ਰਾਜਨੀਤਿਕ ਪਾਰਟੀਆਂ ਦਾ ਅਸਲੀ ਚਿਹਰਾ ਸਾਹਮਣੇ ਆਇਆ।

ਰਾਸ਼ਟਰੀ ਰਾਜਨੀਤਿਕ ਪਾਰਟੀਆਂ ਨਹੀਂ ਮੰਨਦੀਆਂ ਸੂਚਨਾ ਦੇ ਅਧਿਕਾਰ ਨੂੰ। ਮੰਗੀ ਗਈ ਜਾਣਕਾਰੀ ਦੇਣ ਤੋਂ ਇਨਕਾਰੀ।

20 ਨਵੰਬਰ, 2014 (ਕੁਲਦੀਪ ਚੰਦ) ਦੇਸ਼ ਵਿੱਚ ਚੱਲ ਰਹੀਆਂ ਸਮੂਹ ਰਾਜਨੀਤਿਕ ਪਾਰਟੀਆ ਅਪਣੇ ਆਪ ਨੂੰ ਦੁੱਧ ਦਾ ਧੋਤਾ ਦੱਸਦੀਆਂ ਹਨ ਅਤੇ ਅਕਸਰ ਹੀ ਇੱਕ ਦੂਜੇ ਤੇ ਧੋਖਾ ਧੜੀ, ਭ੍ਰਿਸ਼ਟਾਚਾਰ, ਦੇਸ਼ ਨੂੰ ਲੁੱਟਣ ਆਦਿ ਦੇ ਇਲਜ਼ਾਮ ਲਗਾਂਦੀਆਂ ਹਨ। ਬਹੁਤੀਆਂ ਪਾਰਟੀਆਂ ਜਦੋਂ ਆਪ ਸੱਤਾ ਵਿੱਚ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਆਮ ਲੋਕਾਂ ਦੀਆਂ ਸਮਸਿਆਵਾਂ ਨਜ਼ਰ ਨਹੀਂ ਆਂਦੀਆਂ ਪਰ ਜਿਉਂ ਹੀ ਉਹ ਸੱਤਾ ਤੋਂ ਬਾਹਰ ਹੁੰਦੀਆਂ ਹਨ ਤਾਂ ਆਮ ਲੋਕਾਂ ਦੀ ਯਾਦ ਆ ਜਾਂਦੀ ਹੈ। ਹਰ ਰਾਜਨੀਤਿਕ ਪਾਰਟੀ ਦੇ ਆਗੂ ਅਪਣੀ ਅਪਣੀ ਰਾਜਨੀਤਿਕ ਪਾਰਟੀ ਨੂੰ ਸਾਫ, ਭ੍ਰਿਸ਼ਟਾਚਾਰ ਮੁਕਤ, ਪਾਰਦ੍ਰਸ਼ੀ ਦੱਸਦੇ ਹਨ ਪਰ ਹਕੀਕਤ ਅੱਜ ਸਭ ਨੂੰ ਹੀ ਪਤਾ ਚੱਲ ਚੁੱਕੀ ਹੈ। ਇਹ ਰਾਜਨੀਤਿਕ ਪਾਰਟੀਆਂ ਅਪਣੇ ਆਪ ਨੂੰ ਕਨੂੰਨ ਤੋਂ ਵੀ ਉਪੱਰ ਸਮਝਦੀਆਂ ਹਨ। ਦੇਸ਼ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਪਾਰਦਾਰਸ਼ਿਤਾ ਲਿਆਉਣ ਲਈ ਬਣਾਇਆ ਗਿਆ ਸੂਚਨਾ ਦਾ ਅਧਿਕਾਰ ਕਨੂੰਨ 2005 ਤੇ ਵੀ ਇਹ ਰਾਜਨੀਤਿਕ ਪਾਰਟੀਆਂ ਅਮਲ ਨਹੀਂ ਕਰਦੀਆਂ ਹਨ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸ਼ੀਏਸ਼ਨ ਫਾਰ ਡੈਮੋਕ੍ਰੇਟਿਕ ਰਿਫੋਰਮ ਵਲੋਂ ਕੀਤੀ ਗਈ ਸਿਕਾਇਤ ਤੇ ਕਾਰਵਾਈ ਕਰਦਿਆਂ ਕੇਂਦਰੀ ਸੂਚਨਾ ਆਯੋਗ ਨੇ 3 ਜੂਨ, 2013 ਨੂੰ ਇਨ੍ਹਾਂ ਸਮੂਹ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਇੰਡੀਅਨ ਨੈਸ਼ਨਲ ਕਾਂਗਰਸ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਰਾਸਟਰਵਾਦੀ ਕਾਂਗਰਸ ਪਾਰਟੀ, ਸੀ ਪੀ ਆਈ, ਸੀ ਪੀ ਆਈ ਐਮ ਨੂੰ ਸੂਚਨਾ ਅਧਿਕਾਰ ਅਧੀਨ ਹੋਣ ਸਬੰਧੀ ਨੋਟਿਸ ਦਿਤਾ ਗਿਆ ਸੀ ਅਤੇ ਇਸ ਲਈ ਕਿਹਾ ਗਿਆ ਸੀ ਕਿ ਇਨ੍ਹਾਂ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਨੂੰ ਸਰਕਾਰ ਵਲੋਂ ਵਿੱਤੀ ਮੱਦਦ ਦਿਤੀ ਜਾਂਦੀ ਹੈ ਇਸ ਲਈ ਇਹ ਸੂਚਨਾ ਅਧਿਕਾਰ ਦੇ ਦਾਇਰੇ ਵਿੱਚ ਹਨ। ਇਲੈਕਸ਼ਨ ਕਮਿਸ਼ਨ ਆਫ ਇੰਡੀਆਂ ਦੇ ਰਿਕਾਰਡ ਅਨੁਸਾਰ ਦੇਸ਼ ਵਿੱਚ 6 ਰਾਸ਼ਟਰੀ ਪਾਰਟੀਆਂ ਅਤੇ 46 ਮਾਨਤਾ ਪ੍ਰਾਪਤ ਰਾਜ ਪੱਧਰੀ ਪਾਰਟੀਆਂ ਹਨ ਜਦਕਿ 1139 ਗੈਰਮਾਨਤਾ ਪ੍ਰਾਪਤ ਪਾਰਟੀਆਂ ਹਨ। ਰਾਜਨੀਤਿਕ ਪਾਰਟੀਆਂ ਦੇ ਫੰਡਾਂ ਦੇ ਕਈ ਸ੍ਰੋਤ ਜਿਵੇਂ ਕਿ ਅਨੁਦਾਨ, ਪਾਰਟੀ ਫੰਡ, ਸਿੱਖਿਆ ਫੰਡ ਅਤੇ ਪਾਰਟੀ ਮੈਂਬਰਸ਼ਿਪ ਫੀਸ ਆਦਿ ਹਨ। ਕੇਂਦਰੀ ਸੂਚਨਾ ਆਯੋਗ ਨੇ 3 ਜੂਨ, 2013 ਨੂੰ ਇਨ੍ਹ ਸਮੂਹ ਪਾਰਟੀਆਂ ਨੂੰ ਲੋਕ ਸੂਚਨਾ ਅਧਿਕਾਰੀ ਅਤੇ ਅਪੀਲੈਂਟ ਅਥਾਰਟੀਜ਼ ਨਿਯੁਕਤ ਕਰਨ ਲਈ 04 ਹਫਤੇ ਦਾ ਸਮਾਂ ਦਿਤਾ ਸੀ ਪਰੰਤੁ ਲੱਗਭੱਗ 17 ਮਹੀਨੇ ਬੀਤਣ ਦੇ ਬਾਬਜੂਦ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਕੇਂਦਰੀ ਚੋਣ ਆਯੋਗ ਦੇ ਹੁਕਮਾਂ ਤੇ ਅਮਲ ਨਹੀਂ ਕਿਤਾ ਹੈ ਅਤੇ ਨਾਂ ਹੀ ਇਨਾਂ ਹੁਕਮਾਂ ਦੇ ਖਿਲਾਫ ਕਿਸੇ ਅਦਾਲਤ ਵਿੱਚ ਗਏ ਹਨ। ਹੁਣ ਕੇਂਦਰੀ ਸੂਚਨਾ ਆਯੋਗ ਨੇ ਸਮੂਹ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਨੂੰ 21 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ ਅਤੇ ਇਸ ਮੋਕੇ ਕੇਂਦਰੀ ਸੂਚਨਾ ਆਯੋਗ ਦਾ ਫੁੱਲ ਬੈਂਚ ਮਾਮਲੇ ਤੇ ਕਾਰਵਾਈ ਕਰੇਗਾ। 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054