UPKAAR
WEBSITE BY SHRI GURU RAVIDAS WELFARE SOCIETY

                                       Shri Guru Ravidas Welfare Society

HOME PAGE

ਸੋਹੰ

ਸੋਹੰ

 

 

ਚੌਦਾਰ ਤਲਾਬ ਤੇ ਕਾਲਾ ਨਾਸਕ ਮੰਦਰ ਮੋਰਚੇ 'ਤੇ ਵਿਸ਼ੇਸ

ਡਾਕਟਰ ਅੰਬੇਡਕਰ ਦਾ ਚੌਦਾਰ ਤਲਾਬ ਤੇ ਕਾਲਾ ਨਾਸਕ ਮੰਦਰ ਮੋਰਚਾ

ਐਸ ਐਲ ਵਿਰਦੀ ਐਡਵੋਕੇਟ


ਮਹਾਂਰਾਸ਼ਟਰ ਦੇ ਸ਼ਹਿਰ ਮਹਾਡ ਵਿਖੇ ਦਲਿਤਾਂ ਨੂੰ ਆਮ ਚੌਦਾਰ ਤਲਾਬ ਤੋਂ ਪਾਣੀ ਨਹੀਂ ਭਰਨ ਦਿੱਤਾ ਜਾਂਦਾ ਸੀ ਬਲਕਿ ਛੱਪੜ 'ਚੋਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਕੀਤਾ ਜਾਂਦਾ ਸੀ ਜਦ ਕਿ ਕੁੱਤੇ, ਬਿੱਲੇ, ਪੰਛੀ ਉਥੇ ਨਹਾ ਸਕਦੇ ਸਨ। 20 ਮਾਰਚ 1927 ਨੂੰ ਡਾ. ਅੰਬੇਡਕਰ ਨੇ ਚੌਦਾਰ ਤਲਾਬ ਤੋਂ ਪਾਣੀ ਲਈ ਮੋਰਚਾ ਲਾ ਦਿੱਤਾ। ਬਾਬਾ ਸਾਹਿਬ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਦਾ ਠਾਠਾਂ ਮਾਰਦਾ ਹੋਇਆ ਜਨ-ਸਮੂਹ ਚੌਦਾਰ ਤਲਾਬ ਵਲ ਤੁਰਿਆ। ਜਲੂਸ ਦੇ ਆਗੂ ਬਾਬਾ ਸਾਹਿਬ ਅੰਬੇਡਕਰ ਜਾਣਦੇ ਸਨ ਕਿ ਆਜਾਦੀ ਕਦੀ ਭੀਖ ਦੀ ਤਰਾਂ ਮੰਗਿਆਂ ਨਹੀਂ ਮਿਲਦੀ, ਇਸ ਸੁਗਾਤ ਦੀ ਪ੍ਰਾਪਤੀ ਲਈ ਸਿਰ ਵਾਰਨੇ ਪੈਂਦੇ ਹਨ। ਸਰਕਾਰ ਨੂੰ ਵੰਗਾਰਨਾ ਇੰਨਾ ਔਖਾ ਨਹੀਂ ਜਿਨਾਂ ਸਮਾਜ ਵਿਰੁੱਧ ਬਗਾਵਤ ਕਰਨਾ। ਡਾ. ਅੰਬੇਡਕਰ ਨੇ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਉਸ ਤਲਾਬ 'ਚੋਂ ਪਾਣੀ ਪੀਤਾ ਪਰ ਉੱਚ ਜਾਤੀਆਂ ਨੇ ਤਲਾਬ ਨੂੰ ਅਪਵਿੱਤਰ ਸਮਝਕੇ ਉਸ ਨੂੰ 'ਪੰਚਗਵ' (ਗਾਂ ਦਾ ਗੋਹਾ, ਪਿਸ਼ਾਬ, ਦੁੱਧ, ਮੱਖਣ, ਘਿਓ) ਦੇ ਮੰਤਰਾਂ ਨਾਲ ਸ਼ੁੱਧ ਕੀਤਾ। ਗਾਂਧੀ ਜੀ ਨੇ ਡਾਕਟਰ ਅੰਬੇਡਕਰ ਦਾ ਨਹੀਂ ਬਲਕਿ ਵਿਰੋਧੀਆਂ ਦਾ ਸਾਥ ਦਿੱਤਾ। ਕਾਂਗਰਸ ਦਾ ਜ਼ਿਲਾ ਪ੍ਰਧਾਨ ਵਿਰੋਧੀਆਂ ਦਾ ਨੇਤਾ ਸੀ।

ਨਾਸਿਕ ਮੰਦਰ ਮੋਰਚਾ
ਮਹਾਂਰਾਸ਼ਟਰ ਦੇ ਜ਼ਿਲਾ ਨਾਸਿਕ ਦੇ ਕਾਲਾ ਰਾਮ ਮੰਦਰ ਵਿਚ ਦਲਿਤਾਂ ਦੇ ਅੰਦਰ ਜਾਣ ਦੀ ਮਨਾਹੀ ਸੀ। 2 ਮਾਰਚ 1930 ਨੂੰ ਡਾਕਟਰ ਅੰਬੇਡਕਰ ਨੇ ਹਜ਼ਾਰਾਂ ਸਾਥੀਆਂ ਸਮੇਤ ਮੋਰਚਾ ਲਾ ਦਿੱਤਾ। 3 ਮਾਰਚ ਨੂੰ 125 ਮਰਦਾਂ ਅਤੇ 25 ਔਰਤਾਂ ਦੇ ਜਥੇ ਮੰਦਿਰ ਦੇ ਚੌਹਾਂ ਗੇਟਾਂ ਤੇ ਡੱਟ ਗਏ। 3 ਹਜ਼ਾਰ ਹਿੰਦੂ ਕੱਟੜਪੰਥੀ ਵੀ ਮੰਦਰ ਅੰਦਰ ਦਲਿਤਾਂ ਦੇ ਦਾਖਲੇ ਨੂੰ ਰੋਕਣ ਲਈ ਡਟੇ ਹੋਏ ਸਨ। ਉਧਰ ਬਾਹਰ 8 ਹਜ਼ਾਰ ਦਲਿਤ ਮੰਦਰ ਵਿਚ ਦਾਖਲੇ ਲਈ ਦ੍ਰਿੜ ਸਨ। ਬੇਸ਼ੁਮਾਰ ਹਥਿਆਰਬੰਦ ਪੁਲਿਸ ਵੀ ਦਰਮਿਆਨ ਡਟੀ ਹੋਈ ਸੀ। ਕਦਰੇਕਰ ਨੇ ਜਿਉਂ ਹੀ ਰਾਮ ਮੂਰਤੀ ਰੱਥ ਨੂੰ ਹੱਥ ਲਾਇਆ ਤਾਂ ਸਵਰਣ ਗਿਰਝਾਂ ਵਾਗੂ ਦਲਿਤਾਂ ਤੇ ਟੁੱਟ ਪਏ, ਇੱਟਾਂ ਅਤੇ ਪੱਥਰਾਂ ਦਾ ਮੀਂਹ ਵਰਸਣ ਲੱਗਾ। ਕਦਰੇਕਰ ਸਖਤ ਜਮਖੀ ਹੋ ਕੇ ਖੂਨ ਵਿਚ ਲੱਥ-ਪੱਥ ਹੋ ਭੁੰਜੇ ਡਿੱਗ ਪਿਆ। ਡਾ. ਅੰਬੇਡਕਰ ਨੂੰ ਕਿਹਾ ਗਿਆ ਕਿ ਉਹ ਇਥੋਂ ਚਲੇ ਜਾਣ ਪਰ ਉਨਾਂ ਜਵਾਬ ਦਿੱਤਾ, ''ਮੈਂ ਇਕ ਸੈਨਿਕ ਦਾ ਬੇਟਾ ਹਾਂ,ਮੈਦਾਨ ਵਿਚੋਂ ਭੱਜ ਕੇ ਨਹੀਂ ਜਾ ਸਕਦਾ।'' ਡਾ. ਅੰਬੇਡਕਰ ਡਟੇ ਰਹੇ, ਉਹ ਵੀ ਜ਼ਖਮੀ ਹੋ ਗਏ। ਦਲਿਤਾਂ ਅਤੇ ਹਿੰਦੂਆਂ ਵਿਚਕਾਰ ਇਹ ਮਨੁੱਖੀ ਅਧਿਕਾਰਾਂ ਲਈ ਪਹਿਲੀ ਲੜਾਈ ਹੋਈ।
