}
                                                                           

Essay

Home


ਕਿੱਥੇ ਸੁੱਤੇ ਪਏ ਹਨ ਅਣਖੀ ਪੰਜਾਬੀ, ਕਿੱਥੇ ਗਈ ਸਾਡੀ ਪੰਜਾਬੀਅਤ ?

 ਸੰਯੁਕਤ ਅਰਬ ਇਮਾਰਾਤ ( ਜਿਸਨੂੰ ਜ਼ਿਆਦਾਤਰ ਲੋਕ ਦੁਬਈ ਦੇ ਨਾਮ ਨਾਲ ਜਾਣਦੇ ਹਨ) ਮਿਡਲ ਈਸਟ ਏਸ਼ੀਆ ਦਾ ਬਹੁਤ ਵਧੀਆ ਦੇਸ਼ ਹੈ।  ਹੋਰ ਅਰਬ ਮੁਲਕਾਂ ਦੀ ਤਰ੍ਹਾਂ ਏਥੇ ਵੀ ਬਹੁਤ ਸਾਰੇ ਭਾਰਤੀ ਰੁਜ਼ਗਾਰ ਖਾਤਿਰ ਆਉਂਦੇ ਹਨ ਅਤੇ ਇਸ ਵਿੱਚ ਵੀ ਕੋਈ ਸ਼ੱਕ ਨਹੀ ਹੈ ਕਿ ਗ਼ਰੀਬ ਵਰਗ ਦੇ ਲੋਕਾਂ ਲਈ ਇਹ ਅਰਬ ਮੁਲਕ ਰੋਜ਼ੀ ਰੋਟੀ ਦਾ ਸਾਧਨ ਬਣੇ ਹਨ ਜਿਸ ਲਈ ਸਾਨੂੰ ਇਨਾਂ ਮੁਲਕਾਂ ਦਾ ਧੰਨਵਾਦੀ ਹੋਣਾ ਵੀ ਬਣਦਾ ਹੈ। ਪੰਜਾਬ ਦਾ ਨਾਮ ਆਉਂਦਿਆਂ ਹੀ ਪੜ੍ਹਨ ਵਾਲੇ ਦੇ ਦਿਮਾਗ਼ ਵਿੱਚ ਪੰਜਾਬੀ ਬਾਰੇ ਇੱਕ ਸੋਚ ਬਣ ਜਾਂਦੀ ਹੈ ਕਿ ਪੰਜਾਬੀ ਸਖਤ ਮਿਹਨਤੀ, ਈਮਾਨਦਾਰ ਅਤੇ ਇੱਜ਼ਤਾਂ ਅਣਖਾਂ ਦੇ ਰਾਖੀ ਕਰਨ ਵਾਲੇ ਹੁੰਦੇ ਹਨ। ਧੀਆਂ ਭੇਣਾ ਦੀ ਲਾਜ ਰੱਖਣ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦੇਣ ਵਾਲੇ ਪੰਜਾਬੀਆਂ ਨੂੰ ਹਰ ਬਾਹਰਲਾ ਬੰਦਾ ਇੱਜਤ ਦੀ ਨਜ਼ਰ ਨਾਲ ਦੇਖਦਾ ਹੈ।  ਮੈਨੂੰ ਯੂ.ਏ.ਈ ਵਿਖੇ ਰਹਿੰਦਿਆਂ 36ਵਾਂ ਸਾਲ ਹੈ।  