17 ਮਾਰਚ
2017(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰਰ
ਸੁਸਾਇਟੀ
ਦੀਆਂ 15 ਮਹੀਨੇ ਦੀਆਂ ਅਣਥੱਕ ਕੋਸ਼ਿਸ਼ਾਂ ਤੋਂ ਬਾਦ ਗੁਰਦਾਸਪੁਰ ਦੇ
ਮਿਰਤਕ ਨਿਰੰਜਣ ਸਿੰਘ ਦੇ ਵਾਰਿਸਾਂ ਨੂੰ 31 ਲੱਖ ਰੁਪੈ ਦਾ ਮੁਆਵਜ਼ਾ ਭੇਜਿਆ
ਗਿਆ। ਇਸ ਪੰਜਾਬੀ ਦੀ ਮੌਤ ਨਵੰਬਰ 2015 ਵਿਚ ਯੂ ਏ ਈ ਦੇ ਅਜਮਾਨ
ਸ਼ਹਿਰ ਵਿਖੇ ਕੰਮ ਦੌਰਾਨ ਵਾਪਰੇ ਇਕ ਹਾਦਸੇ ਵਿਚ ਹੋਈ ਸੀ । ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਵਲੋਂ ਇਸ ਕੇਸ ਦੀ
ਪੈਰਵੀ ਕੀਤੀ ਗਈ। ਹੇਠਲੀ ਅਦਾਲਤ ਵਿੱਚੋਂ ਕੇਸ ਮਿਰਤਕ ਦੇ ਹੱਕ ਵਿਚ ਹੋਇਆ
ਸੀ ਪਰ ਦੋਸ਼ੀਆਂ ਨੇ ਅਪੀਲ ਕੋਰਟ (ਉੱਚ ਅਦਾਲਤ)ਵਿਚ ਅਪੀਲ ਕਰ ਦਿੱਤੀ ਸੀ।
ਜਦ ਉੱਚ ਅਦਾਲਤ ਤੋਂ ਵੀ ਕੇਸ ਦਾ ਫੈਸਲਾ ਮਿਰਤਕ ਦੇ ਹੱਕ ਵਿਚ ਆ ਗਿਆ ਤਾਂ
ਦੋਸ਼ੀਆਂ ਨੇ ਮੁਆਵਜ਼ੇ ਤੋਂ ਬਚਣ ਲਈ ਸੁਪਰੀਮ ਕੋਰਟ ਵਿਖੇ ਅਪੀਲ ਕਰ ਦਿੱਤੀ।
ਆਖਰ ਕਾਰ ਸੁਸਾਇਟੀ ਦੀ ਮਿਹਨਤ ਨੂੰ ਬੂਰ ਪਿਆ ਅਤੇ ਮਿਰਤਕ ਦੇ ਵਾਰਸਾਂ ਨੂੰ
ਮੁਆਵਜ਼ਾ ਮਿਲਣ ਦਾ ਹੁਕਮ ਹੋ ਗਿਆ। ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ
ਕਰਨ ਤੋਂ ਬਾਦ ਮਿਰਤਕ ਦੇ ਪਰਿਵਾਰ ਨੂੰ ਮੁਆਵਜ਼ੇ ਦੇ 31 ਲੱਖ ਰੁਪੈ ਭੇਜ
ਦਿੱਤੇ ਗਏ ਹਨ । ਸੁਸਾਇਟੀ ਵਲੋਂ ਮੁਆਵਜ਼ੇ ਦੀ ਇਹ ਰਾਸ਼ੀ ਮਿਰਤਕ ਦੀ ਪਤਨੀ
ਦੋ ਨਾਬਾਲਿਗ ਬੇਟੀਆਂ ਅਤੇ ਇਕ ਨਾਬਾਲਿਗ ਬੇਟੇ ਦੇ ਬੈਂਕ ਖਾਤਿਆਂ ਵਿਚ ਭੇਜ
ਦਿਤੀ ਗਈ ਹੈ। ਯਾਦ ਰਹੇ ਕਿ ਇਸ ਪਰਿਵਾਰ ਵਿੱਚ ਕਮਾਊ ਸਿਰਫ ਮਿਰਤਕ
