇ ਅਤੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਨ ਲਈ ਉਨ੍ਹਾਂ ਸਭ ਵਿਅਕਤੀਆਂ ਦਾ ਸਤਿਕਾਰ ਅਤੇ  ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਕਾਇਮ ਕਰਨ ਵਾਲਾ ਭਰਾਤਰੀ ਭਾਵ ਵਧਾਉਣ ਲਈ ਦ੍ਰਿੜ ਸੰਕਲਪ ਹੋ ਕੇ ਇਸ ਸੰਵਿਧਾਨ ਸਭਾ ਵਿਚ ਅੱਜ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਸਵੀਕਾਰ, ਅਧਿਨਿਯਮਤ ਅਤੇ ਆਤਮ-ਸਮਰਪਿਤ ਕਰਦੇ ਹਾਂ।'' ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਸਭ ਨਾਗਰਿਕਾਂ ਲਈ ਸਮਾਨਤਾ ਦੇ ਅਧਿਕਾਰਾਂ ਦਾ ਵਰਨਣ ਹੈ। ਇਨਾਂ ਅਧਿਕਾਰਾਂ ਦੇ ਅੰਤਰਗਤ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹਨ। ਜਾਤ, ਰੰਗ, ਧਰਮ, ਭਾਸ਼ਾ ਦੇ ਅਧਾਰ ਪਰ ਕਿਸੇ ਵੀ ਪ੍ਰਕਾਰ ਦੇ ਭੇਦ ਭਾਵ ਦੀ ਸਮਾਪਤੀ ਕੀਤੀ ਗਈ ਹੈ। ਸੰਵਿਧਾਨ ਦੇ ਅਨੁਛੇਦ 17 ਰਾਹੀਂ ਸਮਾਜਿਕ ਸਮਾਨਤਾ ਦੇ ਦੁਸ਼ਮਣ ਛੂਆ-ਛਾਤ ਅਤੇ ਜਾਤ ਪਾਤ ਪਰ ਬਹੁਤ ਹੀ ਜੋਰਦਾਰ ਹਮਲਾ ਕਰਕੇ ਇਸ ਦੇ ਵਿਵਹਾਰ ਨੂੰ ਅਪਰਾਧ ਘੋਸ਼ਿਤ ਕੀਤਾ ਗਿਆ ਹੈ। ਹਰ ਵਿਅਕਤੀ ਦਾ,ਹਰ ਵਿਅਕਤੀ ਦੁਆਰਾ ਮਾਨ,ਸਨਮਾਨ,ਸਮਾਜਿਕ ਸਮਾਨਤਾ ਦੇ ਆਦਰਸ਼ ਵਿਚ ਸਮਾਇਆ ਹੋਇਆ ਹੈ ।      .                                                                                                                    .
ਭਾਰਤੀ ਸੰਵਿਧਾਨ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ। ਰਾਜ ਸੰਵਿਧਾਨਕ, ਦ੍ਰਿ੍ਰਸ਼ਟੀ ਤੋਂ ਕਿਸੇ ਵਿਸ਼ੇਸ਼ ਧਰਮ ਨਾਲ ਜੁੜਿਆਂ ਹੋਇਆ ਨਹੀਂ ਹੈ ਅਤੇ ਨਾ ਹੀ ਉਹ ਜਾਣ ਬੁੱਝ ਕੇ ਕਿਸੇ ਧਰਮ ਨੂੰ ਉਕਸਾਉਣ ਜਾਂ ਉਸ ਵਿਚ ਦਖਲ ਅੰਦਾਜੀ ਕਰੇਗਾ। ਇਸ ਦਾ ਮਤਲਵ ਹੈ ਕਿ ਸਟੇਟ (ਰਾਜ) ਦਾ ਆਪਣਾ ਕੋਈ ਮਜ਼ਹਬ ਜਾਂ ਧਰਮ ਨਹੀਂ ਹੈ ਅਤੇ ਨਾ ਹੀ ਰਾਜ ਦਾ ਕਾਰੋਬਾਰ ਚਲਾਉਣ ਵਿਚ ਧਰਮ ਜਾਂ ਈਸ਼ਵਰ ਜਾਂ ਇਨਾਂ ਸਬੰਧੀ ਕਿਸੇ ਅਕੀਦੇ ਦਾ ਕੋਈ ਦਖਲ ਹੈ। ਸੰਵਿਧਾਨ ਦੇ ਅਨੁਛੇਦ 26 ਤੋਂ 30 ਤਕ ਹਰ ਧਰਮ ਨੂੰ ਆਪਣੀ ਸਿੱਖਿਆ ਤੇ ਸਭਿਆਚਾਰ ਨੂੰ ਪ੍ਰਫ਼ੁਲਤ ਕਰਨ ਲਈ ਬਰਾਬਰ ਮੌਕੇ ਦਿੱਤੇ ਗਏ ਹਨ। ਇੰਨਾ ਹੀ ਨਹੀਂ ਇਸ ਭਾਵਨਾ ਨੂੰ ਮਜ਼ਬੂਤ ਬਣਾਉਣ ਲਈ ਸੰਵਿਧਾਨ ਵਿਚ ਧਾਰਾ 51 ਏ (ਐਚ) ਜੋੜ ਕੇ ਦੇਸ਼ ਵਾਸੀਆਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਆਪਣੇ ਅੰਦਰ ਵਿਗਿਆਨਕ ਸੋਚ ਪੈਦਾ ਕਰਕੇ ਪੜਚੋਲ ਅਤੇ ਸੁਧਾਰ ਦੀ ਰੁਚੀ ਪੈਦਾ ਕਰਨ। ਇਸ ਤੋਂ ਸਪੱਸ਼ਟ ਹੈ ਕਿ ਭਾਰਤ ਨੂੰ ਹਿੰਦੋਸਤਾਨ ਕਹਿਣਾ ਗੈਰ-ਸੰਵਿਧਾਨਕ ਹੈ।
ਲੋਕਤੰਤਰ ਜਮਹੂਰੀਅਤ ਦਾ ਮੁਢਲਾ ਸਿਧਾਂਤ ਹੈ। ਜਮਹੂਰੀਅਤ ਉਹ ਮਾਰਗ ਹੈ ਜੋ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਨੂੰ ਜੀਵਨ ਦੇ ਅਸੂਲਾਂ ਦੇ ਤੌਰ ਤੇ ਸਵੀਕਾਰ ਕਰਦਾ ਹੈ। ਇਹ ਤਿੰਨੇ ਇੰਝ ਇੱਕ ਮਿੱਕ ਹਨ ਕਿ ਇੱਕ ਨੂੰ ਦੂਜੇ ਤੋਂ ਅਲੱਗ ਕਰਨਾ ਜਮਹੂਰੀਅਤ ਦੇ ਮੂਲ ਨੂੰ ਹੀ ਖਤਮ ਕਰਦਾ ਹੈ। ਆਜ਼ਾਦੀ ਨੂੰ ਬਰਾਬਰੀ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ, ਨਾ ਹੀ ਆਜ਼ਾਦੀ ਅਤੇ ਬਰਾਬਰੀ ਨੂੰ ਭਾਈਚਾਰੇ ਤੋਂ ਜੁਦਾ ਕੀਤਾ ਜਾ ਸਕਦਾ ਹੈ। ਬਰਾਬਰੀ ਤੋਂ ਬਗੈਰ ਆਜ਼ਾਦੀ ਕੁਝ ਇੱਕ ਲੋਕਾਂ ਨੂੰ ਬਹੁਤਿਆਂ ਤੋਂ ਬੇਹਤਰੀ (ਉੱਚਪਨ) ਪ੍ਰਦਾਨ ਕਰੇਗੀ। ਆਜ਼ਾਦੀ ਤੋਂ ਬਗੈਰ ਬਰਾਬਰੀ ਨਿੱਜੀ ਉਤਸ਼ਾਹ ਨੂੰ ਖਤਮ ਕਰੇਗੀ। ਭਾਈਚਾਰੇ ਤੋਂ ਬਿਨਾਂ ਆਜ਼ਾਦੀ ਤੇ ਬਰਾਬਰੀ ਸੁਭਾਵਕ ਨਹੀਂ ਹੋ ਸਕਣਗੀਆਂ। 
