ਅੰਤਰਰਾਸ਼ਟਰੀ ਮਹਿਲਾ ਅਤਿੱਆਚਾਰ ਵਿਰੋਧੀ ਦਿਵਸ ਲਈ ਵਿਸ਼ੇਸ਼
ਮਹਿਲਾਵਾਂ ਨਾਲ ਵਾਪਰ ਰਹੇ ਅਤਿੱਆਚਾਰਾਂ ਵਿੱਚ ਹੋ ਰਿਹਾ ਹੈ ਆਏ ਸਾਲ ਵਾਧਾ।2 ਸਾਲਾਂ ਦੌਰਾਨ ਹੀ 2270 ਸ਼ਿਕਾਇਤਾ ਵਧੀਆਂ, ਉਤੱਰ ਪ੍ਰਦੇਸ਼ ਹੈ ਇਸ ਮਾਮਲੇ ਵਿੱਚ ਸਭ ਤੋਂ ਮੋਹਰੀ।

ਵਿਸ਼ਵ ਦੇ ਕਈ ਦੇਸ਼ਾਂ ਵਿੱਚ ਵਿਸ਼ੇਸ ਤੋਰ ਤੇ ਵਿਕਸਿਤ ਹੋ ਰਹੇ ਦੇਸ਼ਾਂ ਵਿੱਚ ਮਹਿਲਾਵਾਂ ਤੇ ਅੱਤਿਆਚਾਰ ਵਧਦੇ ਜਾ ਰਹੇ ਹਨ। ਆਏ ਦਿਨ ਇਨ੍ਹਾਂ ਅਤਿਆਚਾਰਾਂ ਦਾ ਰੂਪ ਬਦਲਦਾ ਜਾ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ਤੇ ਇਸ ਸਮਸਿਆ ਨੂੰ ਲੈਕੇ ਅਕਸਰ ਵਿਚਾਰ ਵਟਾਂਦਰਾਂ ਕੀਤਾ ਜਾਂਦਾ ਹੈ। ਇਸ ਲਈ ਹੀ 25 ਨਵੰਬਰ ਦਾ ਦਿਨ ਅੰਤਰਰਾਸ਼ਟਰੀ ਮਹਿਲਾ ਅਤਿੱਆਚਾਰ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ। 1981 ਤੋਂ 25 ਨਵੰਬਰ ਦਾ ਦਿਨ ਇਸ ਮੰਤਬ ਲਈ ਨਿਸ਼ਚਿਤ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਨੇ ਇਸ ਲਈ ਮਤਾ ਨੰਬਰ 54/134 ਮਿਤੀ 17 ਦਸੰਬਰ 1999 ਨੂੰ ਪਾਸ ਕੀਤਾ ਹੈ ਅਤੇ ਉਸਤੋਂ ਬਾਦ ਹਰ ਸਾਲ 25 ਨਵੰਬਰ ਦਾ ਦਿਨ ਅੰਤਰਰਾਸ਼ਟਰੀ ਮਹਿਲਾ ਅਤਿੱਆਚਾਰ ਖਾਤਮਾ ਦਿਵਸ ਦੇ ਤੋਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਸਮਾਗਮ ਕੀਤੇ ਜਾਂਦੇ ਹਨ ਅਤੇ ਮਹਿਲਾਵਾਂ ਤੇ ਵਾਪਰਦੇ ਅਤਿੱਆਚਾਰਾਂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਸਰਕਾਰ ਵਲੋਂ ਮਹਿਲਾਵਾਂ ਦੀ ਸੁਰੱਿਖਆ ਲਈ ਅਤੇ ਅਜਿਹੀਆਂ ਘਟਨਾਵਾਂ ਰੋਕਣ ਲਈ ਨਵੀਆਂ ਯੋਜਨਾਵਾਂ ਬਣਾਉਣ ਦੇ ਐਲਾਨ ਕੀਤੇ ਜਾਂਦੇ ਹਨ। ਭਾਰਤ ਦੇਸ਼ ਜਿਸਦੀ ਕਮਾਂਡ ਲੰਬਾ ਸਮਾਂ ਇੱਕ ਮਹਿਲਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦੇ ਹੱਥ ਵਿੱਚ ਰਹੀ ਨੇ ਮਹਿਲਾਵਾਂ ਦੀ ਹਾਲਤ ਅਤੇ ਉਨ੍ਹਾਂ ਤੇ ਵਾਪਰਦੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਕਈ ਤਰਾਂ ਦੀਆਂ ਯੋਜਨਾਵਾਂ ਉਲੀਕੀਆਂ ਅਤੇ ਸੱਖਤ ਕਾਨੂੰਨ ਬਣਾਏ ਸਨ। ਸਾਡੇ ਦੇਸ਼ ਵਿੱਚ ਸਰਵਉਚੱ ਅਹੁੱਦੇ ਰਾਸ਼ਟਰਪਤੀ ਤੱਕ ਦਾ ਅਹੁੱਦਾ ਵੀ ਇੱਕ ਮਹਿਲਾ ਸ਼੍ਰੀਮਤੀ ਪ੍ਰਤਿਭਾ ਪਾਟਿਲ ਕੋਲ ਰਿਹਾ ਹੈ। ਅੱਜ ਵੀ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਵੱਖ ਵੱਖ ਅਹੁਦਿਆਂ, ਮੰਤਰੀ, ਰਾਜਪਾਲ, ਮੁੱਖ ਮੰਤਰੀ, ਡਿਪਟੀ ਕਮਿਸ਼ਨਰ, ਜੱਜ, ਪੁਲਿਸ ਅਫਸਰ ਆਦਿ ਅਹੁਦਿਆਂ ਤੇ ਮਹਿਲਾਵਾਂ ਬੈਠੀਆਂ ਹਨ। ਦੇਸ਼ ਵਿੱਚ ਮਹਿਲਾਵਾਂ ਦੀ ਹੋ ਰਹੀ ਤਰੱਕੀ ਵੇਖਕੇ ਲਗਦਾ ਹੈ ਕਿ ਸਾਡੇ ਦੇਸ ਵਿੱਚ ਮਹਿਲਾਵਾਂ ਨਾਲ ਹੋਣ ਵਾਲੀਆਂ ਹਿੰਸਕ ਘਟਨਾਵਾਂ ਇਤਿਹਾਸ ਦੀਆਂ ਕਹਾਣੀਆਂ ਬਣ ਗਈਆਂ ਹਨ ਪਰ ਇਹ ਸਭ ਕੁੱਝ ਸੱਚ ਨਹੀਂ ਹੈ ਅਤੇ ਹਕੀਕਤ ਕੁੱਝ ਹੋਰ ਹੈ ਅਤੇ ਇਹ ਹਕੀਕਤ ਕੁੱਝ ਹੱਦ ਤੱਕ ਰਾਸ਼ਟਰੀ ਮਹਿਲਾ ਅਯੋਗ ਵਿੱਚ ਮਹਿਲਾਵਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਸਬੰਧੀ ਦਰਜ ਹੋਈਆਂ ਸ਼ਕਾਇਤਾਂ ਤੋਂ ਸਾਹਮਣੇ ਆਂਦੀ ਹੈ। ਰਾਸ਼ਟਰੀ ਮਹਿਲਾ ਅਯੋਗ ਦੀਆਂ ਰਿਪੋਰਟਾਂ ਅਨੁਸਾਰ ਮਹਿਲਾਵਾਂ ਤੇ ਕਈ ਤਰ੍ਹਾਂ ਨਾਲ ਅਤਿੱਆਚਾਰ ਹੋ ਰਿਹਾ ਹੈ। ਰਾਸ਼ਟਰੀ ਮਹਿਲਾ ਆਯੋਗ ਕੋਲ ਦਾਜ ਲਈ ਤੰਗ ਕਰਨਾ, ਘਰੇਲੂ ਹਿੰਸਾ, ਯੌਨ ਸ਼ੋਸ਼ਣ, ਬਲਾਤਕਾਰ, ਤਲਾਕ, ਪੁਲਿਸ ਦੁਆਰਾ ਅਤਿਆਚਾਰ, ਅਗਵਾ, ਦਾਜ ਸਬੰਧੀ ਮੌਤਾਂ, ਤੇਜ਼ਾਬ ਨਾਲ ਹਮਲਾ, ਐਨ ਆਰ ਆਈ ਵਿਆਹ ਸਬੰਧੀ ਸ਼ਿਕਾਇਤਾਂ ਦਰਜ਼ ਹੋਈਆਂ ਹਨ। ਹਰ ਸਾਲ ਇਹਨਾਂ ਸ਼ਕਾਇਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਰਾਸ਼ਟਰੀ ਮਹਿਲਾ ਆਯੋਗ ਕੋਲ ਸਾਲ 2008-09 ਵਿੱਚ ਕੁੱਲ 12895 ਸ਼ਕਾਇਤਾਂ ਦਰਜ ਹੋਈਆ ਸਨ ਜੋ ਕਿ ਸਾਲ 2010-11 ਵਿੱਚ ਵੱਧਕੇ 15165 ਹੋ ਗਈਆਂ ਹਨ। ਇਸ ਤਰਾਂ ਰਾਸ਼ਟਰੀ ਮਹਿਲਾ ਆਯੋਗ ਕੋਲ ਪਹੁੰਚਣ ਵਾਲੀਆਂ ਸ਼ਿਕਾਇਤਾਂ ਵਿੱਚ 2 ਸਾਲਾਂ ਵਿੱਚ ਲੱਗਭੱਗ 2270 ਸ਼ਿਕਾਇਤਾਂ ਦਾ ਵਾਧਾ ਹੋ ਗਿਆ ਹੈ ਜੋਕਿ ਚਿੰਤਾਜਨਕ ਸੰਕੇਤ ਹੈ। ਜੇਕਰ ਰਾਸ਼ਟਰੀ ਮਹਿਲਾ ਆਯੋਗ ਕੋਲ ਸਾਲ 2010-2011 ਵਿੱਚ ਪਹੁੰਚੀਆਂ ਸ਼ਿਕਾਇਤਾਂ ਦਾ ਵੇਰਵਾ ਵੇਖੀਏ ਤਾਂ ਸਭਤੋਂ ਵੱਧ ਸ਼ਿਕਾਇਤਾਂ ਉਤੱਰ ਪ੍ਰਦੇਸ਼ ਤੋਂ 7140 ਸ਼ਕਾਇਤਾਂ ਦਰਜ਼ ਹੋਈਆਂ ਹਨ। ਇਸ ਮਾਮਲੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਦੂਜੇ ਨੰਬਰ ਤੇ ਹੈ ਜਿੱਥੋਂ ਕਿ ਸਾਲ 2010-11 ਵਿੱਚ 2333 ਸ਼ਿਕਾਇਤਾਂ ਦਰਜ਼ ਕੀਤੀਆਂ ਗਈਆਂ ਹਨ। ਦੇਸ਼ ਦੇ ਬਾਕੀ ਸੂਬਿੱਆਂ ਰਾਜਸਥਾਨ ਤੋਂ 1493 ਸ਼ਕਾਇਤਾਂ, ਹਰਿਆਣਾ ਤੋਂ 884 ਸ਼ਕਾਇਤਾਂ, ਮੱਧ ਪ੍ਰਦੇਸ਼ ਤੋਂ 17 ਸ਼ਿਕਾਇਤਾਂ, ਬਿਹਾਰ ਤੋਂ 457 ਸ਼ਿਕਾਇਤਾਂ, ਮਹਾਰਾਸ਼ਟਰ ਤੋਂ 392 ਸ਼ਿਕਾਇਤਾਂ, ਉਤਰਾਖੰਡ ਤੋਂ 340 ਸ਼ਿਕਾਇਤਾਂ, ਪੰਜਾਬ ਤੋਂ 234 ਸ਼ਿਕਾਇਤਾਂ, ਤਾਮਿਲਨਾਡੂ ਤੋਂ 105 ਸ਼ਿਕਾਇਤਾਂ, ਝਾਰਖੰਡ ਤੋਂ 243 ਸ਼ਿਕਾਇਤਾਂ, ਪੱਛਮੀ ਬੰਗਾਲ ਤੋਂ 179 ਸ਼ਿਕਾਇਤਾਂ, ਆਂਧਰਾ ਪ੍ਰਦੇਸ਼ ਤੋਂ 131 ਸ਼ਿਕਾਇਤਾਂ, ਅਰੁਣਾਚਲ ਪ੍ਰਦੇਸ਼ ਤੋਂ 02 ਸ਼ਿਕਾਇਤਾਂ, ਅਸਾਮ ਤੋਂ 31 ਸ਼ਿਕਾਇਤਾਂ, ਛਤੀਸਗੜ੍ਹ ਤੋਂ 91 ਸ਼ਿਕਾਇਤਾਂ, ਗੋਆ ਤੋਂ 05 ਸ਼ਿਕਾਇਤਾਂ, ਗੁਜਰਾਤ ਤੋਂ 105 ਸ਼ਿਕਾਇਤਾਂ, ਹਿਮਾਚਲ ਪ੍ਰਦੇਸ਼ ਤੋਂ 45 ਸ਼ਿਕਾਇਤਾਂ, ਜੰਮੂ ਕਸ਼ਮੀਰ ਤੋਂ 34 ਸ਼ਿਕਾਇਤਾਂ, ਕਰਨਾਟਕਾ ਤੋਂ 58 ਸ਼ਿਕਾਇਤਾਂ, ਕੇਰਲਾ ਤੋਂ 32 ਸ਼ਿਕਾਇਤਾਂ, ਮਨੀਪੁਰ ਤੋਂ 03 ਸ਼ਿਕਾਇਤਾਂ, ਮਿਜ਼ੋਰਮ ਤੋਂ 02 