ਨਾਸਿਕ ਮੋਰਚੇ ਦੀ ਕੁੜੱਤਣ ਸਾਰੇ ਜ਼ਿਲੇ ਵਿਚ ਫੈਲ ਗਈ। ਹਿੰਦੂਆਂ ਨੇ ਦਲਿਤ ਵਿਦਿਆਰਥੀਆਂ ਨੂੰ ਸਕੂਲਾਂ ਤੋਂ ਬਾਹਰ ਕੱਢ ਦਿੱਤਾ। ਉਨ੍ਹਾਂ ਨੂੰ ਸੌਦਾ ਦੇਣਾ ਬੰਦ ਕਰ ਦਿੱਤਾ ਅਤੇ ਕਈ ਥਾਵਾਂ ਤੇ ਉਨ੍ਹਾਂ ਨੂੰ ਸੜਕਾਂ ਤੇ ਚੱਲਣ ਤੋਂ ਰੋਕ ਦਿੱਤਾ। ਦਲਿਤਾਂ ਦਾ ਵੱਡੀ ਪੱਧਰ ਤੇ ਸਮਾਜਿਕ ਅਤੇ ਆਰਥਿਕ ਬਾਈਕਾਟ ਕੀਤਾ ਗਿਆ। ਕਈਆਂ ਪਿੰਡਾਂ ਵਿਚ ਦਲਿਤਾਂ ਦੀ ਨਾਕਾਬੰਦੀ ਕੀਤੀ ਗਈ, ਉਨ੍ਹਾਂ ਤੇ ਅੱਤਿਆਚਾਰ ਢਾਏ ਗਏ। ਏਨੇ ਦੁੱਖ ਸਹਿਕੇ ਵੀ ਦਲਿਤਾਂ ਨੇ ਮੋਰਚਾ ਚਾਲੂ ਰੱਖਿਆ।ਡਾ. ਅੰਬੇਡਕਰ ਵਲੋਂ ਦਲਿਤ ਗੁਲਾਮਾਂ ਦੀ ਅਜ਼ਾਦੀ ਲਈ ਸ਼ੁਰੂ ਕੀਤੇ ਸੰਘਰਸ਼ ਨੇ ਮਹਾਤਮਾ ਗਾਂਧੀ ਨੂੰ ਵਖਤ ਪਾ ਦਿੱਤਾ। ਗਾਂਧੀ ਜੀ ਨੇ ਬਾਬਾ ਸਾਹਿਬ ਨੂੰ ਹੋਰ ਪ੍ਰੇਸ਼ਾਨ ਕਰਨ ਲਈ ਆਪਣੇ ਅਖਬਾਰ ਯੰਗ ਇੰਡੀਆ ਵਿਚ ਲਿਖਿਆ,''ਜੇਕਰ ਪੁਰਾਣੇ ਮੰਦਰਾਂ ਦੇ ਪ੍ਰਬੰਧਕ ਅਖੌਤੀ ਦਲਿਤਾਂ ਦਾ ਵਿਰੋਧ ਕਰਦੇ ਹਨ ਤਾਂ ਡਾਕਟਰ ਅੰਬੇਡਕਰ ਦਲਿਤਾਂ ਲਈ ਨਵੇਂ ਮੰਦਰ ਬਣਵਾ ਸਕਦੇ ਹਨ।''