ਸਮਾਜਿਕ ਨਿਆਂ ਸੰਵਿਧਾਨ ਦਾ ਮੁੱਖ ਮੁੱਦਾ ਹੈ। ਸੰਵਿਧਾਨ ਦੇ ਅਨੁਛੇਦ 38, 39,41,42 ਰਾਹੀਂ ਭਾਰਤ ਵਿਚ ਇਕ ਨਵੀਂ ਸਮਾਜ ਵਿਵਸਥਾ ਦੀ ਸਿਰਜਨਾ ਜਿਸ ਦਾ ਅਧਾਰ ਸਮਾਜਵਾਦੀ, ਕਲਿਆਣਕਾਰੀ, ਲੋਕਤੰਤਰੀ ਲਈ ਨਿਰਦੇਸ਼ ਦਿੰਦਾ ਹੈ। ਰਾਜ ਅਜਿਹੀ ਸਮਾਜਿਕ ਵਿਵਸਥਾ ਦਾ ਨਿਰਮਾਣ ਕਰਨ ਦਾ ਯਤਨ ਕਰੇਗਾ, ਜਿਸ ਵਿਚ ਹਰ ਪੁਰਸ਼ ਅਤੇ ਇਸਤਰੀਆਂ ਲਈ ਸਮਾਨ ਕੰਮ ਲਈ ਸਮਾਨ ਵੇਤਨ ਦੀ ਵਿਵਸਥਾ ਹੋਵੇਗੀ। ਕਿਸੇ ਨਾਲ ਅਨਿਆਂ ਨਾ ਹੋਵੇ ਜਾਂ ਨਿਆਂ ਤੋਂ ਕੋਈ ਵਾਂਝਾਂ ਨਾ ਰਹੇ ਇਸ ਲਈ ਸੰਵਿਧਾਨ ਦੇ ਅਨੁਛੇਦ 39 ਏ ਰਾਂਹੀ ਗਰੀਬਾਂ, ਔਰਤਾਂ, ਬੰਧਆ ਮਜ਼ਦੂਰਾਂ ਤੇ ਬੇਸਹਾਰਾ ਲੋਕਾਂ ਲਈ ਮੁਫ਼ਤ ਕਨੂੰਨੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ ਹੈ। . 
ਪ੍ਰੰਤੂ ਨਿਰੇਦਰ ਮੋਦੀ ਦੇ ਸੱਤਾ ਸੰਭਾਲਣ ਤੋਂ ਭਾਅਦ ਆਰ ਆਰ ਐਸ ਦੇ ਆਗੂ ਬਾਰ ਹਾਰ ਬਿਆਨ ਦੇ ਰਹੇ ਹਨ ਕਿ ਸਭ ਭਾਰਤੀਆਂ ਨੂੰ ਆਪਣੇ ਆਪ ਨੂੰ ਹਿੰਦੂ ਕਹਿਲਾਉਣਾ ਚਾਹੀਦਾ ਹੈ। ਗੋਆ ਦੇ ਭਾਜਪਾ ਮੁੱਖ ਮੰਤਰੀ ਫ਼ਰਾਂਸਿਸ ਡਿਸੂਜਾ ਨੇ ਕਿਹਾ ,''ਇਸਾਈ ਹਿੰਦੂ ਹਨ। ਗੋਆ ਦੇ ਸਹਿਕਾਰਤਾ ਮੰਤਰੀ ਦੀਪਕ ਧਾਵਲੀਕਰ ਨੇ ਤਾਂ ਵਿਧਾਨ ਸਭਾ 'ਚ ਹੀ ਕਹਿ ਦਿੱਤਾ ਕਿ ਨਿਰੇਂਦਰ ਮੋਦੀ ਦੀ ਰਹਿਨੁਮਾਈ ਵਿਚ ਭਾਰਤ ਹਿੰਦੂਰਾਸ਼ਟਰ ਵੱਲ ਵੱਧ ਰਿਹਾ ਹੈ। ਇੰਦੋਰ ਦੀ ਭਾਜਪਾ ਵਧਾਇਕਾਂ ਉਸ਼ਾ ਠਾਕੁਰ ਨੇ ਗਰਬਾ ਦੌਰਾਨ ਲਵ ਜੇਹਾਦ ਦਾ ਵਿਰੋਧ ਕਰਨ ਲਈ ਆਪਣਾ ਫਰਮਾਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਗਰਬਾ 'ਚ ਮੁਸਲਮਾਨਾਂ 'ਤੇ ਪਾਬੰਦੀ ਲੱਗੇਗੀ। ਸੰਘ ਦੇ ਆਗੂ ਮੋਹਨ ਭਾਗਵਤ ਅਤੇ ਭਾਜਪਾ ਆਗੂਆਂ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਸ਼ੁਰੂ ਕੀਤੀ ਹੋਈ ਹੈ, ਉਹ ਦੇਸ਼ ਵਾਸੀਆਂ ਅਤੇ ਵੱਖੋ-ਵੱਖਰੀਆਂ ਪਾਰਟੀਆਂ ਨੂੰ ਚਿੰਤਤ ਕਰਦੀ ਹੈ।
ਗੋਰਖਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਯੋਗੀ ਅਦਿੱਤਿਆਨਾਥ ਨੇ ਤਾਂ ਦਾਅਵਾ ਹੀ ਕਰ ਦਿੱਤਾ ਹੈ ਕਿ ਸਾਰੇ ਭਾਰਤੀ ਹਿੰਦੂ ਹਨ। ਜਦਕਿ ਹਿੰਦੂ ਸ਼ਬਦ ਕਿਸੇ ਵੀ ਵੇਦ, ਉਪਨਿਸ਼ਦ, ਸਿਮਰਤੀ, ਰਮਾਇਣ, ਮਾਹਾਂਭਾਰਤ, ਗੀਤਾ ਵਿਚ ਨਹੀ ਹੈ। ਬੋਧੀਆਂ, ਜੈਨੀਆਂ ਦੇ ਸਾਹਿਤ 'ਚ ਵੀ ਨਹੀ ਹੈ। ਚਾਣਕਿਆਂ ਦੇ ਅਰਥ ਸ਼ਾਸ਼ਤਰ, ਯੂਨਾਨੀ ਵਿਦਵਾਨ ਮੈਗਸਥਨੀਜ਼ ਦੀ ਇੰਡੀਕਾ ਵਿਚ ਵੀ ਨਹੀ ਮਿਲਦਾ ਹੈ। ਡਾਕਟਰ ਅੰਬੇਡਕਰ ਅਨੁਸਾਰ 'ਹਿੰਦੂ ਸ਼ਬਦ ਮੁਸਲਮਾਨ ਹਮਲਾਵਰਾਂ ਦੁਆਰਾ ਦਿੱਤਾ ਗਿਆ ਸ਼ਬਦ  ਹੈ ਜਿਸ ਦਾ ਪਹਿਲੀ ਵਾਰ ਜਿਕਰ 11ਵੀ ਸਦੀ 'ਚ ਇਤਿਹਾਸਕਾਰ ਅਲਬਰੂਨੀ ਨੇ ਆਪਣੇ ਭਾਰਤ ਸਫਰਨਾਮੇ 'ਅਲਹਿੰਦ' 'ਚ ਕੀਤਾ ਹੈ। ਉਸ ਨੇ ਸਿੰਧੂ ਦੇ ਪਾਰ ਲੋਕਾਂ ਨੂੰ ਹਿੰਦੂ ਨਾਂ ਨਾਲ ਉਚਾਰਿਆ। ਸਮਾਂ ਪਾ ਕੇ ਹਿੰਦੂ ਭਿਗੋਲਕ ਸਥਾਨ ਦੀ ਥਾਂ ਧਾਰਮਿਕ ਧਾਰਨਾ ਬਣ ਗਿਆ।' ਹਿੰਦੂ ਧਰਮ ਦਾ ਰਾਜਨੀਤਕ ਸੰਸਕਰਣ ਹਿੰਦੂਤਤਵ ਹੈ। ਹਿੰਦੂਤਤਵ ਦਾ ਲਕਸ਼ ਹਿੰਦੂ ਰਾਸ਼ਟਰ ਹੈ। ਪਰ ਇਸ ਬਾਰੇ 'ਚ ਭਾਰਤੀ ਸੇਵਿਧਾਨ ਵਿਚ ਬਹੁਤ ਸਪੱਸ਼ਟ ਹੈ ਕਿ ਹਿੰਦੂ ਇਕ ਧਾਰਮਿਕ ਪਹਿਚਾਣ ਹੈ ਅਤੇ ਭਾਰਤ ਰਾਸ਼ਟਰੀਏ ਪਹਿਚਾਣ ਹੈ।                                .                                                   .                   