ਸ਼ਿਕਾਇਤਾਂ, ਨਾਗਾਲੈਂਡ ਤੋਂ 02 ਸ਼ਿਕਾਇਤਾਂ, ਓੜੀਸਾ ਤੋਂ 60 ਸ਼ਿਕਾਇਤਾਂ, ਤ੍ਰਿਪੁਰਾ ਤੋਂ 01 ਸ਼ਿਕਾਇਤ, ਅੰਡੇਮਾਨ ਨਿਕੋਬਾਰ ਦੀਪ ਸਮੂਹ ਤੋਂ 06 ਸ਼ਿਕਾਇਤਾਂ, ਚੰਡੀਗੜ੍ਹ ਤੋਂ 24 ਸ਼ਿਕਾਇਤਾਂ, ਦਾਦਰ ਅਤੇ ਨਗਰ ਹਵੇਲੀ ਤੋਂ 08 ਸ਼ਿਕਾਇਤਾਂ, ਦਮਨ ਅਤੇ ਦੀਓ ਤੋਂ 03 ਸ਼ਿਕਾਇਤਾਂ, ਪਾਂਡੀਚੇਰੀ ਤੋਂ 05 ਸ਼ਿਕਾਇਤਾਂ। ਇਹ ਉਹਨਾਂ ਸ਼ਕਾਇਤਾਂ ਦੀ ਗਿਣਤੀ ਹੈ ਜੋ ਕਿ ਰਾਸ਼ਟਰੀ ਮਹਿਲਾ ਆਯੋਗ ਕੋਲ ਪਹੁੰਚੀਆਂ ਹਨ ਜਦਕਿ ਇਸ ਤੋਂ ਕਈ ਗੁਣਾ ਵੱਧ ਸ਼ਿਕਾਇਤਾਂ ਆਯੋਗ ਕੋਲ ਪਹੁੰਚਦੀਆਂ ਹੀ ਨਹੀਂ ਹਨ। ਇਨ੍ਹਾਂ ਸ਼ਿਕਾਇਤਾਂ ਨੂੰ ਵੇਖਕੇ ਪਤਾ ਚਲਦਾ ਹੈ ਕਿ ਅੱਜ ਦੇਸ਼ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ ਅਤੇ ਉਨ੍ਹਾਂ ਨੂੰ ਘਰੋਂ ਅਤੇ ਬਾਹਰੋਂ ਹਰ ਪਾਸੇ ਖਤਰਾ ਹੀ ਖਤਰਾ ਹੈ ਅਤੇ ਕਈ ਵਾਰ ਤਾਂ ਉਹ ਕਨੂੰਨ ਦੇ ਰਾਖਿਆਂ ਪੁਲਿਸ ਤੋਂ ਵੀ ਸੁਰੱਖਿਅਤ ਨਹੀਂ ਹੈ। ਬੇਸ਼ੱਕ ਸਰਕਾਰ ਵਲੋਂ ਮਹਿਲਾਵਾਂ ਦੀ ਸੁਰੱਖਿਆ ਲਈ ਵਿਸ਼ੇਸ ਪ੍ਰਬੰਧ ਕਰਨ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ ਪਰ ਇਸ ਸਭਦੇ ਬਾਬਜੂਦ ਵੱਧ ਰਹੇ ਅਤਿਆਚਾਰ ਅਤੇ Îਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਂਦੀਆਂ ਮਹਿਲਾਵਾਂ ਨੂੰ ਵੇਖਕੇ ਸਰਕਾਰ ਦੇ ਦਾਅਵਿਆਂ ਦੀ ਹਕੀਕਤ ਸਾਹਮਣੇ ਆ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਦੇਸ ਦੇ ਵੱਖ ਵੱਖ ਭਾਗਾਂ ਅਤੇ ਸੂਬਿਆਂ ਤੋਂ ਮਹਿਲਾਵਾਂ ਨਾਲ ਵਾਪਰੀਆਂ ਘਟਨਾਵਾਂ ਨੇ ਦੇਸ ਦੇ ਹਰ ਬੁੱਧੀਜੀਵੀ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਸਾਡਾ ਦੇਸ਼ ਕਿਸ ਪਾਸੇ ਜਾ ਰਿਹਾ ਹੈ। ਮਹਿਲਾਵਾਂ ਭਾਵੇਂ ਘਰ ਵਿੱਚ ਹੋਣ ਜਾਂ ਘਰ ਤੋਂ ਬਾਹਰ ਕਿਤੇ ਵੀ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੀ ਮਹਿਲਾਵਾਂ ਸੁਰੱਖਿਅਤ ਨਹੀਂ ਹਨ ਤਾਂ ਬਾਕੀ ਦੇਸ਼ ਦਾ ਕੀ ਹਾਲ ਹੋਵੇਗਾ ਇਹ ਸੋਚ ਕੇ ਹੀ ਦਿਲ ਕੰਬ ਜਾਂਦਾ ਹੈ। ਸਾਲ 2012 ਵਿੱਚ ਦਿੱਲੀ ਵਿੱਚ ਚੱਲਦੀ ਬੱਸ ਵਿੱਚ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੇ ਸਾਰੇ ਦੇਸ਼ ਵਾਸੀਆ ਦੇ ਲੂੰ ਕੰਡੇ ਖੜੇ ਕਰ ਦਿੱਤੇ ਸਨ ਅਤੇ ਇਸ ਘਟਨਾ ਤੋਂ ਬਾਦ ਸਰਕਾਰ ਨੇ ਮਹਿਲਾਵਾਂ ਦੀ ਸੁਰਖਿੱਆ ਲਈ ਹੋਰ ਕਰੜੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ ਪਰ ਇਸ ਘਟਨਾ ਤੋਂ ਬਾਦ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਉਤੱਰ ਪ੍ਰਦੇਸ ਵਿੱਚ ਦਲਿੱਤ ਲੜਕੀਆਂ ਜੋਕਿ ਘਰ ਵਿੱਚ ਪਖਾਨਾ ਨਾ ਹੋਣ ਕਾਰਨ ਰੋਜ਼ਾਨਾ ਦੀ ਤਰਾਂ ਘਰੋਂ ਬਾਹਰ ਗਈਆਂ ਸਨ ਬਦਮਾਸ਼ਾਂ ਵਲੋਂ ਬਲਾਤਕਾਰ ਕਰਨ ਅਤੇ ਫਿਰ ਮਾਰਨ ਦੀ ਘਟਨਾ ਨੇ ਸਮੂਹ ਦੇਸ਼ ਵਾਸੀਆਂ ਨੂੰ ਸ਼ਰਮਸ਼ਾਰ ਕੀਤਾ ਹੈ। ਇਸ ਤਰਾਂ ਦੀਆਂ ਘਟਨਾਵਾਂ ਬੇਸ਼ੱਕ ਕਦੇ ਕਦੇ ਮੀਡੀਆ ਦੀਆਂ ਸੁਰੱਖੀਆਂ ਵੀ ਬਣਦੀਆਂ ਹਨ ਤੇ ਮੀਡੀਆ ਵਿੱਚ ਆਣ ਤੋਂ ਬਾਦ ਅਧਿਕਾਰੀ ਅਤੇ ਸਰਕਾਰ ਵੀ ਹਰਕਤ ਵਿੱਚ ਆਂਦੀ ਹੈ ਪਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਵਲੋਂ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਬੇਸ਼ੱਕ ਮਹਿਲਾ ਪੱਖੀ ਹੋਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੋਈ ਵੀ ਮਹਿਲਾ ਮੰਤਰੀ ਨਹੀਂ ਹੈ। ਪੰਜਾਬ ਜਿਸਦੇ ਮੱਥੇ ਤੇ ਕੁੜੀਮਾਰ ਦਾ ਕਲੰਕ ਲੱਗਿਆ ਹੋਇਆ ਹੈ ਅਤੇ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਨੰਨੀ ਛਾਂ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਵਿੱਚ ਵੀ ਆਏ ਦਿਨ ਮਹਿਲਾਵਾਂ ਨਾਲ ਅਤਿੱਆਚਾਰ ਹੋ ਰਹੇ ਹਨ। ਬਹੁਤੀਆਂ ਥਾਵਾਂ ਤੇ ਸਰਕਾਰੀ ਅਧਿਕਾਰੀਆਂ ਵਲੋਂ ਮਹਿਲਾਵਾਂ ਤੇ ਅਤਿੱਆਚਾਰ ਕੀਤੇ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਅਜਿਹੀਆਂ ਘਟਨਾਵਾਂ ਵੇਲੇ ਅਕਸਰ ਸਰਕਾਰੀ ਅਧਿਕਾਰੀ ਅਤੇ ਰਾਜਨੇਤਾ ਚੁੱਪੀ ਧਾਰ ਰੱਖਦੇ ਹਨ। ਅਮ੍ਰਿਤਸਰ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਬੇਟੀ ਨਾਲ ਸੱਤਾਧਾਰੀ ਪਾਰਟੀ ਦੇ ਕੁੱਝ ਆਗੂਆਂ ਵਲੋਂ ਛੇੜਖਾਨੀ ਕੀਤੀ ਜਾ ਰਹੀ ਸੀ ਜਿਸਦਾ ਵਿਰੋਧ ਕਰਨ ਤੇ ਪੁਲਿਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਗਈ। ਇੱਕ ਹੋਰ ਘਟਨਾ ਵਿੱਚ ਇੱਕ ਦਲਿਤ ਮਹਿਲਾ ਜੋਕਿ ਅਪਣੇ ਨਾਲ ਛੇੜਖਾਨੀ ਦੀ ਘਟਨਾ ਬਾਰੇ ਪੁਲਿਸ ਨੂੰ ਦੱਸ ਰਹੀ ਸੀ ਨੂੰ ਪੁਲਿਸ ਨੇ ਹੀ ਮਾਰਿਆ ਕੁੱਟਿਆ। ਆਏ ਦਿਨ ਇਨ੍ਹਾਂ ਅਤਿਆਚਾਰਾਂ ਦਾ ਰੂਪ ਬਦਲਦਾ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਦ ਅਕਸਰ ਹੀ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਆਗੂ ਬਿਆਨਬਾਜੀ ਕਰਦੇ ਹਨ ਅਤੇ ਇੱਕ ਦੂਜੇ ਨੂੰ ਭੰਡਦੇ ਹਨ ਪਰ ਕੁੱਝ ਦਿਨਾਂ ਬਾਦ ਸਭ ਭੁੱਲ ਜਾਂਦੇ ਹਨ ਅਤੇ ਫਿਰ ਅਜਿਹੀ ਘਟਨਾ ਵਾਪਰ ਜਾਂਦੀ ਹੈ। ਅਜਿਹੀਆਂ ਘਟਨਾਵਾਂ ਮੀਡੀਆ ਵਿੱਚ ਆਣ ਤੋਂ ਬਾਦ ਸਰਕਾਰ ਵਲੋਂ ਵੀ ਕਾਰਵਾਈ ਕਰਨ ਦਾ ਭਰੋਸਾ ਦਿਤਾ ਜਾਂਦਾ ਹੈ ਪਰ ਵਾਰ ਵਾਰ ਵਾਪਰਦੀਆਂ ਅਜਿਹੀਆਂ ਘਟਨਾਵਾਂ ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ਦੀ ਪੋਲ ਖੋਲਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮਹਿਲਾਵਾਂ ਦੀ ਸੁਰਖਿੱਆ ਲਈ ਸੱਖਤ ਕਦਮ ਚੁੱਕੇ, ਮਹਿਲਾਵਾਂ ਦੀ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਉਲੀਕੇ ਅਤੇ ਅਜਿਹੀਆਂ ਯੋਜਨਾਵਾਂ ਨੂੰ ਸੱਖਤੀ ਨਾਲ ਲਾਗੂ ਕਰੇ ਤਾਂ ਜੋ ਦੇਸ਼ ਦੀ ਅੱਧੀ ਅਬਾਦੀ ਕਰੋੜਾਂ ਮਹਿਲਾਵਾਂ ਜੋਕਿ ਅਜੇ ਵੀ ਮਾੜ੍ਹੀਆਂ ਰੀਤਾਂ ਅਤੇ ਮਾਨਸਿਕ ਗੁਲਾਮੀ ਦਾ ਸ਼ਿਕਾਰ ਹਨ ਅਪਣੇ ਆਪ ਨੂੰ ਅਜ਼ਾਦ ਮਹਿਸੂਸ ਕਰ ਸਕਣ। ਇਨ੍ਹਾਂ ਸ਼ਕਾਇਤਾਂ ਨੂੰ ਵੇਖਕੇ ਪਤਾ ਚਲਦਾ ਹੈ ਕਿ ਅੱਜ ਦੇਸ਼ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ ਅਤੇ ਉਨ੍ਹਾਂ ਨੂੰ ਘਰੋਂ ਅਤੇ ਬਾਹਰੋਂ ਹਰ ਪਾਸੇ ਖਤਰਾ ਹੀ ਖਤਰਾ ਹੈ ਅਤੇ ਕਈ ਵਾਰ ਤਾਂ ਉਹ ਕਨੂੰਨ ਦੇ ਰਾਖਿਆਂ ਪੁਲਿਸ ਤੋਂ ਵੀ ਸੁਰੱਖਿਅਤ ਨਹੀਂ ਹੈ। ਇਹ ਅਪਰਾਧਿਕ ਘਟਨਾਵਾਂ ਰੋਕਣ ਲਈ ਬੇਸ਼ੱਕ ਸੱਖਤ ਕਨੂੰਨ ਬਣਾਏ ਗਏ ਹਨ ਪਰੰਤੂ ਇਹ ਸਾਰੇ ਕਨੂੰਨ ਬੇਅਸਰ ਸਾਬਤ ਹੋ ਰਹੇ ਹਨ। ਮਹਿਲਾਵਾਂ ਨਾਲ ਵਾਪਰਦੇ ਅਤਿੱਆਚਾਰਾਂ ਸਬੰਧੀ ਸਿਕਾਇਤਾਂ ਪੁਲਿਸ ਥਾਣਿਆਂ ਵਿੱਚ ਪਈਆਂ ਰਹਿੰਦੀਆਂ ਹਨ। ਕਈ ਵਾਰ ਤਾਂ ਅਜਿਹੇ ਕਈ ਮਾਮਲੇ ਅਦਾਲਤਾਂ ਵਿੱਚ ਵੀ ਲੰਬਾ ਸਮਾਂ ਲਟਕਦੇ ਰਹਿੰਦੇ ਹਨ ਅਤੇ ਇਨਸਾਫ ਲੈਣ ਲਈ ਪੀੜ੍ਹਿਤ ਮਹਿਲਾਵਾਂ ਨੂੰ ਦਰ-ਦਰ ਦੇ ਧੱਕੇ ਖਾਣੇ ਪੈਂਦੇ ਹਨ ਅਤੇ ਕਈ ਤਾਂ ਇਨਸਾਫ ਨੂੰ ਉਡੀਕਦੀਆਂ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀਆਂ ਹਨ। ਜੇਕਰ ਸਾਡੇ ਦੇਸ ਵਿੱਚ ਮਹਿਲਾਵਾਂ ਨਾਲ ਵਾਪਰਦੀਆਂ ਘਟਨਾਵਾਂ ਰੋਕਣ ਲਈ ਵਿਸੋਸ਼ ਕਦਮ ਨਾਂ ਚੁੱਕੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਹਿਲਾਵਾਂ ਨਾਲ ਵਾਪਰ ਰਹੇ ਅਪਰਾਧਾਂ ਲਈ ਸਾਡਾ ਦੇਸ ਸਭਤੋਂ ਉਪੱਰ ਹੋਵੇਗਾ ਅਤੇ ਇਸ ਦਿਨ ਦਾ ਕੋਈ ਅਰਥ ਨਹੀਂ ਰਹੇਗਾ।  

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054