News                                                                                               Home
ਯੂ. ਏ. ਈ ਵਿਖੇ ਸੜਕ ਹਾਦਸੇ ਵਿੱਚ ਮਾਰੇ ਗਏ ਜਲੰਧਰ ਜ਼ਿਲੇ ਦੇ ਮਿਰਤਕ ਦੇ ਵਾਰਸਾਂ ਨੂੰ ਤੇਰਾਂ ਲੱਖ ਚਾਲ਼ੀ ਹਜ਼ਾਰ ਰੁਪੈ ਦਾ ਮੁਆਵਜ਼ਾ ਦਿਲਵਾਇਆ ਗਿਆ।
  

31 ਅਗੱਸਤ 2017(ਅਜਮਾਨ) ਪਿਛਲੇ ਦਿਨੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀਆਂ ਕੋਸ਼ਿਸ਼ਾਂ ਸਦਕਾ ਦੁਬਈ ਵਿਖੇ ਹਾਦਸੇ ਦੇ ਸ਼ਿਕਾਰ ਹੋਏ ਨਰਿੰਦਰ ਦੇ ਵਾਰਿਸਾਂ ਨੂੰ 13 ਲੱਖ ਅਤੇ 40 ਹਜ਼ਾਰ ਰੁਪੈ ਦਾ ਮਾਲੀ ਮੁਆਵਜ਼ਾ ਦਿਲਵਾਇਆ ਗਿਆ।ਨਰਿੰਦਰ ਯੂ.ਏ.ਈ ਦੇ ਦੁਬਈ ਸ਼ਹਿਰ ਵਿਖੇ ਕੰਮ ਕਰਦਾ ਸੀ। 16 ਨਵੰਬਰ 2014 ਨੂੰ ਉਹ ਇਕ ਮੁੱਖ ਸੜ੍ਹਕ ਨੂੰ ਪਾਰ ਕਰਦਾ ਹੋਇਆ ਸੜਕ ਹਾਦਸੇ ਦਾ ਸ਼ਿਕਾਰ ਹੋਕੇ ਜਾਨ ਗੁਆ ਬੈਠਾ।  ਇਸ ਸੜਕ ਨੂੰ ਪੈਦਲ ਪਾਰ ਕਰਨਾ ਮਨ੍ਹਾ ਹੈ। ਇਸਦੀ ਮਿਰਤਕ ਦੇਹ ਇਸਦੇ ਨਾਲ ਦਾ ਇਕ ਵਰਕਰ ਪੰਜਾਬ ਲੈਕੇ ਆਇਆ ਸੀ।ਉਸਤੋਂ ਉਪਰੰਤ ਇਸਦੇ ਵਾਰਿਸਾਂ ਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨਾਲ ਇਸਦੇ ਕੇਸ ਦੀ ਪੈਰਵੀ ਕਰਨ ਲਈ ਸੰਪਰਕ ਕੀਤਾ। ਰੂਪ ਸਿੱਧੂ ਵਲੋਂ ਤਦ ਤੋਂ ਹੀ ਇਸ ਕੇਸ ਦੀ ਪੈਰਵੀ ਕੀਤੀ ਜਾ ਰਹੀ ਸੀ ਪਰ ਬਦਕਿਸਮਤੀ ਨਾਲ ਇਸਦਾ ਅਸਲੀ ਮੌਤ ਦਾ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਕਾਗ਼ਜ਼ ਮਿਰਤਕ ਦੇਹ ਵਾਪਿਸ ਲਿਆਉਣ ਵਾਲਾ ਲੜਕਾ ਕਿਸੇ ਕੰਪਣੀ ਦੇ ਕਰਿੰਦੇ ਨੂੰ ਦੇ ਬੈਠਾ ਸੀ ਜੋ ਹੁਣ ਮਿਲ ਨਹੀ ਰਹੇ ਸਨ। ਘਰਦਿਆਂ ਵਲੋਂ ਤਸਦੀਕਸ਼ੁਦਾ ਮੁਖ਼ਤਿਆਰਨਾਮੇ ਅਤੇ ਗੁੰਮ ਹੋਏ ਕਾਗ਼ਜ਼ਾਤ ਲੱਭਣ ਤੋਂ ਬਾਦ ਕੇਸ ਦੀ ਪੈਰਵੀ ਸ਼ੁਰੂ ਕੀਤੀ ਗਈ। ਆਖਰਕਾਰ ਜੁਲਾਈ 2017 ਵਿਚ ਇਸ ਮਿਰਤਕ ਦੇ ਵਾਰਿਸਾਂ ਵਾਸਤੇ ਮਾਲੀ ਮੁਆਵਜ਼ਾ ਮਿਲ ਗਿਆ।  ਹੋਰ ਲੋੜੀਦੀਆਂ ਕਾਰਵਾਈਆਂ ਅਤੇ ਵਕੀਲਾਂ ਦੇ ਖਰਚਿਆਂ ਤੋਂ ਬਾਦ ਤੇਰਾ ਲੱਖ ਚਾਲੀ ਹਜ਼ਾਰ ਰੁਪੈ ਇਸ ਮਿਰਤਕ ਦੇ ਵਾਰਿਸਾਂ ਨੂੰ ਪਹੁੰਚਦੇ ਕਰ ਦਿੱਤੇ ਗਏ। ਇਹ ਰਾਸ਼ੀ ਪਿੰਡ ਜੰਡੂਸਿੰਘਾ ਵਿਖੇ ਪਿੰਡ ਧੋਗੜੀ ਦੇ ਸਰਪੰਚ ਤਰਸੇਮ ਲਾਲ, ਪੰਡੋਰੀ ਨਿੱਜਰਾਂ ਤੋਂ ਸੂਬੇਦਾਰ ਗਿਆਨ ਚੰਦ, ਦੀਪਕ ਕੁਮਾਰ, ਬਲਵਿੰਦਰ ਅਤੇ ਕਈ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ ਰੂਪ ਸਿੱਧੂ ਵਲੋਂ ਮਿਰਤਕ ਦੀ ਘਰਵਾਲੀ ਨੂੰ ਉਸਦੇ ਦੋਹਾਂ ਭਰਾਵਾਂ ਦੀ ਹਾਜ਼ਰੀ ਵਿਚ ਸੌਪੀ ਗਈ। ਇਸ ਸਮੇ ਦੀ ਤਸਵੀਰ ਅਤੇ ਪਰਿਵਾਰ ਦੇ ਮੈਬਰਾਂ ਦੇ ਨਾਮ ਪਰਿਵਾਰ ਦੀ ਬੇਨਤੀ ਅਨੁਸਾਰ ਗੁਪਤ ਰੱਖੇ ਗਏ ਹਨ। ਰੂਪ ਸਿੱਧੂ ਦਾ ਕਹਿਣਾ ਹੈ ਕਿ ਬੇਸ਼ੱਕ ਇਸ ਕੇਸ ਨੂੰ ਪੌਣੇ ਤਿੰਨ ਸਾਲ ਦਾ ਸਮਾਂ ਲੱਗ ਗਿਆ ਪਰ ਆਖਰਕਾਰ ਮਿਰਤਕ ਦੇ ਗ਼ਰੀਬ ਵਾਰਿਸਾਂ ਨੂੰ ਬਣਦਾ ਹੱਕ ਦਿਲਵਾਕੇ ਸੁਸਾਇਟੀ ਨੂੰ ਸਕੂਨ ਮਿਲਿਆ ਹੈ।