ਤਤਕਰਾ

HOME PAGE

 

ਔਰਤਾਂ! ਜਿਹਨਾਂ ਸਮਾਜਿਕ ਜਬਰ ਦੇ ਜਬਾੜੇ ਭੰਨ੍ਹ ਦਿੱਤੇ
ਐਸ ਐਲ ਵਿਰਦੀ ਐਡਵੋਕੇਟ

ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੇ 1948 ਨੂੰ ਮਨੁੱਖੀ ਅਧਿਕਾਰਾਂ ਦੀ ਸਰਵਵਿਆਪੀ ਘੋਸ਼ਨਾ ਕਰਦਿਆ ਕਿਹਾ ਕਿ ਕਿਸੇ ਨਾਲ ਵੀ ਨਸਲ, ਰੰਗ, ਲਿੰਗ, ਭਾਸ਼ਾ ਅਤੇ ਖਿੱਤੇ ਦੇ ਅਧਾਰ 'ਤੇ ਭਾਦ ਭਾਵ ਨਹੀ ਕੀਤਾ ਜਾ ਸਕਦਾ। 8 ਮਾਰਚ ਨੂੰ ਸਮੁੱਚੇ ਵਿਸ਼ਵ ਪੱਧਰ 'ਤੇ ਕੌਮਾਂਤਰੀ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ। 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ :14 ਰਾਂਹੀ ਕਨੂੰਨ ਸਾਹਮਣੇ ਸਭ ਨੂੰ ਬਰਾਬਰ  ਅਧਿਕਾਰ, 15 ਰਾਂਹੀ ਮਜ਼ਹਬ, ਵੰਸ਼, ਜਾਤ, ਲਿੰਗ ਤੇ ਜਨਮ ਸਥਾਨ ਦੇ ਅਧਾਰ 'ਤੇ ਭੇਦ ਭਾਵ ਦੀ ਮਨਾਹੀ, 16 ਰਾਂਹੀ ਸਭ ਨੂੰ ਬਰਾਬਰ ਮੌਕੇ, 17 ਰਾਂਹੀ ਛੂਆਛਾਤ ਅਤੇ 23 (1) ਰਾਹੀਂ ਵਗਾਰ ਪ੍ਰਥਾ ਨੂੰ ਖ਼ਤਮ ਕੀਤਾ ਗਿਆ ਹੈ। ਪ੍ਰੰਤੂ ਮਨੁੱਖੀ ਅਧਿਕਾਰਾਂ ਸਬੰਧੀ ਦੇਸ਼ ਵਿਚ ਔਰਤਾਂ ਦੇ ਅਧਿਕਾਰਾਂ ਦੀ ਸਥਿਤੀ ਰੌਗਟੇ ਖੜੇ ਕਰਨ ਵਾਲੀ ਹੈ। ਦਲਿਤ ਔਰਤਾਂ ਦੀ ਸਥਿਤੀ ਤਾਂ ਇਸ ਤੋਂ ਵੀ ਕਈ ਗੁਣਾਂ ਖਤਰਨਾਕ ਅਤੇ ਡਰਾਉਣੀ ਹੈ। ਪੇਸ਼ ਹੈ ਕੁੱਝ ਔਰਤਾਂ ਦੀ ਦਾਸਤਾਨ।
ਰਾਜਸਥਾਨ ਦੇ ਪਿੰਡ ਬੇਗੂ ਦੀ ਲਾਲੀ ਬਾਈ ਦਾ ਕਹਿਣਾ ਹੈ ਕਿ ਉੱਚ ਜਾਤੀਆਂ ਦੇ ਦਬਾਅ ਕਾਰਨ ਸਾਨੂੰ ਪਿੰਡ ਵਿੱਚ ਸਾੜ੍ਹੀ ਪਾਉਣ ਦੀ ਇਜਾਜ਼ਤ ਨਹੀਂ ਸੀ। ਸਾਡੀ ਪੌਸ਼ਾਕ ਬਲਾਊਜ ਤੇ ਲਹਿੰਗਾ ਸੀ। ਜੇਕਰ ਮੀਂਹ ਵਿੱਚ ਸਾਡੇ ਕੱਪੜੇ ਭਿੱਜ ਜਾਂਦੇ ਤਾਂ ਬਦਲਣ ਲਈ ਸਾਡੇ ਪਾਸ ਦੂਜੀ ਜੋੜੀ ਕੱਪੜੇ ਨਹੀਂ ਸਨ। ਮੀਂਹ ਦੇ ਦਿਨਾਂ ਵਿੱਚ ਪਿੰਡ ਵਿੱਚੋਂ ਹੋ ਕੇ ਜੰਗਲ ਪਾਣੀ ਜਾਣਾ ਹੁੰਦਾ ਤਾਂ ਨੰਗੇ ਪੈਰੀ ਜਾਣਾ ਪੈਂਦਾ ਸੀ। ਰਸਤੇ ਵਿੱਚ ਕੋਈ ਉੱਚ ਜਾਤੀ ਦਾ ਆਦਮੀ ਜਾਂ ਔਰਤ ਮਿਲ ਜਾਂਦੇ ਤਾਂ ਸਿਰ ਝੁਕਾ ਕੇ, ਦੂਜੇ ਪਾਸੇ ਮੂੰਹ ਫੇਰ ਕੇ ਉਦੋ ਤਕ ਖੜਨ੍ਹਾ ਪੈਂਦਾ, ਜਦੋਂ ਤੱਕ ਕਿ ਉਹ ਲੰਘ ਨਾ ਜਾਣ। 
ਮੈਂ ਹੌਲੀ-ਹੌਲੀ ਦੱਬੀ ਆਵਾਜ਼ ਵਿੱਚ ਉੱਚ ਜਾਤੀਆਂ ਦੀਆਂ ਜ਼ਿਆਦਤੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਮੈਂ ਪਿੰਡ ਵਿੱਚ ਚੱਪਲ ਪਾ ਕੇ ਚਲੀ ਗਈ ਤਾਂ ਇਸ ਗੱਲ 'ਤੇ ਇੱਕ ਠਾਕੁਰ ਨੇ ਮੇਰੇ ਘਰਵਾਲੇ ਦੀ ਬੇਇੱਜ਼ਤੀ ਕੀਤੀ। ਉਸ ਦੀ ਬਦਸਲੂਕੀ ਉਤੇ ਮੈਨੂੰ ਬੜਾ ਗੁੱਸਾ ਆਇਆ। ਦੂਜੇ ਦਿਨ ਮੈਂ ਉਸ ਦੇ ਘਰ ਮੂਹਰੇ ਗਈ ਤੇ ਉਸ ਠਾਕੁਰ ਨੂੰ ਵੰਗਾਰਿਆ। ਉਹ ਬਾਹਰ ਨਾ ਆਇਆ। ਇਸ ਤਰ੍ਹਾਂ ਕਰਨ ਨਾਲ ਮੈਨੂੰ ਹੌਂਸਲਾ ਮਿਲ ਗਿਆ। ਮੈਂ ਛੂਆ-ਛੂਤ ਤੇ ਜਾਤੀ ਜਬਰ ਨੂੰ ਖਤਮ ਕਰਨ ਲਈ ਜੀਵਨ ਭਰ ਜੂਝਣ ਦਾ ਪ੍ਰਣ ਕੀਤਾ। 
ਮੈਲਾਂ ਢੋਣ ਅਤੇ ਗੰਦਗੀ ਉਠਾਉਣ ਲਈ ਸਾਡੀ ਜਾਤ ਦੀਆਂ ਔਰਤਾਂ ਨੂੰ ਸਿਰਫ਼ ਰੋਟੀਆਂ ਹੀ ਮਿਲਦੀਆਂ ਸਨ। ਉਹ ਵੀ ਬਚੀਆ ਬਾਹੀਆਂ। ਪਿੰਡ ਦੀ ਇੱਕ ਔਰਤ ਨੇ ਰੋਟੀਆਂ ਦੇ ਨਾਲ-ਨਾਲ ਪੰਜ ਰੁਪਏ ਮਹੀਨਾ ਮਜਦੂਰੀ ਦੇਣ ਦੀ ਵੀ ਮੰਗ ਰੱਖ ਦਿੱਤੀ ਤਾਂ ਮੈਂ ਉਸ ਔਰਤ ਦਾ ਡਟ ਕੇ ਸਮਰਥਨ ਕੀਤਾ। ਅਸੀਂ ਕਾਮਯਾਬ ਹੋ ਗਈਆ। ਇਸ ਤਰਾਂ ਅਸੀਂ ਮਜਦੂਰੀ ਲੈਣ ਦੀ ਇੱਕ ਨਵੀਂ ਪ੍ਰਥਾ ਸ਼ੁਰੂ ਕੀਤੀ। 
ਅਸੀਂ ਆਪਣੀ ਲੜਕੀ ਦੇ ਵਿਆਹ ਲਈ ਇਕ ਅਲਮਾਰੀ ਖਰੀਦੀ। ਜਦੋਂ ਵਿਆਹ ਦਾ ਸਮਾਨ ਪਿੰਡ ਵਿੱਚੋਂ ਹੁੰਦਾਂ ਹੋਇਆ ਘਰ ਪਹੁੰਚਿਆ ਤਾਂ ਅਲਮਾਰੀ ਦੇਖ ਕੇ ਉੱਚ ਜਾਤੀਆਂ ਨੂੰ ਸੱਪ ਸੁੰਗ ਗਿਆ। ਪਿੰਡ ਵਿੱਚ ਗੱਲਾਂ ਹੋਣ ਲੱਗੀਆਂ, ''ਦੇਖੋ! ਭੰਗੀਆਂ ਦੇ ਵੀ ਦਿਮਾਗ ਚੜ੍ਹ ਗਏ ਹਨ। ਹੁਣ ਇਹ ਸਾਡੀ ਬਰਾਬਰੀ ਕਰਨਗੇ। ਹੁਣ ਇਹ ਵੀ ਦਾਜ ਵਿੱਚ ਅਲਮਾਰੀ ਦੇਣਗੇ। ਉੱਚ ਜਾਤੀਆਂ ਦੀ ਕੀ ਇੱਜ਼ਤ ਬਚੀ? ਭੰਗੀ ਅੱਜ ਅਲਮਾਰੀ ਲਿਆਏ, ਕੱਲ੍ਹ ਨੂੰ ਇਹਨਾਂ ਦੇ ਵਿਆਹ 'ਚ ਬੈਂਡ ਬਾਜੇ ਵੀ ਵੱਜਣਗੇ, ਪਰਸੋਂ ਇਹਨਾਂ ਦਾ ਮੁੰਡਾ ਘੋੜੀ ਚੜ੍ਹੇਗਾ।'' ਉੱਚ ਜਾਤੀਆਂ ਨੇ ਲਾਲ ਪੀਲੇ ਹੋ ਕੇ ਸਾਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। 
ਉੱਚ ਜਾਤੀਆਂ ਨੇ ਰਾਤ ਨੂੰ ਤਲਵਾਰਾਂ, ਡਾਂਗਾਂ, ਹਾਕੀਆਂ ਨਾਲ ਲੈਸ ਹੋ ਕੇ ਸਾਡੇ ਘਰ 'ਤੇ ਹਮਲਾ ਕਰ ਦਿੱਤਾ। ਘਰ ਵਿੱਚ ਪਿਆ ਘਿਉ ਅਤੇ ਮਿਠਾਈ ਬਣਾਉਣ ਦਾ ਸਾਰਾ ਸਮਾਨ ਵਿਹੜੇ ਵਿੱਚ ਖਲਾਰ ਦਿੱਤਾ। ਲੱਤਾਂ ਮਾਰ ਮਾਰ ਕੇ ਅਲਮਾਰੀ ਭੰਨ ਦਿੱਤੀ। ਮੇਰੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਪਤੀ ਨੂੰ ਮੈਂ ਕਿਸੇ ਦੂਜੇ ਘਰ ਲੁਕਾ ਦਿੱਤਾ ਸੀ ਨਹੀਂ ਤਾਂ ਉਹਨਾਂ ਮਾਰ ਦੇਣਾ ਸੀ। ਅੱਧੀ ਰਾਤ ਤੱਕ ਉਹ ਲਲਕਾਰੇ ਮਾਰਦੇ ਰਹੇ। ਇਸ ਘਟਨਾ ਕਾਰਨ ਉਸ ਦਿਨ ਸਾਡੇ ਘਰ ਖਾਣਾ ਵੀ ਨਾ ਬਣ ਸਕਿਆ ਅਤੇ ਮਹਿਮਾਨਾਂ ਨੂੰ ਭੁੱਖੇ ਹੀ ਸੌਣਾ ਪਿਆ। 
ਘਟਨਾ ਤੋਂ ਅਗਲੀ ਸਵੇਰ ਹਨੇਰੇ ਵਿੱਚ ਮੈਂ ਆਪਣੇ ਪਤੀ ਅਤੇ ਦੋਹਾਂ ਬੱਚਿਆਂ ਨੂੰ ਲੈ ਕੇ ਖਾਨ ਠੇਕੇਦਾਰ ਦੇ ਪਿੰਡ ਸੁਲਤਾਨਪੁਰ ਆ ਗਈ। ਉਸ ਨੂੰ ਸਾਰੀ ਘਟਨਾ ਬਾਰੇ ਦੱਸਿਆ। ਹਮਦਰਦੀ ਵਜੋਂ ਉਹ ਸਾਡੇ ਨਾਲ ਮੰਦਸੋਰ ਥਾਣੇ ਵਿੱਚ ਰਿਪੋਰਟ ਲਿਖਾਉਣ ਲਈ ਗਿਆ। ਉੱਚ ਜਾਤੀਆਂ ਨੇ ਥਾਣੇ ਵਿੱਚ ਪਹਿਲਾਂ ਹੀ ਪਹੁੰਚ ਕਰ ਲਈ ਸੀ, ਇਸ ਲਈ ਥਾਣੇਦਾਰ ਰਿਪੋਰਟ ਲਿਖਣ ਦੀ ਥਾਂ ਉਲਟਾ ਸਾਨੂੰ ਹੀ ਸਮਝਾਉਣ ਲੱਗ ਪਿਆ। ਬਾਅਦ ਵਿੱਚ ਠੇਕੇਦਾਰ ਸ਼ੇਖ ਅਬਦੁੱਲਾ ਦੇ ਦਬਾਅ ਹੇਠ ਰਿਪੋਰਟ ਦਰਜ਼ ਕੀਤੀ ਗਈ ਅਤੇ ਸਾਨੂੰ ਵਿਆਹ ਬਿਨਾਂ ਕਿਸੇ ਡਰ ਦੇ ਕਰਨ ਲਈ ਕਿਹਾ।
ਜਦੋਂ ਰਾਤ ਨੂੰ ਘੋੜੀ ਦਾ ਸਮਾਂ ਹੋਇਆ ਤਾਂ ਉੱਚ ਜਾਤੀਆਂ ਨੇ ਸਾਜਿਸ਼ ਰਚਕੇ ਸਾਰੇ ਪਿੰਡ ਦੀਆਂ ਲਾਇਟਾਂ ਬੰਦ ਕਰ ਦਿੱਤੀਆਂ। ਬੈਂਡ ਵਾਲੇ ਪਿੰਡ ਪਹੁੰਚੇ ਤਾਂ ਉਹਨਾਂ ਨੂੰ ਗਲਤ ਰਸਤੇ ਪਾ ਦਿੱਤਾ ਗਿਆ। ਉਹ ਨੌਂ ਵਜੇ ਘਰ ਪਹੁੰਚ ਸਕੇ। ਅਸੀਂ ਹਨੇਰੇ ਵਿੱਚ ਹੀ ਲਾੜੇ ਦੀ ਘੋੜ-ਚੜ੍ਹੀ ਕੀਤੀ। ਇਹ ਪਹਿਲੀ ਵਾਰ ਸੀ ਕਿ ਸਾਡੀ ਜਾਤੀ ਦੇ ਕਿਸੇ ਵਿਅਕਤੀ ਨੇ ਘੋੜੀ 'ਤੇ ਚੜ੍ਹਨ ਅਤੇ ਬੈਂਡ ਵਜਾਉਣ ਦੀ ਹਿੰਮਤ ਕੀਤੀ ਸੀ। ਟੈਂਟ ਵਾਲਿਆਂ ਨੇ ਛੂਤ-ਛਾਤ ਕਾਰਨ ਸਾਨੂੰ ਬਰਤਨ ਦੇਣ ਤੋਂ ਮਨ੍ਹਾ ਕਰ ਦਿੱਤਾ। ਜਿਸ ਕਾਰਨ ਬਹੁਤ ਪਰੇਸ਼ਾਨੀ ਹੋਈ। ਮਹਿਮਾਨਾਂ ਨੂੰ ਰੋਟੀ ਰਾਤ ਇੱਕ ਵਜੇ ਮਿਲ ਸਕੀ, ਉਹ ਵੀ ਪੱਤਲਾਂ 'ਤੇ।
ਬਿਹਾਰ ਦੇ ਜ਼ਿਲ੍ਹਾ ਮਧੂਬਨੀ ਦੇ ਪਿੰਡ ਲੋਹਨਾ ਦੀ ਸਮਾਜ ਸੇਵੀ ਸੰਸਥਾ ਲੋਕ ਸ਼ਕਤੀ ਦੀ ਆਗੂ ਅਮਿਰਕਾ ਦਾ ਕਹਿਣਾ ਹੈ ਕਿ ਅਸੀਂ ਤਾਂ ਨਾਮ ਵੀ ਚੰਗੇ ਨਹੀਂ ਰੱਖ ਸਕਦੇ। ਅਮਰਿਕਾ ਕਹਿੰਦੀ ਹੈ ਕਿ ਬ੍ਰਾਹਮਣਾਂ ਦੀ ਇੱਕ ਕੁੜੀ ਦਾ ਨਾਂ ਸੀ 'ਅਮਿਰਕਾ' ਦਾਦਾ ਜੀ ਨੂੰ ਇਹ ਨਾਂ ਚੰਗਾ ਲੱਗਿਆ ਅਤੇ ਉਹਨਾਂ ਮੇਰਾ ਨਾਮ ਵੀ ਅਮਿਰਕਾ ਰੱਖ ਦਿੱਤਾ। ਕੁਝ ਦਿਨਾਂ ਬਾਅਦ ਉੱਚ ਜਾਤੀਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੇਰਾ ਨਾਂ ਅਮਿਰਕਾ ਰੱਖ ਦਿੱਤਾ ਗਿਆ ਹੈ। ਉਹਨਾਂ ਮੇਰੇ ਦਾਦੇ ਨੂੰ ਤਲਬ ਕਰ ਲਿਆ ਅਤੇ ਪੁੱਛਿਆ, ''ਕੀ ਇਹ ਸੱਚ ਹੈ ਕਿ ਤੂੰ ਆਪਣੀ ਪੋਤੀ ਦਾ ਨਾਮ ਅਮਿਰਕਾ ਰੱਖਿਆ?'' ਦਾਦਾ ਜੀ ਨੇ ਕਿਹਾ, ''ਬੱਚੇ ਤਾਂ ਰੱਬ ਦੀ ਦੇਣ ਹੁੰਦੇ ਹਨ, ਫਿਰ ਤੁਸੀਂ ਇਸ ਨਾਮ 'ਤੇ ਇਤਰਾਜ਼ ਕਿਉਂ ਕਰ ਰਹੇ ਹੋ?'' ਦਾਦਾ ਜੀ ਨੂੰ ਬ੍ਰਾਹਮਣਾਂ ਦੀ ਖਰੀ ਖੋਟੀ ਸੁਣਨੀ ਪਈ ਅਤੇ ਮੇਰਾ ਨਾਂ ਬਦਲਣ ਦਾ ਹੁਕਮ ਸੁਣਾ ਦਿੱਤਾ। ਦਾਦਾ ਜੀ ਚੁੱਪ ਰਹੇ। ਚੁੱਪ ਨੂੰ ਹਾਂ ਸਮਝਕੇ ਪੰਚਾਇਤ ਖ਼ਤਮ ਕਰ ਦਿੱਤੀ ਗਈ। ਜਦੋਂ ਮੈਂ ਥੋੜ੍ਹੀ ਵੱਡੀ ਹੋਈ ਤਾਂ ਦਾਦਾ ਜੀ ਨੇ ਇਹ ਸਾਰੀ ਘਟਨਾ ਮੈਨੂੰ ਦੱਸੀ ਤੇ ਕਿਹਾ, ''ਬੇਟੀ ਮੈਂ ਉਸ ਵਕਤ ਤਹਿ ਕਰ ਲਿਆ ਸੀ ਕਿ ਤੇਰਾ ਨਾਂ ਨਹੀਂ ਬਦਲਾਂਗਾ, ਚਾਹੇ ਜੋ ਵੀ ਮਰਜੀ ਸਜ਼ਾ ਭੁਗਤਣੀ ਪਵੇ।'' ਸਿੰਟੇ ਵਜੋਂ ਅੱਜ ਮੇਰੇ ਪਿੰਡ ਵਿੱਚ ਬਹੁਤ ਸਾਰੀਆਂ ਕੁੜੀਆਂ ਦਾ ਨਾਂ ਅਮਿਰਕਾ ਹੈ।
ਮੈਂ ਜਦੋਂ ਛੋਟੀ ਸੀ ਤਾਂ ਇਹ ਪਤਾ ਨਹੀਂ ਸੀ ਕਿ ਛੂਤ-ਛਾਤ ਕੀ ਹੁੰਦੀ ਹੈ। ਜਦੋਂ ਵੱਡੀ ਹੋਈ ਤਾਂ ਉੱਚ-ਜਾਤੀ ਦੇ ਲੋਕਾਂ ਦੇ ਵਿਵਹਾਰ ਅਤੇ ਗਾਲੀ ਗਲੋਚ ਤੋਂ ਸਭ ਕੁਝ ਸਮਝ ਆਉਣ ਲੱਗਿਆ। ਕਈ ਵਾਰੀ ਮੈਂ ਉੱਚ ਜਾਤੀਆਂ ਦੀਆਂ ਕੁੜੀਆਂ ਨੂੰ ਸਵਾਲ ਕਰਦੀ ਕਿ ਜਦੋਂ ਅਨਾਜ ਬੀਜਿਆ ਜਾਂਦਾ ਹੈ ਤਾਂ ਵੀ ਤਾਂ ਸਾਡੇ ਹੱਥ ਲੱਗੇ ਹੁੰਦੇ ਹਨ। ਉਹਨਾਂ ਦਾ ਜਵਾਬ ਹੁੰਦਾ, 'ਕੱਚੀ ਚੀਜ਼ ਭਿੱਟੀ ਨਹੀਂ ਹੁੰਦੀ' ਪਲਟ ਕੇ ਮੈਂ ਕਹਿੰਦੀ ਪਿਸਾਈ ਸਮੇਂ ਤਾਂ ਅਨਾਜ ਕੱਚਾ ਨਹੀਂ ਹੁੰਦਾ ਤਾਂ ਇਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ। ਪਰ ਉਹ ਧੌਸ ਨਾਲ ਇਹ ਜ਼ਰੂਰ ਕਹਿੰਦੀਆਂ, '' ਨੀਵੀਂ ਜਾਤ ਦੀ ਹੋ ਕੇ ਵੱਡੀ ਗੱਲ ਨਾ ਕਰ। ਕਿਤੇ ਮਾਲਕਾਂ ਨੇ ਸੁਣ ਲਿਆ ਤਾਂ ਜ਼ੁਬਾਨ ਖਿੱਚ ਲੈਣਗੇ ਤੇਰੀ।''
ਰਾਂਚੀ ਦੀ ਪੱਤਰਕਾਰ ਯਾਮਨੀਬਾਰਲਾ ਦਾ ਕਹਿਣਾ ਹੈ ਕਿ ਸਵਰਨ ਤਾਂ ਸਵਰਨ ਹੁੰਦਾ ਹੈ ਭਾਵੇ ਉਹ ਕਿਸੇ ਵੀ ਪਾਰਟੀ ਵਿੱਚ ਹੋਵੇ। ਮੇਰਾ ਭਾਈ ਜਗਦੀਸ਼ ਪਾਰਟੀ ਦਾ ਕਾਰਡ ਹੋਲਡਰ ਸੀਂ। ਉਹ ਘਰੇਲੂ ਜੁਮੇਵਾਰੀਆ ਕਾਰਨ ਪਾਰਟੀ ਛੱਡ ਕੇ ਮਿਹਨਤ ਮਜ਼ਦੂਰੀ ਕਰਨ ਲੱਗ ਪਿਆ। ਜਿਸ ਕਾਰਨ ਉਸ ਦਾ ਪਾਰਟੀ ਕੰਮਾਂ ਵਿੱਚ ਜਾਣਾ ਘੱਟ ਹੋ ਗਿਆ। ਇੱਕ ਦਿਨ ਬੁਗੇਂਦਰ ਝਾਅ ਜਦੋਂ ਪਿੰਡ ਵਿੱਚ ਆਇਆ ਤਾਂ ਭਰਾ ਨੂੰ ਬੁਲਾਇਆ ਗਿਆ, ਪਰ ਭਰਾ ਕੰਮ 'ਚ ਉਲਝਿਆ ਹੋਣ ਕਾਰਨ ਉੱਥੇ ਜਾ ਨਾ ਸਕਿਆ। ਦੂਜੇ ਦਿਨ ਬ੍ਰਾਹਮਣਾਂ ਦੇ ਮੁਹੱਲੇ ਚੋਰੀ ਹੋ ਗਈ, ਬੁਗੇਂਦਰ ਝਾਅ ਫਿਰ ਆਏ, ਇਸ ਵਾਰ ਉਹ ਵੱਡੇ ਬਾਬੂ ਪੁਲਿਸ ਦਰੋਗੇ ਨੂੰ ਨਾਲ ਲੈ ਕੇ ਆਏ ਸਨ। ਦਰੋਗੇ ਨੂੰ ਨਾਲ ਲੈ ਕੇ ਨੇਤਾ ਜੀ ਸਾਡੀ ਫੂਸ ਦੀ ਝੌਂਪੜੀ ਵਿੱਚ ਆ ਵੜੇ। ਭਾਈ ਦੂਰ 'ਮਖਾਨੇ' ਦੇ ਤਲਾਬ 'ਤੇ ਕੰਮ ਕਰਨ ਗਿਆ ਹੋਇਆ ਸੀ। 
ਮੈਂ ਉਸ ਸਮੇਂ 15 ਸਾਲ ਦੀ ਸੀ ਤੇ ਮੇਰੀ ਭੈਣ 14 ਸਾਲ ਦੀ। ਉਹਨਾਂ ਦੀਆਂ ਵਹਿਸ਼ੀ ਨਜ਼ਰਾਂ ਦੇਖ ਕੇ ਅਸੀਂ ਘਬਰਾ ਗਈਆਂ ਅਤੇ ਪਿਛਲੇ ਘਰ ਵਿੱਚ ਜਾ ਕੇ ਲੁਕ ਗਈਆਂ। ਦਾਦਾ-ਦਾਦੀ ਨੇ ਕਿਹਾ ਜਗਦੀਸ਼ ਘਰ ਨਹੀਂ ਰਾਤ ਹੋਣ ਵਾਲੀ ਹੈ ਇਸ ਲਈ ਤੁਸੀਂ ਕੱਲ ਆਇਉ। ਪਰ ਦਰੋਗੇ ਤੇ ਨੇਤਾ ਦੀ ਨੀਅਤ ਸਾਫ਼ ਨਹੀਂ ਸੀ। ਰਾਤ ਨੂੰ ਉਹ ਜਬਰ ਦਸਤੀ ਸਾਡੇ ਘਰ ਹੀ ਰਹਿ ਗਏ। ਨੇਤਾ ਨੇ ਮੀਟ ਤੇ ਸ਼ਰਾਬ ਮੰਗਵਾਈ। ਮੇਰੀ ਦਾਦੀ ਤੇ ਮਾਂ ਉਹਨਾਂ ਦੀ ਨੀਅਤ ਸਮਝ ਗਈਆਂ। ਦੋਵਾਂ ਨੇ ਗੰਡਾਸੇ ਤਿਆਰ ਕਰ ਲਏ ਅਤੇ ਦਰਵਾਜ਼ੇ ਕੋਲ ਬੈਠ ਗਈਆਂ। ਮਾਂ ਤੇ ਦਾਦੀ ਨੇ ਗੰਡਾਸੇ ਲੁਕੋ ਕੇ ਰੱਖ ਲਏ। ਦਰੋਗੇ ਨੇ ਮਾਂ ਤੇ ਦਾਦੀ ਨੂੰ ਸੌਣ ਲਈ ਕਿਹਾ। ਦਾਦੀ ਤੇ ਮਾਂ ਨੇ ਮਿੱਟੀ ਦੇ ਤੇਲ ਦਾ ਦੀਵਾ ਜਲਾ ਕੇ ਰੱਖ ਲਿਆ। ਬਾਹਰ ਬਿਲਕੁਲ ਘੁੱਪ ਹਨੇਰਾ ਸੀ। ਅੱਧੀ ਰਾਤ ਨੂੰ ਦਰੋਗਾ ਤੇ ਨੇਤਾ ਸਾਡੀ ਝੌਪੜੀ ਅੰਦਰ ਵੜਨ ਦੀ ਕੋਸ਼ਿਸ਼ ਕਰਨ ਲੱਗੇ। ਮਾਂ ਤੇ ਦਾਦੀ ਨੇ ਗੰਡਾਸੇ ਉਠਾਏ ਤੇ ਲਲਕਾਰਿਆ...। ਫਿਰ ਉਹ ਦੋਨੋਂ ਭੱਜ ਕੇ ਕਿਸੇ ਹੋਰ ਦੇ ਘਰ ਚਲੇ ਗਏ। ਅਸੀਂ ਮਾਂ ਤੇ ਦਾਦੀ ਇਸ ਘਟਨਾ ਤੋਂ ਬਾਅਦ ਸਾਰੀ ਰਾਤ ਸੌਂ ਨਹੀਂ ਸਕੀਆਂ। 
ਸਵੇਰੇ ਪੰਚਾਇਤ ਹੋਈ, ਗੱਲ ਉੱਪਰ ਪਹੁੰਚਣ ਦੇ ਡਰੋਂ ਅਤੇ ਹਾਈਕਮਾਨ ਤੱਕ ਸ਼ਿਕਾਇਤ ਪਹੁੰਚਣ ਦੇ ਡਰੋਂ ਦੋਵਾਂ ਨੇ ਸਭ ਦੇ ਸਾਹਮਣੇ ਮੁਆਫ਼ੀ ਮੰਗ ਲਈ। ਪ੍ਰੰਤੂ ਇਸ ਘਟਨਾ ਤੋਂ ਬਾਅਦ ਬਸਤੀ 'ਤੇ ਕੋਈ ਨਾ ਕੋਈ ਮੁਸੀਬਤ ਆਉਂਦੀ ਰਹੀ। ਇੱਕ ਦਿਨ ਪਿੰਡ ਦੇ ਦਲਿਤ ਲੋਕ ਪਟਨਾ ਜੰਕਸ਼ਨ ਪਹੁੰਚੇ, ਇੱਥੋਂ ਉਹਨਾਂ ਨੇ ਮਜ਼ਦੂਰੀ ਕਰਨ ਲਈ ਪੰਜਾਬ ਜਾਣਾ ਸੀ। ਪਿੰਡ ਦੇ ਜ਼ਿਮੀਂਦਾਰ ਦੇ ਘਰ ਚੋਰੀ ਕਰਨ ਦੇ ਦੋਸ਼ ਹੇਂਠ ਸਾਰਿਆਂ ਨੂੰ ਪਲੇਟਫਾਰਮ ਤੋਂ ਗ੍ਰਿਫਤਾਰ ਕਰ ਲਿਆ ਗਿਆ। ਅਸੀਂ 'ਸਹਿਕਾਰੀ ਬੈਂਕ ' ਵਿੱਚੋਂ 1100 ਰੁਪਏ ਕਰਜਾ ਲੈ ਕੇ ਉਹਨਾਂ ਨੂੰ ਜੇਲ੍ਹ ਤੋਂ ਛੁਡਵਾਇਆ।
ਗਯਾ ਜ਼ਿਲ੍ਹੇ ਦੇ ਪਿੰਡ ਸੇਖਵਾਰਾ ਦੀ ਕੁੰਤੀ ਤੂਇਨੀ ਕਹਿੰਦੀ ਹੈ ਕਿ ਪਿੰਡ ਦੇ ਉੱਚ ਜਾਤੀ ਲੋਕ ਦਲਿਤਾਂ ਨੂੰ ਪਿੰਡ ਦੇ ਮੰਦਿਰ ਵਿੱਚ ਪੂਜਾ ਨਹੀ ਕਰਨ ਦਿੰਦੇ। ਮੈਨੂੰ ਇਹ ਗੱਲ ਪਸੰਦ ਨਾ ਆਈ। ਮੈਂ ਆਪਣੇ ਨਾਲ ਦਲਿਤ ਔਰਤਾਂ ਨੂੰ ਲਿਆ ਅਤੇ ਮੰਦਿਰ ਵਿੱਚ ਪੂਜਾ ਕਰਨ ਲਈ ਚੱਲ ਪਈ। ਪਿੰਡ ਵਿੱਚ ਸਨਸਨੀ ਫੈਲ ਗਈ। ਉੱਚ ਜਾਤੀ ਦੇ ਮਰਦਾਂ ਨੇ ਮੰਦਿਰ ਨੂੰ ਚਾਰੇ-ਪਾਸੇ ਤੋਂ ਘੇਰ ਲਿਆ। ਅਸੀਂ ਹਿੰਮਤ ਨਾਲ ਉਹਨਾਂ ਦਾ ਘੇਰਾ ਤੋੜਿਆ ਤੇ ਮੰਦਿਰ ਵਿੱਚ ਪ੍ਰਵੇਸ਼ ਕਰ ਗਈਆ। ਉੱਚ ਜਾਤੀਆਂ ਦੀਆਂ ਔਰਤਾਂ ਰੋਕਣ ਆਈਆਂ, ਪਰ ਸਾਡਾ ਗੁੱਸਾ ਦੇਖ ਕੇ ਉਹਨਾਂ 'ਚ ਕੋਈ ਵੀ ਅੱਗੇ ਨਾ ਆਈ। ਇਸ ਤਰਾਂ ਦਲਿਤਾਂ ਨੇ ਪਿੰਡ ਦੇ ਮੰਦਰ 'ਚ ਪਹਿਲੀਵਾਰ ਪ੍ਰਵੇਸ਼ ਕੀਤਾ।  
ਬਿਹਾਰ ਤੋਂ ਪੰਚਾਇਤ ਸੰਮਤੀ ਮੈਂਬਰ ਤਿਲਿਆ ਕਹਿੰਦੀ ਹੈ ਕਿ ਭਾਰਤੀ ਸਮਾਜ ਵਿੱਚ ਜਨਮ ਲੈਂਦਿਆਂ ਹੀ ਵਿਅਕਤੀ ਦੀ ਜਾਤ ਤੈਅ ਹੋ ਜਾਂਦੀ ਹੈ। ਦਲਿਤ ਸਮਾਜ ਵਿੱਚ ਜਨਮ ਲੈਣ ਦਾ ਮਤਲਬ ਹੈ, ਮਾਨਵੀ ਸਨਮਾਨ ਤੋਂ ਵੰਚਿਤ ਹੋ ਜਾਣਾ। ਦਲਿਤ ਔਰਤ ਤਾਂ ਬਾਹਰੀ ਸਨਮਾਨ ਦੇ ਨਾਲ ਨਾਲ ਘਰੇਲੂ ਸਨਮਾਨ ਤੋਂ ਵੀ ਵੰਚਿਤ ਰਹਿੰਦੀ ਹੈ। ਫਿਰ ਦਲਿਤ ਔਰਤ ਦਾ ਜਨਰਲ ਸੀਟ 'ਤੇ ਜਿੱਤਣਾ ਤਾਂ ਵੈਸੇ ਹੀ ਚਮਤਕਾਰ ਹੈ ਕਿਉਂਕਿ ਭਾਰਤੀ ਸਮਾਜ ਦੀ ਇੱਕ ਬਹੁਤ ਵੱਡੀ ਤ੍ਰਾਸਦੀ ਹੈ ਇੱਥੇ ਕੁੱਤੇ, ਬਿੱਲੀ ਨੂੰ ਹੱਥ ਲੱਗਣ ਨਾਲ ਕੁਝ ਨਹੀਂ ਹੁੰਦਾ ਪਰ ਇੱਕ ਆਦਮੀ ਦਾ ਹੱਥ ਲੱਗਣ ਨਾਲ ਆਦਮੀ ਅਪਵਿੱਤਰ ਹੋ ਜਾਂਦਾ ਹੈ। ਦਲਿਤ ਔਰਤ ਦਾ ਅਰਥ ਹੈ-ਭੋਗਣ ਦੀ ਵਸਤੂ। ਇਸ ਨੂੰ ਵਰਤੋ ਅਤੇ ਬਾਅਦ 'ਚ ਪਿੰਡ ਤੋਂ ਦੂਰ ਕਿਸੇ ਕੋਨੇ ਵਿੱਚ ਸੁੱਟ ਦਿਉ। 
ਤਿਲਿਆ ਕਹਿੰਦੀ ਹੈ ਕਿ ਜਦੋਂ ਉਹ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਜਾਂਦੇ ਦੇਖਦੀ ਤਾਂ ਪਿਤਾ ਜੀ ਸਾਹਮਣੇ ਆਪਣੀ ਸਕੂਲ ਜਾਣ ਦੀ ਇੱਛਾ ਪ੍ਰਗਟ ਕਰਦੀ। ਪਰ ਪਿਤਾ ਜੀ ਜਵਾਬ ਦਿੰਦੇ ਕਿ ਤੇਰਾ ਸਕੂਲ ਵੱਲ ਦੇਖਣਾ ਵੀ ਮਨ੍ਹਾਂ ਹੈ। ਸਾਡੇ ਕਰਮਾਂ ਵਿੱਚ ਲੋਕਾਂ ਦੇ ਘਰਾਂ 'ਚ ਮਜ਼ਦੂਰੀ ਕਰਨਾ ਲਿਖਿਆ ਹੈ। ਘਰ ਦਾ ਖਰਚਾ ਮੁਸ਼ਕਿਲ ਨਾਲ ਚਲਦਾ ਸੀ। ਇਸ ਲਈ ਅਸੀਂ ਪਿਤਾ ਜੀ ਨਾਲ ਉੱਚ ਜਾਤੀਆਂ ਦੇ ਘਰੀ ਮਜ਼ਦੂਰੀ ਕਰਦੀਆ।
ਮੈਂ ਇਕ ਸੰਗਠਨ ਨਾਲ ਜੁੜ ਗਈ। ਜ਼ਮੀਨੀ ਕਬਜ਼ੇ, ਤਾਲਾਬ ਉੱਤੇ ਮਜ਼ਦੂਰੀ ਨੂੰ ਲੈ ਕੇ ਸੰਘਰਸ਼ ਤੇਜ਼ ਹੋਣ ਲੱਗਿਆ। ਤਿਲਿਆ ਨੂੰ ਰੁਕਦਿਆਂ ਨਾ ਦੇਖ ਕੇ ਪਿੰਡ ਦੇ ਅਮੀਰ ਧਨਾਡ ਲੋਕਾਂ 'ਚ ਬੁਖਲਾਹਟ ਹੋਣ ਲੱਗ ਪਈ। ਉਹਨਾਂ ਨੇ ਤਿਲਿਆ ਨੂੰ ਪਿੰਡੋਂ ਕੱਢ ਦਿੱਤਾ। ਪਰ ਤਿਲਿਆ ਹਾਰੀ ਨਹੀਂ। ਉਹ ਪੇਕੇ ਆ ਗਈ। ਉਸ ਬੇਘਰੇ ਲੋਕ ਇਕੱਠੇ ਕੀਤੇ ਅਤੇ ਦਰਭੰਗਾ ਆ ਰਾਜੇ ਦੀ ਜ਼ਮੀਨ 'ਤੇ ਦਲਿਤ ਬਸਤੀ ਵਸਾ ਦਿੱਤੀ। ਤਿਲਿਆ ਕਹਿੰਦੀ ਹੈ ਕਿ ਸਦੀਆਂ ਤੋਂ ਚੱਲਿਆ ਆ ਰਿਹਾ ਸਮਾਜਿਕ ਅਨਿਆਂ ਇੰਨੀ ਜਲਦੀ ਖ਼ਤਮ ਹੋਣ ਵਾਲਾ ਨਹੀਂ, ਪਰ ਫਿਰ ਵੀ ਕੋਈ ਵੀ ਕੰਮ ਅਸੰਭਵ ਨਹੀਂ ਹੈ।
ਉਦੈਪੁਰ, ਦੇ ਘਰੀਆਵਦ ਪਿੰਡ ਦੀ ਭੰਵਰੀ ਬਾਈ ਕਹਿੰਦੀ ਹੈ ਕਿ ਮੇਰੀ ਸਕੂਲ ਜਾਣ ਦੀ ਬੜੀ ਇੱਛਾ ਸੀ, ਪਰ ਕਿਸੇ ਵੀ ਸਕੂਲ ਨੇ ਮੈਨੂੰ ਦਾਖਲ ਨਾ ਕੀਤਾ। ਮੈਂ ਸਾਰਾ ਦਿਨ ਜਿਮੀਂਦਾਰਾਂ ਦੇ ਊਠ ਚਰਾਉਂਦੀ ਪਰ ਊਠਾਂ ਨੂੰ ਦਰੱਖਤਾਂ ਨਾਲ ਬੰਨ੍ਹ ਕੇ ਮੈਂ ਸਕੂਲ ਦੇ ਬੱਚਿਆਂ ਕੋਲ ਚਲੀ ਜਾਂਦੀ। ਪਰ ਮੇਰੇ ਨਾਲ ਨਾ ਕੋਈ ਗੱਲ ਕਰਦਾ ਅਤੇ ਨਾ ਹੀ ਕੋਲ ਬੈਠਣ ਦਿੰਦਾ। ਮੈਂ ਪਰ੍ਹੇ ਹੋ ਕੇ ਬੈਠ ਜਾਂਦੀ। ਮਾਸਟਰ ਜੀ ਮੇਰੇ ਨਾਲ ਛੂਤ-ਛਾਤ ਕਰਦਾ ਸੀ ਅਤੇ ਬੱਚਿਆਂ ਨੂੰ ਵੀ ਕਹਿੰਦਾ ਸੀ ਕਿ ਮੇਰੇ ਤੋਂ ਦੂਰ ਹੋ ਕੇ ਗੱਲ ਕਰਿਆ ਕਰਨ। ਦੂਜੇ ਬੱਚਿਆਂ ਨਾਲ ਜਦੋਂ ਮੈਂ ਮਾਸਟਰ ਕੋਲ ਜਾਂਦੀ ਤਾਂ ਉਹ ਮੈਨੂੰ ਡਾਂਟ ਕੇ ਕਹਿੰਦਾ, ''ਤੂੰ ਤਾਂ ਮੰਗ ਕੇ ਵੀ ਖਾ ਲਵੇਂਗੀ, ਦੂਜੇ ਬੱਚਿਆਂ ਨੂੰ ਪੜ੍ਹਨ ਦੇ।'' ਜੇਕਰ ਮੈਂ ਇਕੱਲੀ ਮਾਸਟਰ ਕੋਲ ਜਾਂਦੀ ਤਾਂ ਉਹ ਮੇਰੇ ਨਾਲ ਛੇੜਖਾਨੀ ਕਰਦਾ। ਇਹ ਗੱਲ ਮੈਂ ਆਪਣੇ ਬਾਪ ਨੂੰ ਵੀ ਨਹੀਂ ਦੱਸਦੀ ਸੀ। ਕਿਉਂਕਿ ਜੇਕਰ ਦੱਸਦੀ ਤਾਂ ਉਸ ਮੈਨੂੰ ਸਕੂਲੋਂ ਹਟਾ ਲੈਂਣਾ ਸੀ। ਇਸ ਤਰ੍ਹਾਂ ਮੇਰੇ ਲਈ ਪੜ੍ਹਨਾ ਨੰਗੀ ਤਲਵਾਰ 'ਤੇ ਚੱਲਣ ਦੇ ਬਰਾਬਰ ਸੀ। ਇਸ ਸਭ ਦੇ ਬਾਵਜੂਦ ਵੀ ਮੈਂ ਤੀਜੀ ਕਲਾਸ ਤੱਕ ਹਿੰਦੀ ਬਹੁਤ ਚੰਗੀ ਤਰ੍ਹਾਂ ਪੜ੍ਹਨੀ ਸਿੱਖ ਲਈ ਸੀ। 