ਡਾ. ਅੰਬੇਡਕਰ ਨੇ ਕਿਹਾ,'' ਮੈਂ ਮੰਦਰ ਅੰਦੋਲਨ ਇਸ ਲਈ ਸ਼ੁਰੂ ਨਹੀਂ ਕੀਤਾ ਕਿ ਦਲਿਤ ਵੀ ਉਨ੍ਹਾਂ ਮੂਰਤੀਆਂ ਦੀ ਪੂਜਾ ਕਰਨ ਜਿਨ੍ਹਾਂ ਨੂੰ ਪੂਜਣ ਤੋਂ ਹੁਣ ਤੱਕ ਉਨ੍ਹਾਂ ਨੂੰ ਰੋਕੀ ਰੱਖਿਆ ਗਿਆ ਹੈ ਅਤੇ ਨਾ ਹੀ ਮੇਰਾ ਇਹ ਵਿਸ਼ਵਾਸ ਹੈ ਕਿ ਮੰਦਰ ਪ੍ਰਵੇਸ਼ ਕਰਨ ਨਾਲ ਦਲਿਤ ਸਮਾਜ ਦੇ ਲੋਕ ਹਿੰਦੂ ਸਮਾਜ ਦੇ ਨੁਮਾਇੰਦੇ ਬਣ ਜਾਣਗੇ। ਮੈ ਮੰਦਰ ਪ੍ਰਵੇਸ਼ ਦਾ ਸਤਿਆ ਗ੍ਰਹਿ ਸਿਰਫ ਇਸ ਲਈ ਸ਼ੁਰੂ ਕੀਤਾ ਸੀ ਜਿਵੇਂ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਦਲਿਤਾਂ ਨੂੰ ਸ਼ਕਤੀ ਸ਼ਾਲੀ ਬਣਾਉਣ ਤੇ ਉਨ੍ਹਾਂ ਨੂੰ ਆਪਣੀ ਪੁਜੀਸ਼ਨ ਦਾ ਅਹਿਸਾਸ ਕਰਾਉਣ ਲਈ ਵਧੀਆ ਤਰੀਕਾ ਹੈ।''
ਜੇਕਰ ਅਸੀਂ ਚੌਦਾਰ ਤਲਾਬ ਦਾ ਪਾਣੀ ਨਾ ਪੀਤਾ ਤਾਂ ਸਾਡੀ ਜਾਨ ਖਤਰੇ ਵਿਚ ਪੈ ਜਾਏਗੀ ਐਸੀ ਕੋਈ ਗੱਲ ਨਹੀਂ ਹੈ। ਅਸੀਂ ਤਲਾਬ ਤੱਕ ਇਸ ਲਈ ਜਾਣਾ ਚਾਹੁੰਦੇ ਹਾਂ ਤੇ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਬਾਕੀਆਂ ਦੀ ਤਰਾਂ ਅਸੀਂ ਵੀ ਇਨਸਾਨ ਹਾਂ ਅਤੇ ਇਨਸਾਨਾਂ ਦੀ ਤਰਾਂ ਜੀਉਣਾ ਚਾਹੁੰਦੇ ਹਾਂ। ਅਸੀਂ ਇਸ ਗੱਲ ਦਾ ਵੀ ਹਮੇਸ਼ਾਂ ਲਈ ਫੈਸਲਾ ਕਰ ਦੇਣਾ ਚਾਹੁੰਦੇ ਹਾਂ ਕਿ ਦਲਿਤ ਸਮਾਜ, ਹਿੰਦੂ ਧਰਮ ਦੇ ਘੇਰੇ ਵਿਚ ਹੈ ਜਾ ਨਹੀਂ।''''