ਅਰਬਾਂ ਦੀ ਨਜ਼ਰ ਵਿੱਚ ਵੀ ਪੰਜਾਬੀਆਂ ਦਾ ਇੱਕ ਸਤਿਕਾਰਯੋਗ ਮੁਕਾਮ ਹੁੰਦਾ ਸੀ ਅਤੇ ਕੁੱਝ ਹੱਦ ਤੱਕ ਅੱਜ ਵੀ ਹੈ। ਅਸੀਂ ਇਹ ਕਦੇ ਨਹੀ ਸੀ ਦੇਖਿਆ ਜਾਂ ਸੁਣਿਆ ਕਿ ਪੰਜਾਬੀ ਮੁਟਿਆਰਾਂ ਵੀ ਏਥੇ ਨੌਕਰਾਣੀਆਂ ਵਜੋਂ ਘਰਾਂ ਵਿੱਚ ਭਾਂਡੇ ਮਾਂਜਣ ਆਉਂਦੀਆਂ ਹੋਣ ਪਰ ਪਿਛਲੇ ਦੋ ਤਿੰਨ ਸਾਲਾਂ ਤੋਂ ਇਹ ਰੁਝਾਨ ਬਹੁਤ ਹੀ ਵਧ ਰਿਹਾ ਹੈ। ਬਹੁਤ ਸਾਰੀਆਂ ਪੰਜਾਬੀ ਕੁੜੀਆਂ ਨੂੰ ਏਜੰਟ ਵਧੀਆ ਨੌਕਰੀਆਂ ਦਾ ਝਾਸਾ ਦੇ ਕੇ ਏਥੇ ਲੈ ਆਉਂਦੇ ਹਨ ਅਤੇ ਏਥੇ ਆਕੇ ਉਨ੍ਹਾਂ ਨੂੰ ਘਰਾਂ ਵਿੱਚ ਨੌਕਰਾਣੀਆਂ ਵਜੋਂ ਕੰਮ ਕਰਨ ਲਈ ਮਜਬੂਰ ਕਰਦੇ ਹਨ।

ਅਸਲ ਵਿੱਚ ਭਾਰਤ ਸਰਕਾਰ ਵਲੋਂ ਭਰਾਤੀ ਕੌਂਸਲਖਾਨਿਆਂ ਦੇ ਰਾਹੀ ਇੱਕ ਪ੍ਰਬੰਧ ਹੈ ਕਿ ਅਗਰ ਕਿਸੇ ਨੇ ਵੀ ਯੂ.ਏ.ਈ ਵਿਖੇ ਭਾਰਤੀ ਨੌਕਰਾਣੀ ਲਿਆਉਣੀ ਹੋਵੇ ਤਾਂ ਉਸ ਵਾਸਤੇ ਭਾਰਤੀ ਕੌਂਸਲਖਾਨੇ ਤੋੰ ਐਗਰੀਮੈਂਟ ਤਸਦੀਕ ਕਰਵਾਉਣਾ ਜ਼ਰੂਰੀ ਹੁੰਦਾ ਹੈ। ਭਾਰਤੀ ਕੌਂਸਲਖਾਨਾ ਨੌਕਰਾਣੀਆਂ ਦੀ ਸੁਰੱਖਿਆ ਹਿੱਤ ਮਾਲਕਾਂ ਤੋਂ ਮਾਲੀ ਗਰੰਟੀ ਵੀ ਜਮ੍ਹਾਂ ਕਰਵਾਉਂਦਾ ਹੈ ਅਤੇ ਇਸ ਪ੍ਰਬੰਧ ਨਾਲ ਆਈਆਂ ਨੌਕਰਾਣੀਆਂ ਬਾਰੇ ਪੂਰੀ ਜਾਣਕਾਰੀ ਭਾਰਤੀ ਸਰਕਾਰ ਕੋਲ ਹੁੰਦੀ ਹੈ। ਅਗਰ ਕੋਈ ਵੀ ਭਾਰਤੀ ਨੌਕਰਾਣੀ ਕਿਸੇ ਦੁੱਖ ਤਕਲੀਫ਼ ਵਿੱਚ ਹੋਵੇ ਤਾਂ ਇਸ ਜਾਣਕਾਰੀ ਦੇ ਆਧਾਰ ਤੇ ਭਾਰਤੀ ਕੌਂਸਲਖਾਨੇ ਉਨ੍ਹਾਂ ਦੀ ਤੁਰੰਤ ਮਦਦ ਵੀ ਕਰ ਸਕਦੇ ਹਨ।

