ਪੰਜਾਬ ਨੂੰ ਇੱਕ ਨੈਤਿਕ ਇਨਕਲਾਬ ਦੀ ਲੋੜ ਹੈ


ਐਸ ਐਲ ਵਿਰਦੀ ਐਡਵੋਕੇਟ

ਲੋਕ ਸਭਾ ਦੀਆਂ 2014 ਵਿਚ ਹੋ ਰਹੀਆ ਚੋਣਾਂ ਸਬੰਧੀ ਤਾਜਾ ਆਏ ਸਰਵੇਖਣ ਅਨੁਸਾਰ ਪੰਜਾਬ ਵਿਚ 80 ਪ੍ਰਤੀਸ਼ਤ ਵੋਟਰ ਨਸ਼ਿਆ ਤੋਂ ਪ੍ਰਭਾਵਤ ਹਨ। ਇਸ ਵਿਚ ਕੋਈ ਅਤਿਕਤਨੀ ਨਹੀ? ਕਿਉਂਕਿ ਹੁਣ ਤਾਂ ਨਸ਼ਿਆ ਦੇ ਕਾਰੋਬਾਰ 'ਚ ਐਲ. ਐਲ. ਏ ਤੇ ਮੰਤਰੀਆਂ ਦੇ ਨਾਮ ਵੀ ਮੀਡੀਏ ਵਿੱਚ ਰੋਜ਼ ਸੁਰਖੀਆਂ ਬਣਦੇ ਹਨ। ਆਗੂਆਂ ਦੀਆਂ ਸਰਕਾਰੀ ਗੱਡੀਆਂ ਵਿਚ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਿਉਂਕਿ ਅਗੋਂ ਲੋਕ ਸਭਾ ਦੀਆਂ ਚੋਣਾਂ ਹਨ, ਤੇ ਇਹੋ ਜਿਹੇ ਬੰਦੇ ਪਾਰਟੀਆਂ ਨੂੰ ਚਾਹੀਦੇ ਹਨ, ਇਸ ਲਈ ਕੋਈ ਠੋਸ ਕਾਰਵਈ ਨਹੀ ਹੋ ਰਹੀ। ਰਿਪੋਰਟਾਂ ਅਨੁਸਾਰ ਹਰ ਸਾਲ ਦੇਸ਼ 'ਚੋਂ ਕੁੱਲ ਜ਼ਬਤ ਕੀਤੇ ਗਏ ਗ਼ੈਰ-ਕਾਨੂੰਨੀ ਨਸ਼ਿਆਂ ਵਿੱਚ ਪੰਜਾਬ ਦਾ ਹਿੱਸਾ 60 ਫ਼ੀਸਦੀ ਦੇ ਕਰੀਬ ਹੁੰਦਾ ਹੈ। ਐਕਸਾਈਜ਼ ਵਿਭਾਗ ਦੀ ਸੂਚਨਾ ਅਨੁਸਾਰ ਪੰਜਾਬ ਵਿਚ ਪਹਿਲਾਂ ਨਾਲੋ ਸ਼ਰਾਬ ਦੀ ਖਪਤ 17 ਫ਼ੀਸਦੀ ਵਧੀ ਗਈ ਹੈ। 
ਪੰਜਾਬ ਵਿਚ ਪੁਲਿਸ ਨਸ਼ਿਆਂ ਨੂੰ ਕੰਟਰੋਲ ਨਹੀ ਕਰ ਸਕੀ। ਖ਼ਬਰਾਂ ਤਾਂ ਇਹ ਆ ਰਹੀਆਂ  ਹਨ ਕਿ ਲੀਡਰਾਂ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਪੰਜਾਬ 'ਚ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਹੈ। ਸਥਿਤੀ ਇੰਨੀ ਨਾਜਕ ਹੋ ਗਈ ਹੈ ਕਿ ਨਸ਼ਿਆਂ ਕਾਰਨ ਪੰਜਾਬ ਵਿਚ ਹਰ ਰੋਜ਼ 90 ਦੇ ਕਰੀਬ ਮੌਤਾਂ, ਦੋ ਦਰਜਨ ਰੋਜ਼ਾਨਾਂ ਮੁੱਡੇ-ਕੁੜੀਆਂ ਦੇ ਤਲਾਕ ਲਈ ਮੁਕਦਮੇਂ, ਮਾਪਿਆਂ ਵਲ੍ਹੋਂ ਆਪਣੀ ਨਸ਼ਈ ਪੁੱਤਾਂ ਤੋਂ ਦੁੱਖੀ ਹੋ ਕੇ ਜਾਇਦਾਦ ਤੋਂ ਬੇਦਖ਼ਲ ਹੋ ਰਹੇ ਹਨ। ਰਿਪੋਰਟਾਂ ਅਨੁਸਾਰ ਨਸ਼ਿਆਂ ਕਾਰਨ ਪੰਜਾਬ ਦੇ ਕਿਸਾਨ ਕਰੀਬ 80 ਹਜ਼ਾਰ ਕੋਰੜ ਰੁਪਏ ਦੇ ਕਰਜ਼ਾਈ ਹਨ। ਨਸ਼ਿਆਂ ਦੇ ਵਿਉਪਾਰ 'ਚ ਰਾਜਨੀਤੀ 'ਦੇ ਦਾਖਲੇ ਨੇ ਪੰਜਾਬ ਦਾ ਨਾਮ ਦੁਨੀਆਂ 'ਚ ਬਦਨਾਮ ਕਰ ਦਿੱਤਾ ਹੈ।    
ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਾਰਨ ਕਾਰਨ ਪੰਜਾਬ ਦੇਂ ਲਗਪਗ 50 ਲੱਖ ਲੋਕ ਬੇਰੁਜ਼ਗਾਰ ਹਨ। ਬੇਕਾਰੀ ਕਾਰਨ ਮਜ਼ਬੂਰੀ ਬਸ ਨੌਜਵਾਨ ਪੈਸਾ ਕਮਾਉਣ ਲਈ ਡਰੱਗ ਤਸਕਰਾਂ ਦੇ ਝਾਂਸੇ ਵਿਚ ਆ ਕੇ ਨਸ਼ੇ ਵੇਚਣ ਲੱਗ ਪੈਂਦੇ ਹਨ। ਫਿਰ ਉਹ ਹੋਲੀ ਹੋਲੀ ਖੁੱਦ ਵੀ ਨਸ਼ੇ ਖਾਣ ਲੱਗ ਪੈਂਦੇ ਹਨ। ਇਕ ਰਿਪੋਰਟ ਅਨੁਸਾਰ ਪੰਜਾਬ ਦੇ 65 ਫ਼ੀਸਦੀ ਪਰਿਵਾਰਾਂ ਦਾ ਕੋਈ ਨਾ ਕੋਈ ਮੈਂਬਰ ਨਸ਼ਿਆਂ ਦਾ ਸੇਵਨ ਕਰਦਾ ਹੈ। ਚਿੰਤਾਜਨਕ ਗੱਲ ਇਹ ਹੈ ਕਿ ਵੱਧ ਤੋਂ ਵੱਧ ਤੋਂ ਮੁਨਾਫ਼ੇ ਲਈ ਤਸਕਰ ਲੋਮੋਟਿਲ ਤੇ ਪ੍ਰਕੋਸੀਵਨ ਦੇ ਕੈਪਸੂਲਾਂ 'ਚ ਹੁਣ ਹੈਰੋਇਨ, ਸਮੈਕ ਤੇ ਸਿੰਥੈਟਿਕ ਪਾਊਡਰ ਵੇਚਣ ਲੱਗ ਪਏ ਹਨ। ਪੁਲਿਸ ਵਿਭਾਗ ਅਨੁਸਾਰ ਪੰਜਾਬ 'ਚ ਵੱਧ ਰਿਹਾ ਅਪਰਾਧ ਨਸ਼ੇ ਦੀ ਹੀ ਦੇਣ ਹੈ। ਨਸ਼ੇ ਦਾ ਆਦੀ ਹੋਇਆ ਨੌਜਵਾਨ ਨਸ਼ੇ ਦੀ ਲੱਤ ਪੂਰੀ ਕਰਨ ਲਈ ਲੁੱਟਾਂ-ਖੋਹਾਂ, ਮਾਰਧਾੜ ਤੇ ਕਤਲ ਤਕ ਕਰਦਾ ਹੈ। 
ਰਿਪੋਰਟ ਅਨੁਸਾਰ 90% ਐਕਸੀਡੈਂਟ ਨਸ਼ੇ ਦੀ ਵਜ੍ਹਾ ਕਰਕੇ ਹੁੰਦੇ ਹਨ। ਉਨੇ ਲੋਕ ਅੱਤਵਾਦੀ ਵਾਰਦਾਤਾਂ ਵਿਚ ਨਹੀ ਮਾਰੇ ਗਏ ਜਿੰਨੇ ਪਿਛਲੇ ਛੇ ਦਹਾਕਿਆਂ ਵਿਚ ਸਿਰਫ ਇਕ ਸਾਲ 'ਚ ਸੜਕ ਹਾਦਸਿਆਂ ਵਿਚ ਮਾਰੇ ਗਏ ਹਨ। ਦੇਸ਼ ਦੀਆ ਸੜਕਾਂ 'ਤੇ ਰੋਜ਼ਾਨਾ ਔਸਤਨ 390 ਲੋਕ ਜਾਨਾਂ ਗੁਆਉਂਦੇ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ, ''ਸਾਰੇ ਦੇਸ਼ਾ 'ਚ ਡਰਾਈਵਰਾਂ ਵਲੋਂ ਨੀਂਦ ਤੋਂ ਬਚਣ ਅਤੇ ਜ਼ਿਆਦਾ ਸਮੇਂ ਤਕ ਗੱਡੀ ਚਲਾਉਂਦੇ ਰਹਿਣ ਲਈ ਕੋਈ ਨਾ ਕੋਈ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਆਮ ਆਦਤ ਬਣ ਗਈ ਹੈ।   
ਸੰਯੁਕਤ ਰਾਸ਼ਟਰ ਦੇ ਐਚ.ਆਈ.ਵੀ, ਏਡਜ ਪ੍ਰੋਗਰਾਮ ਦੀ 2008 ਦੀ ਇੱਕ ਰਿਪੋਰਟ ਅਨੁਸਾਰ, ਪੰਜਾਬ ਵਿਚ 50 ਫ਼ੀਸਦੀ ਤੋਂ ਜਿਆਦਾ ਨਸ਼ਈ ਟੀਕੇ ਰਾਹੀ ਨਸ਼ਾ ਹਾਸਲ ਕਰਨ ਵਾਲੇ ਹਨ। ਨੈਂਸ਼ਨਲ ਯੂਨੀਵਰਸਟੀ ਸਿੰਘਾਪੁਰ ਦੇ ਦੱਖਣੀ ਏਸ਼ੀਅਨ ਸਟੱਡੀ ਇੰਸਟੀਚਿਊਟ ਵਲੋਂ 2013 ਵਿਚ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਅਨੁਸਾਰ ਪੜ੍ਹੇ-ਲਿਖੇ ਬੇਰੋਜ਼ਗਾਰ ਪੇਂਡੂ ਨੌਜਵਾਨਾਂ ਵਿਚ ਨਸ਼ਿਆਂ ਦੇ ਰੁਝਾਨ ਵਿਚ ਵਾਧਾ ਇਸ ਕਾਰਨ ਵੀ ਹੋ ਰਿਹਾ ਹੈ ਕਿਉਂਕਿ ਉਹਨਾਂ ਨੂੰ ਨੈਤਿਕ, ਮਿਆਰੀ ਅਤੇ ਕਿੱਤਾ ਮੁੱਖੀ ਸਿੱਖਿਆ ਨਹੀ ਦਿੱਤੀ ਜਾ ਰਹੀ ਹੈ।
ਨਸ਼ਈ ਪੰਜਾਬੀ, ਪੰਜਾਬ ਦੀ ਆਰਥਿਕਤਾ ਅਤੇ ਸਭਿਆਚਾਰ ਨੂੰ ਖੁੱਦ ਖੋਰਾ ਲਾ ਰਹੇ ਹਨ। ਇਕ ਸਰਵੇਖਣ ਅਨੁਸਾਰ 4 ਹਜ਼ਾਰ ਦੀ ਅਬਾਦੀ ਵਾਲੇ ਇਕ ਪਿੰਡ ਵਿੱਚ ਕਰੀਬ 25 ਹਜ਼ਾਰ ਰੁਪਏ ਦੀ ਰੋਜ਼ਾਨਾਂ ਸ਼ਰਾਬ ਪੀਤੀ ਜਾਂਦੀ ਹੈ। ਭਾਵ ਮਹੀਨੇ ਵਿਚ ਕਰੀਬ ਸਾਢੇ 7 ਲੱਖ ਤੇ ਸਾਲ ਵਿਚ ਕਰੀਬ 90 ਲੱਖ ਰੁੱਪਏ ਦੀ ਪੰਜਾਬੀ ਸ਼ਰਾਬ ਪੀ ਜਾਂਦੇ ਹਨ। ਪੈਲੇਸ ਸਭਿਆਚਾਰ ਨੇ ਵੀ  ਸ਼ਰਾਬ ਦੀ ਖਪਤ ਵਿੱਚ ਵਾਧਾ ਕੀਤਾ ਹੈ। ਹਰ ਵਰ੍ਹੇ ਅੰਦਾਜਨ 500 ਕਰੋੜ ਰੁਪਏ ਦੀ ਸ਼ਰਾਬ ਪੈਲਸਾਂ ਵਿਚ ਵਰਤੀ ਜਾਂਦੀ ਹੈ। ਵਿਆਹ ਸ਼ਾਦੀਆਂ ਮੌਕੇ ਡੀ ਜੇ ਕਲਚਰ ਨੇ ਵੀ ਪੰਜਾਬ ਦੀ ਆਰਥਿਕਤਾ ਤੇ ਸਭਿਆਚਾਰ ਨੂੰ ਢਾਅ ਲਾਈ ਹੈ ਕਿਉਂਕਿ ਇਥੇ ਬੱਚੇ-ਜਵਾਨ-ਬੁੱਢੇ, ਮਾਂਵਾ-ਭੈਣਾਂ, ਭਰਜਾਈਆ ਸਭ ਇਕੋ ਗੀਤ 'ਤੇ ਨੱਚਦੀਆਂ ਹਨ। ਨਸ਼ਿਆਂ ਕਾਰਨ ਪੰਜਾਬੀ ਆਰਥਿਕ, ਸਮਾਜਿਕ ਹੀ ਨਹੀ ਮਾਨਸਿਕ ਤੌਰ 'ਤੇ ਵੀ ਰੋਗੀ ਹੋ ਰਹੇ ਹਨ। 
ਨਸ਼ਿਆ ਦੀ ਦਲਿਦਰਤਾ ਕਾਰਨ ਪੰਜਾਬੀ ਨੌਜਵਾਨ ਪੰਜਾਬ ਵਿਚ ਕੋਈ ਕੰਮ-ਧੰਦਾ ਸਿੱਖਣ ਜਾਂ ਕਰਨ ਦੀ ਬਨਿਸਬਤ ਪੰਜਾਬ ਤੋਂ ਬਾਹਰਲੇ ਮੁਲਕਾਂ ਵਿਚ ਜਾਣ ਲਈ ਬੇਤਾਬ ਹਨ। ਇਕ ਰਿਪੇਰਟ ਅਨੁਸਾਰ, 20 ਹਜ਼ਾਰ ਪੰਜਾਬੀ ਨੌਜਵਾਨ ਹਰ ਸਾਲ ਪੰਜਾਬ ਵਿਚੋਂ ਬਾਹਰਲੇ ਦੇਸ਼ਾ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪਲੈਨ ਕਰਦੇ ਹਨ। ਕਈ ਪਾਰ ਲੱਗ ਜਾਂਦੇ ਹਨ, ਕਈ ਰਾਂਹਾਂ 'ਚ ਰੁਲ ਰਹੇ ਹਨ ਅਤੇ ਇਸੇ ਕਾਰਨ ਹਜ਼ਾਰਾਂ ਪੰਜਾਬੀ ਨੌਜਵਾਨ ਵਿਦੇਸ਼ੀ ਜੇਲ੍ਹਾਂ ਵਿਚ ਸਜਾ ਵੀ ਭੁੱਗਤ ਰਹੇ ਹਨ।
ਪੰਜਾਬ ਵਿਚ ਇਸ ਸਮੇਂ ਨਸ਼ਿਆਂ ਕਾਰਨ ਹੀ ਲੁੱਟ-ਖੋਹ, ਭ੍ਰਿਸ਼ਟਾਚਾਰ, ਜੋਰ-ਜਬਰ, ਨਾਜਾਇਜ਼ ਕਬਜ਼ੇ, ਗੁੰਡਾਗਰਦੀ ਤੇ ਆਪਣੀ ਹਾਊਮੇ ਪਗਾਉਣ ਦੀ ਮਨੋਬਿਰਤੀ ਦਿਨੋ-ਦਿਨ ਵੱਧ ਰਹੀ ਹੈ। ਪਰਿਵਾਰਕ ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਇਕ ਦੂਜੇ ਨੂੰ ਪਿੱਛੇ ਸੁੱਟਣ ਲਈ ਰਾਹਾਂ ਵਿਚ ਕੰਡੇ ਖਿਲਾਰੇ ਜਾ ਰਹੇ ਹਨ। ਹਰ ਖੇਤਰ ਵਿਚ ਸਿਆਸੀ ਦਖ਼ਲਅੰਦਾਜੀ ਅੜਿੱਕਾ ਬਣ ਰਹੀ ਹੈ। ਅਪਰਾਧਾ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਹਰ ਮਨੁੱਖ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।  
ਅਜਾਦੀ ਦੇ ਬਾਅਦ ਹੋਣਾ ਇਹ ਚਾਹੀਦਾ ਸੀ ਕਿ ਸਿੱਖਿਆ ਤੇ ਗਿਆਨ ਨਾਲ ਲੋਕ ਪ੍ਰਗਤੀਸ਼ੀਲ ਅਤੇ ਸਦਾਚਾਰੀ  ਬਣਦੇ ਪਰ ਇੱਥੇ ਇਸ ਦੇ ਉਲਟ ਹੋਇਆ। ਇਹ ਇਸ ਕਰਕੇ ਹੋਇਆ ਕਿਉਕਿ ਸਰਕਾਰਾਂ ਸਕੂਲਾਂ ਨੂੰ ਨਹੀ, ਸ਼ਰਾਬ ਦੇ ਠੇਕਿਆਂ ਨੂੰ ਤਰਜ਼ੀਹ ਦੇ ਰਹੀਆ ਹਨ। ਪੰਜਾਬ ਸਰਕਾਰ ਨੇ ਤਾਂ ਹੁਣ ਸਿਗਰਟ, ਬੀੜੀ, ਜਰਦਾ, ਖੈਣੀ ਅਤੇ ਨਸਵਾਰ ਆਦਿ ਦੀ ਵਿਕਰੀ ਲਈ ਵੀ ਲਾਇਸੰਸ ਦੇਣ ਦਾ ਫ਼ੈਸਲਾ ਕੀਤਾ ਹੈ। ਇੰਨਾ ਹੀ ਨਹੀ, ਸਰਕਾਰਾਂ ਨੇ ਤਾਂ ਸਿੱਖਿਆ ਨੀਤੀ ਹੀ ਅਜਿਹੀ ਬਣਾਈ ਹੋਈ ਹੈ ਕਿ ਅੱਠਵੀ ਤਕ ਕਿਸੇ ਵੀ ਬੱਚੇ ਨੂੰ ਫੇਲ੍ਹ ਨਹੀ ਕਰਨਾ। ਜੇਕਰ ਅੱਠਵੀ ਤੱਕ ਬੱਚਿਆਂ ਨੂੰ ਬਿਨਾਂ ਪੜਿਹਆਂ ਹੀ ਪਾਸ ਕਰ ਦੇਣਾ ਹੈ, ਫਿਰ ਅੱਗੋ ਉਹ ਨੌਵੀਂ, ਦਸਵੀਂ, ਗਿਆਰਵੀ ਅਤੇ ਬਾਰਵੀ ਵਿਚੋਂ ਕਿਵੇਂ ਪਾਸ ਹੋਣਗੇ? ਕੌਮੀ ਪੱਧਰ 'ਤੇ ਦਾਖ਼ਲਾ ਟੈਸਟਾਂ ਵਿਚ ਦਾਖਲੇ ਲਈ ਕਿਸ ਤਰ੍ਹਾਂ ਮੈਰਿਟ ' Îਆਉਣਗੇ? ਇਕ ਸਾਜਿਸ਼ ਤਹਿਤ ਕੇਂਦਰੀ ਅਤੇ ਰਾਜ ਸਰਕਾਰਾਂ ਦੀਆਂ ਸਿੱਖਿਆ ਸਬੰਧੀ ਨੀਤੀਆਂ 'ਤੇ ਕਾਬਜ ਸ਼ੈਤਾਨਾਂ ਨੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਅਯੋਗ ਬਣਾ ਦਿੱਤਾ ਹੈ। ਇੰਨਾ ਹੀ ਨਹੀ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ਨੂੰ ਆਧਾਰ ਬਣਾ ਕੇ ਪਿੰਡਾਂ ਵਿਚੋਂ ਸਰਕਾਰੀ ਸਕੂਲ ਬੰਦ ਕੀਤੇ ਜਾ ਰਹੇ ਹਨ। ਇਸ ਤਰਾਂ ਹਜ਼ਾਰਾਂ ਬੱਚੇ ਭਵਿੱਖ ਵਿਚ ਨਸ਼ਈ ਨਹੀ ਤਾਂ ਹੋਰ ਕੀ ਬਣਨਗੇ?
