tumblr tracker

 

 

 

 

 

 

 

 

 

 

1 ਮਈ ਅੰਤਰਰਾਸ਼ਟਰੀ ਮਜਦੂਰ ਦਿਵਸ ਲਈ ਵਿਸ਼ੇਸ਼।
ਮਜ਼ਦੂਰ ਦਿਵਸ ਹੁਣ ਰਹਿ ਗਿਆ ਹੈ ਇੱਕ ਖਾਨਾ ਪੂਰਤੀ, ਬਹੁਤੇ ਮਜ਼ਦੂਰਾਂ ਨੂੰ ਨਹੀਂ ਕੋਈ ਵੀ ਜਾਣਕਾਰੀ, ਮਜਦੂਰਾਂ ਨਾਲੋਂ ਰਾਜਨੀਤਿਕ ਆਗੂਆਂ ਅਤੇ ਅਧਿਕਾਰੀਆਂ ਨੂੰ ਹੁੰਦਾ ਇਸਦਾ ਲਾਭ। 
01 ਮਈ ਦਾ ਦਿਹਾੜਾ ਸਾਨੂੰ ਮਜਦੂਰਾਂ ਦੀਆਂ ਹਾਲਤਾਂ ਅਤੇ ਉਨ੍ਹਾਂ ਦੀ ਭਲਾਈ ਲਈ ਕੀਤੇ ਗਏ ਅੰਦੋਲਨਾ ਦੀ ਯਾਦ ਕਰਵਾਂਦਾ ਹੈ। 01 ਮਈ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਜਿਸਨੂੰ ਮਈ ਦਿਵਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸਦੀ ਸ਼ੁਰੂਆਤ 1886 ਵਿੱਚ ਸ਼ਿਕਾਗੋ ਵਿੱਚ ਉਸ ਸਮੇਂ ਹੋਈ ਸੀ, ਜਦੋਂ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਮਜਦੂਰ ਇਕੱਠੇ ਹੋਕੇ ਮੰਗ ਕਰ ਰਹੇ ਸਨ ਕਿ ਇੱਕ ਦਿਹਾੜੀ ਵਿੱਚ ਕੰਮ ਦੇ ਘੰਟੇ 8 ਘੰਟੇ ਹੋਣ ਅਤੇ ਹਫਤੇ ਵਿੱਚ ਇੱਕ ਦਿਨ ਦੀ ਛੁੱਟੀ ਹੋਵੇ। ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਬੰਬ ਚਲਾ ਦਿੱਤਾ ਅਤੇ ਬਾਅਦ ਵਿੱਚ ਪੁਲਿਸ ਫਾਈਰਿੰਗ ਵਿੱਚ ਕੁਝ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕੁਝ ਪੁਲਿਸ ਵਾਲੇ ਵੀ ਮਾਰੇ ਗਏ। ਇਸਤੋਂ ਬਾਅਦ 1889 ਵਿੱਚ ਪੈਰਿਸ ਵਿੱਚ ਅੰਤਰਰਾਸ਼ਟਰੀ ਮਹਾਂਸਭਾ ਦੀ ਦੂਜੀ ਬੈਠਕ ਵਿੱਚ ਫਰੈਂਚ ਕ੍ਰਾਂਤੀ ਨੂੰ ਯਾਦ ਕਰਦੇ ਹੋਏ ਇੱਕ ਪ੍ਰਸਤਾਵ ਪਾਰਿਤ ਕੀਤਾ ਗਿਆ ਕਿ ਇਸਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇ, ਉਸ ਸਮੇਂ ਤੋਂ ਹੀ ਦੁਨੀਆਂ ਦੇ 80 ਦੇਸ਼ਾਂ ਵਿੱਚ ਮਈ ਦਿਵਸ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਕੀਤਾ ਗਿਆ ਅਤੇ ਇਸਨੂੰ ਰਾਸ਼ਟਰ ਪੱਧਰ ਤੇ ਮਨਾਇਆ ਜਾਣ ਲੱਗ ਪਿਆ। 