ਜਦ ਗਾਂਧੀ ਜੀ ਕਾਂਗਰਸ ਦਾ ਮੈਂਬਰ ਬਣਨ ਲਈ ਇਹ ਸ਼ਰਤ ਲਗਾਉਂਦੇ ਹਨ ਕਿ ਉਹ ਖੱਦਰ ਪਹਿਨਦਾ ਹੋਵੇ, ਹਿੰਦੂ, ਮੁਸਲਮਾਨ ਏਕਤਾ ਦਾ ਹਾਮੀ ਹੋਵੇ ਤਾਂ ਹੀ ਉਹ ਕਾਂਗਰਸ ਦਾ ਵੋਟ ਮੈਂਬਰ ਬਣ ਸਕਦਾ ਹੈ ਤਾਂ ਫਿਰ ਗਾਂਧੀ ਜੀ ਜੇ ਕਰ ਵਾਕਿਆ ਹੀ ਛੂਆ-ਛਾਤ ਖਤਮ ਕਰਨਾ ਚਾਹੁੰਦੇ ਹਨ ਤਾਂ ਉਹ ਤੀਸਰੀ ਸ਼ਰਤ ਛੂਆ-ਛਾਤ ਤੇ ਜਾਤ-ਪਾਤ ਨੂੰ ਖਤਮ ਕਰਨ ਲਈ ਵੀ ਰੱਖ ਸਕਦੇ ਸਨ।''
ਬਾਬਾ ਸਾਹਿਬ ਅੰਬੇਡਕਰ ਕਹਿੰਦੇ ਹਨ ਕਿ ਆਪ ਕਿਸੇ ਪਾਸੇ ਵੀ ਮੂੰਹ ਘੁਮਾਅ ਕੇ ਵੇਖ ਲਓ, ਜਾਤ-ਪਾਤ ਇਕ ਅਜਿਹਾ ਭੂਤ ਹੈ ਜੋ ਹਰ ਪਾਸੇ ਤੁਹਡੀ ਤਰੱਕੀ ਦਾ ਰਾਹ ਰੋਕੀ ਬੈਠਾ ਹੈ। ਜਦ ਤੱਕ ਇਸ ਭੂਤ ਦਾ ਖਾਤਮਾ ਨਹੀਂ ਹੁੰਦਾ ਤਦ ਤੱਕ ਆਪ ਰਾਜਨੀਤਕ, ਸਮਾਜਿਕ ਤੇ ਆਰਥਿਕ ਸੁਧਾਰ ਨਹੀਂ ਕਰ ਸਕਦੇ।''ਭਾਰਤ ਵਿਚ ਜਾਤ-ਪਾਤ ਅਤੇ ਛੂਆ-ਛਾਤ ਸਮੱਸਿਆ ਵਰਗ ਸੰਘਰਸ਼ ਹੀ ਹੈ। ਇਹ ਵਰਗ ਸੰਘਰਸ਼ ਸਵਰਨ ਹਿੰਦੂਆਂ ਅਤੇ ਦਲਿਤਾਂ ਵਿਚਕਾਰ ਹੈ। ਇਹ ਕੋਈ ਇਕ ਵਿਅਕਤੀ ਦੇ ਖਿਲਾਫ ਬੇਇਨਸਾਫੀ ਨਹੀਂ ਹੈ ਇਹ ਤਾਂ ਇਕ ਅਜਿਹਾ ਅੱਤਿਆਚਾਰ ਹੈ ਜੋ ਇਕ ਸਮੁੱਚੇ ਵਰਗ ਵਲੋਂ ਦੂਜੇ ਸਮੁੱਚੇ ਨੀਚ ਬਣਾਏ ਗਏ ਵਰਗ ਤੇ ਢਾਇਆ ਜਾਂਦਾ ਹੈ।''
''
ਦੁਨੀਆਂ ਦੇ ਦੂਜੇ ਦੇਸ਼ਾਂ ਵਿਚ ਸਮਾਜੀ ਇਨਕਲਾਬ ਆਏ। ਇਸ ਪ੍ਰਸ਼ਨ ਨੇ ਮੈਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਹੈ ਕਿ ਹਿੰਦੋਸਤਾਨ ਵਿਚ ਸਮਾਜੀ ਇਨਕਲਾਬ ਕਿਉਂ ਨਹੀਂ ਆਏ ? ਕੇਵਲ ਇਕ ਹੀ ਉੱਤਰ ਜੋ ਮੈਂ ਦੇ ਸਕਦਾ ਹਾਂ ਅਤੇ ਉਹ ਇਹ ਹੈ ਕਿ ਚਤੁਰਵਰਣ ਦੇ ਇਸ ਮਨਹੂਸ ਸਿਸਟਮ ਦੇ ਕਾਰਨ ਹਿੰਦੂਆਂ ਦੀਆਂ ਹੇਠਲੀਆਂ ਸ਼੍ਰੇਣੀਆਂ ਹਿੰਸਕ ਕਾਰਵਾਈ ਦੇ  ਮੁਕੰਮਲ ਅਯੋਗ ਬਣਾ ਦਿੱਤੀਆਂ ਗਈਆਂ। ਉਹ  ਹਥਿਆਰ ਨਹੀਂ ਰੱਖ ਸਕਦੇ ਅਤੇ ਬਿਨਾਂ ਹਥਿਆਰਾਂ ਦੇ ਬਗਾਵਤ ਨਹੀਂ ਹੋ ਸਕਦੀ। ਉਹ ਸਾਰੇ ਹੀ ਹੱਲ ਚਲਾਉਣ ਵਾਲੇ ਅਤੇ ਜਾਂ ਇੰਝ ਕਹੋ ਕਿ ਹਲ ਚਲਾਣ ਵਾਲੇ ਬਣਨ ਲਈ ਬੇਵਸ ਲੋਕ ਸਨ ਜਿਹਨਾਂ ਨੂੰ ਆਪਣੇ ਹਲਾਂ ਦੇ ਫਾਲਿਆਂ ਨੂੰ ਤਲਵਾਰਾਂ ਵਿਚ ਬਦਲਣ ਦਾ ਸਮਾਂ ਨਹੀਂ  ਦਿੱਤਾ ਗਿਆ। ਉਨ੍ਹਾਂ ਦੇ ਕੋਲ ਬੰਦੂਕਾਂ ਨਹੀਂ ਹਨ। ਇਸ ਲਈ ਹਰ ਕੋਈ ਜੋ ਚਾਹੁੰਦਾ ਸੀ, ਉਨ੍ਹਾਂ ਉਤੇ ਬੈਠ ਸਕਦਾ ਸੀ ਅਤੇ ਬੈਠਿਆ। ਜਾਤ-ਪਾਤ ਕਾਰਨ ਉਹ ਕੋਈ ਵਿਦਿਆ ਗ੍ਰਹਿਣ ਨਹੀਂ ਕਰ ਸਕਦੇ ਸਨ ਅਤੇ ਬਚ ਨਿਕਲਣ ਦਾ ਰਾਹ ਅਤੇ ਬਚ ਨਿਕਲਣ ਦੇ ਸਾਧਨ ਨਾ ਹੋਣ ਕਾਰਨ ਉਨਾਂ ਨੇ ਸਦੀਵੀਂ ਗੁਲਾਮੀ ਨਾਲ ਸਮਝੌਤਾ ਕਰ ਲਿਆ ਅਤੇ ਇਸ  ਸਦੀਵੀਂ ਗੁਲਾਮੀ ਨੂੰ ਉਨਾਂ ਨੇ ਆਪਣੀ ਅਜਿਹੀ ਕਿਸਮਤ ਮੰਨ ਲਿਆ ਜਿਸ ਤੋਂ ਛੁਟਕਾਰਾ ਨਾ ਹੋਵੇ।''

