UPKAAR
WEBSITE BY SHRI GURU RAVIDAS WELFARE SOCIETY

                                       Shri Guru Ravidas Welfare Society

HOME PAGE

ਸੋਹੰ

ਸੋਹੰ

 

 

ਦਲਿਤਾਂ ਵਿੱਚ ਦਿਨ ਪ੍ਰਤੀ ਦਿਨ ਗੁੱਸਾ ਕਿਉਂ ਵਧ ਰਿਹਾ ਹੈ ?

ਐਸ ਐਲ ਵਿਰਦੀ ਐਡਵੋਕੇਟ

ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਦੇ ਸ਼ਹਿਰ ਗੋਹਾਣਾ ਵਿੱਚ ਇਕ ਦਲਿਤ ਨੌਜਵਾਨ ਰਕੇਸ਼ ਉਰਫ ਲਾਰਾ ਨੂੰ ਕੁਝ ਅਣਪਛਾਤਿਆਂ ਵਲ੍ਹੋਂ ਗੋਲੀਆਂ ਮਾਰ ਕੇ ਮਾਰ ਦੇਣ ਮਗਰੋਂ ਦਲਿਤਾਂ ਵਲ੍ਹੋਂ ਹਰਿਆਣਾ ਅਤੇ ਪੰਜਾਬ ਵਿੱਚ ਪ੍ਰਗਟਾਏ ਗਏ ਗੁੱਸੇ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਦਲਿਤਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ। ਇਸ ਤੋਂ ਪਹਿਲਾਂ ਤੱਲ੍ਹਣ ਅਤੇ ਖੈਰਲਾਂਜੀ ਪ੍ਰਤੀ ਹੋਈ ਹਿੰਸਾ ਨੇ ਰਾਜ ਸਰਕਾਰਾਂ ਹੀ ਨਹੀਂ, ਕੇਂਦਰ ਤੱਕ ਨੂੰ ਦੱਸ ਦਿੱਤਾ ਹੈ ਕਿ ਹੁਣ ਦਲਿਤਾਂ ਦੇ ਦੁੱਖ ਦਰਦ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
ਰਿਪੋਰਟਾਂ ਮੁਤਾਬਿਕ ਝਗੜਾ ਦੋ ਸਾਲ ਪਹਿਲਾਂ ਇਕ ਦਲਿਤ ਔਰਤ ਨੂੰ ਛੇੜਨ ਤੋਂ ਸ਼ੁਰੂ ਹੋਇਆ। ਝਗੜੇ ਵਿੱਚ ਉੱਚ ਜਾਤੀ ਦਾ ਇੱਕ ਵਿਅਕਤੀ ਬਲਜੀਤ ਸਿਵਾਚ ਮਾਰਿਆ ਗਿਆ। ਪੁਲਿਸ ਨੇ ਕੇਸ ਦਰਜ ਕਰਕੇ ਰਕੇਸ਼ ਉਰਫ ਲਾਰਾ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਪਰ ਉੱਚ ਜਾਤੀਏ ਕਹਿੰਦੇ, ' ਚ... ਦੀ ਸਾਡਾ ਬੰਦਾ ਮਾਰਨ ਦੀ ਜੁਰਰਤ ਕਿਵੇਂ ਪਈ, ਇਹਨਾਂ ਨੂੰ ਥਾਂ ਸਿਰ ਕਰਨ ਲਈ ਸਬਕ ਸਿਖਾਉਣਾ ਲਾਜ਼ਮੀ ਹੈ।'
ਵਾਲਮੀਕਿ ਬਸਤੀ 'ਤੇ ਹਮਲਾ ਕਰਨ ਤੋਂ ਪਹਿਲਾਂ ਉੱਚ ਜਾਤੀ ਲੋਕਾਂ ਦੇ 12 ਪਿੰਡਾਂ ਨੇ ਆਪਣੀ ਮਹਾਂਪੰਚਾਇਤ ਕੀਤੀ। ਪੰਚਾਇਤ ਵਿਚ ਜੀ ਭਰਕੇ ਜਾਤੀ ਦਾ ਨਾਂ ਲੈ ਕੇ ਬਾਰ ਬਾਰ ਦਲਿਤ ਭਾਈਚਾਰੇ ਨੂੰ ਕੋਸਿਆ ਗਿਆ। ਮੁੱਖ ਮੰਤਰੀ ਨੂੰ ਪਿੰਡ ਆਉਣ ਲਈ ਅਲਟੀਮੇਟਮ ਦਿੱਤਾ ਗਿਆ। ਫਿਰ ਗੋਹਾਨਾ ਵਿੱਚ ਵਾਲਮੀਕਿ ਸਮਾਜ ਦੇ 56 ਘਰਾਂ ਨੂੰ ਪਹਿਲਾਂ ਖੂਬ ਲੁੱਟਿਆ ਗਿਆ ਅਤੇ ਫਿਰ ਅੱਗਾਂ ਲਾ ਕੇ ਸਾੜ ਦਿੱਤਾ ਗਿਆ। ਇੰਨਾ ਹੀ ਨਹੀਂ ਘਰਾਂ ਦੀਆਂ ਛੱਤਾਂ ਨੂੰ ਗੈਸ ਸਿਲੰਡਰ ਫਟਾ ਕੇ ਇਸ ਤਰ੍ਹਾਂ ਉਡਾਇਆ ਗਿਆ ਕਿ ਉਸ 1984 ਦੇ ਦੰਗਿਆਂ ਦੀ ਯਾਦ ਤਾਜ਼ਾ ਕਰ ਦਿੱਤੀ।        
 
ਹਰਿਆਣਾ ਵਿੱਚ ਇੱਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸੇ ਸਾਲ ਮਾਰਚ ਵਿੱਚ ਕਰਨਾਲ ਜ਼ਿਲ੍ਹੇ ਦੇ ਸਾਲਵਾਨ ਪਿੰਡ ਵਿੱਚ ਰਾਜਪੂਤਾਂ ਨੇ ਦਲਿਤਾਂ ਦੇ 200 ਘਰ ਸਾੜ ਦਿੱਤੇ। ਕੈਥਲ, ਨਜ਼ਦੀਕ ਪੈਂਦੇ ਪਿੰਡ ਹਰਸੌਲਾ ਦੇ 200 ਦਲਿਤ ਪਰਿਵਾਰਾਂ ਨੂੰ ਉਹਨਾਂ ਦੇ 800 ਸਾਲਾਂ ਦੇ ਜੱਦੀ ਪਿੰਡ ਵਿੱਚੋਂ ਕੁੱਟ ਮਾਰ ਕਰਕੇ ਉਜਾੜ ਦਿੱਤਾ ਗਿਆ। ਝੱਜ਼ਰ ਜਿਲੇ ਦੇ ਦੁਲੀਨਾ ਪਿੰਡ ਵਿੱਚ ਉੱਚ ਜਾਤੀਆਂ ਵੱਲ੍ਹੋਂ ਦਲਿਤਾਂ 'ਤੇ ਗਾਂ ਨੂੰ ਮਾਰਨ ਦਾ ਝੂਠਾ ਇਲਜ਼ਾਮ ਲਾ ਕੇ ਪੰਜ ਦਲਿਤਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ। ਉਹਨਾਂ ਦੀਆਂ ਅੱਖਾਂ ਕੱਢ ਲਾਸ਼ਾਂ ਨੂੰ ਅਪਛਾਨਣ ਯੋਗ ਬਣਾ ਦਿੱਤਾ ਗਿਆ।
ਹਰਿਆਣਾ ਦੀਆਂ ਖਾਪ ਪੰਚਾਇਤਾਂ ਆਪਣੇ ਅਨਿਆਂਪੂਰਨ ਸੰਵਿਧਾਨ ਵਿਰੋਧੀ ਨਿਰਣਿਆਂ ਕਰਕੇ ਅਕਸਰ ਅਖਬਾਰਾਂ ਅਤੇ ਟੀ ਵੀ ਚੈਨਲਾਂ ਦੀਆਂ ਸੁਰਖੀਆਂ ' ਰਹਿੰਦੀਆਂ ਹਨ। ਇਹਨਾਂ ਪੰਚਾਇਤਾਂ ਦੇ ਜ਼ੁਲਮ ਦਾ ਸਭ ਤੋਂ ਵੱਧ ਸ਼ਿਕਾਰ ਵਿਆਹੇ ਜੋੜੇ, ਉਹਨਾਂ ਦੇ ਪਰਿਵਾਰ ਅਤੇ ਉਹ ਵੀ ਦਲਿਤ ਹੁੰਦੇ ਹਨ। ਹਰਿਆਣਾ ਦੀਆ ਜਾਤੀਵਾਦੀ ਖਾਪ ਪੰਚਾਇਤਾਂ ਦਾ ਕਨੂੰਨ ਨੂੰ ਠਿਠ ਸਮਝਦੇ ਹੋਏ ਨਾਗਰਿਕਾਂ ਦੇ ਸੰਵਿਧਾਨਿਕ ਅਧਿਕਾਰਾਂ ਨੂੰ ਬੇਰੋਕ-ਟੋਕ ਸੱਟ ਮਾਰਦੇ ਹੋਏ ਸਮਾਨਾਂਤਰ ਨਿਆਂਪਾਲਿਕਾ ਦੀ ਤਰ੍ਹਾਂ ਵਿਵਹਾਰ ਕਰਨਾ ਆਪਣੇ ਆਪ 'ਚ ਇੱਕ ਅਪਵਾਦ ਹੈ।
ਭਵਾਨੀ ਜ਼ਿਲ੍ਹੇ ਦੀ ਦਾਦਰੀ ਤਹਿਸੀਲ ਦੀ ਇੱਕ ਜਾਤੀਵਾਦੀ ਪੰਚਾਇਤ ਨੇ ਲਾਡਾਵਾਸ ਪਿੰਡ ਦੇ ਨਵ-ਵਿਆਹੇ ਮੁੰਡੇ ਦੇ ਪਰਿਵਾਰ ਦਾ ਨਾ ਸਿਰਫ ਸਮਾਜਿਕ ਬਾਈਕਾਟ ਕੀਤਾ ਸਗੋਂ ਉਸ ਦੇ 'ਪਿੰਡ ਨਿਕਾਲੇ' ਦਾ ਫਰਮਾਨ ਵੀ ਜਾਰੀ ਕਰ ਦਿੱਤਾ। ਝੱਜਰ ਜ਼ਿਲ੍ਹੇ ਦੇ ਪਿੰਡ ਅਸੰਦਾ ਵਿੱਚ ਨੌਜਵਾਨ ਆਸ਼ੀਸ਼ ਤੇ ਉਸ ਦੀ ਪਤਨੀ ਦਰਸ਼ਨਾ ਦਾ ਵਿਆਹ ਤੋੜਿਆ ਹੀ ਨਹੀ ਬਲਕਿ ਉਹਨਾਂ ਨੂੰ ਭੈਣ-ਭਰਾ ਵਾਂਗ ਰਹਿਣ ਲਈ ਹੁਕਮ ਸੁਣਾ ਦਿੱਤਾ। ਇਸੇ ਹੀ ਜ਼ਿਲ੍ਹੇ ਦੇ ਚਛੋਲੀ ਪਿੰਡ ਦੇ ਇੱਕ ਲੁਹਾਰ ਲੜਕਾ ਵਲੋਂ ਉੱਚ ਜਾਤੀ ਲੜਕੀ ਨਾਲ ਵਿਆਹ ਕਰਨ 'ਤੇ, ਲੁਹਾਰ ਪਰਿਵਾਰ ਨੂੰ ਪਿੰਡ ਵਿੱਚੋਂ ਕੱਢ ਦਿੱਤਾ।  'ਸ਼ਿਓਰਾਂ ਚੌਰਾਸੀ' ਮਹਾਂਪੰਚਾਇਤ ਨੇ ਭਿਵਾਨੀ ਜ਼ਿਲ੍ਹੇ ਦੇ ਖਰਕੜੀ ਪਿੰਡ ਦੇ ਸੁਰਿੰਦਰ ਕੁਮਾਰ ਨੂੰ ਪਰਿਵਾਰ ਸਮੇਤ ਆਪਣੀ ਵਹਿਸ਼ਤ ਦਾ ਇਸ ਕਰਕੇ ਨਿਸ਼ਾਨਾ ਬਣਾਇਆ ਕਿਉਂਕਿ ਉਸ ਨੇ ਇੱਕ ਜਾਟ ਲੜਕੀ ਨਾਲ ਅੰਤਰ-ਜਾਤੀ ਵਿਆਹ ਕਰਵਾ ਲਿਆ ਸੀ। ਕਦੇ-ਕਦੇ ਇਹ ਪੰਚਾਇਤਾਂ ਅਜਿਹੇ ਜ਼ਾਲਿਮਾਨਾ ਫੈਸਲੇ ਕਰਦੀਆਂ ਹਨ ਜਿਹਨਾਂ ਤੋਂ ਇਹ ਸੋਚਣ ਨੂੰ ਮਜ਼ਬੂਰ ਹੋਣਾ ਪੈਂਦਾ ਹੈ ਕਿ ਇਹ ਪੰਚਾਇਤਾਂ ਮੱਧ ਕਾਲ ਦੀ ਮਨਮਰਜ਼ੀ ਕਰਦੀ ਰਾਜਸ਼ਾਹੀ ਹਨ ਤਾਂ ਲੋਕਤੰਤਰ ਕਿੱਥੇ ਹੈ?
ਜਿਮੀਦਾਰਾਂ ਦੀ ਰਣਵੀਰ ਸੈਨਾ ਨੇ ਲਕਸ਼ਮਣਪੁਰ ਬਾਥੇ ਪਿੰਡ (ਬਿਹਾਰ) ਵਿੱਚ 63 ਦਲਿਤਾਂ ਨੂੰ, ਸ਼ੰਕਰਬਿੱਘਾ ' 25 ਦਲਿਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਖਬਾਰਾਂ ਵਿੱਚ ਖਬਰਾਂ ਛਪੀਆਂ। ਐਸ. ਸੀ. ਐਸ. ਟੀ ਕਮਿਸ਼ਨ ਨੇ ਰਿਪੋਰਟ ਦਿੱਤੀ ਪਰ ਇਹਨਾਂ ਖੂਨੀ ਕਾਂਡਾਂ ਸਬੰਧੀ ਪਾਰਲੀਮੈਂਟ ਵਿੱਚ ਕੋਈ ਚਰਚਾ ਨਹੀਂ ਹੋਈ। ਸੈਨਾ ਦੇ ਮੁੱਖੀ ਬਰਹੋਸ਼ ਸਿੰਘ ਉੱਤੇ 150 ਬੇਕਸੂਰ ਦਲਿਤਾਂ ਦੇ ਕਤਲ ਦਾ ਇਲਜ਼ਾਮ ਪਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਦੋਸ਼ੀ ਜੇਲ੍ਹ ਵਿੱਚ ਵੀ ਜਸ਼ਨ ਮਨਾਉਂਦੇ ਰਹੇ। ਉਪਰੋਕਤ ਖੂਨੀ ਕਾਂਡਾਂ ਪ੍ਰਤੀ ਦਲਿਤਾਂ ਨੂੰ ਕੋਈ ਇਨਸਾਫ ਨਾ ਮਿਲਿਆ। 6 ਸਾਲ ਦਲਿਤਾਂ ਵਿੱਚ ਗੁੱਸੇ ਤੇ ਰੋਹ ਦੇ ਸ਼ੋਹਲੇ ਭਖਦੇ ਰਹੇ। ਅੰਤ! ਦਲਿਤਾਂ ਦਾ ਗੁੱਸਾ ਜਹਾਨਾਬਾਦ ਦੀ ਘਟਨਾ ਦੇ ਰੂਪ 'ਚ ਸਾਹਮਣੇ ਆਇਆ।
ਫੂਲਨ ਦੇਵੀ ਨਾਲ ਪੰਜ ਦਿਨ ਲਗਾਤਾਰ 20 ਦਰਿੰਦਿਆ ਨੇ ਬਲਾਤਕਾਰ ਕਰਨ ਉਪਰੰਤ ਅਲਫ ਨੰਗੀ ਕਰਕੇ ਬੈਹਮਈ ਪਿੰਡ ਵਿੱਚ ਸ਼ਰੇਆਮ ਘੁਮਾਇਆ। ਇਸ ਅਣਮਨੁੱਖੀ ਘਨੌਣੀ ਘਟਨਾ 'ਤੇ ਕਿਸੇ ਦੀ ਅਣਖ ਨਹੀਂ ਜਾਗੀ! ਕਿਸੇ ਨੂੰ ਮਰਯਾਦਾ ਯਾਦ ਨਹੀਂ ਆਈ! ਦਰਿੰਦਿਆਂ ਦੀਆਂ ਮਾਵਾਂ, ਭੈਣਾਂ ਘਰੀਂ ਸਨ, ਉਹਨਾਂ ਦੇ ਸਾਹਮਣੇ ਜੀ ਭਰਕੇ ਫੂਲਨ ਨਾਲ ਬਲਾਤਕਾਰ ਹੁੰਦਾ ਰਿਹਾ! ਕਿਸੇ ਨੇ ਵੀ ਦਰਿੰਦਿਆਂ ਨੂੰ ਦੁਰ ਫਿਟੇ ਮੂੰਹ ਨਹੀਂ ਕਿਹਾ! ਕਿਸੇ ਵੀ ਮਰਦ ਨੇ ਮਰਦਾਨਗੀ ਨਹੀਂ ਵਿਖਾਈ! ਪਿੰਡ ਦੀ ਪੰਚਾਇਤ ਨੇ ਬਲਾਤਕਾਰੀਆਂ ਨੂੰ ਵਰਜਿਆ ਨਹੀਂ! ਬਲਾਤਕਾਰੀ, ਸ਼ਰੇਆਮ ਇਲਾਕੇ ਵਿੱਚ ਘੁੰਮਦੇ ਰਹੇ, ਕਿਸੇ ਪੁਲਿਸ ਨੇ ਉਹਨਾਂ ਨੂੰ ਪਕੜਿਆ ਨਹੀਂ! ਕਿਸੇ ਕਾਨੂੰਨ ਦੇ ਕੰਨ 'ਤੇ ਜੂੰ ਨਹੀਂ ਸਰਕੀ! ਕੋਈ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਨਹੀਂ ਹੋਈ! ਕੋਈ ਛੂਆ ਛਾਤ ਨਾਲ ਅਪਵਿੱਤਰ ਨਹੀਂ ਹੋਇਆ! ਕੋਈ ਕਿਸੇ ਸਵਰਨ ਦਾ ਧਰਮ ਭਰਿਸ਼ਟ ਨਹੀਂ ਹੋਇਆ! ਕੋਈ ਭਗਵਾਨ ਚੀਰ ਹਰਣ 'ਤੇ ਨਹੀ ਬਹੁੜਿਆ? ਇਸ ਬੇਇੱਜਤੀ ਨਾਲ ਫੂਲਨ ਗੁੱਸੇ 'ਚ ਆ ਬਾਗੀ ਹੋ ਗਈ। ਬਸ! ਫਿਰ ਉਸ ਦਾ ਇਹ ਗੁੱਸਾ ਬਹਿਮਾਈ ਪਿੰਡ ਦੇ 20 ਠਾਕੁਰਾਂ ਨੂੰ ਮਾਰ ਕੇ ਸ਼ਾਂਤ ਹੋਇਆ।
 
ਆਦਿਵਾਸੀਆਂ ਉੱਤੇ ਢਾਏ ਗਏ ਅੱਤਿਆਚਾਰਾਂ ਸਬੰਧੀ ਨਿਯੁਕਤ ਕੀਤੇ ਗਏ ਸਦਾਸ਼ਿਵ ਕਮਿਸ਼ਨ ਦੇ ਸਾਹਮਣੇ ਆਦਿਵਾਸੀਆਂ ਦਲਿਤਾਂ ਨੇ ਉਹਨਾਂ 'ਤੇ ਢਾਏ ਗਏ ਅੱਤਿਆਚਾਰਾਂ ਅਤੇ ਅਫਸਰਾਂ ਪ੍ਰਤੀ ਜੋ ਖੁਲਾਸਾ ਕੀਤਾ ਉਹ ਰੋਂਗਟੇ ਖੜ੍ਹੇ ਕਰ ਦੇਣ ਵਾਲਾ ਹੈ। ਉਹਨਾਂ ਕਿਹਾ ਹੈ ਕਿ ਜੰਗਲ ਅਧਿਕਾਰੀ ਸ਼੍ਰੀਨਿਵਾਸ ਨੇ ਵਿਰੱਪਨ ਦੀ ਕੁਆਰੀ ਭੈਣ ਨਾਲ ਪਿਆਰ ਪਾ ਕੇ ਉਸ ਨੂੰ ਗਰਭਵਤੀ ਕਰ ਦਿੱਤਾ। ਜਦ ਉਸ ਨੂੰ ਸ਼ਾਦੀ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਨੀਚ ਜਾਤੀ ਕਹਿ ਦੁਰਕਾਰ ਦਿੱਤਾ। ਵਿਰੱਪਨ ਦੀ ਭੈਣ ਨੇ ਆਤਮ ਹੱਤਿਆ ਕਰ ਲਈ। ਗੁੱਸੇ 'ਚ ਆਏ 17 ਸਾਲਾ ਵਿਰੱਪਨ ਨੇ ਕੁਹਾੜੀ ਚੁੱਕੀ ਤੇ ਜੰਗਲ ਅਧਿਕਾਰੀ ਦੇ ਹੱਥ ਪੈਰ ਵੱਡ ਦਿੱਤੇ।
 
