ਤਤਕਰਾ

HOME PAGE

 

ਗੁਰੂ ਰਵਿਦਾਸ ਜੀ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਦੇ ਯੋਧਾ ਸਨ
ਡਾ. ਸੰਤੋਖ ਲਾਲ ਵਿਰਦੀ ਐਡਵੋਕੇਟ

ਗੁਰੂ ਰਵਿਦਾਸ ਜੀ ਦਾ ਜਨਮ ਬਨਾਰਸ ਵਿਖੇ ਮਾਘ ਦੀ ਪੂਰਨਮਾਸ਼ੀ ਨੂੰ ਹੋਇਆ। ਕਾਸ਼ੀ (ਬਨਾਰਸ) ਦੇ ਲਹਿੰਦੇ ਪਾਸੇ ਗੁਲਾਮੀ, ਦਾਸਤਾ ਦੀ ਦਾਸਤਾਨ ਵਿਚ ਦਰੜੀ ਦਲਿਤ ਬਸਤੀ ਵਿਚ ਗੁਰੂ ਜੀ ਦੇ ਮਾਤਾ ਪਿਤਾ ਅਤੇ ਸਕੇ ਸਬੰਧੀ ਜਿੰਦਗੀ ਢੋਂਦੇ ਸਨ। ਗੁਰੂ ਰਵਿਦਾਸ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਦੀ ਦਲਿਤ ਬਸਤੀ ਵਿੱਚ ਲਗਾਤਾਰ ਪ੍ਰਵਚਨ ਕਰਨੇ ਸ਼ੁਰੂ ਕਰ ਦਿੱਤੇ। ਗੁਰੂ ਜੀ ਬਾਰ ਬਾਰ ਦੱਸਦੇ ;
ਇਹ ਯੱਗ ਦੁੱਖ ਦੀ ਖੇਤਰੀ,ਇਹ ਜਾਨਤ ਸਭ ਕੋਇ।
ਗਿਆਨੀ ਕਾਟੇਹਿ ਗਿਆਨ ਸੇ, ਮੂਰਖ ਕਾਟੇਹਿ ਰੋਇ।
ਗੁਰੂ ਜੀ ਨੇ ਦੱਸਿਆ ਕਿ ਪ੍ਰੋਹਿਤਾਂ ਦਾ ਇਹ ਫਰਮਾਨ ਗਲਤ ਹੈ ਕਿ ਸਰਿਸ਼ਟੀ ਦੀ ਸਿਰਜਨਾ ਬ੍ਰੱਹਮਾ ਨੇ ਕੀਤੀ ਹੈ। ਬ੍ਰਹੱਮਾਂ ਨੇ ਬ੍ਰਾਹਮਣ ਮੂੰਹ ਵਿੱਚੋਂ, ਕਸ਼ੱਤਰੀ ਬਾਹਾਂ ਵਿੱਚੋਂ, ਵੈਸ਼ ਪੇਟ ਵਿੱਚੋਂ ਅਤੇ ਸ਼ੂਦਰ ਪੈਰਾਂ ਵਿੱਚੋਂ ਪੈਦਾ ਕੀਤੇ ਹਨ। ਇਸ ਲਈ ਇਹ ਸਭ ਦੁੱਖ ਸੁੱਖ ਓੂਚ ਨੀਚ ਪਿੱਛੋਂ ਹੀ ਨਿਰਦਾਰਥ ਹਨ। ਇਹ ਸਭ ਬ੍ਰਹੱਮਾਂ ਦੀ ਰਜ਼ਾ ਕਾਰਨ ਹੈ। ਇਸ ਪ੍ਰਤੀ ਗੁਰੂ ਜੀ ਨੇ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਨੂੰ ਸਮਝਾਉਂਦਿਆ ਫਰਮਾਇਆ :-
ਬਿਨ ਦੇਖੇ ਉਪਜੈ ਨਹੀਂ ਆਸਾ 
