|
18
ਅਕਤੂਬਰ, 2016 ( ਅਜਮਾਨ ) ਹੋਰ 6 ਪੰਜਾਬੀ ਲੜਕੇ ਏਜੰਟ ਦੀ ਧੋਖਾਧੜੀ ਦਾ
ਸ਼ਿਕਾਰ ਹੋਕੇ ਯੂ.ਏ.ਈ ਵਿਚ ਮੁਸੀਬਤਾਂ ਵਿਚ ਫਸ ਗਏ। ਜਲੰਧਰ ਦੇ
ਕਿਸੇ ਏਜੰਟ ਨੇ ਇਨ੍ਹਾਂ ਨੂੰ ਕੰਮ ਕਰਨ ਵਾਲੇ ਪੱਕੇ ਵੀਜ਼ੇ ਦਾ ਲਾਰਾ ਲਗਾ
ਕੇ ਇੱਕ ਲੱਖ 25 ਹਜ਼ਾਰ ਰੁਪੈ ਹਰ ਲੜਕੇ ਤੋਂ ਲੈ ਲਏ। ਜਿਸ ਦਿਨ
ਇਨ੍ਹਾਂ ਦੀ ਫਲਾਈਟ ਸੀ ਉਸੇ ਦਿਨ ਹੀ ਇਨ੍ਹਾਂ ਨੂੰ ਪਤਾ ਚੱਲਿਆ ਕਿ ਇਨਾਂ
ਦੇ ਵੀਜ਼ੇ ਤਾਂ ਸੈਰ ਦੇ ਵੀਜ਼ੇ ਹਨ। ਫਿਰ ਵੀ ਏਜੰਟ ਨੇ ਇਨ੍ਹਾਂ ਨੂੰ
ਭਰੋਸਾ ਦਿੱਤਾ ਕਿ ਓਥੇ ਜਾਂਦੇ ਸਾਰ ਜੀ ਤੁਹਾਡੇ ਪੱਕੇ ਵੀਜ਼ੇ ਲਗਵਾ ਦਿੱਤੇ
ਜਾਣਗੇ। ਯੂ.ਏ.ਈ ਪਹੁੰਚਣ ਉਪਰੰਤ ਇਨ੍ਹਾਂ ਲੜਕਿਆਂ ਨੂੰ ਇੱਕ ਕਮਰੇ ਵਿਚ
ਰੱਖਿਆ ਗਿਆ । ਏਜੰਟ ਦਾ ਭਾਈਵਾਲ ਇਨਾਂ ਨੂੰ ਇੱਕ ਦੋ ਥਾਂ ਕੰਮ ਤੇ ਲਗਵਾਉਣ
ਲਈ ਲੈਕੇ ਵੀ ਗਿਆ ਪਰ ਕਾਮਯਾਬ ਨਹੀ ਹੋਇਆ। ਹੁਣ ਇਹ ਲੜਕੇ
ਬੇਰੋਜ਼ਗਾਰ ਏਥੇ ਫਸੇ ਹੋਏ ਹਨ। ਏਜੰਟ ਨੇ ਕੁੱਝ ਕੁ ਲੜਕਿਆਂ ਦੇ ਪਾਸਪੋਰਟ
ਵੀ ਆਪਣੇ ਕਬਜ਼ੇ ਵਿੱਚ ਰਖੇ ਹੋਏ ਹਨ। ਲੜਕਿਆਂ ਦੀਆਂ ਵਾਪਸੀ ਦੀਆਂ ਟਿਕਟਾਂ
ਵੀ ਏਜੰਟ ਨੇ ਜਾਅਲ਼ੀ ਹੀ ਬਣਵਾਈਆਂ ਸਨ। ਏਜੰਟ ਦਾ ਭਾਈਵਾਲ ਲੜਕਿਆਂ
ਦੇ ਪਾਸਪੋਰਟ ਵਾਪਿਸ ਦੇਣ ਲਈ ਵੀ ਪੈਸੇ ਮੰਗ ਰਿਹਾ ਹੈ।ਹਾਲਤ ਏਥੋਂ ਤੱਕ
ਗੰਭੀਰ ਹੈ ਕਿ ਕੱਲ ਤਾਂ ਇਨ੍ਹਾਂ ਨੇ ਲੜਕਿਆਂ ਨੂੰ ਖਾਣਾ ਦੇਣ ਤੋਂ ਵੀ
ਇਨਕਾਰ ਕਰ ਦਿੱਤਾ। ਜਦ ਲੜਕਿਆਂ ਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੁਸਾਇਟੀ ਨਾਲ ਸੰਪਰਕ ਕੀਤਾ ਤਾਂ ਸੁਸਾਇਟੀ ਵਲੋਂ ਰੂਪ ਸਿੱਧੂ ਇਨਾਂ
ਲੜਕਿਆਂ ਨੂੰ ਜਾਕੇ ਮਿਲੇ ਅਤੇ ਰੋਟੀ ਪਾਣੀ ਲਈ ਕੁੱਝ ਖਰਚਾ ਵੀ ਦਿੱਤਾ।
ਸੁਸਾਇਟੀ ਇਨ੍ਹਾਂ ਲੜਕਿਆਂ ਦੀ ਹਰ ਸੰਭਵ ਕਾਨੂੰਨੀ ਮਦਦ ਕਰਨ ਦੀ
ਕੋਸ਼ਿਸ਼ ਕਰੇਗੀ। ਇੱਕ ਵਾਰ ਫਿਰ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ
ਹੈ ਕਿ ਏਜੰਟਾਂ ਦੇ ਝਾਸੇ ਵਿੱਚ ਆਕੇ ਆਪਣੇ ਧੀਆਂ ਪੁੱਤਰਾਂ ਨੂੰ ਵਿਜ਼ਿਟ
ਵੀਜ਼ੇ 'ਤੇ ਕੰਮ ਕਰਨ ਲਈ ਨਾ ਭੇਜੋ। ਏਥੇ ਆਉਣ ਤੋਂ ਪਹਿਲਾਂ ਪੱਕਾ
ਵੀਜ਼ਾ, ਕੰਪਣੀ ਨਾਲ ਐਗਰੀਮੈਂਟ ਭਾਰਤ ਸਰਕਾਰ ਵਲੋਂ ਇਮੀਗ੍ਰੇਸ਼ਨ
ਕਰਵਾਕੇ ਹੀ ਬਾਹਰ ਆਉਣਾ ਚਾਹੀਦਾ ਹੈ। ਏਥੇ ਵਿਜ਼ਟ ਵੀਜੇ ਤੇ ਆਕੇ
ਕੰਮ ਕਰਨਾ ਗੈਰ ਕਾਨੂੰਨੀ ਹੈ।
|
|