ਚੀਨੀ ਯਾਤਰੀ ਹਿਊਨਸਾਂਗ ਨੇ ਲਿਖਿਆ ਹੈ ਕਿ ਭਾਰਤ ਵਿੱਚ ਸਿੱਖਿਆ ਸੰਸਥਾਵਾਂ ਤਾਂ ਬਹੁਤ ਹੋਣਗੀਆਂ ਪਰ ਨਾਲੰਦਾ ਯੂਨੀਵਰਸਿਟੀ ਦਾ ਕੋਈ ਮੁਕਾਬਲਾ ਨਹੀਂ। ਨਾਲੰਦਾ ਯੂਨੀਵਰਸਿਟੀ ਦੀ ਪੜਾਈ ਕਿੰਨੀ ਉੱਚ ਪਾਏ ਦੀ ਸੀ ਕਿ ਤਿੰਨ ਵਿਦਿਆਰਥੀ ਆਖਰੀ ਪ੍ਰੀਖਿਆ ਪਾਸ ਕਰ ਚੁੱਕੇ ਸਨ ਪ੍ਰੰਤੂ ਗੁਰੂ (ਵਾਈਸ ਚਾਂਸਲਰ) ਜਾਣ ਲਈ ਨਹੀਂ ਕਹਿ ਰਿਹਾ ਸੀ। ਅੰਤ! ਇੱਕ ਦਿਨ ਇੱਕ ਵਿਦਿਆਰਥੀ ਨੇ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ''ਅੱਜ ਸ਼ਾਮ ਤੁਸੀਂ ਜਾ ਸਕਦੇ ਹੋ।'' ਪ੍ਰੰਤੂ ਆਖਰੀ ਪ੍ਰੀਖਿਆ ਐਸੀ ਸੀ ਜੋ ਲਈ ਨਹੀਂ ਜਾ ਸਕਦੀ ਸੀ। ਇਹ ਤਾਂ ਇੱਕ ਤਰਾਂ ਦਾ ਵਿਵਹਾਰ (ਪ੍ਰੈਕਟੀਕਲ) ਸੀ, ਜਿਸ ਚੋਂ ਉਹਨਾਂ ਨੇ ਗੁਜ਼ਰਨਾ ਸੀ।
ਸ਼ਾਮ ਨੂੰ ਤਿੰਨੇ ਵਿਦਿਆਰਥੀ ਵਿਦਾ ਹੋ ਗਏ। ਚਲਦੇ ਸ਼ਾਮ ਹੋਣ ਲੱਗੀ, ਸੂਰਜ ਢਲਣ ਲੱਗਾ, ਤਾਂ ਉੁਹ ਇੱਕ ਝਾੜੀ ਪਾਸ ਪਹੁੰਚੇ। (ਗੁਰੂ 'ਵਾਈਸ ਚਾਂਸਲਰ' ਝਾੜੀ ਵਿੱਚ ਪਹਿਲੋਂ ਹੀ ਛੁਪਿਆ ਬੈਠਾ ਸੀ। ਉਸ ਨੇ ਝਾੜੀ ਦੇ ਬਾਹਰ ਛੋਟੀ ਜਿਹੀ ਪਗਡੰਡੀ ਵਿੱਚ ਕੰਡੇ ਖਿਲਾਰ ਦਿੱਤੇ ਸਨ) ਤਾਂ ਇੱਕ ਵਿਦਿਆਰਥੀ ਪਗਡੰਡੀ ਤੋਂ ਪਰਾਂ ਦੀ ਹੋ ਕੇ ਲੰਘ ਗਿਆ। ਦੂਜਾ ਕੰਢਿਆਂ ਉੱਪਰ ਦੀ ਛਾਲ ਮਾਰ ਕੇ ਲੰਘ ਗਿਆ। ਤੀਜਾ ਰੁੱਕ ਗਿਆ ਅਤੇ ਕੰਡਿਆਂ ਨੂੰ ਚੁੱਕ ਚੁੱਕ ਕੇ ਝਾੜੀ ਵਿੱਚ ਸੁੱਟਣ ਲੱਗ ਪਿਆ। ਪਾਰ ਕਰ ਗਏ ਦੋਹਾਂ ਵਿਦਿਆਰਥੀਆਂ ਨੇ ਤੀਜੇ ਨੂੰ ਕਿਹਾ, ''ਇਹ ਕੀ ਕਰ ਰਿਹਾ ਹੈ? ਰਾਤ ਹੋ ਰਹੀ ਹੈ, ਦੂਰ ਜਾਣਾ ਹੈ, ਰਸਤੇ ਵਿੱਚ ਜੰਗਲ ਹੈ, ਖਤਰਾ ਹੈ, ਇਹ ਕੰਡੇ ਕੁੰਡੇ ਮਤ ਚੁੱਗ। ਆ ਜਾ ਚੱਲੀਏ।''
ਪ੍ਰੰਤੂ ਉਸ ਤੀਜੇ ਵਿਦਿਆਰਥੀ ਨੇ ਕਿਹਾ,''ਸੂਰਜ ਡੁੱਬ ਰਿਹਾ ਹੈ। ਅੰਧੇਰਾ ਵੱਧਦਾ ਜਾ ਰਿਹਾ ਹੈ, ਸਾਡੇ ਤੋਂ ਬਾਅਦ ਜੋ ਵੀ ਆਵੇਗਾ, ਉਸ ਨੂੰ ਹਨੇਰੇ ਕਾਰਨ ਕੰਡੇ ਨਹੀਂ ਦਿਸਣਗੇ। ਉਹ ਕੰਡਿਆਂ ਦਾ ਸ਼ਿਕਾਰ ਹੋ ਜਾਵੇਗਾ। ਆਪਾਂ ਆਖਰੀ ਹਾਂ, ਜਿਹਨਾਂ ਨੂੰ ਇਹ ਕੰਡੇ ਦਿਖਾਈ ਦੇ ਰਹੇ ਹਨ। ਇਸ ਲਈ ਹਨੇਰਾ ਹੋਣ ਤੋਂ ਪਹਿਲਾਂ ਇਹਨਾਂ ਨੂੰ ਚੁਗਣਾ ਹੀ ਧਰਮ ਹੈ। ਤੁਸੀਂ ਚਲੋ! ਮੈਂ ਥੋੜਾ ਪਿੱਛੋਂ ਆ ਜਾਵਾਂਗਾ।'' ਇੰਨੇ ਨੂੰ ਗੁਰੂ  'ਵਾਈਸ ਚਾਂਸਲਰ' ਝਾੜੀ ਵਿੱਚੋਂ ਬਾਹਰ ਆ ਗਏ ਅਤੇ ਕਿਹਾ ਕਿ ਉਹ ਜੋ ਦੋ ਚੇਲੇ ਗਏ ਹਨ, ਉਹਨਾਂ ਨੂੰ ਕਹੋ, ਵਾਪਸ ਆ ਜਾਣ। ਉਹ ਪ੍ਰੀਖਿਆ ਵਿੱਚੋਂ ਫੇਲ੍ਹ ਹੋ ਗਏ ਹਨ। ਹੁਣ ਉਹਨਾਂ ਨੂੰ ਯੂਨੀਵਰਸਿਟੀ 'ਚ ਕੁੱਝ ਸਾਲ ਹੋਰ ਰੁਕਣਾ ਪਵੇਗਾ। ਤੀਸਰਾ ਜੋ ਕੰਡੇ ਚੁਗ ਰਿਹਾ ਸੀ, ਉਸ ਨੂੰ ਕਿਹਾ ਤੂੰ ਪਾਸ ਹੋ ਗਿਆ ਹੈ ਅਤੇ ਘਰ ਜਾ ਸਕਦਾ ਹੈ।
ਅੰਤਮ ਪ੍ਰੀਖਿਆ ਵਿੱਦਿਆ-ਗਿਆਨ ਦੀ ਨਹੀਂ, ਵਿਚਾਰ ਤੇ ਪਰਉਪਕਾਰ ਦਯਾ (ਕਰੁਣਾ) ਦੀ ਸੀ। ਉਪਰੋਕਤ ਸਮੱਸਿਆਵਾਂ ਵਿਰੁੱਧ ਲੜਨ ਲਈ ਵਿਦਿਆ ਹੀ ਨਹੀ, ਉਸ ਨੂੰ ਵਿਚਾਰਨ ਦੀ ਵੀ ਲੋੜ ਹੈ। ਸਰਕਾਰਾਂ ਨੂੰ ਡੰਗ ਟਪਾਉਣ ਦੀ ਨਹੀ, ਸਕੂਲਾਂ, ਕਾਲਜਾਂ ਅੰਦਰ ਪੜਾਏ ਜਾਂਦੇ ਸਲੇਬਸਾ ਵਿਚ ਨੈਤਿਕਤਾ ਤੇ ਸਦਾਚਾਰ ਲਿਆਉਣ ਦੀ ਲੋੜ ਹੈ। ਉਪਰੋਕਤ ਨਲੰਦਾ ਵਰਗੀਆਂ ਨੈਤਿਕ ਯੂਨੀਵਰਸਿਟੀਆਂ ਹੀ ਮਨੁੱਖਤਾ ਵਿਚ ਸਦਾਚਾਰ ਤੇ ਨੈਤਿਕਤਾ ਪੈਦਾ ਕਰ ਸਕਦੀਆਂ ਹਨ। ਜੇਕਰ ਸਰਕਾਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੇਕ ਨੀਤ ਨਾਲ ਨਾ ਨਿਭਾਈਆ, ਤਾਂ ਇਹ ਸਮੱਸਿਆਵਾਂ ਖਤਰਨਾਖ ਰੂਪ ਧਾਰਨ ਕਰ ਲੈਣਗੀਆਂ ਤੇ ਇਹਨਾਂ ਦਾ ਹਲ ਅਸੰਭਵ ਹੋ ਜਾਵੇਗਾ।  
