tumblr tracker

 

 

 

 

 

 

 

 

 

 

 

ਡਾਕਟਰ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀ ਚੇਤਨਾ ਕਰਕੇ

 ਦੇਸ਼ ਵਿਚ ਸੰਘਰਸ਼ ਉੱਠ ਰਹੇ ਹਨ-ਐਡਵੋਕੇਟ ਵਿਰਦੀ

ਖੋਥੜਾਂ (ਸ਼ਹੀਦ ਭਗਤ ਸਿੰਘ ਨਗਰ) ਅੱਜ ਇੱਥੇ ਡਾਕਟਰ ਅੰਡੇਬਕਰ ਜੀ ਦਾ ਜਨਮ ਉਤਸਵ ਗ੍ਰਾਮ ਪੰਚਾਇਤ ਅਤੇ ਡਾ. ਭੀਮ ਰਾਓ ਅੰਡੇਬਕਰ ਵੈਲਫ਼ੇਅਰ ਸੁਸਾਇਟੀ ਅਤੇ ਸਮੂਹ ਇਲਾਕਾ ਨਿਵਾਸੀਆ ਵਲ੍ਹੋਂ ਸ਼ਰਧਾ-ਪੂਰਵਕ ਮਨਾਇਆ ਗਿਆ। ਇਸ ਮੌਕੇ ਉਘੇ ਲੇਖਕ ਤੇ ਚਿੰਤਕ ਡਾ. ਐਸ ਐਲ ਵਿਰਦੀ ਐਡਵੋਕੇਟ ਨੇ ਆਪਣੀ ਇਕ ਘੰਟਾ ਤਕਰੀਰ 'ਚ ਕਿਹਾ ਕਿ ਡਾ. ਅੰਬੇਡਕਰ ਕਹਿੰਦੇ, ''ਤੁਸੀ ਸਾਡੇ ਮਾਲਕ ਬਣੇ ਰਹੋ, ਇਸ 'ਚ ਤੁਹਾਡਾ ਤਾਂ ਹਿਤ ਹੋ ਸਕਦਾ ਹੈ, ਪਰ ਅਸੀਂ ਤੁਹਾਡੇ ਗ਼ੁਲਾਮ ਬਣੇ ਰਹੀਏ, ਇਸ ਵਿਚ ਸਾਨੂੰ ਕੀ ਲਾਭ?'' ਸ਼ਹੀਦ ਭਗਤ ਸਿੰਘ ਕਿਹਾ, ''ਦਲਿਤੋ ਉੱਠੋ! ਆਪਣੀ ਤਾਕਤ ਪਛਾਣੋ। ਸੰਗਠਤ ਹੋ ਜਾਓ। ਅਸਲ ਵਿਚ ਤੁਹਾਡੇ ਆਪਣੇ ਯਤਨਾਂ ਬਿਨਾਂ ਤੁਹਾਨੂੰ ਕੁਝ ਵੀ ਨਹੀਂ ਮਿਲਣਾ। ਅਜ਼ਾਦੀ ਦੀ ਖਾਤਰ, ਅਜ਼ਾਦੀ ਚਾਹੁਣ ਵਾਲਿਆਂ ਨੂੰ ਯਤਨ ਕਰਨਾ ਚਾਹੀਦਾ ਹੈ। ਮਨੁੱਖ ਦਾ ਇਹ ਸੁਭਾਅ ਬਣ ਗਿਆ ਹੈ ਕਿ ਉਹ ਆਪਣੇ ਲਈ ਤਾਂ ਹੱਕ ਮੰਗਣਾ ਚਾਹੁੰਦਾ ਹੈ, ਪਰ ਜਿਨ੍ਹਾਂ ਉੱਤੇ ਉਹਦਾ ਆਪਣਾ ਦਬਦਬਾ ਹੋਵੇ, ਉਨ੍ਹਾਂ ਨੂੰ ਪੈਰਾਂ ਹੇਠਾਂ ਹੀ ਰੱਖਣਾ ਚਾਹੁੰਦਾ ਹੈ। ਭਰਾਵੋ! ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਸੰਗਠਤ ਹੋ ਕੇ ਆਪਣੇ ਪੈਰਾਂ 'ਤੇ ਖੜੇ ਹੋ ਕੇ ਸਾਰੇ ਸਮਾਜ ਨੂੰ ਲਲਕਾਰੋ। ਦੇਖੋ, ਫਿਰ ਕੌਣ ਤੁਹਾਡੇ ਹੱਕ ਨਾ ਦੇਣ ਦੀ ਜੁਅਰਤ ਕਰਦਾ ਹੈ। ਤੁਸੀਂ ਦੂਜੇ ਲੋਕਾਂ ਦੀ ਖੁਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਤੱਕਦੇ ਰਹੋ। ਭਰਾਵੋ! ਤੁਸੀਂ ਹੀ ਅਸਲੀ ਮਜ਼ਦੂਰ ਹੋ। ਮਜ਼ਦੂਰੋ ਸੰਗਠਿਤ ਹੋ ਜਾਓ। ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ, ਸਿਰਫ ਤੁਹਾਡੀਆ ਗੁਲਾਮੀ ਦੀਆਂ ਜ਼ੰਜੀਰਾਂ ਹੀ ਟੁੱਟਣਗੀਆਂ। ਉਠੋ ਅਤੇ ਮੌਜ਼ੂਦਾ ਨਿਜ਼ਾਮ ਦੇ ਵਿਰੁੱਧ ਬਗਾਵਤ ਖੜੀ ਕਰ ਦਿਓ। ਇੱਕਾ-ਦੁੱਕਾ ਸੁਧਾਰਾਂ ਨਾਲ ਕੁਝ ਨਹੀਂ ਬਣਨਾ। ਸਮਾਜਕ ਇਨਕਲਾਬ ਪੈਦਾ ਕਰ ਦਿਓ ਅਤੇ ਰਾਜਨੀਤਿਕ ਤੇ ਆਰਥਿਕ ਇਨਕਲਾਬ ਲਈ ਕਮਰਕੱਸੇ ਕਰੋ। ਤੁਸੀਂ ਹੀ ਤਾਂ ਦੇਸ਼ ਦਾ ਆਧਾਰ ਹੋ, ਅਸਲੀ ਤਾਕਤ ਹੋ। ਉੱਠੋ! ਸੁੱਤੇ ਹੋਏ ਸ਼ੇਰੋ, ਉਠੋ! ਵਿਦਰੋਹੀਓ, ਵਿਦਰੋਹ ਕਰ ਦਿਓ!'' ਬੱਸ! ਇਹੋ ਗੱਲ ਡਾਕਟਰ ਅੰਬੇਡਕਰ ਕਹਿੰਦੇ ਹਨ। ਡਾਕਟਰ ਅੰਬੇਡਕਰ ਤੇ  ਸ਼ਹੀਦ ਭਗਤ ਸਿੰਘ ਦੀ ਇਸੇ ਚੇਤਨਾ ਤਹਿਤ ਦਲਿਤਾਂ ਵਿੱਚ ਸਿਰ ਉੱਚਾ ਕਰਕੇ ਜੀਉਣ ਦੀ ਤਾਂਘ ਪੈਦਾ ਹੋ ਰਹੀ ਹੈ। ਜਿਉਂ ਜਿਉਂ ਜਾਤ ਪਾਤ ਤੇ ਸ਼ੋਸ਼ਣ ਤੋਂ ਪੀੜਤ ਲੋਕ ਆਪਣੇ ਅਧਿਕਾਰਾਂ ਪ੍ਰਤੀ ਅੱਗੇ ਵੱਧਦੇ ਹਨ, ਤਿਉਂ ਤਿਉਂ ਇਹ ਜੰਗ ਤੇਜ ਹੋ ਰਹੀ। ਮਰਾਠਵਾੜਾ, ਮੰਡਲ, ਤੱਲ੍ਹਣ, ਮਿਰਚਪੁਰ ਅਤੇ ਵਿਆਨਾ, ਦਾਂਤੇਵਾਲਾ ਵਰਗੇ ਕਾਂਡ ਸਾਹਮਣੇ ਪ੍ਰਤੱਖ ਪ੍ਰਮਾਣ ਹਨ। ਹੁਣ ਹਕੀਕੀ ਇਨਕਲਾਬੀਆਂ ਦੀ ਜੁੱਮੇਵਾਰੀ ਬਣਦੀ ਹੈ ਕਿ ਉਹ ਜਾਤੀ ਯੁੱਧ ਨੂੰ ਜਮਾਤੀ ਯੁੱਧ ਵੱਲ੍ਹ ਸੇਧਤ ਕਰਨ ਤਾਂ ਜੋ ਕਿ ਗੁਰੂ ਰਵਿਦਾਸ ਜੀ ਦਾ ਬੇਗ਼ਮਪੁਰਾ, ਬਾਬਾ ਸਾਹਿਬ ਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਸਮਾਨਤਾ ਵਾਲਾ ਰਾਜ ਤੇ ਸਮਾਜ ਸਿਰਜਿਆ ਜਾ ਸਕੇ। ਇਹ ਵਿਚਾਰ ਅੱਜ ਇੱਥੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਐਡਵੋਕੇਟ ਵਿਰਦੀ ਨੇ ਕਹੇ।
ਇਸ ਮੌਕੇ ਐਡਵੋਕੇਟ ਵਿਰਦੀ ਨੇ ਵੱਖ ਵੱਖ ਸਕੂਲਾਂ ਦੇ ਟੌਪ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ, ਕਿਤਾਬਾਂ-ਕਾਪੀਆਂ ਤੇ ਸਰਟੀਫਾਕੇਟ ਦੇ ਕੇ ਸਨਮਾਨਤ ਕੀਤਾ। ਮਾਸਟਰ ਗਿਆਨ ਚੰਦ, ਮਾ. ਸਾਧੂ ਰਾਮ, ਅਵਤਾਰ ਚੰਦ ਖੋਥੜਾਂ, ਮ. ਸੁਰਿੰਦਰ ਸਿਘ, ਸੋਹਨ ਸਹਿਜਲ, ਸੰਤ ਆਤਮਾ ਰਾਮ ਅੱਪਰਾ, ਉੱਘੇ ਸਮਾਜ ਸੇਵਕ ਆਰ ਐਲ ਜੱਸੀ, ਅਸ਼ੋਕ ਭਾਟੀਆ ਆਦਿ  ਨੇ ਵੀ ਵਿਚਾਰ ਪੇਸ਼ ਕੀਤੇ। ਮਾਸਟਰ ਲਸ਼ਕਰ ਸਿੰਘ ਨੇ ਸਟੇਜ ਸਕੱਤਰ ਦੀ ਜੁਮੇਵਾਰੀ ਬਾ-ਖੂਬੀ ਨਿਭਾਈ। ਸਰਪੰਚ ਗ੍ਰਾਮ ਪੰਚਾਇਤ ਅਤੇ ਡਾ. ਭੀਮ ਰਾਓ ਅੰਡੇਬਕਰ ਵੈਲਫ਼ੇਅਰ ਸੁਸਾਇਟੀ ਦੇ ਆਗੂਆਂ ਨੇ ਸਭ ਦਾ ਧੰਨਵਾਦ ਕੀਤਾ।