ਪੁਲਿਸ ਵਿਰੱਪਨ ਦੇ ਪਿੱਛੇ ਪੈ ਗਈ ਤਾਂ ਉਹ ਭਗੌੜਾ ਹੋ ਕੇ ਜੰਗਲਾਂ ਵੱਲ ਭੱਜ ਗਿਆ। ਵਿਰੱਪਨ ਨੂੰ ਫੜਨ ਲਈ 1990 ਵਿੱਚ ਸਰਕਾਰ ਨੇ ਸਪੈਸ਼ਲ ਟਾਸਕ ਫੋਰਸ ਬਣਾਈ। ਵਿਰੱਪਨ ਤਾਂ ਟਾਸਕ ਫੋਰਸ ਦੇ ਹੱਥ ਆਇਆ ਨਹੀਂ, ਪਰ ਫੋਰਸ ਦੇ ਅਫਸਰਾਂ ਨੇ ਜੰਗਲ ਅਧਿਕਾਰੀਆਂ ਨਾਲ ਮਿਲ ਕੇ ਸੰਦਲ ਅਤੇ ਗ੍ਰੇਨਾਈਟ ਪੱਥਰ ਦੀ ਸਮਗਲਿੰਗ ਸ਼ੁਰੂ ਕਰ ਦਿੱਤੀ। ਵਿਰੱਪਨ ਆਦਿਵਾਸੀਆਂ ਦੀ ਮਦਦ ਨਾਲ ਉਹਨਾਂ ਦੀਆਂ ਗੱਡੀਆਂ ਲੁੱਟ ਕੇ ਆਦਿਵਾਸੀਆਂ ਵਿੱਚ ਵੰਡ ਦਿੰਦਾ ਸੀ। ਗੁੱਸੇ ਵਿੱਚ ਭੜਕੇ ਫੋਰਸ ਅਧਿਕਾਰੀ ਸੈਂਕੜੇ ਆਦਿਵਾਸੀਆਂ ਨੂੰ ਵਿਰੱਪਨ ਦੇ ਸਾਥੀ ਕਹਿ ਫੜਕੇ ਲੈ ਆਉਂਦੇ। ਉਹਨਾਂ ਨੂੰ ਕੈਂਪਾਂ ਵਿੱਚ ਰੱਖ ਕੇ ਥਰਡ ਡਿਗਰੀ ਘੋਰ ਅੱਤਿਆਚਾਰ ਢਾਉਂਦੇ। ਔਰਤਾਂ ਦੇ ਗੁਪਤ ਅੰਗਾਂ 'ਤੇ ਬਿਜਲੀ ਲਾਉਂਦੇ। ਉਹਨਾਂ ਨਾਲ ਸਮੂਹਿਕ ਬਲਾਤਕਾਰ ਕਰਦੇ। ਉਹਨਾਂ ਦੇ ਪਿਉ ਭਰਾਵਾਂ ਨੂੰ ਬਲਾਤਕਾਰ ਦਾ ਦ੍ਰਿਸ਼ ਦੇਖਣ ਲਈ ਮਜਬੂਰ ਕਰਦੇ। ਇੱਥੋਂ ਤੱਕ ਕਿ ਬੁੱਢੀਆਂ ਔਰਤਾਂ ਨੂੰ ਵੀ ਨਾ ਬਖਸ਼ਿਆ ਜਾਂਦਾ। ਜੋ ਮਰ ਜਾਂਦਾ ਉਸ ਦਾ ਮੁਕਾਬਲਾ ਸ਼ੋਅ ਕਰ ਦਿੰਦੇ।
 