ਐਸਾ ਨਹੀ ਕਿ ਪੰਜਾਬ ਪਹਿਲਾਂ ਤੋਂ ਹੀ ਇਹੋ ਜਿਹਾ ਹੈ? ਉਹ ਵੀ ਸਮਾਂ ਸੀ, ਜਦੋਂ ਪੰਜਾਬ ਨੂੰ ਸੋਨੇ ਦੀ ਚਿੜੀ ਤੇ ਦੇਸ਼ਾਂ ਵਿਚੋ ਦੇਸ਼ ਪੰਜਾਬ ਕਿਹਾ ਜਾਂਦਾ ਸੀ। ਪੰਜਾਬ ਦੇ ਗੱਭਰੂ, ਮੁਟਿਆਰਾਂ ਦੀਆਂ ਦੇਸ਼ਾਂ-ਵਿਦੇਸ਼ਾਂ ਵਿਚ ਸਿਫ਼ਤਾਂ ਹੁੰਦੀਆਂ ਸਨ। ਪੰਜਾਬੀਆਂ ਦੀ ਅਣਖ ਦਾ ਬੋਲ-ਬਾਲਾ ਸੀ। ਭਗਤ ਸਿੰਘ ਵਰਗੇ ਅਣਖੀਲੇ ਯੋਧੇ ਪੰਜਾਬ 'ਚ ਹੀ ਪੈਦਾ ਹੋਏ ਹਨ। ਪਰ ਅੱਜ ਨਸ਼ਿਆਂ, ਭਰੂਣਹੱਤਿਆ, ਬਿਮਾਰੀਆ, ਭ੍ਰਿਸਟਾਚਾਰ ਦੇ ਦੁਰਾਚਾਰ ਕਾਰਨ ਪੰਜਾਬੀਆਂ ਦਾ ਦੇਸ਼ 'ਚ ਨਹੀ, ਸੰਸਾਰ 'ਚ ਸ਼ਰਮ ਨਾਲ ਸਿਰ ਝੁੱਕ ਰਿਹਾ ਹੈ। ਡਾਕਟਰ ਅੰਬੇਡਕਰ ਦਾ ਵਿਚਾਰ ਹੈ ਕਿ ਵਿਦਿਆ ਇਕ ਅਜਿਹੀ ਚਾਬੀ ਹੈ ਜਿਸ ਨਾਲ ਸਬ ਸਮੱਸਿਆਵਾਂ ਦੇ ਸਾਰੇ ਤਾਲੇ ਖੋਲੇ ਜਾ ਸਕਦੇ ਹਨ। ਇਸ ਲਈ ਸਰਕਾਰਾਂ ਨੂੰ ਪੰਜਾਬ ਵਿਚ ਠੇਕੇ ਨਹੀ, ਨਲੰਦਾ ਵਰਗੀਆਂ ਨੈਤਿਕ ਯੂਨੀਵਰਸਿਟੀਆਂ ਖੋਲ੍ਹਣ ਦੀ ਲੋੜ ਹੈ।  
ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲਿਆਂ ਦੀ ਲੋੜ ਹੈ। ਸੈਮੀਨਾਰ, ਨਸ਼ੇ ਛਡਾਓ ਕੈਂਪ, ਤਕਰੀਰਾਂ ਬੇਕਾਰ ਸਿੱਧ ਹੋ ਰਹੇ ਹਨ। ਨਸ਼ੇ ਲਈ ਉਕਸਾਉਣ ਤੇ ਨਸ਼ੇ ਦਾ ਵਿਉਪਾਰ ਕਰਨ ਵਾਲੇ ਲੋਕਾਂ ਖਿਲਾਫ ਇਕ ਯੋਜਨਬੱਧ ਜੰਗ ਵਿੱਡਣ ਦੀ ਲੋੜ ਹੈ।
ਐਸ ਐਲ ਵਿਰਦੀ ਐਡਵੋਕੇਟ
ਸਿਵਲ ਕੋਰਟਸ ਫਗਵਾੜਾ, ਪੰਜਾਬ
ਫੂਨ ਮੋਬਾਈਲ : 98145 17499