ਜੋ ਦੀਸੇ ਸੋ ਹੋਇ ਬਿਨਾਸਾ
ਫਲ ਕਾਰਨ ਫੂਲੀ ਬਨਰਾਯ 
ਫਲੁ ਲਾਗਾ ਤਬ ਫੂਲੁ ਬਿਨਾਇ
ਗਿਆਨ ਕਾਰਨ ਕਰਮ ਕਰਾਯਿ, 
ਉਪਜੈ ਗਿਆਨ ਤੋਂ ਕਰਮ ਨਸਾਯ
ਸਹਜ ਸੁੰਨ ਮੇ ਭਾਠੀ ਸਰਵੈ, 
ਪੀਵੈ ਰੈਦਾਸ ਗੁਰੂਮੁਖ ਦਰਵੈ।
ਬਟ ਕਾ ਬੀਜ ਜੈਸਾ ਅਕਾਰ, 
ਪਸਰਯੋ ਤੀਨ ਲੋਕ ਪਸਾਰਾ।
ਜਹਾਂ ਉਪਜਿਆ ਤਹਾਂ ਸਮਾਇ 
ਸਹਿਜ ਸੁੰਨ ਮੇ ਰਹੋ ਲੁਕਾਇ
ਗੁਰੂ ਜੀ ਨੇ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਨੂੰ ਦੱਸਿਆ ਕਿ ਹਰ ਘਟਨਾ ਦਾ ਕੋਈ ਕਾਰਨ ਹੈ ਅਤੇ ਉਹ ਘਟਨਾ ਅਗੇਰੀ ਘਟਨਾ ਦਾ ਕਾਰਣ ਬਣਦੀ ਹੈ। ਜੋ ਚੀਜ ਵਿਖਾਈ ਨਹੀ ਦਿੰਦੀ ਉਹ ਹੈ ਹੀ ਨਹੀ ਹੈ। ਹਰ ਚੀਜ ਮਿੱਟੀ ਚੋਂ ਪੈਦਾ ਹੁੰਦੀ ਹੈ ਤੇ ਅੰਤ ਉਸ ਵਿਚ ਹੀ ਸਮਾ ਜਾਂਦੀ ਹੈ। ਇਹ ਸਾਰਾ ਬ੍ਰਹਿਮੰਡ ਕਾਰਨ-ਕਾਰਜ (ਸਹਿਜਸੁੰਨ) ਦੇ ਸਿਧਾਂਤ ਤਹਿਤ ਹੁੰਦਾ ਰਹਿੰਦਾ ਹੈ। ਭਾਵ ਜਿਵੇਂ ਬੀਜ ਕਾਰਨ ਇਹ ਸਾਰੀ ਬਨਸਪਤੀ ਪੈਦਾ ਹੁੰਦੀ ਹੈ। ਬੀਜ ਤੋਂ ਬੂਟਾ ਪੈਦਾ ਹੁੰਦਾ ਹੈ, ਫਿਰ ਬੂਟੇ ਨੂੰ ਫੁਲ ਲਗਦੇ ਹਨ, ਫੁਲਾਂ ਤੋ ਫਲ ਤੇ ਫਲ ਤੋਂ ਬੀਜ਼ ਬਣ ਜਾਂਦੇ ਹਨ, ਤਦ ਬੂਟਾ ਖਤਮ ਹੋ ਜਾਂਦਾ ਹੈ। ਇਸ ਸਰਿਸ਼ਟੀ ਵਿੱਚ ਸਭ ਕੁੱਝ ਇਸੇ ਕਾਰਨ-ਕਾਰਜ ਤਹਿਤ ਚਲਦਾ ਹੈ।
ਪ੍ਰੋਹਿਤਵਾਦ ਨੇ ਸਿਰਫ ਸਾਡਾ ਰਾਜ ਭਾਗ ਹੀ ਨਹੀਂ ਖੋਹਿਆ ਬਲਕਿ ਸਾਡੇ ਮਨੁੱਖੀ ਅਧਿਕਾਰ ਜੋ ਕੁਦਰਤ ਵਲੋਂ ਹਰ ਪ੍ਰਾਣੀ ਨੂੰ ਸਹਿਮਨ ਹੀ ਪ੍ਰਾਪਤ ਹੋ ਜਾਂਦੇ ਹਨ ਉਹ ਵੀ ਖੋਹੇ ਹੋਏ ਹਨ। ਜਿਵੇਂ ਕਿ ਹਰ ਪ੍ਰਾਣੀ ਨੂੰ :-