ਟਾਸਕ ਫੋਰਸ ਵੱਲ੍ਹੋਂ 100 ਟਾਡਾ ਅਧੀਨ ਨਜਰਬੰਦ ਕੀਤੇ ਗਏ ਆਦਿਵਾਸੀਆਂ ਵਿੱਚ 50 ਵਿਧਵਾਵਾ ਹਨ। ਆਦਿਵਾਸੀ ਲੜਕੀਆਂ ਤੇ ਔਰਤਾਂ ਨੂੰ ਸਾਲਾਂ ਬੱਧੀ 'ਸੈਕਸ ਗੁਲਾਮ' ਬਣਾ ਕੇ ਰੱਖਿਆ ਜਾਂਦਾ ਹੈ। ਉਹਨਾਂ ਤੋਂ ਅਫਸਰ ਆਪਣੇ ਘਰਾਂ ਵਿੱਚ ਬੇਗਾਰ ਲੈਂਦੇ। ਫੋਰਸ ਵਾਲੇ ਆਦਿਵਾਸੀਆ ਦੀ ਆਮਦਨ ਦਾ ਇੱਕ ਮਾਤਰ ਸਾਧਨ ਭੇਡਾਂ, ਬੱਕਰੀਆਂ, ਮੁਰਗੀਆਂ ਖਾਣ ਲਈ ਜਬਰੀ ਚੁੱਕ ਕੇ ਲੈ ਜਾਂਦੇ ਹਨ। ਕੋਈ ਸੁਣਦੀ ਨਹੀ ਹੈ।
 
ਮਨੁੱਖੀ ਅਧਿਕਾਰ ਘੁਲਾਟੀਏ ਐਡਵੋਕੇਟ ਬਾਲਾਮੁਰੂਗਨ ਨੇ ਆਪਣੀ ਪੁਸਤਕ 'ਸੋਲਾਗਾਰ ਡੋਡੀ' ਵਿੱਚ ਇਹਨਾਂ ਕਰੂਰ ਅਤਿਆਚਾਰਾਂ ਦੀਆਂ ਫੋਟੋਆਂ ਛਾਪੀਆਂ ਹਨ। ਉਹਨਾਂ ਦੱਸਿਆ ਕਿ ਆਦਿਵਾਸੀ ਵਿਰੱਪਨ ਨੂੰ ਭਗਵਾਨ ਮੰਨਦੇ ਹਨ। ਵਿਰੱਪਨ ਇੱਕ ਭਲਾ ਪੁਰਸ਼ ਸੀ। ਉਹ ਸ਼ਰਾਬ ਜਾਂ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਦਾ ਸੀ। ਹਰ ਔਰਤ ਨੂੰ ਉਹ ਅੰਮਾ ਅਤੇ ਲੜਕੀ ਨੂੰ ਭੈਣ ਕਹਿ ਕੇ ਉਸ ਦੀ ਇੱਜਤ ਕਰਦਾ ਸੀ। ਉਸ ਨੇ ਕਦੇ ਕਿਸੇ ਔਰਤ ਦੀ ਇੱਜਤ ਨਹੀਂ ਲੁੱਟੀ।
 