1919 ਵਿੱਚ ਅੰਤਰਰਾਸ਼ਟਰੀ ਮਜਦੂਰ ਸੰਗਠਨ ਹੋਂਦ ਵਿੱਚ ਆ ਗਿਆ। ਅੰਤਰਰਾਸ਼ਟਰੀ ਮਜਦੂਰ ਸੰਗਠਨ ਦੇ ਵੱਖ ਵੱਖ ਦੇਸ਼ਾਂ ਵਿੱਚ ਦਫਤਰ ਖੋਲੇ ਗਏ ਹਨ। ਅੰਤਰਰਾਸ਼ਟਰੀ ਮਜਦੂਰ ਸੰਗਠਨ ਵਲੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਸਮੇਂ-ਸਮੇਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਇਸ ਲਈ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਭਾਰਤ ਵਿੱਚ ਇੱਕ ਮਈ ਦਾ ਦਿਹਾੜਾ ਸਭ ਤੋਂ ਪਹਿਲਾਂ ਚੇਨਈ ਵਿੱਚ 1 ਮਈ 1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨਿਤ ਕਰ ਲਿਆ ਗਿਆ ਸੀ। ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ ਸੀ। ਭਾਰਤ ਵਿੱਚ ਮਦਰਾਸ ਦੇ ਹਾਈਕੋਰਟ ਸਾਹਮਣੇ ਇੱਕ ਵੱਡਾ ਮੁਜ਼ਾਹਰਾ ਕਰਕੇ ਇੱਕ ਮਤਾ ਪਾਸ ਕਰਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਕਾਮੇ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਇਸਤੋਂ ਬਾਦ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ 01 ਮਈ ਦਾ ਦਿਹਾੜਾ ਮਨਾਇਆ ਜਾਣ ਲੱਗ ਪਿਆ। ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ਾਂ ਦਾ ਅਹਿਮ ਰੋਲ ਹੁੰਦਾ ਹੈ। ਕਿਸੇ ਵੀ ਉਦਯੋਗ ਵਿੱਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਸਨਅਤੀ ਢਾਂਚਾ ਖੜਾ ਨਹੀਂ ਰਹਿ ਸਕਦਾ ਹੈ। ਸਰਕਾਰ ਦਾ ਰੋਲ ਉਦਯੋਗਿਕ ਸ਼ਾਂਤੀ, ਉਦਯੋਗਪਤੀਆਂ ਅਤੇ ਮਜ਼ਦੂਰਾਂ ਦਰਮਿਆਨ ਸੁਖਾਵੇਂ, ਸ਼ਾਂਤਮਈ ਤੇ ਪਰਿਵਾਰਕ ਸਬੰਧ ਕਾਇਮ ਕਰਨਾ, ਝਗੜੇ ਤੇ ਟਕਰਾਅ ਦੀ ਸੂਰਤ ਵਿੱਚ ਉਨ੍ਹਾਂ ਦਾ ਸਮਝੌਤਾ ਅਤੇ ਸੁਲਾਹ ਕਰਵਾਉਣ ਦਾ ਪ੍ਰਬੰਧ ਕਰਨਾ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਉਦਯੋਗਿਕ ਟ੍ਰਿਬਿਊਨਲ ਕਾਇਮ ਕਰਕੇ ਨਿਰਪੱਖਤਾ ਤੇ ਪਾਰਦਰਸ਼ੀ ਢੰਗ ਨਾਲ ਕੁਦਰਤੀ ਨਿਆਂ ਦੇ ਅਸੂਲ ਦੇ ਸਿਧਾਂਤ ਅਨੁਸਾਰ ਇਨਸਾਫ਼ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੀ ਬਿਹਤਰੀ ਲਈ ਸਮੇਂ-ਸਮੇਂ ਸਿਰ ਕਾਨੂੰਨੀ ਅਤੇ ਜਾਬਤਾ ਪ੍ਰਣਾਲੀ ਨਿਰਧਾਰਤ ਕਰਨਾ ਹੈ। ਭਾਰਤੀ ਸੰਦਰਭ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ਵਿੱਚ ਆਵਾਜ਼ ਉਠਾਈ ਸੀ ਅਤੇ ਉਸ ਸਮੇਂ ਦੇ ਹੰਕਾਰੀ ਅਤੇ ਲੁਟਰੇ ਹਾਕਮ ਮਲਕਿ ਭਾਗੋ ਦੀ ਰੋਟੀ ਨਾ ਖਾ ਕੇ ਉਸ ਦਾ ਹੰਕਾਰ ਤੋੜਿਆ ਅਤੇ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 'ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਅਤੇ ਦਸਵੰਧ ਕੱਢਣਾ' ਦਾ ਸੰਦੇਸ਼ ਦਿੱਤਾ। ਗ਼ਰੀਬ ਮਜ਼ਦੂਰ ਅਤੇ ਕਾਮੇ ਦਾ ਹਲੀਮੀ ਰਾਜ ਸਥਾਪਿਤ ਕਰਨ ਲਈ ਮਨਮੁੱਖ ਤੋਂ ਗੁਰਮੁੱਖ ਤੱਕ ਦੀ ਯਾਤਰਾ ਕਰਨ ਦਾ ਸੰਦੇਸ਼ ਦਿੱਤਾ। ਇਸੇ ਕਰਕੇ 1 ਮਈ ਨੂੰ ਭਾਈ ਲਾਲੋ ਦਿਵਸ ਵਜੋਂ ਵੀ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਹੈ। ਹੁਣ ਸਮਾਜਵਾਦ ਦੀ ਆਵਾਜ਼ ਘੱਟ ਹੀ ਸੁਣਾਈ ਦਿੰਦੀ ਹੈ। ਅਜਿਹੇ ਹਾਲਾਤ ਵਿੱਚ ਇਸ ਮਈ ਦਿਵਸ ਦੀ ਹਾਲਤ ਕੀ ਹੋਵੇਗੀ, ਇਹ ਸਵਾਲ ਮਹੱਤਵਪੂਰਨ ਹੈ। ਇਤਿਹਾਸਕ ਨਜ਼ਰ ਨਾਲ 'ਦੁਨੀਆਂ ਦੇ ਮਜ਼ਦੂਰੋਂ ਇੱਕ ਹੋਵੋ' ਦੇ ਨਾਰੇ ਨੂੰ ਦੇਖੀਏ ਤਾਂ ਉਸ ਸਮੇਂ ਵੀ ਦੁਨੀਆਂ ਦੇ ਲੋਕ ਦੋ ਖੇਮਿਆਂ ਵਿੱਚ ਵੰਡੇ ਹੋਏ ਸੀ। ਅਮੀਰ ਅਤੇ ਗਰੀਬ ਦੇਸ਼ਾਂ ਵਿੱਚ ਫਰਕ ਸੀ। ਸਾਰੇ ਦੇਸ਼ਾਂ ਵਿੱਚ ਕੁਸ਼ਲ ਅਤੇ ਗੈਰ-ਕੁਸ਼ਲ ਮਜ਼ਦੂਰ ਇਕੱਠੇ ਟ੍ਰੇਡ ਯੂਨੀਅਨਾਂ ਵਿੱਚ ਭਾਗੀਦਾਰ ਨਹੀਂ ਸਨ। ਪਹਿਲੇ ਸੰਸਾਰ ਯੁੱਧ ਅਤੇ ਦੂਜੇ ਸੰਸਾਰ ਯੁੱਧ ਦੋਰਾਨ ਸਾਰੇ ਮਜ਼ਦੂਰ ਸੰਗਠਨ ਅਤੇ ਇਸਦੇ ਨੇਤਾ ਆਪਣੇ ਦੇਸ਼ ਦੇ ਝੰਡੇ ਦੇ ਥੱਲੇ ਆ ਗਏ। ਇਸਤੋਂ ਬਾਅਦ ਪੱਛਮੀ ਦੇਸ਼ਾਂ ਵਿੱਚ ਕਲਿਆਣਕਾਰੀ ਰਾਜ ਆਇਆ ਅਤੇ ਮਈ ਦਿਵਸ ਦਾ ਪੁਨਰਜਾਗਰਣ ਹੋਇਆ। ਸੋਵੀਅਤ ਸੰਘ ਦੇ ਟੁੱਟਣ ਦੇ ਨਾਲ ਹੀ ਪੂੰਜੀਵਾਦ ਦਾ ਵਿਕੱਲਪ ਦੁਨੀਆਂ ਵਿੱਚ ਗੁੰਮ ਹੋ ਗਿਆ ਹੈ। ਉਦਯੋਗਿਕ ਉਤਪਾਦਨ ਦਾ ਤਰੀਕਾ ਬਦਲ ਗਿਆ। ਉਦਯੋਗਿਕ ਉਤਪਾਦਨ ਤੰਤਰ ਦਾ ਵਿਸਤਾਰ ਪੂਰੀ ਦੁਨੀਆਂ ਵਿੱਚ ਹੋ ਗਿਆ ਹੈ। ਇਕੱਠੇ ਕੰਮ ਕਰਨਾ ਅਤੇ ਇੱਕ ਜਗ੍ਹਾ ਕੰਮ ਕਰਨਾ ਹੁਣ ਮਹਿਜ ਇੱਕ ਸੁਪਨਾ ਹੀ ਰਹਿ ਗਿਆ। ਅੱਜ ਕੱਲ ਕਿਤਾਬਾਂ ਲਿਖੀਆ ਜਾ ਰਹੀਆਂ ਹਨ 'ਕੰਮ ਦਾ ਖਾਤਮਾ'। ਦੁਨੀਆਂ ਵਿੱਚ ਸਭ ਤੋਂ ਵੱਡਾ ਪਰਿਵਰਤਨ ਇਹ ਆਇਆ ਹੈ ਕਿ ਜੋ ਕੰਮ ਪਹਿਲਾਂ 100 ਮਜ਼ਦੂਰ ਮਿਲਕੇ ਕਰਦੇ ਸੀ ਉਹ ਕੰਮ ਹੁਣ ਇੱਕ ਰੋਬੋਟ ਕਰ ਲੈਂਦਾ ਹੈ। ਉਦਾਹਰਣ ਦੇ ਲਈ ਟਾਟਾ ਦੀ ਨੈਨੋ ਫੈਕਰੀ ਵਿੱਚ 4 ਕਰੋੜ ਰੁਪਏ ਦੇ ਨਿਵੇਸ਼ ਤੇ ਇੱਕ ਨੌਕਰੀ ਨਿਕਲਦੀ ਹੈ। ਇਹ ਕੰਮ ਵੀ ਮਜ਼ਦੂਰ ਦੇ ਲਈ ਨਹੀਂ ਬਲਕਿ ਤਕਨੀਤੀ ਰੂਪ ਨਾਲ ਉੱਚ ਸਿੱਖਿਅਤ ਲੋਕਾਂ ਦੇ ਲਈ ਹੈ। ਤਕਨੀਕ ਨੇ ਲੋਕਾਂ ਦੀ ਜ਼ਰੂਰਤਾਂ ਨੂੰ ਘੱਟ ਕਰ ਦਿੱਤਾ ਹੈ। ਇਸ ਨਾਲ ਸਾਧਾਰਨ ਲੋਕਾਂ ਦੀ ਜ਼ਮੀਨ ਖਿਸਕ ਗਈ ਹੈ। ਲੋਕ ਬੇਰੁਜ਼ਗਾਰ ਹਨ, ਜਿਹਨਾਂ ਦੇ ਕੋਲ ਰੋਜ਼ਗਾਰ ਹੈ ਉਨ੍ਹਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਕੱਲ ਇਹ ਕਿਤੇ ਖੋਹ ਨਾ ਲਿਆ ਜਾਵੇ। ਆਈ ਐਮ ਐਫ (ਅੰਤਰਰਾਸ਼ਟਰੀ ਮੁੱਦਰਾ ਕੋਸ਼) ਅਤੇ ਵਿਸ਼ਵ ਬੈਂਕ ਦੀਆਂ ਨੀਤੀਆਂ ਦਾ ਹਜ਼ਾਰਾਂ ਨੌਜ਼ਵਾਨ ਸੜਕਾਂ ਤੇ ਵਿਰੋਧ ਕਰਦੇ ਹਨ ਪਰ ਇਸ ਬੁਨਿਆਦੀ ਸਵਾਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਬੇਸ਼ਕ 01 ਮਈ ਦਾ ਦਿਨ ਅੰਤਰਰਾਸ਼ਟਰੀ ਮਜਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਵੱਖ-ਵੱਖ ਥਾਵਾਂ ਤੇ ਮਜ਼ਦੂਰਾਂ ਦੀ ਮਾੜ੍ਹੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਕੀਮਾਂ ਬਣਾਈਆਂ ਜਾਂਦੀਆਂ ਹਨ। ਗੈਰ ਸੰਗਠਤ ਖੇਤਰ ਹੋਟਲਾਂ, ਢਾਬਿਆਂ, ਖੇਤੀਬਾੜੀ, ਭੱਠਿਆਂ, ਸੜ੍ਹਕ ਅਤੇ ਬਿਲਡਿੰਗ ਨਿਰਮਾਣ, ਠੇਕੇਦਾਰਾਂ ਵਲੋਂ ਕਰਵਾਏ ਜਾ ਰਹੇ ਕੰਮ ਵਿੱਚ ਲੱਗੇ ਮਜਦੂਰਾਂ ਦੀ ਭਲਾਈ ਦੇ ਨਾਂ ਤੇ ਹਰ ਸਾਲ ਕਰੋੜ੍ਹਾਂ ਰੁਪਏ ਖਰਚੇ ਜਾਂਦੇ ਹਨ। ਸਰਕਾਰ ਵਲੋਂ ਮਹਿਲਾ ਮਜਦੂਰਾਂ, ਬਾਲ ਮਜਦੂਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਇਹਨਾਂ ਦੇ ਵਿਕਾਸ ਲਈ ਸਕੀਮਾਂ ਬਣਾਈਆਂ ਜਾਂਦੀਆ ਹਨ ਪਰ ਇਹ ਸਕੀਮਾਂ ਕਾਗਜ਼ਾਂ ਵਿੱਚ ਹੀ ਰਹਿ ਜਾਂਦੀਆਂ ਹਨ। ਸਰਕਾਰ ਵਲੋਂ ਕੀਤੇ ਜਾਂਦੇ ਵਾਅਦਿਆ ਦੀ ਹਵਾ ਉੱਡ ਜਾਂਦੀ ਹੈ ਅਤੇ 364 ਦਿਨ ਮੁੜਕੇ ਕਿਸੇ ਰਾਜਨੀਤੀਵਾਨ ਨੂੰ ਅਤੇ ਅਧਿਕਾਰੀਆਂ ਨੂੰ ਮਜਦੂਰਾਂ ਦੀ ਯਾਦ ਨਹੀਂ ਆਂਦੀ ਹੈ। ਮਜਦੂਰਾਂ ਦੀ ਕੰਮ ਕਾਜ ਦੇ ਮਾੜੇ ਹਾਲਤਾਂ ਕਾਰਨ ਵਿਗੜਦੀ ਜਾ ਰਹੀ ਸਿਹਤ, ਮਜਦੂਰ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੋ ਰਹੀ ਲੁੱਟ ਖਸੁੱਟ, ਆਏ ਦਿਨ ਮਜਦੂਰਾਂ ਨਾਲ ਵਾਪਰ ਰਹੇ ਹਾਦਸੇ ਆਦਿ ਕਾਰਨ ਮਜ਼ਦੂਰਾਂ ਦੀ ਹਾਲਤ ਵਿਗੜਦੀ ਹੀ ਜਾ ਰਹੀ ਹੈ। ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੇਂਡੂ ਮਜਦੂਰਾਂ ਲਈ ਮਹਾਤਮਾ ਗਾਂਧੀ ਰੁਜਗਾਰ ਗਰਾਂਟੀ ਯੋਜਨਾ ਵੀ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਦੀ ਮਿਲੀਭੁਗਤ ਕਾਰਨ ਮਜਦੂਰਾਂ ਨਾਲੋ ਅਧਿਕਾਰੀਆਂ ਲਈ ਵੱਧ ਲਾਭਦਾਇਕ ਸਾਬਿਤ ਹੋ ਰਹੀ ਹੈ। ਸਰਕਾਰ ਵਲੋਂ ਬਾਲ ਮਜ਼ਦੂਰਾਂ ਤੋਂ ਕਿਸੇ ਵੀ ਤਰਾਂ ਦੀ ਮਜ਼ਦੂਰੀ ਕਰਵਾਣਾ ਗੈਰ ਕਨੂੰਨੀ ਕਰਾਰ ਦਿਤਾ ਗਿਆ ਹੈ ਅਤੇ ਬਾਲ ਮਜ਼ਦੂਰੀ ਕਰਵਾਣ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਲੋਕਾਂ ਖਿਲਾਫ ਸਜ਼ਾ ਅਤੇ ਜ਼ੁਰਮਾਨਾ ਰੱਖਿਆ ਗਿਆ ਹੈ। ਸਰਕਾਰ ਵਲੋਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਮੇ-ਸਮੇ ਤੇ ਬਾਲ ਮਜ਼ਦੂਰਾਂ ਬਾਰੇ ਵੀ ਅੰਕੜੇ ਇੱਕਠੇ ਕੀਤੇ ਜਾਂਦੇ ਹਨ ਅਤੇ ਬਾਲ ਮਜਦੂਰੀ ਰੋਕਣ ਲਈ ਨੀਤੀਆਂ ਵੀ ਬਣਾਈਆਂ ਜਾਂਦੀਆਂ ਹਨ, ਪਰ ਹੈਰਾਨੀ ਹੈ ਕਿ ਬਾਲ ਮਜ਼ਦੂਰਾਂ ਤੋਂ ਸ਼ਰੇਆਮ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਹਰ ਸ਼ਹਿਰ ਕਸਬੇ ਵਿੱਚ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਹੋਟਲਾਂ, ਢਾਬਿਆਂ, ਭੱਠਿਆਂ, ਸੜ੍ਹਕ ਅਤੇ ਬਿਲਡਿੰਗ ਨਿਰਮਾਣ, ਠੇਕੇਦਾਰਾਂ ਵਲੋਂ ਕਰਵਾਏ ਜਾ ਰਹੇ ਕੰਮ ਵਿੱਚ ਲੱਗੇ ਮਜ਼ਦੂਰਾਂ ਵਿੱਚ ਜ਼ਿਆਦਾ ਗਿਣਤੀ ਬਾਲ ਮਜ਼ਦੂਰਾਂ ਦੀ ਹੁੰਦੀ ਹੈ। ਇਨ੍ਹਾਂ ਬਾਲ ਮਜ਼ਦੂਰਾਂ ਤੋਂ ਜ਼ੋਖਿਮ ਭਰੇ ਕੰਮ ਕਰਵਾਏ ਜਾ ਰਹੇ ਹਨ ਅਤੇ ਮਜ਼ਦੂਰੀ ਨਾਂ- ਮਾਤਰ ਦਿਤੀ ਜਾਂਦੀ ਹੈ। ਇਹਨਾਂ ਮਜਦੂਰਾਂ ਨੂੰ ਜੋਖਿਮ ਭਰੇ ਕੰਮ ਕਰਨ ਕਾਰਨ ਕਈ ਤਰਾਂ ਦੀਆਂ ਬਿਮਾਰੀਆਂ ਵੀ ਲੱਗ ਚੁਕੀਆਂ ਹਨ ਪਰ ਮਾਲਕਾਂ ਵਲੋਂ ਇਹਨਾਂ ਤੋਂ ਸਿਰਫ ਕੰਮ ਲੈਣ ਤੱਕ ਹੀ ਮਤਲਬ ਰੱਖਿਆ ਜਾਦਾ ਹੈ। ਬੇਸੱਕ ਸਰਕਾਰ ਵਲੋਂ ਮਜਦੂਰਾਂ ਦੀ ਭਲਾਈ ਲਈ ਵੱਖ ਵੱਖ ਵਿਭਾਗ ਬਣਾਏ ਗਏ ਹਨ ਪਰ ਮਜਦੂਰਾਂ ਦੇ ਇਨਸਾਫ ਅਤੇ ਭਲਾਈ ਲਈ ਬਣਾਏ ਗਏ ਬੋਰਡ ਅਤੇ ਵਿਭਾਗ ਵੀ ਬਹੁਤੀ ਵਾਰ ਮਜ਼ਦੂਰਾਂ ਦੀ ਥਾਂ ਅਪਣੇ ਹੀ ਅਧਿਕਾਰੀਆਂ ਅਤੇ ਆਗੂਆਂ ਦਾ ਭਲਾ ਕਰਨ ਵਿੱਚ ਲਾਭ ਮਹਿਸੂਸ ਕਰਦੇ ਹਨ। ਇਸ ਤਰਾਂ ਸਰਕਾਰਾਂ, ਮਜ਼ਦੂਰ ਯੂਨੀਅਨਾਂ, ਸਰਕਾਰੀ ਅਧਿਕਾਰੀਆਂ, ਰਾਜਨੀਤਿਕ ਪਾਰਟੀਆ ਵਲੋਂ ਕਰਵਾਏ ਜਾਂਦੇ ਵੱਡੇ ਵੱਡੇ ਸਮਾਗਮ ਸਿਰਫ ਖਾਨਾਪੂਰਤੀ ਹੀ ਲੱਗਦੇ ਹਨ। ਪਿਛਲੇ ਸਮੇਂ ਦੋਰਾਨ ਵਾਪਰੀਆਂ ਅਣਸੁਖਾਵੀਂ ਘਟਨਾਵਾਂ ਨੇ ਸਾਬਤ ਕਰ ਦਿਤਾ ਹੈ ਕਿ ਸਰਕਾਰਾਂ ਮਜਦੂਰਾਂ ਦੀ ਸੁਰਖਿਆ ਲਈ ਕਿੰਨੀ ਕੁ ਗੰਭੀਰ ਹਨ। ਗੈਰ ਸੰਗਠਿਤ ਖੇਤਰ ਵਿੱਚ ਕੰਮ ਕਰਦੇ ਲੱਖਾਂ ਮਜਦੂਰਾਂ ਨੂੰ ਅਜੇ ਤੱਕ 01 ਮਈ ਦੇ ਦਿਹਾੜ੍ਹੇ ਬਾਰੇ ਵੀ ਪੂਰੀ ਜਾਣਕਾਰੀ ਨਹੀਂ ਹੈ ਅਤੇ ਨਾਂ ਹੀ ਕਿਸੇ ਸਰਕਾਰੀ ਅਧਿਕਾਰੀ ਨੇ ਇਹਨਾਂ ਵੱਲ ਦੇਖਿਆ ਹੈ। ਇਨ੍ਹਾਂ ਮਜਦੂਰਾਂ ਲਈ 01 ਮਈ ਮਜਦੂਰ ਦਿਵਸ ਦਾ ਕਦੋਂ ਮਹੱਤਵ ਹੋਉਗਾ ਇਹ ਅਜੇ ਤੱਕ ਵੀ ਇੱਕ ਵੱਡੀ ਬੁਝਾਰਤ ਹੀ ਹੈ। ਜੇਕਰ ਅਸੀਂ ਸੱਚਮੁਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ ਤਾਂ ਸਾਨੂੰ ਸਭਨੂੰ ਮਿਲਕੇ ਮਜ਼ਦੂਰਾਂ ਦੀ ਵਿਗੜਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। 01 ਮਈ ਦਾ ਦਿਹਾੜਾ ਮਨਾਉਣ ਦਾ ਅਸਲੀ ਮਕਸਦ ਉਦੋਂ ਹੀ ਪੂਰਾ ਹੋਵੇਗਾ ਜਦੋਂ ਮਜਦੂਰਾਂ ਦੇ ਹੱਕ ਪੂਰੀ ਤਰਾਂ ਸੁਰਖਿਅਤ ਹੋਣਗੇ, ਉਨ੍ਹਾਂ ਦੀ ਹੋ ਰਹੀ ਲੁੱਟ ਖਸੁਟ ਬੰਦ ਹੋਵੇਗੀ। 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054 5mail: kuldipnangal0gmail.com