ਸਮੂਹ ਦੇਸ਼ ਵਾਸੀਆਂ ਨੂੰ ਇੱਕ ਸੂਤਰ ਵਿੱਚ ਪਰੋਣ ਦੀ ਕੋਸ਼ਿਸ਼

 ਕਰ ਰਹੀ ਹੈ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ ਐਸ ਐਸ।


ਘਟ ਗਿਣਤੀਆਂ ਅਤੇ ਹਿੰਦੂ ਧਰਮ ਵਿੱਚ ਫੈਲੀਆਂ ਕੁਰੀਤੀਆਂ ਤੋਂ ਦੁਖੀ ਹੋਕੇ ਹਿੰਦੂ ਧਰਮ ਛੱਡ ਚੁੱਕੇ ਕਰੋੜਾਂ ਲੋਕਾਂ ਵਿਸ਼ੇਸ਼ ਤੋਰ ਤੇ ਦਲਿਤਾਂ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ ਇਨ੍ਹਾਂ ਆਗੂਆਂ ਦੀ ਬਿਆਨਵਾਜ਼ੀ।

ਭਾਰਤ ਦੇਸ਼ ਜੋਕਿ ਇੱਕ ਵਿਸ਼ਾਲ ਧਰਮ ਨਿਰਪੱਖ ਦੇਸ਼ ਹੈ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਇਸ ਦੇਸ਼ ਵਿੱਚ ਮੁੱਖ ਤੌਰ ਤੇ ਹਿੰਦੂ, ਸਿੱਖ, ਮੁਸਲਮਾਨ, ਇਸਾਈ, ਬੋਧੀ, ਜੈਨੀ ਆਦਿ ਧਰਮਾਂ ਨਾਲ ਸਬੰਧਿਤ ਲੋਕ ਵਸਦੇ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਭਤੋਂ ਵੱਧ ਜਨਸੰਖਿਆ ਲੱਗਭੱਗ 80.5 ਫਿਸਦੀ  ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਹੈ, ਇਸਤੋਂ ਬਾਦ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਲੱਗਭੱਗ 13.4 ਫਿਸਦੀ ਹੈ, ਇਸਾਈ ਧਰਮ ਨਾਲ ਸਬੰਧਿਤ ਲੋਕਾਂ ਦੀ ਜਨਸੰਖਿਆ ਲੱਗਭੱਗ 2.3 ਫਿਸਦੀ ਹੈ, ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਲੱਗਭੱਗ 1.9 ਫਿਸਦੀ ਹੈ, ਬੋਧੀਆਂ ਦੀ ਗਿਣਤੀ 0.8 ਫਿਸਦੀ ਹੈ, ਜੈਨ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਲੱਗਭੱਗ 0.4 ਫਿਸਦੀ ਹੈ। ਇਸਤੋਂ ਇਲਾਵਾ ਕੁੱਝ ਲੋਕ ਕਿਸੇ ਵੀ ਵਿਸ਼ੇਸ ਧਰਮ ਨੂੰ ਨਹੀਂ ਮੰਨਦੇ ਹਨ ਜਾਂ ਫਿਰ ਅਪਣੀ ਮਰਜ਼ੀ ਨਾਲ ਹੋਰ ਧਰਮਾਂ ਨੂੰ ਮੰਨਦੇ ਹਨ। ਇਸ ਦੇਸ਼ ਵਿੱਚ ਰਹਿਣ ਵਾਲੇ ਵੱਖ ਵੱਖ ਧਰਮਾਂ ਦੇ ਲੋਕ ਅਪਣੇ ਅਪਣੇ ਰੀਤੀ ਰਿਵਾਜਾਂ ਅਤੇ ਧਾਰਮਿਕ ਪ੍ਰੰਪਰਾਵਾਂ ਨੂੰ ਮੰਨਦੇ ਹਨ। ਕਦੇ ਕਦੇ ਵਾਪਰਨ ਵਾਲੀਆਂ ਇੱਕਾ ਦੁੱਕਾ ਘਟਨਾਵਾਂ ਤੋਂ ਛੁੱਟ ਸਭ ਧਰਮਾਂ ਦੇ ਲੋਕ ਅਕਸਰ ਹੀ ਮਿਲਜੁਲਕੇ ਰਹਿੰਦੇ ਹਨ। ਸਮੇਂ ਸਮੇਂ ਤੇ ਵਾਪਰਨ ਵਾਲੀਆਂ ਘਟਨਾਵਾਂ ਵਿੱਚ ਘੱਟ ਗਿਣਤੀਆ ਤੇ ਹੋਣ ਵਾਲੇ ਅਤਿੱਆਚਾਰ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ ਅਤੇ ਇਸ ਲਈ ਸਰਕਾਰ ਵਲੋਂ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਸਹੂਲਤਾਂ ਲਈ ਵਿਸ਼ੇਸ਼ ਤੌਰ ਤੇ ਘੱਟ ਗਿਣਤੀ ਆਯੋਗ ਬਣਾਇਆ ਗਿਆ ਹੈ। ਇਸੇ ਤਰਾਂ ਅਨੁਸੂਚਿਤ ਜਾਤਾਂ ਲਈ ਅਨੁਸੂਚਿਤ ਜਾਤਿ ਆਯੋਗ, ਜਨਜਾਤੀਆਂ ਲਈ ਅਨੁਸੂਚਿਤ ਜਨਜਾਤਿ ਆਯੋਗ ਆਦਿ ਸਥਾਪਿਤ ਕੀਤੇ ਗਏ ਹਨ। ਪਿਛਲੇ ਦਿਨੀਂ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਇੱਕ ਬਿਆਨ ਜਾਰੀ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਇਸ ਦੇਸ਼ ਵਿੱਚ ਰਹਿਣ ਵਾਲੇ ਸਿੱਖ, ਬੋਧੀ, ਜੈਨੀ ਆਦਿ ਹਿੰਦੂ ਹੀ ਹਨ। ਇਸੇ ਤਰਾਂ ਦਿੱਲੀ ਵਿੱਚ ਹੋਏ ਪਹਿਲੇ ਵਿਸ਼ਵ ਹਿੰਦੂ ਸੰਮੇਲਨ ਵਿੱਚ ਸੰਬੋਧਨ ਕਰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਅਸ਼ੋਕ ਸਿੰਘਲ ਨੇ ਸਪੱਸ਼ਟ ਕਿਹਾ ਹੈ ਕਿ 800 ਸਾਲ ਬਾਦ ਦਿੱਲੀ ਦੀ ਸੱਤਾ ਹਿੰਦੁਆਂ ਦੇ ਹੱਥ ਆਈ ਹੈ ਭਾਵ ਦੇਸ਼ ਦੀ ਕਮਾਂਡ ਗੋਰਵਮਈ ਹਿੰਦੂਆਂ ਦੇ ਹੱਥ ਆਈ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ ਐਸ ਐਸ ਨੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਨ੍ਹਾਂ ਆਗੂਆਂ ਦੇ ਅਜਿਹੇ ਬਿਆਨਾਂ ਕਾਰਨ ਦੇਸ਼ ਅੰਦਰ ਰਹਿ ਰਹੀਆਂ ਧਾਰਮਿਕ ਘਟ ਗਿਣਤੀਆਂ ਅਪਣੇ ਆਪ ਨੂੰ ਅਸੁਰਖਿੱਅਤ ਮਹਿਸੂਸ ਕਰਨ ਲੱਗ ਪਈਆਂ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਦ ਘੱਟ ਗਿਣਤੀਆਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਆਰ ਐਸ ਐਸ ਮੁਖੀ ਦੇ ਇਸ ਬਿਆਨ ਦਾ ਕੁੱਝ ਸਿੱਖ ਸੰਗਠਨਾਂ ਨੇ ਤਾਂ ਖੁੱਲਕੇ ਵਿਰੋਧ ਵੀ ਕੀਤਾ ਹੈ ਅਤੇ ਬਿਆਨ ਦੀ ਨਿੰਦਾ ਕੀਤੀ ਹੈ। ਸਿੱਖ ਧਰਮ ਦੇ ਕਈ ਆਗੂਆਂ ਨੇ ਸਰਕਾਰ ਨੂੰ ਅਜਿਹੀ ਬਿਆਨ ਵਾਜੀ ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਹੈ। ਆਰ ਐਸ ਐਸ ਮੁਖੀ ਦੀ ਇਸ ਬਿਆਨਵਾਜੀ ਸਬੰਧੀ ਬੁੱਧ ਧਰਮ ਦੇ ਆਗੂਆਂ ਦੀ ਚੁੱਪੀ ਕਾਰਨ ਇਸ ਦੇਸ਼ ਵਿੱਚ ਹਿੰਦੂ ਧਰਮ ਛੱਡਕੇ ਬੁੱਧ ਧਰਮ ਅਪਣਾ ਚੁੱਕੇ ਲੱਖਾਂ ਦਲਿਤ ਅਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਹੇ ਹਨ। ਇੱਥੇ ਵਰਨਣਯੋਗ ਹੈ ਕਿ ਬੋਧ ਗੁਰੂ ਦਲਾਈ ਲਾਮਾ ਅਤੇ ਹੋਰ ਆਗੂਆਂ ਨੇ ਆਰ ਐਸ ਐਸ ਮੁਖੀ ਦੇ ਇਸ ਬਿਆਨ ਸਬੰਧੀ ਅਜੇ ਤੱਕ ਚੁੱਪੀ ਵੱਟੀ ਹੋਈ ਹੈ ਅਤੇ ਕਿਸੇ ਤਰਾਂ ਦਾ ਵਿਰੋਧ ਨਹੀਂ ਕੀਤਾ ਹੈ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਸਿੱਖ ਧਰਮ ਦੇ ਇੱਕ ਆਗੂ ਦੇ ਆਰ ਐਸ ਐਸ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਬਾਦ ਕਈ ਸਿੱਖ ਸੰਗਠਨਾਂ ਨੇ ਉਸ ਆਗੂ ਦਾ ਵਿਰੋਧ ਕੀਤਾ ਹੈ। ਸਿੱਖ ਸੰਗਠਨਾ ਵਲੋਂ ਵਿਰੋਧ ਕਰਨ ਤੋਂ ਬਾਦ ਆਰ ਐਸ ਐਸ ਨੇ ਮੁਖੀ ਨੇ ਅਪਣੇ ਇਸ ਬਿਆਨ ਪ੍ਰਤੀ ਚੁੱਪੀ ਧਾਰੀ ਹੋਈ ਹੈ। ਬੋਧ ਗੁਰੂ ਦਲਾਈ ਲਾਮਾ ਜੋਕਿ ਅਕਸਰ ਦਲਿਤਾਂ ਨਾਲ ਹੁੰਦੀਆਂ ਵਧੀਕੀਆਂ ਪ੍ਰਤੀ ਚੁੱਪ ਧਾਰਕੇ ਰੱਖਦੇ ਹਨ ਇਸ ਬਿਆਨ ਪ੍ਰਤੀ ਵੀ ਚੁੱਪ ਹਨ ਅਤੇ ਕਿਸੇ ਤਰਾਂ ਦਾ ਵਿਰੋਧ ਨਹੀਂ ਹੋਇਆ ਹੈ। ਵਰਣਨਯੋਗ ਹੈ ਕਿ ਬੋਧ ਗੁਰੂ ਦਲਾਈ ਲਾਮਾ ਕਈ ਵਾਰ ਆਰ ਐਸ ਐਸ ਦੇ ਸਮਾਗਮਾਂ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਇਨ੍ਹਾਂ ਸਮਾਗਮਾਂ ਵਿੱਚ ਉਨ੍ਹਾਂ ਨੇ ਹਿੰਦੂ ਧਰਮ ਅਤੇ ਆਰ ਐਸ ਐਸ ਦੀ ਖੁੱਲਕੇ ਪ੍ਰਸੰਸਾ ਕੀਤੀ ਹੈ। ਪਿਛਲੇ ਦਿਨੀਂ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਕਰਵਾਏ ਗਏ ਵਿਸ਼ਵ ਹਿੰਦੂ ਸੰਮੇਲਨ ਵਿੱਚ ਵੀ ਬੋਧ ਗੁਰੂ ਦਲਾਈਲਾਮਾ ਹਾਜਰ ਸਨ ਅਤੇ ਸ਼ੋਸ਼ਲ ਮੀਡੀਆ ਤੇ ਆਈਆਂ ਖਬਰਾਂ ਅਤੇ ਫੋਟੋਆਂ ਅਨੁਸਾਰ ਉਨ੍ਹਾਂ ਨੇ ਹਿੰਦੂ ਧਰਮ , ਆਰ ਐਸ ਐਸ ਦੀ ਖੁੱਲਕੇ ਪ੍ਰਸੰਸਾ ਕੀਤੀ ਹੈ। ਲਗਭੱਗ 2500 ਸਾਲ ਪਹਿਲਾਂ ਹੋਂਦ ਵਿੱਚ ਆਏ ਬੁੱਧ ਧਰਮ ਵਿੱਚ ਹਿੰਦੂ ਧਰਮ ਨਾਲ ਜੁੜ੍ਹੀਆਂ ਕਈ ਬੁਰਾਈਆਂ ਦਾ ਵਿਰੋਧ ਕੀਤਾ ਗਿਆ ਹੈ। ਦਲਿਤ ਨੇਤਾ ਅਤੇ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਨੇ ਵੀ ਸਮੇਂ-ਸਮੇਂ ਤੇ ਹਿੰਦੂ ਧਰਮ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਇਸ ਗੱਲ ਦਾ ਦ੍ਰਿੜ ਨਿਸ਼ਚਾ ਕੀਤਾ ਸੀ ਕਿ ਉਹ ਹਿੰਦੂ ਧਰਮ ਵਿੱਚ ਪੈਦਾ ਹੋਏ ਹਨ ਪਰ ਹਿੰਦੂ ਧਰਮ ਵਿੱਚ ਮਰਨਗੇ ਨਹੀਂ। ਉਸਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਸਿੱਖ ਧਰਮ ਅਪਣਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸਿੱਖ ਧਰਮ ਦੇ ਕੁਝ ਆਗੂਆਂ ਦੇ ਨਕਾਰਾਤਮਕ ਰਵੱਈਏ ਕਾਰਨ ਉਨ੍ਹਾਂ ਨੇ ਸਿੱਖ ਧਰਮ ਨਾ ਅਪਣਾਇਆ। ਆਖਿਰ ਡਾਕਟਰ ਅੰਬੇਡਕਰ ਨੇ 13 ਅਕਤੂਬਰ 1956 ਨੂੰ ਨਾਗਪੁਰ ਵਿੱਚ ਲੱਗਭੱਗ 6 ਲੱਖ ਸਾਥੀਆਂ ਨਾਲ ਬੁੱਧ ਧਰਮ ਅਪਣਾ ਲਿਆ ਸੀ ਜੋਕਿ ਹੁਣ ਤੱਕ ਕਿਸੇ ਵੀ ਧਰਮ ਨੂੰ ਅਪਣਾਉਣ ਵਾਲਿਆਂ ਦੀ ਗਿਣਤੀ ਵਿੱਚ ਇੱਕ ਰਿਕਾਰਡ ਹੈ। ਉਸਤੋਂ ਬਾਦ ਵੀ ਸਮੇਂ ਸਮੇਂ ਤੇ ਦਲਿਤਾਂ ਨੇ ਵੱਡੀ ਗਿਣਤੀ ਵਿੱਚ ਬੁੱਧ ਧਰਮ ਅਪਣਾਇਆ ਹੈ। ਇਸਤੋਂ ਇਲਾਵਾ ਪੰਜਾਬ ਦੇ ਦੋਆਬਾ ਖੇਤਰ ਦੇ ਦਲਿਤ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਕੋਸ਼ਿਸ਼ ਸਦਕਾ 11-12 ਜੂਨ 1926 ਨੂੰ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਦਲਿਤ ਵਰਗ ਦੀਆਂ ਲੱਗਭੱਗ 36 ਜਾਤਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ ਅਤੇ ਇਸ ਲਹਿਰ ਦਾ ਪਹਿਲਾ ਪ੍ਰਧਾਨ ਸਰਬ ਸੰਮਤੀ ਨਾਲ ਬਾਬੂ ਮੰਗੂ  ਜੀ ਨੂੰ ਬਣਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਹਜ਼ਾਰਾ ਰਾਮ ਪਿਪਲਾਂਵਾਲਾ, ਪੰਡਤ ਹਰੀਰਾਮ, ਸੰਤ ਰਾਮ, ਰਾਮ ਚੰਦ, ਹਰਦਿੱਤ ਮੱਲ, ਰੇਸ਼ਮ ਲਾਲ ਬਾਲਮੀਕਿ, ਬਿਹਾਰੀ ਲਾਲ, ਰਾਮ ਸਿੰਘ, ਚਮਨ ਰਾਮ ਆਦਿ ਦੀ ਚੋਣ ਕੀਤੀ ਗਈ। ਆਦਿ ਧਰਮ ਮੰਡਲ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਦਿ ਡੰਕਾ ਅਖਬਾਰ ਸ਼ੁਰੂ ਕੀਤਾ ਗਿਆ। ਨਵੰਬਰ, 1926 ਵਿੱਚ ਜਲੰਧਰ ਵਿੱਚ ਆਦਿ ਧਰਮ ਸੰਗਠਨ ਦਾ ਪਹਿਲਾ ਦਫਤਰ ਖੋਲਿਆ ਗਿਆ ਅਤੇ ਪ੍ਰਧਾਨ ਬਾਬੂ ਮੰਗੂ ਰਾਮ ਮੂਗੋਵਾਲੀਆ ਜਲੰਧਰ ਰਹਿਣ ਲੱਗ ਪਏ ਜਿੱਥੇ ਉਹ 1940 ਤੱਕ ਰਹੇ ਅਤੇ ਆਦਿ ਧਰਮ ਮਿਸ਼ਨ ਅਤੇ ਸਦੀਆਂ ਤੋਂ ਲਿਤਾੜੇ ਅਛੂਤਾਂ ਦੀ ਭਲਾਈ ਲਈ ਕੰਮ ਕੀਤਾ। ਭਾਰਤ ਵਿੱਚ ਲੋਕਾਂ ਦੀ ਸਮਾਜਿਕ ਸਥਿਤੀ ਦਾ ਜਾਇਜ਼ਾ ਲੈਣ ਲਈ ਆਏ ਸਾਇਮਨ ਕਮਿਸ਼ਨ ਅੱਗੇ ਆਦਿ ਧਰਮ ਮੰਡਲ ਦੇ ਆਗੂਆ ਨੇ ਅਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਦਲਿਤ ਨਾਂ ਹੀ ਹਿੰਦੂ ਹਨ, ਨਾ ਮੁਸਲਿਮ, ਨਾਂ ਸਿੱਖ ਅਤੇ ਨਾ ਹੀ ਇਸਾਈ ਹਨ। ਉਨ੍ਹਾਂ ਸਬੂਤਾ ਸਮੇਤ ਦੱਸਿਆ ਕਿ ਉਹ ਆਦਿ ਧਰਮੀ ਹਨ ਜੋਕਿ ਕਿਸੇ ਵੇਲੇ ਇਸ ਦੇਸ਼ ਦੇ ਸ਼ਾਸ਼ਕ ਰਹੇ ਹਨ। ਲੰਬੇ ਸੰਘਰਸ਼ ਅਤੇ ਬਹਿਸ ਤੋਂ ਬਾਦ ਦਲਿਤਾਂ ਨੂੰ ਆਦਿ ਧਰਮ ਦਾ ਨਾਮ ਮਿਲਿਆ। ਇਸ ਦੌਰਾਨ ਹੀ ਦਲਿਤਾਂ ਨੂੰ ਪੜ੍ਹਣ, ਜਾਇਦਾਦ ਖਰੀਦਣ ਅਤੇ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ। ਬਾਬੂ ਮੰਗੂ ਰਾਮ ਦੇ ਸੰਘਰਸ਼ ਤੋਂ ਬਾਦ 1931 ਵਿੱਚ ਹੋਈ ਭਾਰਤ ਵਿੱਚ ਜਨਗਣਨਾ ਵਿੱਚ ਪਹਿਲੀ ਵਾਰ ਆਦਿ ਧਰਮ ਨੂੰ ਜੋੜ੍ਹਿਆ ਗਿਆ ਅਤੇ ਉਸ ਵੇਲੇ ਪੰਜਾਬ ਵਿੱਚ  ਲੱਗਭੱਗ 418789 ਲੋਕਾਂ ਨੇ ਜੋਕਿ ਕੁੱਲ ਅਬਾਦੀ ਦਾ ਲੱਗਭੱਗ 1.5 ਫਿਸਦੀ ਸੀ ਨੇ ਅਪਣਾ ਧਰਮ ਆਦਿ ਧਰਮ ਲਿਖਾਇਆ ਸੀ। ਉਸ ਵੇਲੇ ਪੰਜਾਬ ਦੀ ਕੁੱਲ ਅਬਾਦੀ ਲੱਗਭੱਗ 28491000 ਸੀ। ਵਰਨਣਯੋਗ ਹੈ ਕਿ ਇਸ ਵਿੱਚੋਂ 80 ਫਿਸਦੀ ਤੋਂ ਵੱਧ ਲੋਕ ਪੰਜਾਬ ਦੇ ਜਲੰਧਰ ਅਤੇ ਹੁਸ਼ਿਆਰਪੁਰ ਨਾਲ ਹੀ ਸਬੰਧਿਤ ਸਨ। 1937 ਵਿੱਚ ਪੰਜਾਬ ਵਿੱਚ ਹੋਈਆ ਚੋਣਾਂ ਵਿੱਚ ਆਦਿ ਧਰਮ ਮੰਡਲ ਨੇ ਰਾਖਵੀਆਂ 8 ਸੀਟਾਂ ਵਿਚੋਂ 7 ਤੇ ਜਿੱਤ ਹਾਸਲ ਕੀਤੀ। 