ਫਿਲਮ ਕਲਾਕਾਰ ਰਾਜ ਕੁਮਾਰ ਦੀ ਰਿਹਾਈ ਵੇਲੇ ਵਿਰੱਪਨ ਨੇ ਖੁਲਾਸਾ ਕੀਤਾ ਕਿ ਅੱਜ ਦੀ ਤਰੀਕ ਵਿੱਚ ਹਰ ਨੇਤਾ ਅਤੇ ਆਲਾ ਅਫਸਰ ਸਮੱਗਲਰ ਹੈ। ਆਪਣੇ ਸਿਆਸੀ ਜੀਵਨ ਵਿੱਚ ਹਰ ਨੇਤਾ ਆਪਣੇ ਵਿਰੋਧੀ ਦਾ ਕਾਤਲ ਹੈ। ਬੇਸ਼ੁਮਾਰ ਬੈਂਕ ਡਕੈਤੀਆਂ ਤੇ ਕਾਤਿਲਾਂ ਦਾ ਸੁਰੱਖਿਕ ਕੋਈ ਨਾ ਕੋਈ ਨੇਤਾ ਹੀ ਹੈ। ਨੇਤਾ ਅਤੇ ਜੰਗਲ ਅਧਿਕਾਰੀ ਰਲ ਮਿਲ ਕੇ ਸੰਦਲ ਲੱਕੜੀਆਂ ਦੀ ਸਮੱਗਲਿੰਗ ਕਰਦੇ ਹਨ। ਮੇਰੀ ਸਮੱਗਲਿੰਗ ਕੀਤੀ ਹੋਈ ਲੱਕੜ ਦਾ ਕੋਈ ਇਹ ਅੰਕੜਾ ਪੇਸ਼ ਕਰਨ? ਮੇਰਾ ਜਾਂ ਮੇਰੇ ਰਿਸ਼ਤੇਦਾਰਾਂ ਜਾਂ ਸਬੰਧੀਆਂ ਦਾ ਕੋਈ ਬੈਂਕ ਖਾਤਾ ਜਾਂ ਫਰਮ ਦੱਸਣ?  
 