    -ਪੈਦਾ ਹੁੰਦੇ ਹੀ ਹਰ ਇਕ ਨੂੰ ਜਿਉਂਣ ਦਾ ਅਧਿਕਾਰ,
    -ਜਿਉਂਦੇ ਰਹਿਣ ਲਈ ਖਾਣ ਪੀਣ ਦਾ ਅਧਿਕਾਰ, 
    -ਰੋਟੀ ਰੋਜੀ ਦੇ ਪਦਾਰਥਾਂ ਲਈ ਕੰਮ ਦਾ ਅਧਿਕਾਰ, 
    -ਕੰਮ ਕਾਰ ਲਈ ਕਿਧਰੇ ਵੀ ਜਾਣ ਦਾ ਅਧਿਕਾਰ,
    -ਕੁਦਰਤੀ ਆਫਤਾਂ ਗਰਮੀ, ਸਰਦੀ ਤੋਂ ਬਚਣ ਲਈ,
    -ਕੱਪੜੇ ਪਹਿਨਣ ਤੇ ਘਰ ਬਣਾਉਣ ਦੇ ਅਧਿਕਾਰ ਹਨ। 
ਪ੍ਰੰਤੂ! ਇਹਨਾ ਕੁਦਰਤੀ ਅਧਿਕਾਰਾਂ ਨੂੰ ਮਾਨਣ ਉੱਤੇ ਵੀ ਸਾਡੇ ਲਈ ਇਨ੍ਹਾਂ ਪ੍ਰੋਹਿਤਾਂ ਨੇ ਪਾਬੰਦੀਆਂ ਲਾਈਆਂ ਹੋਈਆਂ ਹਨ ਜਦ ਕਿ ਕੁਦਰਤ ਕੋਈ ਕਿਸੇ ਉੱਤੇ ਪਾਬੰਦੀ ਨਹੀਂ ਲਾਉਂਦੀ। ਇਨ੍ਹਾਂ ਦੇ ਇਹ ਸਭ ਸ਼ਾਸਤਰ ਮੰਨਘੜਤ ਹਨ। ਇਹ ਮਨੁੱਖਤਾ ਨੂੰ ਗੁਲਾਮ ਬਣਾਉਂਦੇ ਹਨ। ਗੁਲਾਮੀ (ਪ੍ਰਾਧੀਨਤਾ) ਪਾਪ ਹੈ। ਗੁਲਾਮੀ ਕੋਈ ਕੁਦਰਤੀ ਨਿਯਮ ਨਹੀਂ। ਮਨੂੰਵਾਦੀਆਂ ਨੇ ਆਪਣੇ ਨਿਜੀ ਸਵਾਰਥ ਲਈ ਭੋਲੇ ਭਾਲੇ ਮੂਲਨਿਵਾਸੀ ਲੋਕਾਂ ਨੂੰ ਵਿੱਦਿਆ, ਵੋਟ ਅਤੇ ਪੈਦਾਵਾਰ ਦੇ ਸਾਧਨਾਂ ਤੋਂ ਵੰਚਿਤ ਕਰਕੇ ਆਪਣਾ ਗੁਲਾਮ ਬਣਾਇਆ ਹੈ। ਗੁਲਾਮ ਦੀ ਕੋਈ ਗਿਣਤੀ ਨਹੀਂ ਹੁੰਦੀ। ਗੁਲਮ ਦਾ ਕੋਈ ਸੁੱਖ ਅਤੇ ਸਨਮਾਨ ਨਹੀਂ ਹੁੰਦਾ। ਗੁਲਾਮ ਨੂੰ ਪੈਰ ਪੈਰ ਤੇ ਅਪਮਾਨਤ ਕੀਤਾ ਜਾਂਦਾ ਹੈ। ਕੋਈ ਉਸ ਨਾਲ ਪ੍ਰੇਮ ਤੇ ਭਾਈਚਾਰਾ ਨਹੀਂ ਕਰਦਾ। ਇਸ ਲਈ ਗੁਲਾਮ ਨੂੰ ਗੁਲਾਮੀ ਨੂੰ ਗਲੋਂ ਲਾਉਣਾ ਚਾਹੀਦਾ ਹੈ। ਗੁਲਾਮੀ ਪ੍ਰਤੀ ਬਗਾਵਤ ਕਰਨੀ ਚਾਹੀਦੀ ਹੈ। ਗੁਰੂ ਰਵਿਦਾਸ ਜੀ ਕਹਿੰਦੇ ;
ਪ੍ਰਾਧੀਨਤਾ ਪਾਪ ਹੈ, ਜਾਨ ਲਿਉ ਰੇ ਮੀਤ। 