ਭਾਰਤ 28 ਰਾਜਾਂ, 7 ਕੇਂਦਰ ਸ਼ਾਸ਼ਤ ਪ੍ਰਦੇਸ਼ਾਂ, 22 ਰਾਸ਼ਟਰੀ ਮਾਨਤਾ ਪ੍ਰਾਪਤ ਤੇ ਹੋਰ 187 ਭਾਸ਼ਾਵਾਂ ਬੋਲੀਆਂ, 6 ਲੱਖ ਪਿੰਡਾਂ, ਚਾਰ ਹਜ਼ਾਰ ਤੋਂ ਵੱਧ ਸ਼ਹਿਰਾਂ ਤੇ ਕਸਬਿਆਂ ਵਿੱਚ ਫੈਲਿਆ 125 ਕਰੋੜ ਜੰਨਸੰਖਿਆ, ਜਿਸ ਵਿਚ ਮੁਸਲਿਮ, ਸਿੱਖ, ਬੋਧੀ, ਜੈਨੀ, ਇਸਾਈ, ਪਾਰਸੀ ਮਤਾਂ ਤੋਂ ਇਲਾਵਾ, 3747 ਪੱਛੜੀਆਂ, 1031 ਅਨੁਸੂਚਿਤ ਜਾਤੀਆਂ, 400 ਕਬੀਲਿਆ ਦਾ ਦੇਸ਼ ਹੈ। ਧਰਮ ਪੱਖੋਂ ਹਿਮਾਲਿਆ ਖੇਤਰਾਂ ਵਿਚ ਬੋਧੀ, ਗੁਜਰਾਤ 'ਚ ਜੈਨੀ, ਪੰਜਾਬ 'ਚ ਸਿੱਖ, ਅਸਾਮ ਵਿਚ ਇਸਾਈ, ਕਸ਼ਮੀਰ ਤੇ ਤਿਲਗਾਨਾ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਲੋਕ ਰਹਿੰਦੇ ਹਨ, ਜੋ ਹਿੰਦੂ ਧਰਮ 'ਚ ਆਸਥਾ ਨਹੀ ਰੱਖਦੇ। ਮੋਹਨ ਭਗਵਤ ਤੇ ਯੋਗੀ ਅਦਿੱਤਿਆਨਾਥ ਤੇ ਭਾਜਪਾ ਆਗੂਆਂ ਦੇ ਇਰਾਦਿਆਂ ਤੋਂ ਇਹ ਸਭ ਲੋਕ ਭੈਅ ਭੀਤ ਹਨ। ਇਨ੍ਹਾਂ ਸਭ ਦਾ ਦਾਅਵਾ ਹੈ ਕਿ ਉਹ ਹਿੰਦੂ ਮਤ ਦੇ ਨਹੀ ਹਨ। ਇਸ ਡਰ ਨੇ ਪਹਿਲਾਂ ਪਾਕਿਸਤਾਨ ਬਣਾ ਦਿੱਤਾ। ਦੇਸ਼ ਦੀ ਵੰਡ ਮੌਕੇ ਜੋ ਖੂੰਨ-ਖਰਾਬਾ ਤੇ ਔਰਤਾਂ ਦੀ ਬੇਪੱਤੀ ਹੋਈ, ਉਸ ਦੇ ਜ਼ਖਮ ਅਜੇ ਵੀ ਰਿਸਕਦੇ ਹਨ। ਅਜਿਹੇ ਵਿਚਾਰ ਦੇਸ਼ ਨੂੰ ਇਕ ਹੋਰ ਵੰਡ ਵੱਲ ਧਕੇਲ ਦੇਣਗੇ।
ਭਾਰਤ ਦੇਸ਼ ਦਾ ਨਾਮ ਬਦਲਣ ਦੀ ਬਾਰ ਬਾਰ ਰੀਹੈਰਸਲ ਹੋ ਰਹੀ ਹੈ। ਦੇਸ਼ ਦਾ ਸਰਮਾਇਆ ਖਣਿਜ ਪਦਾਰਥ, ਕੋਲਾ, ਲੋਹਾ, ਗੈਂਸ ਕਾਰਪੋਰੇਟ ਘਰਾਣਿਆਂ ਨੂੰ ਲੁਟਾਇਆ ਜਾ ਰਿਹਾ ਹੈ। ਪਬਲਿਕ ਸੈਕਟਰ ਨੂੰ ਤੋੜ ਕੇ ਨਿੱਜੀ ਸੈਕਟਰ ਕੀਤਾ ਜਾ ਰਿਹਾ ਹੈ। ਸਤਾ ਦੀ ਲਾਲਸਾ ਲਈ ਲਵ-ਜ਼ਹਾਦ ਰਾਂਹੀ ਦੇਸ਼ ਦਾ ਭਾਇਚਾਰਾ ਤੋੜਨ ਲਈ ਫਿਰਕਾ ਪ੍ਰਸਤੀ ਫੈਲਾਈ ਜਾ ਰਹੀ ਹੈ। 