ਪੀੜਿਤ ਦਲਿਤ ਸ਼ੋਸ਼ਿਤ ਸਮਾਜ ਅੱਤਿਆਚਾਰ ਅਤੇ ਸ਼ੋਸ਼ਣ ਦੇ ਖਿਲਾਫ ਚਾਰ ਤਰ੍ਹਾਂ ਦੀ ਪ੍ਰਤਿਕਿਰਿਆ ਕਰਦਾ ਹੈ    (1) ਜੁਲਮ ਅਤੇ ਸ਼ੋਸ਼ਣ ਨੂੰ ਆਪਣੀ ਕਿਸਮਤ ਮੰਨ ਕੇ ਚੁੱਪ ਚਾਪ ਸਹਿਣ ਕਰ ਲੈਂਦਾ ਹੈ।
(2)
ਜਾਂ ਫਿਰ ਜੁਲਮ ਅਤੇ ਸ਼ੋਸ਼ਣ ਤੋਂ ਬਚਣ ਲਈ ਪਿੰਡ ਛੱਡ ਕੇ ਸ਼ਹਿਰ ਦੀ ਸਲੱਮਬਸਤੀ ਵਿੱਚ ਚਲੇ ਜਾਂਦਾ ਹੈ।
(3)
ਜਾਂ ਫਿਰ ਜੁਲਮ ਅਤੇ ਸ਼ੋਸ਼ਣ ਤੋਂ ਬਚਣ ਲਈ ਆਤਮ ਹੱਤਿਆ ਕਰ ਲੈਂਦਾ ਹੈ।
(4)
ਜਾਂ ਫਿਰ ਅਣਖੀ ਲੋਕ ਹਥਿਆਰ ਚੁੱਕ ਲੈਂਦੇ ਹਨ। ਸਰਕਾਰ ਉਹਨਾਂ ਨੂੰ ਹਥਿਆਰਾਂ ਨਾਲ ਦਬਾਉਂਦੀ ਹੈ ਤਾਂ ਹੰਸਾ ਹੁੰਦੀ ਹੈ। ਉਹ ਹਿੰਸਾ ਦਾ ਜਵਾਬ ਹਿੰਸਾ ਵਿਚ ਦਿੰਦੇ ਹਨ।
 
ਪਰ ਹਿੰਸਾ ਕੋਈ ਸਮੱਸਿਆ ਦਾ ਹਲ ਨਹੀ ਹੈ। ਸਰਕਾਰਾਂ ਨੂੰ ਦਲਿਤ ਸ਼ੋਸ਼ਿਤ ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਇਸ ਦੇ ਹੱਲ ਲੱਭਣੇ ਚਾਹੀਦੇ ਹਨ। ਨਹੀਂ ਤਾਂ ਦਲਿਤਾਂ ਵਿੱਚੋਂ ਕਈ ਫੂਲਨ ਦੇਵੀਆ ਅਤੇ ਵਿਰੱਪਨ ਪੈਦਾ ਹੁੰਦੇ ਰਹਿਣਗੇ? ਦਲਿਤਾਂ 'ਚ ਦਿਨ ਪ੍ਰਤੀ ਦਿਨ ਇਹ ਵੱਧ ਰਿਹਾ ਗੁੱਸਾ, ਮਜੂਦਾ ਵਿਵਸਥਾ, ਸਵਰਨਾਂ, ਸ਼ਾਸਨ ਅਤੇ ਨੇਤਾਵਾਂ ਪ੍ਰਤੀ ਹੈ।  ਇਸ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ।
ਦਲਿਤਾਂ ਵਿੱਚ ਦਿਨ ਪ੍ਰਤੀ ਦਿਨ ਗੁੱਸਾ ਕਿਉਂ ਵਧ ਰਿਹਾ ਹੈ? ........... (ਚੱਲਦਾ)......

ਐਸ. ਐ. ਵਿਰਦੀ ਐਡਵੋਕੇਟ,

ਸਿਵਲ ਕੋਰਟਸ ਫਗਵਾੜਾ, ਪੰਜਾਬ,

ਫੋਨ : 01824 265887, 9814517499