ਸੱਤ ਸਾਲ ਦੀ ਉਮਰ 'ਚ ਮੇਰਾ ਵਿਆਹ ਹੋ ਗਿਆ। ਮੈਂ ਸਿਰਫ਼ 8 ਸਾਲ ਦੀ ਸੀ ਜਦੋ ਵਿਧਵਾ ਹੋ ਗਈ। ਪਤੀ ਦੀ ਮੌਤ 'ਤੇ ਮੇਰੇ ਮਾਂ ਬਾਪ ਮੈਨੂੰ ਮੇਰੇ ਸਹੁਰੇ ਪਿੰਡ ਲੈ ਕੇ ਗਏ। ਉੱਥੇ ਮੈਂ ਤਕਰੀਬਨ 12 ਦਿਨ ਰਹੀ। ਮੈਨੂੰ ਰੋਣ ਲਈ ਬਾਰ ਬਾਰ ਕਿਹਾ ਗਿਆ ਪਰ ਮੈਂ ਕਹਿੰਦੀ ਮੈਂ ਕਿਉਂ ਰੋਵਾਂ? ਛੋਟੇ-ਛੋਟੇ ਬੱਚੇ ਮੈਨੂੰ ਦੇਖਣ ਆਉਂਦੇ ਤੇ ਕਹਿੰਦੇ ਇਸ ਦਾ ਪਤੀ ਮਰ ਗਿਆ। ਮੈਂ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੀ। ਮੇਰਾ ਬੱਚਿਆਂ ਨਾਲ ਖੇਡਣ ਨੂੰ ਦਿਲ ਕਰਦਾ ਪਰ ਮੈਂ ਖੇਡ ਵੀ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਘਰ ਦੇ ਇੱਕ ਕੋਨੇ 'ਚ ਬੈਠ ਕੇ ਰੋਣ ਲਈ ਕਿਹਾ ਜਾਂਦਾ ਸੀ।
ਪਿੰਡ ਨੂਰਿਆਵਾਸ ਮੇਰਾ ਦੂਜਾ ਵਿਆਹ ਕਰ ਦਿੱਤਾ ਗਿਆ। ਪਤੀ ਮੇਰੇ ਨਾਲ ਹਮੇਸ਼ਾ ਜ਼ਬਰਦਸਤੀ ਕਰਦਾ, ਮੈਂ ਸਾਰੀ ਰਾਤ ਰੋਂਦੀ ਰਹਿੰਦੀ। ਗੁਆਂਢੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਆ ਕੇ ਮੈਨੂੰ ਹੀ ਬੁਰਾ-ਭਲਾ ਕਹਿੰਦੇ।  ਮੈਨੂੰ ਇੰਝ ਲੱਗਦਾ ਜਿਵੋਂ ਹਰ ਰੋਜ਼ ਮੇਰਾ 'ਬਲਾਤਕਾਰ' ਹੋ ਰਿਹਾ ਹੋਵੇ। ਇਸ ਕਰਕੇ ਮੇਰਾ ਆਪਣੇ ਪਤੀ ਨੂੰ ਮਾਰ ਦੇਣ ਦਾ ਮਨ ਕਰਦਾ ਜਾਂ ਫਿਰ ਆਤਮ ਹੱਤਿਆ ਕਰਨ ਨੂੰ ਮਨ ਕਰਦਾ ਫਿਰ ਵੀ ਪਤਾ ਨਹੀਂ ਕਿਸ ਕਾਰਨ ਜਿਉਂਦੀ ਰਹਿ ਗਈ।
ਕਈ ਵਾਰ ਤਾਂ ਰਾਤ ਨੂੰ 8 ਤੋਂ 12 ਵਜੇ ਤੱਕ ਸਾਨੂੰ ਸਵਰਨ ਲੋਕਾਂ ਦੇ ਘਰਾਂ ਵਿੱਚ ਸਮਾਨ ਢੋਣ ਵੀ ਜਾਣਾ ਪੈਂਦਾ ਸੀ। ਉਹ ਲੋਕ ਮੇਰੇ ਨਾਲ ਛੇੜਖਾਨੀ ਕਰਦੇ ਤੇ ਬਲਾਤਕਾਰ ਦੀ ਕੋਸ਼ਿਸ਼ ਕਰਦੇ। ਮੈਂ ਘਰ ਦੱਸਦੀ ਤਾਂ ਸੱਸ ਕਹਿੰਦੀ ਤੂੰ ਮੌਕਾ ਨਾ ਦੇ, ਵੱਡੇ ਲੋਕਾਂ ਦਾ ਤਾਂ ਇਸ ਤਰ੍ਹਾਂ ਦਾ ਸ਼ੁਗਲ ਹੁੰਦਾਂ ਹੀ ਹੈ। ਪਿੰਡ ਵਿੱਚ ਇਸ ਤਰ੍ਹਾਂ ਦੀ ਬਦਸਲੂਕੀ ਤੋਂ ਤੰਗ ਆ ਕੇ ਕਈ ਔਰਤਾਂ ਆਤਮ-ਹੱਤਿਆ ਕਰ ਚੁੱਕੀਆਂ ਸਨ। ਪਰ ਕਿਸੇ ਨੇ ਵੀ ਇਹ ਹਿੰਮਤ ਨਹੀਂ ਕੀਤੀ ਕਿ ਉਹ ਇਹਨਾਂ ਉੱਚੀ ਜਾਤ ਵਾਲਿਆਂ ਦੇ ਜੁਲਮ ਦਾ ਵਿਰੋਧ ਕਰਨ। ਪਿੰਡ ਦੇ ਨੰਬਰਦਾਰ, ਪਟੇਲ, ਪੰਚ ਸਾਰੇ ਇਸ ਤਰ੍ਹਾਂ ਕਰਦੇ ਸਨ। ਉੱਚੀ ਜਾਤ ਦੇ ਲੋਕਾਂ ਨੂੰ ਬਲਾਤਕਾਰ ਦੀ ਸਜ਼ਾ ਸਿਰਫ ਇੰਨੀ ਸੀ ਕਿ ਕਬੂਤਰਾਂ ਨੂੰ ਦਾਣਾ ਖਿਲਾ ਦੇਣ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਪਾਪ ਕੀਤਾ ਹੈ ਤਾਂ ਧਰਮ ਦਾ ਕੰਮ ਕਰ ਲਉ, ਪਾਪ ਉਤਰ ਜਾਵੇਗਾ।
ਸਰਕਾਰ ਦੀ ਬਾਲਗ ਸਿੱਖਿਆ ਸਕੀਮ ਆਈ ਤਾਂ ਮੈਂ ਬਾਲਗ ਸਿੱਖਿਆ ਕੇਂਦਰ ਚਲਾਉਣ ਲੱਗੀ। ਦਿਨੇ ਮੈਂ ਮਜ਼ਦੂਰੀ ਕਰਦੀ, ਰਾਤ ਨੂੰ 8 ਤੋਂ 10 ਵਜੇ ਤੱਕ ਕਲਾਸ ਲੈਂਦੀ ਜਿਸ ਵਿੱਚ ਪਿੰਡ ਦੀਆਂ ਕੁੜੀਆਂ ਤੇ ਔਰਤਾਂ ਪੜ੍ਹਨ ਆਉਂਦੀਆਂ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਪੁਸ਼ਕਰ ਵਿੱਚ ਬੱਚਿਆਂ ਦੀ ਪ੍ਰਤੀਯੋਗਿਤਾ ਕਰਾਈ। ਜਿਸ ਵਿੱਚ ਮੇਰੇ ਸਕੂਲ ਦੇ ਬੱਚੇ ਦੂਜੇ ਸਥਾਨ 'ਤੇ ਰਹੇ। ਪਰ ਉੱਚ ਜਾਤੀਆਂ ਨੂੰ ਸ਼ੁਰੂ ਤੋਂ ਹੀ ਮੇਰਾ ਇਹ ਕੰਮ ਚੰਗਾ ਨਹੀਂ ਲੱਗਦਾ ਸੀ ਕਿ ਉਹਨਾਂ ਦੇ ਬੱਚਿਆਂ ਨੂੰ ਇਕ ਦਲਿਤ ਔਰਤ ਪੜ੍ਹਾਵੇ। ਇਸ ਲਈ ਉੁਹ ਮੇਰੇ ਸਕੂਲ ਨੂੰ ਬੰਦ ਕਰਾਉਣ ਲਈ ਕੋਈ ਨਾ ਕੋਈ ਬਹਾਨਾ ਭਾਲਦੇ ਰਹਿੰਦੇ। ਉਹ ਮੈਨੂੰ ਕਈ ਤਰਾਂ ਤੰਗ ਪਰੇਸ਼ਾਨ ਕਰਦੇ। ਪਹਿਲਾਂ ਮੈਂ ਆਪਣੇ ਘਰ ਦੇ ਸਾਹਮਣੇ ਹੀ ਪੜ੍ਹਾਉਂਦੀ ਸੀ। ਫਿਰ ਵਿਰੋਧ ਵਧਣ ਤੋਂ ਬਾਅਦ ਮੈਂ ਪਟਵਾਰਖਾਨੇ ਪੜ੍ਹਾਉਣ ਲੱਗੀ ਪਈ।
ਪਟਵਾਰਖਾਨੇ ਦੇ ਕੋਲ ਨਲਕਾ ਸੀ। ਪਰ ਉਸ ਤੋਂ ਦਲਿਤ ਬੱਚੇ ਪਾਣੀ ਨਹੀਂ ਪੀ ਸਕਦੇ ਸਨ। ਇਕ ਦਿਨ ਮੈਂ ਆਪਣੀ ਨਵੀਂ ਚੁੰਨੀ ਕਿੱਲੀ 'ਤੇ ਟੰਗ ਕੇ ਕਿਹਾ ਕਿ ਮੈਂ ਪਾਣੀ ਭਰਨ ਜਾ ਰਹੀ ਹਾਂ, ਜੇਕਰ ਮਰ ਗਈ ਤਾਂ ਕਫ਼ਨ ਪਾ ਦੇਣਾ। ਘਰ ਵਾਲੇ ਮੈਨੂੰ ਰੋਕਦੇ ਰਹੇ ਪਰ ਮੈਂ ਨਹੀਂ ਰੁਕੀ। ਮੈਂ ਦੋ ਘੜੇ ਲੈ ਕੇ ਗਈ। ਉੱਚ ਜਾਤੀਆਂ ਦੀਆਂ ਪੰਜ ਔਰਤਾਂ ਨੇ ਮੇਰੇ 'ਤੇ ਹਮਲਾ ਕਰਕੇ ਮੈਨੂੰ  ਲੱਤਾਂ ਮਾਰ ਮਾਰ ਕੇ ਕੁੱਟਿਆ। ਮੈਂ ਥਾਣੇ ਗਈ ਅਤੇ ਔਰਤਾਂ ਦੇ ਖਿਲਾਫ ਰਿਪੋਰਟ ਲਿਖਵਾਈ। ਪ੍ਰਸ਼ਾਸ਼ਨ ਨੇ ਬੀ. ਡੀ. ਪੀ. ਓ ਨੂੰ ਨਵਾਂ ਨਲਕਾ ਲਗਾਉਣ ਲਈ ਕਿਹਾ। ਦੂਜਾ ਨਲਕਾ ਵੀ ਉੱਚ ਜਾਤੀਆਂ ਨੇ ਆਪਣੇ ਪਾਸੇ ਲਗਵਾ ਲਿਆ। ਸਾਰੇ ਪਿੰਡ ਦੇ ਖੂਹ ਵੀ ਉੱਚ ਜਾਤੀਆਂ ਦੇ ਕਬਜ਼ੇ ਵਿੱਚ ਸਨ। ਮੈਂ ਫਿਰ ਉਸੇ ਨਲਕੇ ਤੋਂ ਪਾਣੀ ਭਰਨ ਲੱਗੀ। ਉੱਚ ਜਾਤੀਏ ਰੋਜ਼ ਮੈਨੂੰ ਡਰਾਉਂਦੇ, ਪਰ ਮੈਂ ਨਹੀਂ ਡਰੀ। ਮੈਨੂੰ ਨੀਵਾਂ ਦਿਖਾਉਣ ਲਈ ਉਹ ਮੇਰੇ ਪਾਣੀ ਭਰਨ ਤੋਂ ਬਾਅਦ ਨਲਕੇ ਨੂੰ ਮਿੱਟੀ ਤੇ ਰਾਖ ਨਾਲ ਮਾਂਜਦੇ ਸਨ। ਅੰਤ ਉੱਚ ਜਾਤੀਆਂ ਨੇ ਮੇਰੇ 'ਤੇ ਝੂਠਾ ਦੋਸ਼ ਲਾਇਆ ਗਿਆ ਕਿ ਮੈਂ ਪਿੰਡ ਦਾ ਨਲਕਾ ਭਿੱਟ ਦਿੱਤਾ ਹੈ। ਹਮਲਾ ਕਰਕੇ ਉਹਨਾਂ ਮੇਰੇ ਘਰ ਦਾ ਸਾਰਾ ਸਮਾਨ ਤੋੜ ਦਿੱਤਾ। 
ਇੱਕ ਦਿਨ ਮੇਰੀ ਗੈਰ ਹਾਜ਼ਰੀ 'ਚ ਮੇਰੀ ਵੱਡੀ ਲੜਕੀ ਪਿੰਡ ਤੋਂ ਬਾਹਰ ਜਾ ਰਹੀ ਸੀ ਤਾਂ ਸਵਰਨਾਂ ਦੇ ਲੜਕੇ ਨੇ ਉਸ ਨਾਲ ਬਲਾਤਕਾਰ ਕੀਤਾ। ਉਸ ਸਮੇਂ ਉਹ 9 ਸਾਲ ਦੀ ਸੀ। ਇਸ ਘਟਨਾ ਦੇ ਸਦਮੇ ਕਾਰਨ ਮੇਰੀ ਬੇਟੀ ਪਾਗਲ ਹੋ ਗਈ। ਮੈਂ ਰਿਪੋਰਟ ਲਿਖਾਉਣ ਜਾ ਰਹੀ ਸੀ ਤਾਂ ਪਿੰਡ ਵਾਲਿਆਂ ਰੋਕ ਕੇ ਮੇਰੇ ਨਾਲ ਵਾਅਦਾ ਕੀਤਾ ਕਿ ਤੂੰ ਰਿਪੋਰਟ ਨਾ ਲਿਖਾ। ਲੜਕੀ ਦੀ ਇੱਜ਼ਤ ਦਾ ਸਵਾਲ ਹੈ। ਅਸੀਂ ਉਸ ਲੜਕੇ ਨੂੰ ਸਜ਼ਾ ਦੇਵਾਂਗੇ। ਰਾਤ ਨੂੰ ਪੰਚਾਇਤ ਹੋਈ, ਮੇਰੀ ਲੜਕੀ ਨੇ ਆਪਣੀ ਸਾਰੀ ਕਹਾਣੀ ਸੁਣਾਈ। ਉਲਟੇ ਪਿੰਡ ਵਾਲਿਆਂ ਮੇਰੇ 'ਤੇ ਹੀ ਝੂਠਾ ਦੋਸ਼ ਲਾ ਦਿੱਤਾ ਕਿ ਮੈਂ ਝੂਠ ਬੋਲ ਰਹੀ ਹਾਂ। ਸਾਨੂੰ ਕੋਈ ਇਨਸਾਫ਼ ਨਾ ਮਿਲਿਆ।
ਭੰਵਰੀ ਬਾਈ ਕਹਿੰਦੀ ਹੈ ਕਿ ਪਹਿਲੀ ਵਾਰ 14 ਅਪ੍ਰੈਲ 1989 ਨੂੰ ਸਾਡੇ ਪਿੰਡ ਡਾਕਟਰ ਅੰਬੇਡਕਰ ਜੈਯੰਤੀ ਮਨਾਈ ਗਈ। ਪ੍ਰੋਗਰਾਮ ਵਿੱਚ ਇੱਕ ਕਾਂਗਰਸ ਦਾ ਨੇਤਾ ਤੇ ਇੱਕ ਬੋਧੀ ਔਰਤ ਸੁਮਨ ਵੀ ਆਈ। ਲੋਕਾਂ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਬੁਲਾਰਿਆਂ ਨੇ ਅੰਬੇਡਕਰ ਦੇ ਜੀਵਨ 'ਤੇ ਖੁੱਲ੍ਹ ਕੇ ਚਾਨਣਾ ਪਾਇਆ। ਛੂਤ-ਛਾਤ ਨੂੰ ਗਲਤ ਦੱਸਦਿਆਂ ਦਲਿਤਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਇਹਨਾਂ ਗੱਲਾਂ ਤੋਂ ਉੱਚ ਜਾਤੀਏ ਔਖੇ ਹੋ ਗਏ। ਉਹਨਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਮੇਰੀ ਲੜਕੀ ਦਾ ਸਿਰ ਭੰਨ ਦਿੱਤਾ। ਮੇਰੇ ਘਰ 'ਤੇ ਪੱਥਰ ਮਾਰੇ। ਪੂਰਾ ਪਿੰਡ ਮੇਰੇ ਖਿਲਾਫ਼ ਇੱਕ ਜੁੱਟ ਹੋ ਗਿਆ। ਸੱਸ ਨੇ ਕਿਹਾ, ''ਮਾਫੀ ਮੰਗ ਲੈ।'' ਮੈਂ ਕਿਹਾ, ''ਮਾਫ਼ੀ ਕਿਸ ਗੱਲ ਦੀ ਮੰਗਾਂ? ਮਾਫ਼ੀ ਤਾਂ ਇਹਨਾਂ ਨੂੰ ਮੰਗਣੀ ਚਾਹੀਦੀ ਹੈ ਜਿਹਨਾਂ ਪ੍ਰੋਗਰਾਮ ਵਿੱਚ ਬੇ-ਵਜ੍ਹਾ ਝਗੜਾ ਕੀਤਾ। ਉਹ ਵਾਪਸ ਜਾਂਦੇ ਧਮਕੀ  ਦੇ ਗਏ ਕਿ ਇਸ ਨੂੰ ਸਮਝਾ ਲਉ, ਨਹੀਂ! ਅਸੀਂ ਆਪਣੇ ਤਰੀਕੇ ਨਾਲ ਸਮਝਾਂ ਦਿਆਗੇ। ਰਾਤ ਨੂੰ ਦੁਬਾਰਾ ਸਾਰਾ ਪਿੰਡ ਫਿਰ ਇਕੱਠਾ ਹੋਇਆ। ਮੈਨੂੰ ਪਿੰਡ ਛੱਡਣ ਲਈ ਕਿਹਾ ਗਿਆ ਪਰ ਮੈਂ ਨਾਹ ਕਰ ਦਿੱਤੀ। ਸਾਡੇ ਘਰ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ। ਫੈਸਲਾ ਹੋਇਆ ਜਿਹਨਾਂ ਦੇ ਖੇਤ ਵਿੱਚ ਇਹ ਟੱਟੀ ਪਿਸ਼ਾਵ ਜਾਣ ਮੂੰਹ ਭੰਨ ਦਿਉ। ਮੇਰੇ ਪਤੀ ਨੂੰ ਕਿਹਾ, ''ਆਪਣੀ ਔਰਤ ਨੂੰ ਬਸ 'ਚ ਕਰ, ਨਹੀਂ ਅਸੀਂ ਆਪਣੇ ਤਰੀਕੇ ਨਾਲ ਨਿਪਟਾਂਗੇ।'' 
ਇਸ 'ਤੇ ਮੇਰੀ ਸੱਸ ਵੀ ਮੈਨੂੰ ਮੌਤ ਦੇ ਮੇਹਣੇ ਮਾਰਨ ਲੱਗੀ ਕਿ ਤੂੰ ਤਾਂ ਮਰਨਾ ਹੀ ਹੈ ਸਾਨੂੰ ਵੀ ਮਰਵਾਏ ਗੀ। ਇਹ ਸੁਣਕੇ ਮੇਰਾ ਖੂਨ ਖੌਲ ਉੱਠਿਆ ਤੇ ਮੈਂ ਪਿੰਡ ਦੇ ਸਰਪੰਚ ਕੋਲ ਗਈ ਜੋ ਕਿ ਮੁਸਲਮਾਨ ਸੀ। ਉਸਨੇ ਮੈਨੂੰ ਥਾਣੇ ਜਾ ਕੇ ਰਿਪੋਰਟ ਲਿਖਾਉਣ ਲਈ ਕਿਹਾ। ਮੈਂ ਥਾਣੇ ਗਈ, ਥਾਣੇ ਵਾਲਿਆਂ ਨੇ ਰਿਪੋਰਟ ਲਿਖਣ ਤੋਂ ਮਨ੍ਹਾਂ ਕਰ ਦਿੱਤਾ ਕਿਉਂਕਿ ਪਿੰਡ ਵਾਲਿਆਂ ਨੇ ਉਹਨਾਂ ਨੂੰ ਪਹਿਲਾਂ ਹੀ ਮਿਲ ਲਿਆ ਸੀ। ਫਿਰ ਮੈਂ 'ਸਮਾਜਿਕ ਸਿਹਤ ਵਿਕਾਸ' ਦੀ ਸਿਸਟਰ ਨੂੰ ਮਿਲੀ ਕਿ ਮੈਨੂੰ ਪਿੰਡ ਵਿੱਚੋਂ ਕਢਿਆ ਜਾ ਰਿਹਾ ਹੈ, ਮੈਂ ਕੀ ਕਰਾਂ? ਮੈਂ ਸਿਸਟਰ ਨੂੰ ਨਾਲ ਲੈ ਕੇ ਐਸ. ਪੀ ਅਤੇ ਡੀ. ਆਈ. ਜੀ ਨੂੰ ਮਿਲੀ। ਉਹਨਾਂ ਦੇ ਕਹਿਣ 'ਤੇ ਥਾਣੇਦਾਰ ਨੇ ਰਿਪੋਰਟ ਲਿਖੀ, ਪਰ ਨਾਲ ਹੀ ਥਾਣੇਦਾਰ ਨੇ ਮੈਨੂੰ ਬਹੁਤ ਕੁਝ ਸੁਣਾਇਆ, ''ਤੂੰ ਬਦਮਾਸ਼ ਹੈਂ, ਪਿੰਡ 'ਚ ਦੰਗਾ ਭੜਕਾ ਰਹੀ ਹੈਂ, ਨੇਤਾਗਿਰੀ ਕਰਦੀ ਹੈਂ, ਤੈਨੂੰ ਆਪਣੀ ਜਾਤ ਦੇ ਹਿਸਾਬ ਨਾਲ ਚੱਲਣਾ ਚਾਹੀਦੈ, ਸਵਰਨਾ ਦੀ ਬਰਾਬਰੀ ਨਾ ਕਰ।''
ਮੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਵਾਲਿਆਂ ਨੂੰ ਪਤਾ ਲੱਗ ਚੱਕਾ ਸੀ ਕਿ ਮੈਂ ਥਾਣੇ ਰਿਪੋਰਟ ਲਿਖਾ ਕੇ ਆਈ ਹਾਂ, ਉਹ ਹੋਰ ਭੜਕ ਉੱਠੇ। ਮੀਟਿੰਗ ਕਰਕੇ ਮੇਰੇ ਘਰਵਾਲੇ ਨੂੰ ਕੁੱਟਿਆ, ਮੇਰੇ ਕੱਪੜੇ ਪਾੜ ਦਿੱਤੇ। ਗੁੱਸੇ 'ਚ ਆ ਕੇ ਮੈਂ ਕੁਹਾੜੀ ਚੁੱਕ ਲਈ ਤਾਂ ਸਾਰੇ ਦੌੜ ਗਏ। ਰਾਤ ਭਰ ਕੁਹਾੜੀ ਹੱਥ 'ਚ ਲੈ ਕੇ ਮੈਂ ਪਿੰਡ ਵਿੱਚ ਘੁੰਮਦੀ ਰਹੀ। ਜਾਤੀ ਵਿਵਸਥਾ, ਅਨਿਆਂ-ਅੱਤਿਆਚਾਰ, ਅਤੇ ਉੱਚ ਜਾਤੀਆਂ ਨੂੰ ਲਲਕਾਰਦੀ ਰਹੀ ਪ੍ਰੰਤੂ ਕੋਈ ਸਾਹਮਣੇ ਨਾ ਆਇਆ।

ਐਸ ਐਲ ਵਿਰਦੀ ਐਡਵੋਕੇਟ,
ਜੀ. ਟੀ. ਰੋਡ, ਚਾਚੋਕੀ ਚੌਂਕ,  ਫਗਵਾੜਾ, ਪੰਜਾਬ।
ਫੋਨ: 01824- 265887, 98145 17499