1946 ਵਿੱਚ ਬਾਬੂ ਮੰਗੂ ਰਾਮ ਆਪ ਵਿਧਾਇਕ ਬਣੇ ਅਤੇ 1952 ਤੱਕ ਵਿਧਾਇਕ ਰਹੇ। ਪਿਛਲੇ ਲੰਬੇ ਸਮੇਂ ਤੋਂ ਆਦਿ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਬੇਸ਼ੱਕ ਕਾਫੀ ਘੱਟ ਚੁੱਕੀ ਹੈ ਪ੍ਰੰਤੂ ਵੱਖ-ਵੱਖ ਆਦਿ ਧਰਮ ਸੰਗਠਨਾ ਅਤੇ ਆਗੂਆਂ ਵਲੋਂ ਚਲਾਈ ਜਾ ਰਹੀ ਜਾਗਰੂਕਤਾ ਲਹਿਰ ਕਾਰਨ ਆਦਿ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ ਐਸ ਐਸ ਦੇ ਆਗੂਆਂ ਵਲੋਂ ਦਿਤੇ ਗਏ ਬਿਆਨਾਂ ਅਤੇ ਬੋਧ ਗੁਰੂ ਦਲਾਈ ਲਾਮਾ ਦੀ ਇਸ ਬਿਆਨ ਪ੍ਰਤੀ ਚੁੱਪੀ ਕਾਰਨ ਹਿੰਦੂ ਧਰਮ ਨੂੰ ਛੱਡਕੇ ਬੁੱਧ ਧਰਮ ਅਪਣਾ ਚੁੱਕੇ ਲੱਖਾਂ ਦਲਿਤਾਂ ਦੇ ਮਨ ਵਿੱਚ ਇੱਕ ਪ੍ਰਸ਼ਨ ਅਤੇ ਡਰ ਪੈਦਾ ਹੋ ਗਿਆ ਹੈ ਕਿ ਜੇਕਰ ਬੁੱਧ ਧਰਮ ਹਿੰਦੂ ਧਰਮ ਦਾ ਹੀ ਹਿੱਸਾ ਹੈ ਤਾਂ ਫਿਰ ਉਹ ਕਿਸ ਧਰਮ ਨੂੰ ਛੱਡਕੇ ਕਿਸ ਧਰਮ ਵਿੱਚ ਗਏ ਹਨ। ਬੋਧ ਗੁਰੂ ਦਲਾਈ ਲਾਮਾ ਦੇ ਆਰ ਐਸ ਐਸ ਅਤੇ ਵਿਸਵ ਹਿੰਦੂ ਪ੍ਰੀਸ਼ਦ ਦੇ ਸਮਾਗਮਾਂ ਵਿੱਚ ਜਾਣ ਅਤੇ ਬੋਧ ਗੁਰੂ ਵਲੋਂ ਹਿੰਦੂ ਧਰਮ ਦੀ ਪ੍ਰਸ਼ੰਸ਼ਾ ਕਰਨ ਕਾਰਨ ਹਿੰਦੂ ਧਰਮ ਨੂੰ ਛੱਡਕੇ ਬੁੱਧ ਧਰਮ ਅਪਣਾਉਣ ਦਾ ਮੱਨ ਬਣਾਈ ਬੈਠੇ ਲੱਖਾਂ ਦਲਿਤ ਇਸ ਘੁੰਮਣਘੇਰੀ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖਿਰ ਉਹ ਕਿਸ ਪਾਸੇ ਜਾਣ। ਜੇਕਰ ਬੁੱਧ ਧਰਮ ਦੇ ਆਗੂਆਂ ਨੇ ਅਜਿਹੇ ਮਾਮਲਿਆਂ ਅਤੇ ਬਿਆਨਾ ਪ੍ਰਤੀ ਚੁੱਪੀ ਨਾਂ ਤੋੜੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਿੰਦੂ ਧਰਮ ਛੱਡਕੇ ਬੁੱਧ ਧਰਮ ਅਪਣਾ ਚੁੱਕੇ ਦਲਿਤਾਂ ਵਿੱਚੋਂ ਬਹੁਤੇ ਲੋਕ ਮਜ਼ਬੂਰੀਵਸ ਬੁੱਧ ਧਰਮ ਤਿਆਗਕੇ ਕਿਸੇ ਹੋਰ ਧਰਮ ਵਿੱਚ ਚਲੇ ਜਾਣਗੇ।  

ਕੁਲਦੀਪ ਚੰਦ ਭਾਰਤੀ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054