ਹੀ ਸੀ ਅਤੇ ਮਿਰਤਕ ਤੋਂ ਬਾਦ ਪਰਿਵਾਰ ਪਾਲਣਾ ਉਸਦੀ ਪਤਨੀ ਵਾਸਤੇ ਬਹੁਤ ਹੀ
ਮੁਸ਼ਕਿਲ ਕੰਮ ਸੀ। ਰੂਪ ਸਿੱਧੂ ਨੇ ਕਿਹਾ ਕਿ ਇਸ ਕੇਸ ਦੀ ਦੇਖ ਰੇਖ
ਸਮੇਂ ਮਦਦ ਕਰਨ ਵਾਲਿਆਂ ਵਿਚ ਸੁਸਾਇਟੀ ਦੇ ਹੈਡ ਗ੍ਰੰਥੀ ਭਾਈ ਕਮਲਰਾਜ
ਸਿੰਘ ਗੱਡੂ ਦਾ ਨਾਮ ਸਭ ਤੋਂ ਪਰਮੁੱਖ ਹੈ ਜਿਸਨੇ ਹਰ ਮਰਹਲੇ ਤੇ ਮੇਰਾ ਸਾਥ
ਦਿੱਤਾ ਹੈ।ਸੁਸਾਇਟੀ ਦੇ ਚੈਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਨੇ ਫਗਵਾੜੇ ਵਿਖੇ
ਮਿਰਤਕ ਦੇ ਵਾਰਿਸਾਂ ਨਾਲ ਮਿਲਕੇ ਕਈ ਪਤਵੰਤੇ ਸੱਜਣਾ ਦੀ ਹਾਜ਼ਰੀ ਵਿੱਚ
ਰਾਸ਼ੀ ਬੈਂਕ ਖਾਤੇ ਵਿਚ ਭੇਜਣ ਦੇ ਪੇਪਰ ਪਰਿਵਾਰ ਦੇ ਹਵਾਲੇ
ਕੀਤੇ।ਰੂਪ ਸਿੱਧੂ ਨੇ ਕਿਹਾ ਕਿ ਸੁਸਾਇਟੀ ਵਲੋਂ ਅਜਿਹੇ ਕਈ ਹੋਰ ਕੇਸਾਂ ਦੀ
ਪੈਰਵੀ ਵੀ ਕੀਤੀ ਜਾ ਰਹੀ ਹੈ। ਸੁਸਾਇਟੀ ਦੁੱਖ ਦੀਆਂ ਅਜਿਹੀਆਂ ਘੜੀਆਂ ਵਿਚ
ਸਮਾਜ ਸੇਵਾ ਕਰਨ ਲਈ ਹਰ ਵਕਤ ਤਿਆਰ ਰਹਿੰਦੀ ਹੈ। ਅਜਿਹੇ ਕੇਸ਼ਾਂ ਵਿਚ
ਮੁਆਵਜ਼ਾਂ ਮਿਲਣਾ ਜਾਂ ਨਾ ਮਿਲਣਾ ਤਾਂ ਕੇਸ ਦੇ ਮਿਆਰ ਅਤੇ ਵਕੀਲਾਂ ਤੇ
ਨਿਰਭਰ ਕਰਦਾ ਹੈ ਪਰ ਸੁਸਾਇਟੀ ਵਲੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
ਨਾਮ ਤੇ ਇਹ ਪ੍ਰਣ ਹੈ ਕਿ ਸੁਸਾਇਟੀ ਨੇ ਵੱਧ ਤੋਂ ਵੱਧ ਅਤੇ ਹਰ
ਸੰਭਵ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਹੁੰਦੀ ਹੈ । ਯੂ. ਏ. ਈ ਵਿਖੇ
ਵਸਦੇ ਵੀਰਾਂ ਨੂੰ ਬੇਨਤੀ ਹੈ ਕਿ ਅਜਿਹੇ ਕੇਸਾਂ ਬਾਰੇ ਕੀਤੀਆਂ ਜਾ ਰਹੀਆਂ
ਕੋਸ਼ਿਸ਼ਾਂ ਵਿਚ ਸੁਸਾਇਟੀ ਦੀ ਮਦਦ ਕਰਿਆ ਕਰੋ ਤਾਂ ਕਿ ਸੁਸਾਇਟੀ ਵੱਧ ਤੋਂ
ਵੱਧ ਉਪਰਾਲੇ ਕਰ ਸਕੇ।
|