News Home |
ਏਜੰਟਾਂ ਦੇ ਧੋਖੇ ਦਾ ਸ਼ਿਕਾਰ ਜਲੰਧਰ ਦੀ ਇੱਕ ਲੜਕੀ ਨੂੰ ਵਾਪਿਸ ਭੇਜਿਆ ਗਿਆ। |
||
16 ਅਗੱਸਤ 2017(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰਰ ਸੁਸਾਇਟੀ ਦੇ ਉਪਰਾਲਿਆਂ ਨਾਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਜਲੰਧਰ ਸ਼ਹਿਰ ਦੀ ਇੱਕ ਲੜਕੀ ਪੂਜਾ ਨੂੰ ਵਾਪਿਸ ਭੇਜਿਆ ਗਿਆ।ਇਕ ਪੰਜਾਬੀ ਏਜੰਟ ਦੇ ਝਾਸੇ ਵਿੱਚ ਆਕੇ ਪੂਜਾ 4 ਅਪ੍ਰੈਲ 2017 ਨੂੰ ਯੂ.ਏ.ਈ ਆਈ ਸੀ। ਏਥੋਂ ਦੇ ਏਜੰਟ ਦੋ ਹਫਤਿਆਂ ਤੱਕ ਇਸਨੂੰ ਕੋਈ ਕੰਮ ਨਾ ਦਿਲਵਾ ਸਕੇ ਅਤੇ ਫਿਰ ਉਨਾਂ ਨੇ ਇਸਨੂੰ ਵਿਜ਼ਟ ਵੀਜ਼ੇ ਤੇ ਹੀ 19 ਅਪ੍ਰੈਲ ਨੂੰ ਉਮਾਨ ਭੇਜ ਦਿੱਤਾ। ਓਥੇ ਵੀ ਪੂਜਾ ਨੂੰ ਏਜੰਸੀ ਦੇ ਦਫਤਰ ਅਤੇ ਰਿਹਾਇਸ਼ ਵਿਖੇ ਬਹੁਤ ਤਸੀਹੇ ਦਿੱਤੇ ਗਏ। ਕਈ ਘਰਾਂ ਵਿੱਚ ਕੰਮ ਤੇ ਭੇਜਿਆ ਗਿਆ ਪਰ ਕਿਤੋਂ ਵੀ ਉਸਨੂੰ ਕੋਈ ਪੈਸਾ ਨਹੀ ਮਿਲਿਆ। ਪਸ਼ੂਆਂ ਵਾਂਗ ਸਾਰਾ ਦਿਨ ਕੰਮ, ਘਟੀਆ ਖਾਣੇ ਅਤੇ ਸਰੀਰਕ ਤਸੀਹੇ ਝੱਲਦੀ ਪੂਜਾ ਬੀਮਾਰ ਰਹਿਣ ਲੱਗੀ। ਜਦ ਪੂਜਾ ਦੀਆਂ ਭੈਣਾ ਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਦੇ ਪਰਧਾਨ ਰੂਪ ਸਿੱਧੂ ਕੋਲ ਮਦਦ ਲਈ ਗੱਲ ਕੀਤੀ ਤਦ ਤੱਕ ਪੂਜਾ ਉਮਾਨ ਜਾ ਚੁੱਕੀ ਸੀ। ਰੂਪ ਸਿੱਧੂ ਯੂ.ਏ.ਈ ਵਿਚ ਹਨ ਇਸ ਲਈ ਉਮਾਨ ਬੈਠੀ ਪੂਜਾ ਦੀ ਉਹ ਜ਼ਿਆਦਾ ਮਦਦ ਨਹੀ ਕਰ ਸਕਦੇ ਸਨ। ਫਿਰ ਵੀ ਰੂਪ ਸਿੱਧੂ ਨੇ ਉਮਾਨ ਵਿਖੇ ਆਪਣੇ ਦੋਸਤ ਬਲਬੀਰ ਅਤਾ ਨੂੰ ਪੂਜਾ ਦੀ ਮਦਦ ਲਈ ਬੇਨਤੀ ਕੀਤੀ ਅਤੇ ਬਲਬੀਰ ਨੇ ਪੂਜਾ ਦੀ ਮਦਦ ਵੀ ਕੀਤੀ ਪਰ ਪੂਜਾ ਨੂੰ ਓਥੋਂ ਕੱਢਣਾ ਬਹੁਤ ਮੁਸ਼ਕਿਲ ਸੀ। ਪੂਜਾ ਦੇ ਘਰਦਿਆਂ ਨੇ ਭਾਰਤੀ ਦੂਤਾਵਾਸ ਉਮਾਨ ਨੂੰ ਵੀ ਕਈ ਬੇਨਤੀਆਂ ਕੀਤੀਆਂ ਪਰ ਕੋਈ ਮਦਦ ਨਹੀ ਮਿਲ ਸਕੀ। ਰੂਪ ਸਿੱਧੂ ਨੇ ਅਜਮਾਨ ਵਿਖੇ ਉਨ੍ਹਾਂ ਏਜੰਟਾਂ ਤੇ ਪ੍ਰੈਸ਼ਰ ਬਨਾਉਣਾ ਸ਼ੁਰੂ ਕੀਤਾ ਜਿਨਾਂ ਨੇ ਪੂਜਾ ਨੂੰ ਉਮਾਨ ਭੇਜਿਆ ਸੀ। ਇਸ ਤਰਾਂ ਉਮਾਨ ਦੀ ਏਜੰਸੀ ਵੀ ਕੁਝ ਫਿਕਰਮੰਦ ਹੋਣ ਲੱਗੀ। ਰੂਪ ਸਿੱਧੂ ਨੇ ਬਾਰ ਬਾਰ ਪੂਜਾ ਨੂੰ ਇਹੀ ਕਿਹਾ ਕਿ ਉਹ ਕੰਮ ਕਰਨ ਤੋਂ ਇਨਕਾਰ ਕਰ ਦੇਵੇ ਆਖਰਕਾਰ ਤੰਗ ਆ ਕੇ ਉਮਾਨ ਵਾਲੀ ਏਜੰਸੀ ਪੂਜਾ ਨੂੰ ਅਜਮਾਨ ਭੇਜ ਦੇਵੇਗੀ ਅਤੇ ਅਜਮਾਨ ਤੋਂ ਪੂਜਾ ਨੂੰ ਵਾਪਿਸ ਭੇਜਣਾ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਸਾਤੇ ਸੰਭਵ ਸੀ। ਆਖਰਕਾਰ ਇਹੀ ਸਕੀਮ ਕੰਮ ਆਈ ਉਮਾਨ ਵਾਲੇ ਏਜੰਟਾਂ ਨੇ 7 ਅਗੱਸਤ ਨੂੰ ਪੂਜਾ ਨੂੰ ਫਿਰ ਯੂ.ਏ.ਈ ਦੇ ਅਲੇਨ ਸ਼ਹਿਰ ਵਿਖੇ ਭੇਜ ਦਿੱਤਾ ਅਤੇ 9 ਅਗੱਸਤ ਨੂੰ ਪੂਜਾ ਅਜਮਾਨ ਵਾਲੀ ਏਜੰਸੀ ਵਿੱਚ ਵਾਪਿਸ ਪੁੱਜ ਗਈ। ਬੱਸ ਏਸੇ ਗੱਲ ਤਾਂ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਏਜੰਸੀ ਨੂੰ ਇੰਤਜ਼ਾਰ ਸੀ। ਜਦ ਪੂਜਾ ਨੇ ਆਪਣੇ ਏਜੰਟ ਦੇ ਠਿਕਾਣੇ ਬਾਰੇ ਰੂਪ ਸਿੱਧੂ ਨੂੰ ਦੱਸਿਆ ਤਾਂ ਸਿੱਧੂ ਨੇ ਫੌਰਨ ਏਥੋਂ ਦੀ ਪੁਲਿਸ ਕੋਲ ਮਦਦ ਦੀ ਗੁਹਾਰ ਲਗਾਈ। ਹਮੇਸ਼ਾ ਦੀ ਤਰਾਂ ਹੀ ਏਥੋਂ ਦੀ ਪੁਲਿਸ ਨੇ ਕੋਈ ਵੀ ਢਿੱਲ ਨਾ ਵਰਤਦੇ ਹੋਏ ਏਜੰਟ ਨਾਲ ਰਾਬਤਾ ਕਰਕੇ ਪੂਜਾ ਨੂੰ 13 ਅਗਸਤ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਸ.ਸੁਖਜਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ। ਰੂਪ ਸਿੱਧੂ ਨੇ ਉਸੇ ਦਿਨ ਹੀ ਪੂਜਾ ਦੀ ਭੈਣ ਨੂੰ ਕਹਿਕੇ ਟਿਕਟ ਦਾ ਇੰਤਜ਼ਾਮ ਕਰਵਾਇਆ ਅਤੇ 14 ਅਗੱਸਤ ਨੂੰ ਪੂਜਾ ਪੰਜਾਬ ਆ ਗਈ। ਹੁਣ ਪੂਜਾ ਕਪੂਰਥਲੇ ਵਾਲੇ ਏਜੰਟ ਦੇ ਤਰਲੇ ਕਰਦੀ ਫਿਰ ਰਹੀ ਹੈ ਕਿ ਉਹ ਉਸਦੇ ਪੈਸੇ ਵਾਪਿਸ ਕਰੇ ਅਤੇ ਉਸਨੂੰ ਪਿਆ ਘਾਟਾ ਪੂਰਾ ਕਰੇ ਪਰ ਪੂਜਾ ਦੇ ਦੱਸਣ ਅਨੁਸਾਰ ਏਜੰਟ ਕੋਈ ਲੜ ਪੱਲਾ ਨਹੀ ਫੜਾ ਰਿਹਾ। ਰੂਪ ਸਿੱਧੂ ਵਲੋਂ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਯੂ.ਏ.