ਅੱਜ ਕੱਲ ਕੁਝ ਏਜੰਟਾਂ ਨੇ ਭਾਰਤ ਸਰਕਾਰ ਵਲੋਂ ਚਲਾਏ ਇਸ ਪ੍ਰਬੰਧ ਤੋਂ ਬਿਨਾ ਹੀ ਲੜਕੀਆਂ ਨੂੰ ਨੌਕਰਾਣੀਆਂ ਵਜੋਂ ਕੰਮ ਲਈ ਭੇਜਣਾ ਸ਼ੁਰੂ ਕੀਤਾ ਹੋਇਆ ਹੈ। ਅੱਜਕੱਲ ਏਜੰਟ ਮਾਸੂਮ ਅਤੇ ਅਣਭੋਲ ਲੜਕੀਆਂ ਨੂੰ ਵਧੀਆ ਨੌਕਰੀਆਂ ਅਤੇ ਵੱਧ ਤਨਖਾਹ ਦਿਲਵਾਉਣ ਦੇ ਝਾਸੇ ਨਾਲ ਵਿਜ਼ਟ ਵੀਜ਼ੇ ਤੇ ਹੀ ਯੂ ਏ ਈ ਭੇਜੀ ਜਾ ਰਹੇ ਹਨ। ਭਾਰਤ ਦੇ ਪਿੰਡਾ ਅਤੇ ਸ਼ਹਿਰਾਂ ਵਿੱਚ ਇਨ੍ਹਾਂ ਏਜੰਟਾਂ ਦੇ ਗੁਰਗੇ ਲੜਕੀਆਂ ਨੂੰ ਆਪਣੇ ਝਾਸੇ ਵਿੱਚ ਫਸਾਉਂਦੇ ਹਨ ਅਤੇ ਯੂ ਏ ਈ ਵਿਖੇ ਰਹਿ ਰਹੇ ਏਜੰਟਾਂ ਤੋੰ ਪੈਸੇ ਲੈ ਕੇ ਕੁੜੀਆਂ ਨੂੰ ਵਿਜ਼ਟ ਵੀਜ਼ੇ ਤੇ ਹੀ ਯੂ ਏ ਈ ਦੇ ਏਜੰਟਾਂ ਕੋਲ ਭੇਜ ਦਿੱਤਾ ਜਾਂਦਾ ਹੈ। ਯੂ...ਵਿਖੇ ਏਜੰਟ ਇਨਾਂ ਕੁੜੀਆਂ ਨੂੰ ਆਪਣੀ ਦੇਖ ਰੇਖ ਵਿੱਚ ਕਿਰਾਏ ਦੇ ਮਕਾਨਾ ਵਿੱਚ ਰੱਖਦੇ ਹਨ ਅਤੇ ਦਿਨ ਸਮੇਂ ਇਨਾਂ ਨੂੰ ਨੌਕਰਾਣੀਆਂ ਸਪਲਾਈ ਕਰਨ ਵਾਲੇ ਦਫ਼ਤਰਾਂ ਵਿੱਚ ਬਿਠਾ ਦੇਂਦੇ ਹਨ ਤਾਂ ਕਿ ਓਥੋਂ ਇਨਾਂ ਦੀਆਂ ਨੌਕਰੀਆਂ ਦਾ ਪ੍ਰਬੰਧ ਹੋ ਸਕੇ। ਕਿਸੇ ਕਿਸੇ ਲੜਕੀ ਨੂੰ ਕੋਈ ਕੰਮ ਮਿਲ ਜਾਂਦਾ ਹੈ ਅਤੇ ਉਨ੍ਹਾਂ ਦਾ ਵੀਜ਼ਾ ਵੀ ਕੰਮ ਵਾਲੇ ਵੀਜ਼ੇ ਵਿੱਚ ਤਬਦੀਲ ਹੋ ਜਾਂਦਾ ਹੈ ਪਰ ਬਹੁਤ ਸਾਰੀਆਂ ਲੜਕੀਆਂ ਜਿਨ੍ਹਾਂ ਨੂੰ ਵਧੀਆ ਨੌਕਰੀਆਂ ਦਾ ਝਾਸਾ ਦੇ ਕੇ ਲਿਆਂਦਾ ਜਾਂਦਾ ਹੈ ਉਨਾਂ ਨੂੰ ਘਰਾਂ ਵਿੱਚ ਭਾਂਡੇ ਮਾਂਜਣ ਅਤੇ ਝਾੜੂ ਮਾਰਨ ਵਾਲੇ ਕੰਮ ਪਸੰਦ ਨਹੀ ਆਉਂਦੇ ਤਾਂ ਉਹ ਬਿਚਾਰੀਆਂ ਅਜਿਹੇ ਕੰਮ ਕਰਨ ਤੋਂ ਨਾਂਹ ਨੁੱਕਰ ਕਰਦੀਆਂ ਹਨ। ਏਜੰਟਾਂ ਨੇ ਲੜਕੀਆਂ ਲਿਆਉਣ ਤੇ ਕੁਝ ਖਰਚਾ ਕੀਤਾ ਹੁੰਦਾ ਹੈ ਇਸ ਕਰਕੇ ਉਹ ਫਿਰ ਕਈ ਲੜਕੀਆਂ ਨੂੰ ਇਨ੍ਹਾਂ ਦੀ ਇੱਛਾ ਦੇ ਵਿਰੁੱਧ ਵੀ ਨੌਕਰਾਣੀਆਂ ਵਾਲਾ ਕੰਮ ਕਰਨ ਲਈ ਮਜਬੂਰ ਕਰਦੇ ਹਨ। ਏਜੰਟਾਂ ਨੇ ਲੜਕੀਆਂ ਤੇ ਖਰਚ ਕੀਤਾ ਹੁੰਦਾ ਹੈ ਇਸ ਲਈ ਉਹ ਇਨਾਂ ਲੜਕੀਆਂ ਨੂੰ ਆਪਣੀ ਦੇਖ ਰੇਖ ਵਿੱਚ ਕੈਦੀਆਂ ਵਾਂਗ ਹੀ ਰੱਖਦੇ ਹਨ ਤਾਂ ਕਿ ਇਹ ਲੜਕੀਆਂ ਕਿਸੇ ਹੋਰ ਏਜੰਟ ਕੋਲ ਭੱਜ ਨਾ ਜਾਣ ਅਤੇ ਉਨਾਂ ਦਾ ਨੁਕਸਾਨ ਨਾ ਹੋ ਜਾਵੇ। ਆਮ ਤੌਰ ਤੇ ਏਜੰਟ ਲੜਕੀਆਂ ਦੇ ਫੋਨ ਖੋਹ ਲੈਂਦੇ ਹਨ ਅਤੇ ਲੜਕੀਆਂ ਨੂੰ ਨਿਗਰਾਨੀ ਹੇਠ ਹੀ ਰੱਖਿਆ ਜਾਂਦਾ ਹੈ। ਅਗਰ ਵਿਜ਼ਟ ਵੀਜ਼ੇ ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਲੜਕੀ ਨੂੰ ਕੰਮ ਮਿਲ ਜਾਵੇ ਤਾਂ ਠੀਕ ਹੈ ਨਹੀ ਤਾਂ ਫਿਰ ਲੜਕੀਆਂ ਦਾ ਹੋਰ ਵੀ ਬੁਰਾ ਵਕਤ ਸ਼ੁਰੂ ਹੋ ਜਾਂਦਾ ਹੈ। ਲੜਕੀਆਂ ਓਵਰਸੇਅ ਹੋ ਜਾਂਦੀਆਂ ਹਨ ਅਤੇ ਇਸ ਮੁਲਕ ਵਿੱਚ ਵਿਜ਼ਟ ਵੀਜਾ ਓਵਰਸਟੇਅ ਵਾਲੇ ਨੂੰ ਹਰ ਰੋਜ਼ ਇੱਕ ਸੌ ਦਿਰਾਮ (ਤਕਰੀਬਨ 1900 ਰੁਪੈ) ਦਾ ਜੁਰਮਾਨਾ ਹੁੰਦਾ ਰਹਿੰਦਾ ਹੈ। ਇਨਾਂ ਹਾਲਾਤਾਂ ਵਿੱਚ ਲੜਕੀਆਂ ਵਾਸਤੇ ਵਾਪਿਸ ਆਪਣੇ ਮੁਲਕ ਆਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਗਰ ਲੜਕੀਆਂ ਘਰ ਵਾਪਿਸ ਜਾਣ ਦੀ ਜ਼ਿਦ ਕਰਦੀਆਂ ਹਨ ਤਾਂ ਏਜੰਟ ਉਨ੍ਹਾਂ ਤੋਂ ਕੀਤੇ ਹੋਏ ਖਰਚੇ ਦੇ ਪੈਸੇ ਵਾਪਿਸ ਮੰਗਦੇ ਹਨ। ਬਹੁਤ ਸਾਰੀਆਂ ਕੁੜੀਆਂ ਨੂੰ ਗ਼ਾਲੀ ਗਲੋਚ ਅਤੇ ਕਈ ਹੋਰ ਤਰਾਂ ਦੇ ਸ਼ੋਸ਼ਣ ਵੀ ਬਰਦਾਸ਼ਤ ਕਰਨੇ ਪੈਂਦੇ ਹਨ।  