ਵਗਾਰ ਵਿਰੁੱਧ ਵਿਦਰੋਹ
19  
ਮਾਰਚ 1928 ਨੂੰ ਬਾਬਾ ਸਾਹਿਬ ਅੰਬੇਡਕਰ ਨੇ ਵਗਾਰ ਵਿਰੁੱਧ ਘੋਲ ਅਰੰਭਿਆ। ਉਸ ਦਿਨ ਉਨ੍ਹਾਂ ਨੇ ਬੰਬਈ ਵਿਧਾਨ ਪ੍ਰੀਸ਼ਦ ਵਿਚ ਇਕ ਬਿੱਲ ਪੇਸ਼ ਕੀਤਾ। ਇਸ ਦਾ ਆਸ਼ਾ 1874 ਦੇ ਬੰਬਈ ਮਰੂਸੀ ਜ਼ਿਮੀਦਾਰੀ ਕਾਨੂੰਨ ਵਿਚ ਸੰਸ਼ੋਧਨ ਕਰਨਾ ਸੀ। ਡਾ.ਅੰਬੇਡਕਰ ਵਗਾਰ ਵਿਰੁੱਧ ਬਿੱਲ ਪੇਸ਼ ਕਰਕੇ ਚੁੱਪ ਨਹੀਂ ਹੋ ਗਏ। ਉਨ੍ਹਾਂ ਨੇ ਵਗਾਰ ਦੇ ਸ਼ਿਕਾਰ ਲੋਕਾਂ ਨੂੰ ਹਲੂਣਿਆਂ, ਉਨ੍ਹਾਂ ਦੇ ਜ਼ਜਬਿਆਂ ਨੂੰ ਟੁੰਬਿਆ ਅਤੇ ਉਨ੍ਹਾਂ ਵਿਚ ਸਵੈ-ਮਾਣ ਦਾ ਜ਼ਜਬਾ ਭਰਨ ਲਈ ਥਾਂ ਪਰ ਥਾਂ ਸਭਾਵਾਂ ਕੀਤੀਆਂ।
ਬਾਬਾ ਸਾਹਿਬ ਨੇ ਕਾਨਫਰੰਸ ਵਿਚ ਵਗਾਰ ਦੀਆਂ ਲਾਹਨਤਾਂ ਬਸੇਦੱਸਿਆ ਅਤੇ ਬਰਤਾਨਵੀ ਸਰਕਾਰ ਨੂੰ ਲਲਕਾਰਿਆ। ਡਾ. ਅੰਬੇਡਕਰ ਨੇ ਪ੍ਰੀਸ਼ਦ ਤੋਂ ਤਿਆਗ ਪੱਤਰ ਦੇਣ ਦੀ ਧਮਕੀ ਵੀ ਦਿੱਤੀ। ''ਵਗਾਰ-ਪ੍ਰਥਾ ਖਤਮ ਕੀਤੇ ਬਿਨਾਂ ਮਹਾਰ ਤਰੱਕੀ ਨਹੀਂ ਕਰ ਸਕਦੇ। ਇਸ ਲਈ ਕੌਂਸਲ ਮੇਰੇ ਬਿੱਲ ਨੂੰ ਪਾਸ ਕਰੇ। ਇਨ੍ਹਾਂ ਸ਼ਬਦਾਂ ਨਾਲ ਮੈਂ ਆਪਣੇ ਬਿੱਲ ਨੂੰ ਪਹਿਲੇ ਵਾਚਣ ਲਈ ਪੇਸ਼ ਕਰਦਾ ਹਾਂ।''(ਭਾਰਤ ਦੇ ਦਲਿਤ ਇਤਿਹਾਸ ਵਿਚੋਂ)

 

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਤੇ ਅਦਾਰਾ www.upkaar.com ਵਲੋਂ ਵਿਰਦੀ ਜੀ ਦਾ ਧੰਨਵਾਦ ਹੈU