5 ਪ੍ਰਤੀਸ਼ਤ ਅਫ਼ਸਰਾਂ, ਲੀਡਰਾਂ ਅਤੇ ਧਨਾਡਾ ਦੀ ਐਸ਼ ਪ੍ਰਸਤੀ ਲਈ ਦੇਸ਼ ਦਾ ਅਰਬਾਂ ਰੁਪਿਆ ਬੁਲਿਟ ਟ੍ਰੇਨ 'ਤੇ ਖਰਚਿਆ ਜਾ ਰਿਹਾ ਹੈ। ਜਿਸ ਨਾਲ ਬੇ-ਘਰੇ ਲੋਕਾਂ ਦੇ ਲੱਖਾਂ ਘਰ ਬਣ ਸਕਦੇ ਹਨ। 
ਮਜ਼ਹਬਵਾਦ, ਜਾਤੀਵਾਦ, ਭਾਸ਼ਾਵਾਦ, ਖੇਤਰਵਾਦ ਦੇਸ਼ ਦੇ ਦੁਸ਼ਮਣ ਹਨ। ਸੰਵਿਧਾਨ ਜਿੱਥੇ ਭਾਰਤ ਦੀ ਆਜ਼ਾਦੀ ਤੇ ਸਭ ਲੋਕਾਂ ਦੇ ਰਾਸ਼ਟਰੀ ਜੀਵਨ ਦਾ ਇਕ ਘੋਸ਼ਣਾ ਪੱਤਰ ਹੈ ਉੱਥੇ ਭਾਰਤੀਆਂ ਵਿਚ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੀ ਭਾਵਨਾ ਵੀ ਭਰਦਾ ਹੈ ਕਿ ਭਾਰਤ ਵਿਚ ਰਹਿਣ ਵਾਲੇ ਹਰ ਇਕ ਨਾਗਰਿਕ ਦਾ ਰਾਸ਼ਟਰੀ ਏਕਤਾ ਅਤੇ ਅਖੰਡਤਾ ਵਿਚ ਅਟੁੱਟ ਵਿਸ਼ਵਾਸ ਹੋਣਾ ਜਰੂਰੀ ਹੈ ਕਿਉਂਕਿ ਇਹੀ ਭਾਰਤੀਅਤਾ ਦੀ ਪਹਿਚਾਣ ਹੈ। ਭਾਰਤੀਅਤਾ ਦੀ ਭਾਵਨਾ ਹੀ ਦੇਸ਼ ਵਿਚ ਅਣਗੌਲੇ ਵਰਗਾਂ ਦੇ ਉਥਾਨ ਲਈ ਸਹਾਇਕ ਸਿੱਧ ਹੋ ਸਕਦੀ ਹੈ। ਭਾਰਤੀਅਤਾ ਕੀ ਹੈ? ਭਾਰਤੀਅਤਾ ਦਾ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ ਹੈ। ਸੰਵਿਧਾਨ ਦੇ ਪ੍ਰਤੀ ਵਫਾਦਾਰ ਹੋਣਾ, ਉਸ ਦੇ ਅਨੁਸਾਰ ਆਚਰਣ ਕਰਨਾ, ਦੇਸ਼ ਵਿਚ ਰਹਿਣ ਵਾਲੇ ਸਾਰੇ ਪ੍ਰਾਣੀਆਂ ਨੂੰ ਭਾਰਤੀ ਪਰਿਵਾਰ ਦਾ ਅੰਗ ਮੰਨਣਾ ਹੀ ਭਾਰਤੀਅਤਾ ਦੀ ਸੱਭਿਅਤਾ ਹੈ। ਸੰਵਿਧਾਨ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਕੋਈ ਕਿਸੇ ਨਾਲ ਅਨਿਆਏ, ਭੇਦ-ਭਾਵ ਤੇ ਸ਼ੋਸ਼ਣ ਨਾ ਕਰੇ ਤਾਂ ਕਿ ਭਾਰਤ ਦੀ ਰਾਸ਼ਟਰੀ ਏਕਤਾ ਤੇ ਅਖੰਡਤਾ ਦੀ ਨੀਂਹ ਮਜ਼ਬੂਤ ਰਹੇ