ਕਈ ਕੁੜੀਆਂ ਨੇ ਇਹ ਵੀ ਦੱਸਿਆ ਹੈ ਕਿ ਉਨਾਂ ਨਾਲ ਮਾਰ ਕੁਟਾਈ ਵੀ ਹੁੰਦੀ ਹੈ। ਅੱਜਕੱਲ ਪੰਜਾਬ ਤੋਂ ਬਹੁਤ ਸਾਰੀਆਂ ਲੜਕੀਆਂ ਇਸ ਤਰਾਂ ਏਥੇ ਆਕੇ ਫਸ ਰਹੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੁੰਦੀ ਹੈ।ਕੁੱਝ ਕੁ ਲੜਕੀਆਂ ਕਿਸੇ ਨਾ ਕਿਸੇ ਤਰਾਂ ਆਪਣਾ ਦੁੱਖ ਭਾਰਤੀ ਕੌਂਸਲਖਾਨੇ ਤੱਕ ਪਹੁੰਚਾਣ ਵਿਚ ਕਾਮਯਾਬ ਹੋ ਜਾਂਦੀਆਂ ਹਨ ਫਿਰ ਕਿਸੇ ਨਾ ਕਿਸੇ ਤਰਾਂ ਉਨਾਂ ਤੱਕ ਪਹੁੰਚ ਕੇ ਭਾਰਤੀ ਕੌਂਸਲਖਾਨੇ ਅਤੇ ਹੋਰ ਸਮਾਜ ਸੇਵੀ ਸੁਸਾਇਟੀਆਂ ਉਨਾਂ ਲੜਕੀਆਂ ਨੂੰ ਬਚਾਉਣ ਦੇ ਉਪਰਾਲੇ ਕਰਦੀਆਂ ਹਨ ਪਰ ਅਧਿਕਤਰ ਲੜਕੀਆਂ ਏਜੰਟਾਂ ਦੇ ਡਰਾਵੇ ਅਤੇ ਨਿਗਰਾਨੀ ਕਰਕੇ ਆਪਣਾ ਦੁੱਖ ਕਿਸੇ ਤੱਕ ਪਹੁੰਚਾ ਹੀ ਨਹੀ ਸਕਦੀਆਂ ਅਤੇ ਮਜਬੂਰੀ ਵੱਸ ਜ਼ੁਲਮ ਸਹਿੰਦੀਆਂ ਰਹਿੰਦੀਆਂ ਹਨ।

ਇਸ ਮੁਲਕ ਦੇ ਅਰਬੀ ਬਸ਼ਿੰਦੇ ਅਤੇ ਏਥੋਂ ਦੀ ਪੁਲਿਸ ਬਹੁਤ ਹੀ ਇਮਾਨਦਾਰ ਅਤੇ ਗ਼ਰੀਬਾਂ ਦੀ ਮਦਦ ਕਰਨ ਵਾਲੀ ਹੈ। ਜਦ ਵੀ ਅਜਿਹਾ ਕੋਈ ਕੇਸ ਪੁਲਿਸ ਤੱਕ ਪਹੁੰਚ ਜਾਂਦਾ ਹੈ ਤਾਂ ਤੁਰੰਤ ਉਸ ਉੱਤੇ ਕਾਰਵਾਈ ਵੀ ਹੁੰਦੀ ਹੈ ਅਤੇ ਲੜਕੀਆਂ ਨੂੰ ਵਾਪਿਸ ਵੀ ਭੇਜਿਆ ਜਾਂਦਾ ਹੈ ਪਰ ਬਹੁਤੇ ਕੇਸਾਂ ਵਿੱਚ ਲੜਕੀਆਂ ਆਪਣੇ ਨਾਲ ਹੋ ਰਹੇ ਜ਼ੁਲਮ ਦੱਸਣ ਵਿੱਚ ਕਾਮਯਾਬ ਹੀ ਨਹੀ ਹੁੰਦਿਆਂ ਕਿਉਂਕਿ ਏਜੰਟ ਉਨ੍ਹਾਂ ਨੂੰ ਇਹ ਮੌਕਾ ਹੀ ਨਹੀ ਦਿੰਦੇ।

ਇਸ ਘਿਨੌਉਣੇ ਕੰਮ ਦੇ ਪਿੱਛੇ ਕੌਣ ਹੈ? ਇਸ ਦੇ ਪਿੱਛੇ ਓਹ ਛੋਟੇ ਛੋਟੇ ਏਜੰਟਾਂ ਹਨ ਜੋ ਪੈਸੇ ਕਮਾਉਣ ਦੀ ਖਾਤਿਰ ਪਿੰਡਾ ਅਤੇ ਸ਼ਹਿਰਾਂ ਵਿੱਚੋ ਲੜਕੀਆਂ ਨੂੰ ਵਧੀਆ ਨੌਕਰੀਆਂ ਦਾ ਝਾਸਾ ਦੇਕੇ ਵਿਜ਼ਟ ਵੀਜ਼ੇ ਤੇ ਬਾਹਰ ਜਾਣ ਲਈ ਪ੍ਰੇਰਦੇ ਹਨ। ਉਹ ਛੋਟੋ ਛੋਟੇ ਏਜੰਟ ਵੀ ਸਾਡੇ ਹੀ ਪਰਿਵਾਰਾਂ ਦੇ ਮੁੰਡੇ ਜਾਂ ਕੁੜੀਆਂ ਹੀ ਹਨ।  ਅਸੀ ਆਪ ਹੀ ਆਪਣੀਆਂ ਲੜਕੀਆਂ ਨੂੰ ਮੁਸੀਬਤਾਂ ਵਿੱਚ ਫਸਾਉਂਦੇ ਹਾਂ। ਅਗਰ ਕਿਸੇ ਨੇ ਇਨ੍ਹਾਂ ਮੁਲਕਾਂ ਵਿੱਚ ਨੌਕਰਾਣੀ ਦੇ ਕੰਮ ਲਈ ਆਉਣਾ ਹੀ ਹੈ ਤਾਂ ਬਹੁਤ ਵਧੀਆ ਹੈ ਆ ਜਾਉ ਪਰ ਵਿਜ਼ਟ ਵੀਜ਼ੇ ਨਾਲ ਨਹੀ।  ਸਹੀ ਤਰੀਕੇ ਨਾਲ ਯੂ.ਏ.ਈ ਅਤੇ ਭਾਰਤੀ ਸਰਕਾਰਾਂ ਵਲੋਂ ਨਿਯਮਤ ਕੀਤੇ ਤਰੀਕੇ ਅਨੁਸਾਰ ਅਗਰ ਕੋਈ ਏਥੇ ਕੰਮ ਕਰਨ ਲਈ ਆਉਂਦਾ ਹੈ ਤਾਂ ਇਹ ਸਭ ਤੋਂ ਵਧੀਆ ਮੁਲਕ ਹੈ ਕਾਮਿਆਂ ਵਾਸਤੇ। ਨੌਕਰਾਣੀ ਦੇ ਕੰਮ ਦਾ ਪੱਕਾ ਵੀਜ਼ਾ ਲੈਕੇ ਆਉਗੇ ਤਾਂ ਦੋਵੇਂ ਸਰਕਾਰਾਂ ਤੁਹਾਡੇ ਹੱਕਾਂ ਦੀ ਰਾਖੀ ਕਰਨਗੀਆਂ। ਪਰ ਅਗਰ ਕੋਈ ਏਜੰਟ ਤੁਹਾਨੂੰ ਵਿਜ਼ਟ ਵੀਜ਼ਟ ਤੇ ਇਸ ਤਰਾਂ ਦੀ ਨੌਕਰੀਆਂ ਦਾ ਝਾਸਾ ਦਿੰਦੇ ਹਨ ਤਾਂ ਅਜਿਹੇ ਏਜੰਟਾਂ ਤੋਂ ਬਚਣ ਦੀ ਲੋੜ ਹੈ।

ਸਾਡੇ ਕੋਲ ਏਥੇ ਰੋਜ਼ਾਨਾ ਇਸ ਤਰਾਂ ਮਜਬੂਰ ਹੋ ਚੁੱਕੀਆਂ ਲੜਕੀਆਂ ਦੇ ਕੇਸ ਆਉਂਦੇ ਹਨ ਅਤੇ ਅਸੀ ਭਾਰਤੀ ਕੌਂਸਲਖਾਨੇ ਦੀ ਮਦਦ ਨਾਲ ਬਹੁਤ ਸਾਰੀਆਂ ਲੜਕੀਆਂ ਨੂੰ ਵਾਪਿਸ ਵੀ ਭੇਜਦੇ ਹਾਂ ਪਰ ਪੁਆੜੇ ਦੀ ਜੜ੍ਹ ਤਾਂ ਪੰਜਾਬ ਵਿੱਚ ਹੈ। ਤੁਸੀ ਪੰਜਾਬੀ ਆਪਣੀਆਂ ਭੈਣਾ ਜਾਂ ਬੇਟੀਆਂ ਨੂੰ ਇਸ ਤਰ੍ਹਾਂ ਭੇਜਦੇ ਹੀ ਕਿਉਂ ਹੋ। ਬਾਪ ਅਤੇ ਭਰਾ ਭਾਰਤ ਵਿਚ ਬੈਠੇ ਹੁੰਦੇ ਹਨ ਅਤੇ ਮੁਟਿਆਰ ਕੁੜੀਆਂ ਨੂੰ ਮਜ਼ਦੂਰੀ ਕਰਨ ਲਈ ਦੁਬਈ ਭੇਜਿਆ ਹੁੰਦਾ ਹੈ, ਇਹ ਕਿਸ ਤਰਾਂ ਦੀ ਅਣਖ ਹੈ ? ਇਹ ਕਿਸ ਤਰ੍ਹਾਂ ਦੀ ਪੰਜਾਬੀਅਤ ਹੈ? ਸ਼ਰਮ ਆਉਂਦੀ ਹੈ ਅਜਿਹੇ ਭਰਾਵਾਂ ਅਤੇ ਅਜਿਹੇ ਪਿਓਆਂ ਉੱਤੇ। ਕਈ ਵਾਰ ਤਾਂ ਏਥੇ ਫਸ ਚੁੱਕੀਆਂ ਲੜਕੀਆਂ ਦੀਆਂ ਕਹਾਣੀਆਂ ਇਸ ਤਰਾਂ ਦੀਆਂ ਹੁੰਦੀਆਂ ਹਨ ਜੋ ਕਿ ਸੁਣਦੇ ਸਾਰ ਹੀ ਅੱਖਾਂ ਭਰ ਆਉਂਦੀਆਂ ਹਨ। ਕਈ ਲੜਕੀਆਂ ਤਾਂ ਏਥੋਂ ਤੱਕ ਦੁਖੀ ਹੋ ਚੁੱਕੀਆਂ ਹੁੰਦੀਆਂ ਹਨ ਕਿ ਉਹ ਆਪਣੇ ਆਪ ਨੂੰ ਖਤਮ ਕਰਨ ਦੀ ਵੀ ਸੋਚ ਰਹੀਆਂ ਹੁੰਦੀਆਂ ਹਨ। ਅਸੀ ਗੁਰੂਆਂ,ਪੀਰਾਂ ਪੈਗੰਬਰਾਂ ਅਤੇ ਸੂਰਮਿਆਂ ਦੀ ਧਰਤੀ ਦੇ ਵਾਰਿਸ ਹਾਂ, ਕੀ ਅਸੀ ਇਹ ਸੱਭ ਕੁਝ ਆਪਣੀਆਂ ਪੰਜਾਬੀ ਧੀਆਂ ਭੈਣਾ ਨਾਲ ਹੁੰਦਾ ਦੇਖ ਕੇ ਚੁੱਪ ਬਹਿ ਸਕਦੇ ਹਾਂ? ਅਗਰ ਚੁੱਪ ਰਹਾਂਗੇ ਤਾਂ ਕੀ ਜਵਾਬ ਦੇਵਾਂਗੇ ਆਪਣੇ ਗੁਰੂਆਂ ਅਤੇ ਰਹਿਬਰਾਂ ਨੂੰ ? ਵੀਰੋ ਕੁੱਝ ਤਾਂ ਸੋਚਣਾ ਪਵੇਗਾ, ਕੁੱਝ ਤਾਂ ਕਰਨਾ ਪਵੇਗਾ।