ਈ ਹਰ ਕਿਸਮ ਦੇ ਕਾਮਿਆਂ ਲਈ ਬਹੁਤ ਹੀ ਵਧੀਆ ਅਤੇ ਸੁਰੱਖਿਅਤ ਜਗਾ ਹੈ ਪਰ ਸਿਰਫ ਉਨਾਂ ਕਾਮਿਆਂ ਲਈ ਜੋ ਕਾਨੂੰਨ ਅਨੁਸਾਰ ਏਥੇ ਆਉਂਦੇ, ਰਹਿੰਦੇ ਅਤੇ ਕੰਮ ਕਰਦੇ ਹਨ। ਵਿਜ਼ਟ ਵੀਜ਼ੇ ਤੇ ਆਕੇ ਏਥੇ ਕੰਮ ਕਰਨਾ ਗ਼ੈਰਕਾਨੂੰਨੀ ਹੈ। ਭਾਰਤੀ ਦੂਤਾਵਾਸ ਵੀ ਸਹੀ ਮਾਇਨਿਆਂ ਵਿਚ ਉਨਾਂ ਦੀ ਹੀ ਵਧੀਆ ਮਦਦ ਕਰ ਸਕਦਾ ਹੈ ਜਿਹੜੇ ਕਾਮੇ ਭਾਰਤੀ ਇੰਮੀਗ੍ਰੇਸ਼ਨ ਵਲੋਂ ਤੈਅ ਕੀਤੇ ਅਸੂਲਾਂ ਰਾਹੀ ਪੱਕੀ ਇੰਮੀਗ੍ਰੇਸ਼ਨ ਕਰਵਾਕੇ ਬਾਹਰ ਜਾਂਦੇ ਹਨ। ਆਪਣੀ ਧੀਆਂ ਭੈਣਾ ਨੂੰ ਵਿਜ਼ਟ ਵੀਜ਼ੇ ਦੇ ਆਧਾਰ ਤੇ ਨੌਕਰਾਣੀਆਂ ਵਜੋਂ ਕੰਮ ਕਰਨ ਲਈ ਭੇਜਣਾ ਕਾਨੂੰਨੀ ਤੌਰ ਵੀ ਗ਼ਲਤ ਹੈ ਅਤੇ ਇਹ ਆਪਣੀਆਂ ਧੀਆਂ ਭੇਣਾਂ ਦੀ ਸੁਰੱਖਿਆ ਨਾਲ ਆਪੇ ਖਿਲਵਾੜ ਕਰਨ ਵਾਲੀ ਗੱਲ ਹੈ। ਸੱਭ ਨੂੰ ਬੇਨਤੀ ਹੈ ਕਿ ਜਿਸ ਨੇ ਵੀ ਯੂ.ਏ.ਈ ਵਿਖੇ ਕੰਮ ਕਰਨ ਲਈ ਆਉਣਾ ਹੋਵੇ ਉਹ ਭਾਰਤੀ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਈਮਾਈਗ੍ਰੇਟ' ਸਿਸਟਮ ਰਾਹੀ ਆਪਣੇ ਐਗਰੀਮੈਂਟ ਅਤੇ ਵੀਜ਼ੇ ਦੀ ਤਸਦੀਕ ਕਰਵਾਕੇ ਹੀ ਬਾਹਰ ਆਉਣ ਤਦ ਹੀ ਉਨਾਂ ਦੇ ਹੱਕਾਂ ਦੀ ਰਾਖੀ ਹੋ ਸਕਦੀ ਹੈ। ਯੂ.ਏ.ਈ ਕਾਮਿਆਂ ਲਈ ਸਵਰਗ ਹੈ ਪਰ ਸਿਰਫ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਲਈ ਹੀ, ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਲਈ ਬਿਲਕੁਲ ਵੀ ਨਹੀ ਹੈ। ਯੂ.ਏ.ਈ ਵਿਖੇ ਭਾਰਤੀ ਕੌਂਸੁਲੇਟ ਦੁਬਈ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਅਤੇ ਇੰਡੀਅਨ ਏਸੋਸ਼ੀਏਸ਼ਨ ਅਜਮਾਨ ਹਰ ਭਾਰਤੀ ਦੀ ਹਰ ਜਾਇਜ਼ ਮਦਦ ਕਰਨ ਲਈ ਹਮੇਸ਼ਾ ਹਾਜ਼ਿਰ ਹਨ। ਰੂਪ ਸਿੱਧੂ ਵਲੋਂ ਕੌਂਸਲਰ ਜਨਰਲ ਸ਼੍ਰੀ ਵਿਪੁਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਹਰ ਦਿਨ 24 ਘੰਟੇ ਹੀ ਭਾਰਤੀਆਂ ਦੀ ਸੇਵਾ ਅਤੇ ਮਦਦ ਲਈ ਤਿਆਰ ਰਹਿੰਦੇ ਹਨ। |