News Home |
ਏਜੰਟਾਂ ਦੇ ਧੋਖੇ ਦਾ ਸ਼ਿਕਾਰ ਜਲੰਧਰ ਦੀ ਦਯਾ ਕੁਮਾਰੀ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਯੂ.ਏ.ਈ ਦੇ ਉਪਰਾਲੇ ਨਾਲ ਸ਼ਾਰਜਾ ਤੋਂ ਪੰਜਾਬ ਵਾਪਿਸ ਭੇਜਿਆ । |
||
20, ਮਾਰਚ, 2017 (ਅਜਮਾਨ) ਏਜੰਟਾਂ ਦੇ ਧੋਖੇ ਦਾ ਸ਼ਿਕਾਰ ਜਲੰਧਰ ਦੀ ਇਕ ਮਹਿਲਾ ਦਯਾ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਉਪਰਾਲਿਆਂ ਸਦਕਾ ਪੰਜਾਬ ਵਾਪਿਸ ਭੇਜਿਆ ਗਿਆ। ਦਯਾ 7 ਫਰਵਰੀ ਨੂੰ ਯੂ.ਏ.ਈ ਵਿਖੇ ਵਿਜ਼ਟ ਵੀਜ਼ੇ ਤੇ ਆਈ ਸੀ। ਜਲੰਧਰ ਵਿਖੇ ਏਜੰਟਾਂ ਨੇ ਉਸ ਨੂੰ ਕਿਸੇ ਦਫਤਰ ਵਿਚ ਨੌਕਰੀ ਦਿਲਵਾਉਣ ਦਾ ਵਾਅਦਾ ਕੀਤਾ ਸੀ ਪਰ ਏਥੇ ਆਉਣ ਉਪਰੰਤ ਉਸਨੂੰ ਕਿਸੇ ਘਰ ਵਿਚ ਨੌਕਰਾਣੀ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਜਾਣ ਲੱਗਾ। ਜਦ ਉਸਨੇ ਇਹ ਕੰਮ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨਾਲ ਮਾਰ-ਕੁਟਾਈ ਅਤੇ ਬਦਸਲੂਕੀ ਵੀ ਕੀਤੀ ਜਾਣ ਲੱਗੀ। ਦਯਾ ਦੇ ਇਕ ਰਿਸ਼ਤੇਦਾਰ ਵਲੋਂ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਨਾਲ 19 ਮਾਰਚ ਨੂੰ ਸੰਪਰਕ ਕੀਤਾ ਗਿਆ ਤਾਂ ਚੇਅਰਮੈਨ ਸਾਰੇ ਕੰਮ ਛੱਡਕੇ ਉਸੇ ਸਮੇਂ 80 ਕਿਲੋਮੀਟਰ ਚੱਲਕੇ ਅਜਮਾਨ ਪਹੁੰਚੇ ਅਤੇ ਸ਼ੁਸਾਇਟੀ ਵਲੋਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਉਸੇ ਦਿਨ ਹੀ ਲੜਕੀ ਦੇ ਦੁਬਈ ਅਤੇ ਅਜਮਾਨ ਵਾਲੇ ਏਜੰਟਾਂ ਦਾ ਪਤਾ ਕੀਤਾ ਗਿਆ ਅਤੇ ਇੰਡੀਅਨ ਅਸੋਸੀਏਸ਼ਨ ਅਜਮਾਨ ਦਾ ਸਾਥ ਲੈਕੇ ਏਜੰਟਾਂ ਨਾਲ ਰਾਬਤਾ ਕਰਕੇ ਦਯਾ ਨੂੰ ਤੁਰੰਤ ਪੰਜਾਬ ਵਾਪਿਸ ਭੇਜਣ ਲਈ ਕੋਸ਼ਿਸ਼ਾਂ ਕੀਤੀਆਂ ਜਾਣ ਲੱਗੀਆਂ। ਸਤਿਗੁਰਾਂ ਦੀ ਕਿਰਪਾ ਸਦਕਾ ਉਸੇ ਦਿਨ (19 ਮਾਰਚ) ਰਾਤ 10 ਵਜੇ ਏਜੰਟਾਂ ਨੇ ਦਯਾ ਦੀ ਦਿੱਲੀ ਵਾਸਤੇ ਰਵਾਨਗੀ ਕਰਵਾ ਦਿੱਤੀ । ਅੱਜ 20 ਮਾਰਚ ਨੂੰ ਦਯਾ ਆਪਣੇ ਘਰ ਪਹੁੰਚ ਗਈ ਹੈ । ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਖ਼ੁਦ ਇਸ ਕੇਸ ਦੀ ਪੈਰਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਵੀ ਸਤਿਗੁਰਾਂ ਦੀ ਕਿਰਪਾ ਦਾ ਹੀ ਪਰਮਾਣ ਹੈ ਕਿ ਇਹ ਕੇਸ ਇਕ ਦਿਨ ਵਿੱਚ ਹੀ ਹੱਲ ਹੋ ਗਿਆ। ਉਨ੍ਹਾਂ ਸੁਸਾਇਟੀ ਦੇ ਹੈਡ ਗਰੰਥੀ ਭਾਈ ਕਮਲ ਰਾਜ ਸਿੰਘ ਦਾ ਇਸ ਉਪਰਾਲੇ ਵਿਚ ਸੇਵਾ ਨਿਭਾਉਣ ਲਈ ਧੰਨਵਾਦ ਕੀਤਾ। ਸੁਸਾਇਟੀ ਵਲੋਂ ਸਮੂ੍ਹ ਸਮਾਜ ਨੂੰ ਫਿਰ ਬੇਨਤੀ ਹੈ ਕਿ ਕਿਰਪਾ ਕਰਕੇ ਪੰਜਾਬੀ ਲੜਕੀਆਂ ਅਤੇ ਔਰਤਾਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਚੰਗੀ ਜਾਚ ਪੜਤਾਲ ਕਰਕੇ ਸਿਰਫ ਅਤੇ ਸਿਰਫ ਪੱਕੇ ਵੀਜ਼ੇ ਤੇ ਹੀ ਬਾਹਰ ਭੇਜਿਆ ਜਾਵੇ। ਵਿਜ਼ਟ ਵੀਜੇ ਤੇ ਏਜੰਟਾਂ ਦੇ ਧੋਖੇ ਵਿਚ ਨਾ ਫਸਿਆ ਜਾਵੇ। ਕਈ ਵਾਰ ਤਾਂ ਇਸ ਤਰਾਂ ਫਸੀਆਂ ਲੜਕੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਵਾਪਿਸ ਭੇਜਣ ਵਿਚ ਮਹੀਨਿਆਂ ਦਾ ਸਮਾਂ ਵੀ ਲੱਗ ਜਾਂਦਾ ਹੈ। ਸੋ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੀਆਂ ਧੀਆ ਨੂੰ ਇਸ ਤਰਾਂ ਵਿਦੇਸ਼ਾਂ ਵਿਚ ਪ੍ਰੇਸ਼ਾਨ ਹੋਣ ਤੋਂ ਬਚਾਉਣ ਲਈ ਬਿਨਾਂ ਚੰਗੀ ਤਰਾਂ ਜਾਂਚ ਪੜਤਾਲ ਕਰਨ ਤੋਂ ਵਿਦੇਸ਼ ਬਿਲਕੁਲ ਨਾ ਭੇਜੋ। |