ਦੋਸਤੋ, ਭਰਾਵੋ ਅਤੇ ਭੇਣੋ ਆਪਾਂ ਸਾਰੇ ਰਲ਼ ਮਿਲ ਕੇ ਇਸ ਮਸਲੇ ਨੂੰ ਹੱਲ ਕਰ ਸਕਦੇ ਹਾਂ। ਗੱਲ ਸਿਰਫ ਜਾਗਰੂਕਤਾ ਲਿਆਉਣ ਦੀ ਹੈ। ਪੰਜਾਬ ਦੇ ਹਰ ਬੱਚੇ ਤੋਂ ਲੈਕੇ ਬੁੱਢੈ ਕੋਲ ਵੀ ਮੋਬਾਈਲ ਫੋਨ ਹੈ ਅਤੇ ਸਾਰੇ ਹੀ ਸਾਰਾ ਸਾਰਾ ਦਿਨ ਸ਼ੋਸ਼ਲ ਮੀਡੀਆ ਤੇ ਚਿੰਬੜੇ ਵੀ ਰਹਿੰਦੇ ਹਨ। ਕੀ ਅਸੀਂ ਇਸ ਮੀਡੀਏ ਰਾਹੀ ਇਹ ਜਾਗਰੂਕਤਾ ਨਹੀ ਲਿਆ ਸਕਦੇ ਕਿ ਅਸੀਂ ਆਪਣੀਆਂ ਧੀਆਂ ਭੇਣਾ ਨੂੰ ਵਿਜ਼ਟ ਵੀਜ਼ੇ ਉੱਤੇ ਕੰਮ ਦੀ ਭਾਲ ਵਿੱਚ ਨਹੀ ਭੇਜਣਾ ਹੈ। ਅਗਰ ਅਸੀਂ ਵਿਜ਼ਟ ਵੀਜ਼ੇ ਤੇ ਲੜਕੀਆਂ ਨੂੰ ਭੇਜਣਾ ਬੰਦ ਕਰਵਾ ਦੇਵਾਂਗੇ ਤਾਂ ਫਿਰ ਏਜੰਟ ਆਪੇ ਪੱਕੇ ਵੀਜ਼ਿਆਂ ਦਾ ਇੱਤਜਾਮ ਕਰਵਾ ਕੇ ਹੀ ਲੋੜਵੰਦ ਲੜਕੀਆਂ ਨੂੰ ਕੰਮ ਤੇ ਲਿਜਾਣਗੇ ਅਤੇ ਸਾਰਾ ਸਿਲਸਿਲਾ ਕਾਨੂੰਨੀ ਹੋ ਸਕਦਾ ਹੈ। ਆਉ ਸਾਰੇ ਰਲ ਮਿਲਕੇ ਪੰਜਾਬ ਦੇ ਹਰ ਘਰ ਤੱਕ ਇਹ ਸੁਨੇਹੇ ਪਹੁੰਚਾ ਦੇਈਏ ਕਿ ਅਸੀਂ ਲੜਕੀਆਂ ਨੂੰ ਵਿਜ਼ਟ ਵੀਜੇ ਉੱਤੇ ਕੰਮ ਦੀ ਭਾਲ ਵਿੱਚ ਨਹੀ ਜਾਣ ਦੇਣਾ ਅਤੇ ਖਾਸ ਕਰਕੇ ਅਨਪੜ੍ਹ ਅਣਭੋਲ ਲੜਕੀਆਂ ਨੂੰ। ਦੂਸਰੀ ਗੱਲ ਇਹ ਕਿ ਜੋ ਵੀ ਸ਼ੈਤਾਨ ਏਜੰਟ ਇਸ ਤਰਾਂ ਲੜਕੀਆਂ ਨੂੰ ਵਰਗਲ਼ਾਂ ਕੇ ਲਿਜਾ ਰਿਹਾ ਹੈ ਅਗਰ ਉਹ ਹੱਥੇ ਚੜ੍ਹ ਜਾਵੇ ਤਾਂ ਉਸ ਨੂੰ ਕਾਨੂੰਨ ਦੀ ਸਹਾਇਤਾ ਨਾਲ ਸੋਧਾ ਲਗਵਾਉਣਾ ਅਤੇ ਸਬਕ ਸਿਖਾਉਣਾ ਵੀ ਜ਼ਰੂਰੀ ਹੈ। ਆਉ ਪ੍ਰਣ ਕਰੀਏ ਕਿ ਅਸੀਂ ਇਹ ਸੰਦੇਸ਼ ਪੰਜਾਬ ਦੇ ਘਰ ਘਰ ਤੱਕ ਪਹੁਚਉਣਾ ਹੈ। - ਰੂਪ ਸਿੱਧੂ