ਲੋਕਤੰਤਰਕ, ਧਰਮਨਿਰਪੱਖ ਦੇਸ਼ ਵਿੱਚ ਅਜਿਹੇ ਫਿਰਕੂ ਵਿਚਾਰਾਂ ਨੂੰ ਵਧਾਉਣਾ ਦੂਜ਼ਿਆਂ ਦੀ ਅਜ਼ਾਦੀ ਦਾ ਗਲਾ ਘੁੱਟ ਦੇਣਾ ਹੋਵੇਗਾ। ਕਿਸੇ ਵੀ ਕੀਮਤ 'ਤੇ ਦੇਸ਼ ਨੂੰ ਫਿਰਕੂ ਤਕਤਾਂ ਦੇ ਹੱਥਾਂ ਦਾ ਖਿਡੋਣਾ ਨਹੀ ਬਣਨ ਦੇਣਾ ਚਾਹੀਦਾ ਹੈ। ਆਰ ਐਸ ਐਸ ਤੇ ਭਾਜਪਾ ਆਗੂਆਂ ਦੀ ਇਸ ਤਰਾਂ ਦੀ ਬਿਆਨਬਾਜੀ ਹੀ ਪਹਿਲਾਂ ਹੋਈਆਂ ਉਤਰਾਖੰਡ, ਬਿਹਾਰ, ਕਰਨਾਟਕਾ ਤੇ ਹੁਣੇ ਹੋਈਆ ਜ਼ਿਮਨੀ ਚੋਣਾਂ ਵਿਚ ਭਾਜਪਾ ਦੀ ਮਾੜੀ ਕਾਰਗੁਜਾਰੀ ਦਾ ਕਾਰਨ ਬਣੀ ਹੈ। ਭਾਜਪਾ ਤੇ ਮੋਦੀ ਲਈ ਇਹ ਇਕ ਸਬਕ ਹੈ। ਮੋਦੀ ਨੂੰ ਆਰ ਐਸ ਐਸ ਤੇ ਹਿੰਦੂਤਤਵਵਾਦੀ ਆਗੂਆਂ ਨੂੰ ਅਜਿਹੀ ਬਿਆਨਬਾਜੀ ਤੋਂ ਰੋਕਣਾ ਹੋਵੇਗਾ। ਨਹੀ ਤਾਂ ਜਲਦੀ ਹੀ ਮੋਦੀ  ਲਹਿਰ ਬੇਅਸਰ ਹੋ ਜਾਵੇਗੀ।  .
ਭਾਰਤ ਦੇ ਮਜੂਦਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਜੀ ਨੇ 68ਵੇ ਅਜ਼ਾਦੀ ਦਿਵਸ ਮੌਕੇ ਦੇਸ਼ਵਾਸੀਆਂ ਦੇ ਨਾਮ ਸੰਦੇਸ਼ ਦਿੰਦਿਆ ਕਿਹਾ, ''ਦੇਸ਼ ਵਾਸੀਓ, ਦੇਸ਼ ਨੂੰ ਭੜਕਾਊ ਪ੍ਰਚਾਰ ਦੇ ਜ਼ਹਿਰ ਤੋਂ ਬਚਾਉਣਾ ਹੈ। ਵਿਕਾਸ ਅਤੇ ਸ਼ਾਂਤੀ ਲਈ ਸਾਨੂੰ ਸੰਗਠਿਤ ਯਤਨ ਕਰਨ ਦੀ ਲੋੜ ਹੈ। ਅੰਤ! ਭਾਰਤ ਨੂੰ ਭਾਰਤ ਰੱਖਣ ਵਿਚ ਹੀ ਸਭ ਭਾਰਤੀਆਂ ਦਾ ਭਲਾ ਹੈ।


 
ਐਸ ਐਲ ਵਿਰਦੀ ਐਡਵੋਕੇਟ
ਸਿਵਲ ਕੋਰਟਸ ਫਗਵਾੜਾ, ਪੰਜਾਬ।
ਫੂੰਨ ਮੋਬਾਈਲ : 98145 17499