ਰਵਿਦਾਸ ਪ੍ਰਾਧੀਨ ਕੋ, ਕੋਣ ਕਰੇ ਹੈ ਪ੍ਰੀਤ
ਪ੍ਰਾਧੀਨ ਕਾ ਦੀਨ ਕਿਆ, ਪ੍ਰਾਧੀਨ ਬੇਦੀਨ। 
ਰਵਿਦਾਸ ਪ੍ਰਧੀਨ ਕੋ, ਸਭ ਹੀ ਸਮਝੇ ਹੀਨ
ਗੁਰੂ ਜੀ ਕਹਿੰਦੇ ਕਿ ਇਸ ਸੰਸਾਰ ਵਿੱਚ ਤਿੰਨ ਤਰਾਂ ਦੇ ਲੋਕ ਰਹਿੰਦੇ ਹਨ। ਪਹਿਲੇ ਉਹ ਲੋਕ ਹਨ ਜੋ ਕਾਇਰਤਾ ਦਾ ਜੀਵਨ ਜਿਊਂਦੇ ਹਨ। ਦੂਜੇ ਉਹ ਲੋਕ ਹਨ ਜੋ ਲੜਾਈ ਵਿੱਚ ਮਾਰ ਖਾ ਕੇ ਗੁਲਾਮੀ ਦਾ ਜੀਵਨ ਜਿਊਂਦੇ ਹਨ। ਤੀਜੇ ਉਹ ਲੋਕ ਹਨ ਜੋ ਅਣਖ ਅਤੇ ਮਾਨ ਸਨਮਾਨ ਦਾ ਜੀਵਨ ਜਿਊਂਦੇ ਹਨ। ਮਾਨ ਸਨਮਾਨ ਲਈ ਆਪਣਾ ਰਾਜ ਲੈਣਾ ਚਾਹੀਦਾ ਹੈ। ਗੁਰੂ ਰਵਿਦਾਸ ਜੀ ਕਹਿੰਦੇ ;  
ਰਾਜ ਤੇ ਮਨ ਕਰ ਵਸ ਆਪਣੇ, ਸੁੱਖ ਘਰ ਹੈ ਦੋਈ ਠਾਵ।
ਰਵਿਦਾਸ ਇੱਕ ਸੁੱਖ ਹੈ ਸਵਰਾਜ ਵਿੱਚ, ਦੂਜਾ ਹੈ ਨਿਰਵਾਣ
ਗੁਰੂ ਜੀ ਕਹਿੰਦੇ ਗੁਲਾਮੀ ਪ੍ਰਤੀ ਬਗਾਵਤ ਕਰਨੀ ਚਾਹੀਦੀ ਹੈ। ਜਿੰਨਾ ਚਿਰ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ ਤਦ ਤੱਕ ਉਹ ਬਗਾਵਤ ਨਹੀਂ ਕਰਦਾ। ਜਦ ਤੱਕ ਗੁਲਾਮ ਬਗਾਵਤ ਨਹੀਂ ਕਰਦਾ ਤਦ ਤੱਕ ਕੋਈ ਰਾਜ ਨਹੀਂ ਮਿਲਦਾ। ਰਾਜ ਨਹੀਂ ਤਾਂ ਸੁੱਖ ਨਹੀਂ, ਸੁੱਖ ਨਹੀਂ ਤਾਂ ਦੁੱਖ ਹੀ ਦੁੱਖ ਹੈ। ਇਸ ਲਈ ਬਹੁਜਨ ਦਲਿਤਾਂ ਨੂੰ ਗੁਲਮੀ ਵਿਰੁੱਧ ਬਗਾਵਤ ਕਰਨੀ ਚਾਹੀਦੀ ਹੈ। ਆਪਣਾ ਰਾਜ ਲੈਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਕਰ ਸਕਦੇ ਤਾਂ ਤੁਹਾਨੂੰ ਮਰ ਜਾਣਾ ਚਾਹੀਦਾ ਹੈ। ਆਪਣੇ ਰਾਜ (ਸਵਰਾਜ) ਵਿੱਚ ਹੀ ਸੁੱਖ ਹੈ। ਗੁਰੂ ਰਵਿਦਾਸ ਜੀ ਕਹਿੰਦੇ ;
ਰਵਿਦਾਸ ਜੋ ਹੈ ਬੇਗਮਪੁਰਾ, ਉੱਥੇ ਪੂਰਾ ਸੁੱਖ ਧਾਮ। 
ਦੁੱਖ ਅੰਦੋਰ ਅਤੇ ਭੇਦ ਭਾਵ, ਨਾਹਿ ਵਸੈ ਤਿਸ ਠਾਵ
ਮੇਰੀ ਇਹ ਮਹਿਜ਼ ਕੋਈ ਕੋਰੀ ਕਲਪਣਾ ਹੀ ਨਹੀਂ ਹੈ ਬਲਕਿ ਅਜਿਹਾ ਚਿੰਤਾ ਰਹਿਤ ਰਾਜ ਆਪਣੇ ਰੱਜੇ ਪੁੱਜੇ ਵੱਡੇ ਵਡੇਰਿਆਂ ਦਾ ਪਹਿਲਾਂ ਅਬਾਦਾਨ ਮਸ਼ਹੂਰ ਸੀ। ਉਸ ਬੇਗ਼ਮਪੁਰਾ ਨੂੰ ਆਪਾ ਦੁਬਾਰਾ ਪ੍ਰਾਪਤ ਕਰਨਾ ਹੈ। ਅਜਿਹਾ ਰਾਜ ਸਥਾਪਿਤ ਕਰਨਾ ਚਾਹੁੰਦਾ ਹਾਂ ਜਿੱਥੇ ਕਿਸੇ ਨਾਲ ਕੋਈ ਵਿਤਕਰਾ ਨਾਂ ਹੋਵੇ। ਸਭ ਦੇ ਲਈ ਇੱਕ ਸਮਾਨ ਰੋਟੀ, ਕੱਪੜੇ ਤੇ ਮਕਾਨ ਦਾ ਪ੍ਰਬੰਧ ਹੋਵੇ। ਸੱਚੀ ਮਾਨਵਤਾ ਸਥਾਪਤ ਹੋਵੇ। ਪ੍ਰੰਤੂ! ਬੇਗਮਪੁਰੇ ਲਈ ਕੁਰਬਾਨੀਆਂ ਵੀ ਕਰਨੀਆਂ ਪੈਣਗੀਆਂ। ਗੁਰੂ ਜੀ ਨੇ ਸਮਾਜ 'ਚ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਨੂੰ ਫੁਰਮਾਇਆ;
ਰਵਿਦਾਸ ਸੋਈ ਸੂਰਾ ਭਲਾ, ਜਓ ਲਰੈ ਧਰਮ ਕੇ ਹੇਤ। 
ਅੰਗ ਅੰਗ ਕਟ ਭੋਇ ਗਿਰੇ, ਤਉ ਨਾ ਛਾਡੈ ਖੇਤ।
ਸੂਰਮੇ ਉਹੀ ਹੁੰਦੇ ਹਨ ਜਿਹੜੇ ਆਪਣੇ ਧਰਮ (ਰਾਜ) ਹਿਤ ਬੰਦ ਬੰਦ ਕੁਰਬਾਨ ਕਰ ਦਿੰਦੇ ਹਨ। ਤੁਸੀ ਮੈਨੂੰ ਵਚਨ ਦਿਓ। ਬਚਨ ਸੋਚ ਸਮਝ ਕੇ ਦਿਓ, ਕਿਉਂਕਿ ਬਚਨ ਪੂਰਾ ਹੋਣਾ ਚਾਹੀਦਾ ਹੈ। ਬਚਨ ਪੁਗਣਾ ਚਾਹੀਦਾ ਹੈ ਬੇਸ਼ਕ ਸਿਰ ਲੱਥ ਜਾਣ । ਗੁਰੂ ਰਵਿਦਾਸ ਜੀ ਨੇ ਹਾਸ਼ੀਏ 'ਤੇ ਧੱਕੇ ਦਲਿਤ ਲੋਕਾਂ ਨੂੰ ਸਿੱਖਿਆ ਦਿੰਦਿਆ ਸਮਧਾਇਆ ;
ਜੋ ਦਿਨ ਆਵਹਿ ਸੋ ਦਿਨ ਜਾਹੀ
ਕਰਨਾ ਕੂਚੁ ਰਹਨ ਥਿਰ ਨਾਹੀ
