News                                                                                               Home
 
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ
ਯੂ.ਏ.ਈ ਨੇ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਈ ਕਪੂਰਥਲੇ ਜ਼ਿਲ੍ਹੇ ਦੀ ਇਕ ਗ਼ਰੀਬ ਕੁੜੀ ਦੀ ਮਦਦ ਕਰਕੇ ਪੰਜਾਬ ਵਾਪਿਸ ਭੇਜਿਆ।  
 
 

05, ਮਾਰਚ, 2017 (ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਨੇ ਕਪੂਰਥਲੇ ਜ਼ਿਲ੍ਹੇ ਦੀ ਇਕ ਗ਼ਰੀਬ ਲੜਕੀ ਨੂੰ ਪੰਜਾਬ ਵਾਪਿਸ ਭੇਜਣ ਲਈ ਮਦਦ ਕੀਤੀ। ਇਹ 23 ਸਾਲਾ ਲੜਕੀ ਸਾਬੀ ਨੂੰ ਏਜੰਟਾਂ ਨੇ ਘਰੇਲੂ ਨਰਸ ਦੀ ਨੌਕਰੀ ਦਾ ਲਾਰਾ ਲਾਕੇ ਯੂ.ਏ.ਈ ਵਿੱਚ ਵਿਜ਼ਟ ਵੀਜ਼ੇ ਤੇ ਸੱਦ ਲਿਆ ਸੀ ਪਰ ਏਥੇ ਆਉਣ ਉਪਰੰਤ ਇਸ ਲੜਕੀ ਨੂੰ ਕਿਸੇ ਘਰ ਵਿਚ ਨੌਕਰਾਣੀ ਵਜੋਂ ਕੰਮ ਕਰਨ ਦਾ ਵੀਜ਼ਾ ਲਗਵਾ ਦਿੱਤਾ। ਲੜਕੀ ਇਹ ਕੰਮ ਕਰਨ ਤੋਂ ਅਸਮਰੱਥ ਸੀ।  ਉਸ ਨੇ ਏਜੰਟ ਦੇ ਬਹੁਤ ਤਰਲੇ ਕੀਤੇ ਕਿ ਉਸਨੂੰ ਪੰਜਾਬ ਵਾਪਿਸ ਭੇਜ ਦਿੱਤਾ ਜਾਵੇ ਪਰ ਏਜੰਟ ਨੇ ਉਸਦੀ ਇੱਕ ਨਾ ਸੁਣੀ ਸਗੋਂ ਲੜਕੀ ਨੂੰ ਡਰਾਇਆ ਧਮਕਾਇਆ ਜਾਣ ਲੱਗ ਪਿਆ। ਕੋਈ ਵਾਹ ਨਾ ਚੱਲਣ ਤੇ ਲੜਕੀ ਦੇ ਰਿਸ਼ਤੇਦਾਰਾਂ ਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨਾਲ ਸੰਪਰਕ ਕੀਤਾ। ਰੂਪ ਸਿੱਧੂ ਨੇ ਇੰਡੀਅਨ ਏਸੋਸੀਏਸ਼ਨ ਅਜਮਾਨ ਦੀ ਮਦਦ ਨਾਲ ਏਜੰਟ ਤੇ ਦਬਾਅ ਬਣਾਇਆ ਅਤੇ ਆਖਰਕਾਰ ਏਜੰਟ 19 ਫਰਵਰੀ ਨੂੰ ਲੜਕੀ ਨੂੰ ਸੁਸਾਇਟੀ ਦੇ ਹਵਾਲੇ ਕਰ ਗਿਆ।  ਲੜਕੀ ਦਾ ਪਾਸਪੋਰਟ ਵੀ ਏਜੰਟਾਂ ਦੇ ਕੋਲ ਸੀ ਅਤੇ ਵੀਜ਼ਾ ਕੈਂਸਲ ਵੀ ਨਹੀ ਹੋਇਆ ਸੀ। ਏਜੰਟ ਪਾਸਪੋਰਟ ਦੇਣ ਬਦਲੇ ਡੇਢ ਲੱਖ ਰੁਪੈ ਦੀ ਮੰਗ ਕਰ ਰਿਹਾ ਸੀ । ਸੁਸਾਇਟੀ ਦੀਆਂ ਕੋਸ਼ਿਸ਼ਾਂ ਸਦਕਾ ਲੜਕੀ ਦਾ ਪਾਸਪੋਰਟ ਵੀ ਮਿਲ ਗਿਆ ਅਤੇ 4 ਫਰਵਰੀ ਨੂੰ ਲੜਕੀ ਨੂੰ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਨ ਰਾਹੀ ਚੰਡੀਗੜ੍ਹ ਭੇਜ ਦਿੱਤਾ ਗਿਆ। ਇਸ ਲੜਕੀ ਦੇ ਦੋ ਹਫਤੇ ਦੇ ਰਹਿਣ ਸਹਿਣ ਦਾ ਇੰਤਜ਼ਾਮ ਰੂਪ ਸਿੱਧੂ ਨੇ ਕੀਤਾ ਅਤੇ ਇਸਦੀ ਹਵਾਈ ਟਿਕਟ ਅਤੇ ਸਮਾਨ ਵਗੈਰਾ ਦੇ ਹੋਰ ਖਰਚੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਕੀਤੇ ਗਏ।  ਸ਼੍ਰੀ ਕਮਲਰਾਜ ਸਿੰਘ ਗੱਡੂ ਵਲੋਂ ਇਸ ਕਾਰਜ ਵਿਚ ਪੂਰੀ ਸੇਵਾ ਨਿਭਾਈ ਗਈ ਅਤੇ ਉਨ੍ਹਾਂ 200 ਦਿਰਾਮ ਮਾਲੀ ਮਦਦ ਵੀ ਕੀਤੀ।  ਸਤਿਗੁਰੂ ਰਵਿਦਾਸ ਜੀ ਦੀ ਕਿਰਪਾ ਨਾਲ ਲੜਕੀ ਆਪਣੇ ਪਰਿਵਾਰ ਵਿੱਚ ਪਹੁੰਚ ਗਈ ਹੈ ।  ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਅਤੇ ਚੇਅਰਮੈਨ ਬਖਸ਼ੀ ਰਾਮ  ਦੀ ਸਮੂਹ ਪੰਜਾਬੀਆਂ ਨੂੰ ਇਹੋ ਬੇਨਤੀ ਹੈ ਕਿ ਲੜਕੀਆਂ ਨੂੰ ਬਿਨਾ ਸੋਚੇ ਸਮਝੇ ਅਤੇ ਕੰਮਕਾਰ ਦੀ ਜਾਂਚ ਪੜਤਾਲ ਕੀਤੇ ਬਿਨਾਂ ਵਿਦੇਸ਼ ਭੇਜਣ ਤੋਂ ਗੁਰੇਜ਼ ਕੀਤਾ ਜਾਵੇ ਤਾਂਕਿ ਹੋਰ ਲੜਕੀਆਂ ਇਸ ਤਰਾਂ ਦੀ ਮੁਸੀਬਤਾਂ ਵਿਚ ਨਾ ਫਸਣ। ਲੜਕੀ ਦਾ ਅਸਲੀ ਨਾਮ ਅਤੇ ਤਸਵੀਰ ਸੁਸਾਇਟੀ ਵਲੋਂ ਗੁਪਤ ਰੱਖੀ ਗਈ ਹੈ।