31 ਮਈ ਲਈ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਸਬੰਧੀ।

ਤੰਬਾਕੂ ਦੀ ਵਰਤੋਂ ਨਾਂ ਕਰਨ ਵਾਲਿਆਂ ਲਈ ਵੀ ਬਣਿਆਂ ਹੋਇਆ ਹੈ ਵੱਡਾ ਖਤਰਾ ।

 ਦੁਨੀਆਂ ਵਿੱਚ ਹਰ ਸਾਲ ਤੰਬਾਕੂ ਨਾਲ ਜੁੜੀ ਬਿਮਾਰੀਆਂ ਨਾਲ ਕਰੀਬ 50 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਭਾਵ ਹਰ ਰੋਜ਼ ਲੱਗਭੱਗ 13700 ਵਿਅਕਤੀਆਂ ਦੀ ਮੋਤ ਹੁੰਦੀ ਹੈ ਅਤੇ ਸਾਡੇ ਦੇਸ਼ ਭਾਰਤ ਵਿੱਚ ਰੋਜ਼ਾਨਾ ਲੱਗਭੱਗ 2200 ਲੋਕਾਂ ਦੀ ਮੌਤ ਹੁੰਦੀ ਹੈ।


ਅੱਜ ਵਿਸਵ ਵਿੱਚ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਮੁਗਲਕਾਲ ਦੇ ਸਮੇਂ 17ਵੀਂ ਸਦੀ ਵਿੱਚ ਪੱਛਮ ਤੋਂ ਆਏ ਤੰਬਾਕੂ ਨੇ ਸਾਡੇ ਦੇਸ਼ ਨੂੰ ਅਜਿਹਾ ਜਕੜਿਆ ਕਿ ਅੱਜ ਦੇਸ਼ ਦੀ ਜ਼ਿਆਦਾਤਰ ਆਬਾਦੀ ਤੰਬਾਕੂ ਦਾ ਸੇਵਨ ਕਰਦੀ ਹੈ। ਤੰਬਾਕੂ ਦੀ ਵਰਤੋਂ ਦੇ ਬਹੁਤ ਸਾਰੇ ਮਾਰੂ ਪ੍ਰਭਾਵ ਹਨ। ਤੰਬਾਕੂ ਵਿੱਚ ਲਗਭੱਗ 4000 ਹਜ਼ਾਰ ਤੋਂ ਵੱਧ ਜ਼ਹਿਰੀਲੇ ਤੱਤ ਹਨ ਜੋ ਕਿ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਸ ਵਿੱਚ ਨਿਕੋਟੀਨ ਜੋਕਿ ਕੀੜਿਆਂ ਨੂੰ ਮਾਰਨ ਲਈ ਵਰਤਿਆਂ ਜਾਂਦਾ ਹੈ, ਅਮੋਨੀਆਂ ਜੋਕਿ ਫਰਸ਼ ਸਾਫ ਕਰਨ ਲਈ ਵਰਤਿਆਂ ਜਾਂਦਾ ਹੈ, ਆਰਸੈਨਿਕ ਜੋਕਿ ਸਫੈਦ ਕੀੜੀਆ ਦਾ ਜ਼ਹਿਰ ਹੈ, ਕਾਰ ਦੇ ਧੂੰਏ ਵਿਚਲੀ ਭਿਆਨਕ ਗੈਸ ਕਾਰਬਨ ਮੋਨੋਆਕਸਾਈਡ, ਗੈਸ ਚੈਂਬਰਾਂ ਵਿੱਚ ਵਰਤੀ ਜਾਣ ਵਾਲੀ ਜ਼ਹਿਰੀਲੀ ਗੈਸ ਹਾਈਡਰੋਜਨ ਸਾਈਆਨਾਈਡ, ਫਿਨਾਈਲ ਦੀਆਂ ਗੋਲੀਆਂ ਲਈ ਵਰਤੀ ਜਾਣ ਵਾਲੀ ਨੈਪਥਾਲੀਨ, ਤਾਰਕੋਲ, ਪ੍ਰਮਾਣੂ ਹਥਿਆਰਾਂ ਵਿੱਚ ਵਰਤਿਆਂ ਜਾਣ ਵਾਲਾ ਰੇਡੀਓਐਕਟਿਵ ਤੱਤ ਸਮੇਤ ਬਹੁਤ ਸਾਰੇ ਜ਼ਹਿਰੀਲੇ ਤੱਤ ਹੁੰਦੇ ਹਨ। ਤੰਬਾਕੂ ਮੁੱਖ ਰੂਪ ਵਿੱਚ ਖੈਣੀ, ਜ਼ਰਦਾ, ਗੁਟਕਾ, ਪਾਨ ਮਸਾਲਾ, ਸਿਗਰਟ ਅਤੇ ਬੀੜੀ ਆਦਿ ਦੇ ਰੂਪ ਵਿੱਚ ਮਿਲਦਾ ਹੈ। ਸਿਗਰਟ ਜਾਂ ਬੀੜੀ ਪੀਣ ਵਾਲੇ ਲੋਕਾਂ ਵੱਲੋਂ ਛੱਡੇ ਗਏ ਧੂੰਏ ਦਾ ਅਸਰ ਜੋ ਕਿ ਸਿਗਰਟ ਜਾਂ ਬੀੜੀ ਨਹੀਂ ਪੀਂਦੇ ਉਹਨਾਂ ਦੀ ਸਿਹਤ ਤੇ ਵੀ ਪੈਂਦਾ ਹੈ। ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਵਿਚੋਂ ਬਹੁਤੀਆਂ ਦਾ ਕਾਰਨ ਤੰਬਾਕੂ ਹੀ ਹੈ। ਹਰ ਸਾਲ ਕਰੀਬ 3,00,000 ਲੋਕ ਤੰਬਾਕੂ ਕਾਰਨ ਇਹ ਅਲਾਮਤ ਸਹੇੜਦੇ ਹਨ ਜਦ ਕਿ ਛਾਤੀ ਦੇ ਕੈਂਸਰ ਦੇ ਕਰੀਬ 80,000 ਕੇਸ ਪ੍ਰਤੀ ਸਾਲ ਮਿਲ ਰਹੇ ਹਨ ਤੇ ਬੱਚੇਦਾਨੀ ਨਾਲ ਸਬੰਧਤ ਅਤੇ ਹੋਰ ਕਿਸਮਾਂ ਦੇ ਕੈਂਸਰ ਦੇ ਕਰੀਬ 1,00,000 ਕੇਸ ਸਾਲਾਨਾ ਹਨ। ਦੁਨੀਆਂ ਵਿੱਚ ਹਰ ਸਾਲ ਤੰਬਾਕੂ ਨਾਲ ਜੁੜੀ ਬਿਮਾਰੀਆਂ ਨਾਲ ਕਰੀਬ 50 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਭਾਵ ਹਰ ਰੋਜ ਲੱਗਭੱਗ 13700 ਵਿਅਕਤੀਆਂ ਦੀ ਮੋਤ ਹੁੰਦੀ ਹੈ ਅਤੇ ਸਾਡੇ ਦੇਸ਼ ਭਾਰਤ ਵਿੱਚ ਰੋਜ਼ਾਨਾ ਲੱਗਭੱਗ 2200 ਲੋਕਾਂ ਦੀ ਮੌਤ ਹੁੰਦੀ ਹੈ। ਪੰਜਾਬ ਵਿੱਚ ਵੀ ਰੋਜਾਨਾ ਲੱਗਭੱਗ 48 ਵਿਅਕਤੀਆਂ ਦੀ ਮੋਤ ਤੰਬਾਕੂ ਕਾਰਨ ਹੀ ਹੁੰਦੀ ਹੈ। ਤੰਬਾਕੂ ਦੀ ਵਰਤੋਂ ਕਾਰਨ ਭਾਰਤ ਵਿੱਚ ਸਿਰ, ਗਲਾ ਅਤੇ ਫੇਫੜਿਆਂ ਦੇ ਸਭ ਤੋਂ ਵੱਧ ਕੈਂਸਰ ਕੇਸ ਹੁੰਦੇ ਹਨ। ਕੈਂਸਰ ਦੇ ਸਮੁੱਚੇ ਕੇਸਾਂ ਵਿੱਚੋਂ 40% ਤੰਬਾਕੂ ਕਾਰਨ ਹੁੰਦੇ ਹਨ। ਤੰਬਾਕੂ ਪੀਣ ਵਾਲੇ 89% ਵਿਅਕਤੀ 18 ਸਾਲ ਦੀ ਉਮਰ ਤੱਕ ਇਸ ਦੇ ਆਦੀ ਹੋ ਜਾਂਦੇ ਹਨ। ਤੰਬਾਕੂ ਪੀਣ ਵਾਲੇ 50% ਤੋਂ ਵੱਧ ਨੌਜੁਆਨ ਤੰਬਾਕੂ ਜਨਕ ਬੀਮਾਰੀਆਂ ਕਾਰਨ ਮਰਦੇ ਹਨ। ਤੰਬਾਕੂ ਦੀ ਵਰਤੋਂ ਨਾ ਕਰਨ ਵਾਲੇ ਦੇ ਮੁਕਾਬਲੇ ਪੀਣ ਵਾਲੇ ਦੀ ਜ਼ਿੰਦਗੀ 22 ਤੋਂ 26 ਸਾਲ ਤੱਕ ਘਟ ਜਾਂਦੀ ਹੈ। ਤੰਬਾਕੂ ਦੀ ਵਰਤੋਂ ਮੂੰਹ, ਗਲਾ, ਫੇਫੜਿਆਂ, ਘੰਡੀ ਭੋਜਨ-ਨਲੀ, ਪਿਸ਼ਾਬ ਦਾ ਬਲੈਡਰ, ਗੁਰਦਾ, ਪਾਚਕ ਰਸ ਗਿਲਟੀ ਅਤੇ ਗਰਦਨ ਦੇ ਕੈਂਸਰ ਦਾ ਕਾਰਨ ਬਣਦੀ ਹੈ। ਤੰਬਾਕੂ ਕਾਰਨ ਸਾਹ ਨਲੀ ਦੀ ਸੋਜ ਅਤੇ ਪੇਟ ਗੈਸ ਹੁੰਦੀ ਹੈ ਜਿਸ ਨਾਲ ਸਾਹ ਲੈਣ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਤੰਬਾਕੂ ਨਾਲ ਦਿਲ ਅਤੇ ਖੂਨ ਦੀਆਂ ਬੀਮਾਰੀਆਂ ਵਿੱਚ ਵਾਧਾ ਹੁੰਦਾ ਹੈ। ਤੰਬਾਕੂ ਕਾਰਨ ਹੋਣ ਵਾਲੀਆਂ ਜ਼ਿਆਦਾ ਮੌਤਾਂ ਦਿਲ ਦੇ ਦੌਰੇ ਨਾਲ ਹੁੰਦੀਆਂ ਹਨ। ਤੰਬਾਕੂ ਪੀਣ ਵਾਲੇ ਦੇ ਧੂੰਏ ਤੋ ਦੂਜੇ ਲੋਕਾਂ ਨੂੰ ਫੇਫੜਿਆਂ ਅਤੇ ਨੱਕ ਦੀ ਸਾਹ ਨਲੀ ਦਾ ਕੈਂਸਰ, ਦਿਲ ਦਾ ਦੋਰਾ, ਅੱਖਾਂ-ਨੱਕ ਤੇ ਗਲੇ ਵਿੱਚ ਜਲਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਤੰਬਾਕੂ ਦਾ ਧੂੰਆਂ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ। ਇਸ ਨਾਲ ਨਮੋਨੀਆ ਅਤੇ ਸਾਹ ਦੀ ਨਲੀ ਦੀ ਸੋਜ, ਦਮਾ, ਫੇਫੜਿਆਂ ਦੇ ਵਿਕਾਸ ਵਿੱਚ ਕਮੀ, ਜਨਮ ਵੇਲੇ ਬੱਚਿਆਂ ਦੇ ਵਜ਼ਨ ਦੀ ਕਮੀ, ਅਚਾਨਕ ਮੌਤ ਅਤੇ ਕਈ ਹੋਰ ਪੇਚੀਦਗੀਆ ਪੈਦਾ ਹੋ ਸਕਦੀਆਂ ਹਨ। ਹਰੇਕ ਪੀਤੀ ਗਈ ਸਿਗਰਟ ਜ਼ਿੰਦਗੀ ਦੇ 4 ਮਿੰਟ ਘਟਾ ਦਿੰਦੀ ਹੈ। ਇਸ ਨਸ਼ੇ ਦੀ ਭਿਅੰਕਰਤਾ ਨੂੰ ਮੁੱਖ ਰੱਖਦਿਆਂ ਹੋਇਆ ਵਿਸ਼ਵ ਸਿਹਤ ਸੰਸਥਾ ਵੱਲੋਂ ਸਾਲ 1988 ਤੋਂ ਬਾਦ ਹਰ ਸਾਲ 31 ਮਈ ਨੂੰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਸਾਲ 2008 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਤੰਬਾਕੂ ਦੇ ਪ੍ਰਚਾਰ ਸਬੰਧੀ ਹਰ ਤਰਾਂ ਦੇ ਵਿਗਿਆਪਨਾਂ ਤੇ ਰੋਕ ਲਗਾਉਣ ਦਾ ਫੈਸਲਾ ਕੀਤਾ। ਇਨ੍ਹਾਂ ਮਾਰੂ ਪ੍ਰਭਾਵਾਂ ਨੂੰ ਵੇਖਦਿਆਂ ਹੀ ਭਾਰਤ ਸਰਕਾਰ ਨੇ 2003 ਵਿੱਚ ਤੰਬਾਕੂ ਕੰਟਰੋਲ ਐਕਟ ਲਾਗੂ ਕੀਤਾ ਹੈ ਜਿਸ ਅਨੁਸਾਰ ਤੰਬਾਕੂ ਅਤੇ ਤੰਬਾਕੂ ਉਤਪਾਦਾਂ ਦੇ ਵਿਉਪਾਰ, ਪ੍ਰਚਾਰ ਆਦਿ ਤੇ ਨਿਯੰਤਰਣ ਕੀਤਾ ਗਿਆ ਹੈ। ਇਸ ਐਕਟ ਵਿੱਚ ਸਮੇਂ-ਸਮੇਂ ਤੇ ਸੋਧ ਕੀਤੀ ਜਾਂਦੀ ਰਹੀ ਹੈ। ਇਸ ਐਕਟ ਅਨੁਸਾਰ ਕਿਸੇ ਵੀ ਤੰਬਾਕੂ ਉਤਪਾਦਨ ਦਾ ਪ੍ਰਚਾਰ ਨਹੀਂ ਕੀਤਾ ਜਾਵੇਗਾ। ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦਨ ਨਹੀਂ ਵੇਚੇ ਜਾ ਸਕਦੇ ਹਨ। ਨਾਬਾਲਗ ਬੱਚਿਆਂ ਨੂੰ ਤੰਬਾਕੂ ਉਤਪਾਦਨ ਵੇਚਣਾ ਕਾਨੂੰਨਨ ਜੁਰਮ ਕਰਾਰ ਦਿਤਾ ਗਿਆ ਹੈ। ਤੰਬਾਕੂ ਉਤਪਾਦਾਂ ਸਬੰਧੀ ਸੱਖਤ ਨਿਯਮ ਬਣਾਏ ਗਏ ਹਨ। 2 ਅਕਤੂਬਰ 2008 ਤੋਂ ਜਨਤਕ ਸਥਾਨਾਂ ਤੇ ਸਿਗਰਟਨੋਸ਼ੀ ਤੇ ਮੁਕੰਮਲ ਪਬੰਦੀ ਲਗਾਈ ਗਈ ਹੈ ਅਤੇ ਅਜਿਹਾ ਕਰਨ ਵਾਲ਼ਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਤੰਬਾਕੂ ਦੀ ਵਰਤੋਂ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਰਾਸ਼ਟਰ ਪੱਧਰ ਤੇ ਤੰਬਾਕੂ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਪੰਜਾਬ ਵਿੱਚ ਸਰਕਾਰ ਵਲੋਂ ਰਾਜ ਪੱਧਰ ਅਤੇ ਜਿਲ੍ਹਾ ਪੱਧਰ ਤੇ ਤੰਬਾਕੂ ਕੰਟਰੋਲ ਸੈਲ ਬਣਾਏ ਗਏ ਹਨ। ਇਸ ਸਬੰਧੀ ਇੱਕ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਸਿਹਤ ਵਿਭਾਗ, ਵਿੱਤ ਵਿਭਾਗ, ਲੇਬਰ ਵਿਭਾਗ, ਕਾਮਰਸ, ਗ੍ਰਹਿ ਵਿਭਾਗ, ਪਬਲਿਕ ਰਿਲੇਸ਼ਨ ਵਿਭਾਗ, ਸਿਖਿਆ ਵਿਭਾਗ, ਕਾਨੂੰਨ ਅਤੇ ਖੇਤੀਬਾੜੀ ਵਿਭਾਗ ਤੋਂ ਇਲਾਵਾ ਗੈਰ ਸਰਕਾਰੀ ਸੰਸਥਾਵਾਂ ਦੇ ਨੁੰਮਾਇਦੇ ਨੌਜਵਾਨ ਆਦਿ ਸ਼ਾਮਿਲ ਕੀਤੇ ਗਏ ਹਨ। ਇਸ ਐਕਟ ਦੀ ਉਲੰਘਣਾ ਕਰਕੇ ਵਪਾਰ ਕਰਨ ਅਤੇ ਉਤਪਾਦਨ ਵੇਚਣ ਵਾਲੇ ਵਿਅਕਤੀ ਨੂੰ ਪਹਿਲੀ ਵਾਰ 2 ਸਾਲ ਤੱਕ ਦੀ ਸਜਾ ਅਤੇ 1000/- ਰੁਪਏ ਜੁਰਮਾਨਾ ਹੋ ਸਕਦਾ ਹੈ ਅਤੇ ਦੁਬਾਰਾ ਪਕੜੇ ਜਾਣ ਤੇ 5 ਸਾਲ ਤੱਕ ਦੀ ਕੈਦ ਅਤੇ 5000/- ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਕਾਨੂੰਨ ਅਨੁਸਾਰ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਨੂੰ 200/- ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਐਕਟ ਅਨੁਸਾਰ ਪੰਜਾਬ ਸਰਕਾਰ ਨੇ ਕਾਰਵਾਈ ਕਰਦੇ ਹੋਏ ਨੋਟੀਫਿਕੇਸ਼ਨ ਨੰਬਰ 21/51/95-5 ਐਚ ਬੀ ਵੀ /1022 ਮਿਤੀ 24  ਮਈ 2010 ਨੂੰ ਪੰਜਾਬ ਦੇ ਰਾਜਪਾਲ ਵਲੋਂ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਇਸ ਐਕਟ ਅਧੀਨ ਲੱਗਭੱਗ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਕਾਰਵਾਈ ਕਰਨ ਦੇ ਅਧਿਕਾਰ ਦਿਤੇ ਹਨ। ਇਸ ਅਨੁਸਾਰ ਰਾਜ ਦੇ ਸਮੂਹ ਡਿਪਟੀ ਕਮਿਸਨਰਾਂ ਅਤੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਕਿਸੇ ਵਿਦਿਅਕ ਅਦਾਰੇ ਦੇ 100 ਗਜ਼ ਘੇਰੇ ਵਿੱਚ ਆਂਦੇ ਤੰਬਾਕੂ ਉਤਪਾਦਨ ਵੇਚਣ ਵਾਲ਼ੀਆਂ ਦੁਕਾਨਾ ਹਟਾ ਦਿੱਤੀਆਂ ਗਈਆਂ ਹਨ। ਸਮੂਹ ਡਿਪਟੀ ਕਮਿਸਨਰਾਂ ਅਤੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹ ਤੰਬਾਕੂ ਉਤਪਾਦਾਂ ਦੀ ਵਿਕਰੀ ਸਬੰਧੀ ਮਨਾਹੀ ਬੌਰਡ ਲਗਾਉਣੇ ਯਕੀਨੀ ਬਣਾਉਣ। ਇਸ ਸਬੰਧੀ ਹੋਰ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਫੂਡ ਸੇਫਟੀ ਕਮਿਸ਼ਨਰ ਕਮ ਸਕੱਤਰ ਨੇ ਪੱਤਰ ਨੰਬਰ 11/10/12-3 ਐਚ ਬੀ 4/2524 ਮਿਤੀ 05.09.2012 ਰਾਹੀਂ ਨੋਟੀਫਿਕੇਸ਼ਨ ਜਾਰੀ ਕਰਕੇ ਤੰਬਾਕੂ, ਪਾਨ ਮਸਾਲਾ ਅਤੇ ਨਿਕੋਟੀਨ ਯੁਕਤ ਪਦਾਰਥਾਂ ਦੇ ਉਤਪਾਦਨ, ਸਟੋਰ ਕਰਨ ਅਤੇ ਵਿਕਰੀ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਆਬਾਦੀ 2.75 ਕਰੋੜ ਹੈ ਜਿਸ ਵਿੱਚੋਂ 12% ਆਬਾਦੀ ਭਾਵ ਲੱਗਭੱਗ 33 ਲੱਖ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ। ਪੰਜਾਬ ਨੂੰ ਤੰਬਾਕੂ ਮੁਕਤ ਰਾਜ ਬਣਾਉਣ ਦੀ ਮੁਹਿੰਮ ਅਧੀਨ 31 ਮਈ 2011 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਨੂੰ ਪੰਜਾਬ ਦਾ ਪਹਿਲਾਂ ਮਾਡਲ ਸਮੋਕ ਫਰੀ ਜ਼ਿਲ੍ਹਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਮਿਤੀ 6 ਜੁਲਾਈ 2011 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਨੂੰ ਸਮੋਕ ਫਰੀ ਬਣਾਉਣ ਲਈ ਮੁਹਿੰਮ ਚਲਾਈ ਗਈ ਅਤੇ 23 ਫਰਵਰੀ 2012 ਨੂੰ ਰਾਜ ਦਾ ਪਹਿਲਾਂ ਮਾਡਲ ਸਮੋਕ ਫਰੀ ਜ਼ਿਲ੍ਹਾ ਐਲਾਨ ਕਰ ਦਿੱਤਾ ਗਿਆ ਹੈ। ਫਿਰ 31 ਮਈ 2012 ਨੂੰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਨੂੰ ਮਾਨਸਾ ਜ਼ਿਲ੍ਹੇ ਨੂੰ ਸਮੋਕ ਫਰੀ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਹੁਣ ਪੰਜਾਬ ਦੇ ਸਾਰੇ ਜ਼ਿਲਿਆਂ ਨੂੰ ਤੰਬਾਕੂ ਮੁਕੱਤ ਘੋਸ਼ਿਤ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਇਸ ਸਬੰਧੀ ਕਾਰਵਾਈ ਕਰਦਿਆਂ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਚਲਾਨ ਕੱਟੇ ਜਾ ਰਹੇ ਹਨ। ਪੰਜਾਬ ਵਿੱਚ ਐਂਟੀ ਤੰਬਾਕੂ ਟਾਸਕ ਫੋਰਸ ਬਣਾਈ ਗਈ ਹੈ ਜੋ ਕਿ ਸਰਵਜਨਕ ਸਥਾਨਾਂ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟਦੀ ਹੈ। ਸਰਕਾਰੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਰਵਜਨਕ ਸਥਾਨਾਂ ਤੇ ਤੰਬਾਕੂ ਦਾ ਉਪਯੋਗ ਕਰਨ ਤੇ ਅਕਤੂਬਰ 2008 ਤੋਂ ਦਿਸੰਬਰ 2010 ਤੱਕ 1848 ਚਲਾਨ ਕੀਤੇ ਗਏ ਹਨ ਜਦਕਿ ਸਾਲ 2011 ਵਿੱਚ 1831, ਸਾਲ 2012 ਵਿੱਚ 13090, ਸਾਲ 2013 ਵਿੱਚ 23968, ਸਾਲ 2014 ਵਿੱਚ 22702 ਅਤੇ ਜਨਵਰੀ 2015 ਤੋਂ ਮਾਰਚ 2015 ਤੱਕ 7589 ਚਲਾਨ ਕੱਟੇ ਗਏ ਹਨ ਅਤੇ ਜੁਰਮਾਨਾ ਵਸੂਲਿਆ ਗਿਆ ਹੈ। ਭਾਵੇਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਦਫ਼ਤਰਾਂ, ਬੱਸਾਂ ਅਤੇ ਹੋਰ ਸਰਵਜਨਕ ਥਾਵਾਂ ਤੇ ਸਿਗਰਟ, ਬੀੜੀ ਪੀਣ ਉੱਤੇ ਪਾਬੰਦੀ ਲਗਾਈ ਹੈ ਪਰ ਇਸ ਉਤੇ ਬਹੁਤ ਘੱਟ ਅਮਲ ਹੋ ਰਿਹਾ ਹੈ। ਅਜੇ ਵੀ ਦਫ਼ਤਰਾਂ, ਬੱਸਾਂ, ਰੇਲਾਂ ਅਤੇ ਸਰਵਜਨਕ ਥਾਵਾਂ ਤੇ ਸਿਗਰਟ ਅਤੇ ਬੀੜੀਆਂ ਪੀਤੀਆਂ ਜਾਂਦੀਆ ਹਨ। ਤੰਬਾਕੂ ਦੀ ਵਰਤੋਂ ਕਾਰਨ ਹੋ ਰਹੇ ਨੁਕਸਾਨਾਂ ਨੂੰ ਵੇਖਦੇ ਹੋਏ ਸਰਕਾਰ ਨੂੰ ਇਸਦੀ ਵਰਤੋਂ ਤੇ ਮੁਕੰਮਲ ਪਬੰਦੀ ਲਗਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। 


ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054
5mail: kuldipnangal0gmail,com