ਸੰਗੁ ਚਲਤ ਹੈ ਹਮ ਭਈ ਚਲਨਾ
ਦੂਰ ਗਵਨੁ ਸਿਰ ਉਪਰਿ ਮਰਨਾ
ਮੌਤ ਸਾਨੂੰ ਇਹੋ ਸਿਖਾਉਂਦੀ ਹੈ ਕਿ ਜਿੰਦਗੀ ਦਾ ਕੋਈ ਵਸਾਹ ਨਹੀਂ, ਪਤਾ ਨਹੀਂ ਮੌਤ ਕਦ, ਕਦੋ ਤੇ ਕਿੱਥੇ ਆ ਜਾਵੇ। ਇਸ ਲਈ ਜਿੰਨਾ ਵੀ ਜੀਵਨ ਹੈ ਉਸ ਨੂੰ ਉਪਯੋਗੀ ਪਾਸੇ ਲਗਾਉਣਾ ਚਾਹੀਦਾ ਹੈ। ਇਸ ਸੰਸਾਰ ਵਿਚ ਚਾਰ ਤਰ੍ਹਾਂ ਦੇ ਪ੍ਰਾਣੀ (ਪੁਰਸ਼) ਪੈਦਾ ਹੁੰਦੇ ਹਨ। ਇਕ ਉਹ ਪੁਰਸ਼ ਪੈਦਾ ਹੁੰਦੇ ਹਨ ਜੋ ਜਨਮ ਲੈਂਦੇ ਹਨ, ਖਾਂਦੇ ਪੀਂਦੇ ਹਨ, ਰਾਤ ਨੂੰ ਸੌਂ ਜਾਂਦੇ ਹਨ, ਸਵੇਰੇ ੱਠਦੇ ਹਨ ਫਿਰ ਇਸੇ ਪ੍ਰਕਿਰਿਆ ਵਿਚ ਲੱਗ ਜਾਂਦੇ ਹਨ ਅਤੇ ਇਸੇ ਤਰ੍ਹਾਂ ਜੀਵਨ ਗੁਜਾਰ ਕੇ ਮਰ ਜਾਂਦੇ ਹਨ। ਨਾ ਉਹ ਆਪਣਾ ਕੁੱਝ ਸਵਾਰਦੇ ਹਨ ਤੇ ਨਾ ਸਮਾਜ ਦਾ ਕੁੱਝ ਸਵਾਰਦੇ ਹਨ। ਉਹ ਜਾਨਵਰਾਂ ਦੀ ਤਰ੍ਹਾਂ ਜਨਮ ਲੈਂਦੇ ਹਨ ਤੇ ਜਾਨਵਰਾਂ ਦੀ ਤਰ੍ਹਾਂ ਮਰ ਜਾਂਦੇ ਹਨ। ਇਤਿਹਾਸ ਵਿਚ ਉਨ੍ਹਾਂ ਦਾ ਕਿਧਰੇ ਨਾਮੋ ਨਿਸ਼ਾਨ ਨਹੀਂ ਰਹਿੰਦਾ।
ਦੂਜੀ ਤਰ੍ਹਾਂ ਦੇ ਉਹ ਪੁਰਸ਼ ਪੈਦਾ ਹੁੰਦੇ ਹਨ ਜੋ ਸਾਰੀ ਉਮਰ ਬੇਇਮਾਨੀ ਨਾਲ ਦੌਲਤ ਇਕੱਠੀ ਕਰਨ ਵਿਚ ਲੱਗੇ ਰਹਿੰਦੇ ਹਨ। ਹੋਰ ਧਨ, ਹੋਰ ਧਨ ਦੀ ਆੜ ਵਿਚ ਧਨ ਇਕੱਠਾ ਕਰਦੇ-ਕਰਦੇ ਮਰ ਜਾਂਦੇ ਹਨ। ਧਨ ਦੌਲਤ ਦੀ ਵੰਡ ਲਈ ਪਿੱਛੋਂ ਉਨ•ਾਂ ਦੀ ਸੰਤਾਨ ਆਪਸ ਵਿਚ ਲੜਦੀ ਝਗੜਦੀ ਹੈ। ਪਰਿਵਾਰਕ ਪਿਆਰ, ਨਫਰਤ ਤੇ ਦੁਸ਼ਮਣੀ ਵਿਚ ਬਦਲ ਜਾਂਦਾ ਹੈ। ਕਲੇਸ਼ ਵਿੱਚ ਧਨ ਦੌਲਤ ਇੱਥੇ ਖਤਮ ਹੋ ਜਾਂਦਾ ਹੈ। ਲੜਦੇ-ਲੜਦੇ ਉਹ ਵੀ ਮਰ ਜਾਂਦੇ ਹਨ। ਅਜਿਹੀ ਕਿਸਮ ਦੇ ਪੁਰਸ਼ਾਂ ਦਾ ਵੀ ਇਤਿਹਾਸ ਵਿਚ ਨਾਮ ਨਹੀਂ ਰਹਿੰਦਾ।
ਤੀਜੀ ਕਿਸਮ ਦੇ ਉਹ ਪੁਰਸ਼ ਹਨ ਜੋ ਜਨਮ ਲੈਂਦੇ ਹਨ ਪਰ ਸਮਾਜ ਦੀਆਂ ਸਮੱਸਿਆਵਾਂ ਨੂੰ ਵੇਖ ਕੇ ਸਹਿਮ ਜਾਂਦੇ ਹਨ। ਸਮੱਸਿਆਵਾਂ ਨਾਲ ਜੂਝਦੇ ਨਹੀਂ, ਸਗੋਂ ਸਮਾਜ ਨੂੰ ਛੱਡਕੇ ਪਹਾੜਾਂ, ਜੰਗਲਾਂ ਵੱਲ ਚਲੇ ਜਾਂਦੇ ਹਨ। ਉੱਥੇ ਸਮੱਸਿਆਵਾਂ ਦਾ ਹੱਲ ਲੱਭਦੇ-ਲੱਭਦੇ ਖਤਮ ਹੋ ਜਾਂਦੇ ਹਨ। ਸਮਾਜ ਵਿਚ ਇਹੋ ਜਿਹੇ ਪੁਰਸ਼ਾਂ ਦਾ ਵੀ ਕਿਧਰੇ ਨਾਮੋ ਨਿਸ਼ਾਨ ਨਹੀਂ ਰਹਿੰਦਾ।
ਚੌਥੀ ਤਰ੍ਹਾਂ ਦੇ ਉਹ ਪੁਰਸ਼ ਹਨ ਜੋ ਸਮਾਜ ਵਿਚ ਜਿੱਥੇ ਉਹ ਜਨਮ ਲੈਂਦੇ ਹਨ ਉੱਥੇ ਦੀਆਂ ਪ੍ਰਸਥਿੱਤੀਆਂ ਨੂੰ ਸਮਝਕੇ, ਮੌਜੂਦਾ ਸਮੱਸਿਆਵਾਂ ਨੂੰ ਉਭਾਰਦੇ ਹੀ ਨਹੀਂ, ਬਲਕਿ ਉਨ੍ਹਾਂ ਨੂੰ ਨਜਿੱਠਦੇ ਵੀ ਹਨ ਤੇ ਅੱਗੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਰਸਤਾ ਵੀ ਵਿਖਾਉਂਦੇ ਹਨ। ਅਜਿਹੇ ਪੁਰਸ਼, ਪੁਰਸ਼ ਨਹੀ, ਮਹਾਂਪੁਰਸ਼ ਹੁੰਦੇ ਹਨ। ਮਹਾਂਪੁਰਸ਼ਾਂ ਦਾ ਜੀਵਨ ਬ੍ਰਿਤਾਂਤ ਇਤਿਹਾਸ ਬਣਦਾ ਹੈ। ਇਤਿਹਾਸ ਕੌਮਾਂ ਦਾ ਮਾਰਗ ਦਰਸ਼ਨ ਹੁੰਦਾ ਹੈ। ਇਤਿਹਾਸ ਤੋਂ ਪ੍ਰੇਰਨਾ ਲੈ ਕੇ ਕੌਮਾਂ ਅਜ਼ਾਦੀ ਪ੍ਰਾਪਤ ਕਰਦੀਆਂ ਹਨ।  
ਇਸ ਲਈ ਮਨੁੱਖੀ ਜੀਵਨ ਨੂੰ ਅੰਜਾਈ ਨਹੀਂ ਗੁਆਉਣਾ ਚਾਹੀਦਾ। ਮਨੁੱਖ ਜੀਵੇ ਤਾਂ! ਮਹਾਂਪੁਰਸ਼ਾ ਦਾ ਜੀਵਨ ਜੀਵੋ। 
ਡਾ. ਐਸ. ਐਲ. ਵਿਰਦੀ ਐਡਵੋਕੇਟ 
ਸਿਵਲ ਕੋਰਟਸ, ਫਗਵਾੜਾ (ਪੰਜਾਬ)
ਮੋ. 98145 17499,  01824 265887