ਸਫਾਈ ਅਭਿਆਨ ਦੇ ਅਸਲੀ ਨਾਇਕ ਕੋਣ।

 

ਸਦੀਆਂ ਤੋਂ ਸਫਾਈ ਦਾ ਕੰਮ ਕਰਨ ਵਾਲੇ ਲੋਕ ਜਾਂ ਝਾੜੂ ਫੜਕੇ ਫੋਟੋ ਖਚਾਉਣ ਅਤੇ ਸਫਾਈ ਦਾ ਨਾਟਕ ਕਰਨ ਵਾਲੇ ਰਾਜਨੇਤਾ ਅਤੇ ਅਫਸਰ।
 

09 ਨਵੰਬਰ, 2014 (ਕੁਲਦੀਪ ਚੰਦ) ਸਰਕਾਰ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਾਰੇ ਭਾਰਤ ਵਿੱਚ ਸਵੱਛ ਭਾਰਤ ਦਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਅਧੀਨ ਹੁਣ ਸਰਕਾਰ ਦੇ ਕਈ ਮੰਤਰੀ ਅਤੇ ਸਰਕਾਰੀ ਅਫਸਰ ਸੜਕਾਂ ਵਿਸ਼ੇਸ ਤੋਰ ਤੇ ਸ਼ਹਿਰੀ ਇਲਾਕਿਆਂ ਵਿੱਚ ਸਫਾਈ ਕਰਕੇ ਅਤੇ ਬਹੁਤ ਵਾਰੀ ਸਫਾਈ ਦੀ ਐਕਟਿੰਗ ਕਰਕੇ ਅਖਬਾਰਾਂ ਅਤੇ ਹੋਰ ਮੀਡੀਆਂ ਚੈਨਲਾਂ ਤੇ ਆਪਣੀਆਂ ਫੋਟੋਆਂ ਲਗਵਾ ਕੇ ਵਾਹ-ਵਾਹ ਖੱਟ ਰਹੇ ਹਨ। ਜਿਹੜੇ ਰਾਜਨੇਤਾ ਅਤੇ ਸਰਕਾਰੀ ਅਫਸਰ ਸਫਾਈ ਅਭਿਆਨ ਤਹਿਤ ਹੱਥ ਵਿੱਚ ਝਾੜੂ ਫੜ ਕੇ ਆਪਣੀ ਸ਼ੋਭਾ ਕਰਵਾ ਰਹੇ ਹਨ ਅਤੇ ਦੇਸ਼ ਦੇ ਹੀਰੋ ਬਣਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ ਇਹਨਾਂ ਵਿੱਚੋਂ ਬਹੁਤੇ ਰਾਜਨੇਤਾ ਅਤੇ ਅਫਸਰ ਅਕਸਰ ਸਫਾਈ ਦੀ ਥਾਂ ਗੰਦਗੀ ਫੈਲਾਉਣ ਵਿੱਚ ਹੀ ਭੂਮਿਕਾ ਨਿਭਾਂਉਦੇ ਹਨ। ਇਸ ਅਭਿਆਨ ਅਧੀਨ ਫੋਟੋ ਖਿਚਵਾਉਣ ਵਾਲੇ ਰਾਜਨੀਤੀਵਾਨਾਂ ਅਤੇ ਅਫਸਰਾਂ ਵਲੋਂ ਪਹਿਲਾਂ ਤੋਂ ਹੀ ਸਾਫ ਕੀਤੀਆਂ ਸੜ੍ਹਕਾਂ ਸਾਫ ਕਰਨ, ਸਫਾਈ ਕਰਨ ਤੋਂ ਪਹਿਲਾਂ ਅਪਣੀ ਮਰਜ਼ੀ ਵਾਲੀ ਗੰਦਗੀ ਸੁਟਵਾਉਣ ਦੀਆਂ ਫੋਟੋਆਂ ਅਤੇ ਖਬਰਾਂ ਨੇ ਇਹ ਸਪੱਸ਼ਟ ਕਰ ਦਿਤਾ ਹੈ ਕਿ ਇਨ੍ਹਾਂ ਅਫਸਰਾਂ ਅਤੇ ਰਾਜਨੀਤੀਵਾਨਾਂ ਨੂੰ ਸਫਾਈ ਅਭਿਆਨ ਅਤੇ ਸਫਾਈ ਰੱਖਣ ਵਾਲੇ ਲੋਕਾਂ ਨਾਲ ਕਿੰਨਾ ਪਿਆਰ ਹੈ। ਸਫਾਈ ਅਭਿਆਨ ਦੌਰਾਨ ਸਫਾਈ ਦੀ ਐਕਟਿੰਗ ਕਰਨ ਵਾਲੇ ਬਹੁਤੇ ਰਾਜਨੀਤੀਵਾਨਾਂ ਅਤੇ ਅਫਸਰਾਂ ਨੇ ਅਪਣੀ ਪਹੁੰਚ ਅਨੁਸਾਰ ਕਈ ਕਈ ਕਰਮਚਾਰੀ ਅਪਣੇ ਘਰਾਂ ਵਿੱਚ ਨਜਾਇਜ਼ ਤੌਰ ਤੇ ਸਫਾਈ ਲਈ ਰੱਖੇ ਹੋਏ ਹਨ। ਇਹ ਅਫਸਰ ਅਤੇ ਰਾਜਨੇਤਾ ਆਮ ਜਨਤਾ ਦੇ ਕੰਮ ਕਰਨ ਸਮੇਂ ਜਨਤਾ ਨੂੰ ਭਾਜੜਾਂ ਪਾਈ ਰੱਖਦੇ ਹਨ ਅਤੇ ਆਮ ਜਨਤਾ ਦੇ ਕੰਮਾਂ ਪ੍ਰਤੀ ਅਕਸਰ ਨਾਕਾਰਤਮਕ ਰਵੱਈਆਂ ਅਪਣਾਈ ਰੱਖਦੇ ਹਨ। ਦੇਸ਼ ਵਿੱਚ ਸਫਾਈ ਦੇ ਅਸਲੀ ਹੀਰੋ ਜੋ ਕਿ ਸਫਾਈ ਕਰਮਚਾਰੀ ਹਨ ਅਤੇ ਲੱਗਭੱਗ ਇੱਕ ਵਿਸ਼ੇਸ ਵਰਗ ਨਾਲ ਹੀ ਸਬੰਧਿਤ ਹਨ ਉਹਨਾਂ ਦੀ ਸਰਕਾਰ ਵੱਲੋਂ ਹਮੇਸ਼ਾਂ ਹੀ ਅਣਦੇਖੀ ਕੀਤੀ ਜਾਂਦੀ ਰਹੀ ਹੈ। ਸਫਾਈ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਅਕਸਰ ਘੱਟ ਤੋਂ ਘੱਟ ਮਿਹਨਤਾਨਾ ਮਿਲਦਾ ਹੈ ਅਤੇ ਸਭਤੋਂ ਵੱਧ ਕੰਮ ਕਰਨਾ ਪੈਂਦਾ ਹੈ। ਸਾਫ-ਸਫਾਈ ਦਾ ਕੰਮ ਕਰਨ ਵਾਲੇ ਬਹੁਤੇ ਲੋਕ ਗੰਦੀਆਂ ਬਸਤੀਆਂ ਵਿੱਚ ਰਹਿੰਦੇ ਹਨ ਜਿੱਥੇ ਕਿ ਹਮੇਸ਼ਾਂ ਹੀ ਗੰਦਗੀ ਦੀ ਭਰਮਾਰ ਰਹਿੰਦੀ ਹੈ ਜਿਸ ਕਾਰਨ ਸਮੇਂ-ਸਮੇਂ ਤੇ ਇਹਨਾਂ ਬਸਤੀਆਂ ਵਿੱਚ ਬਿਮਾਰੀਆਂ ਫੈਲਦੀਆਂ ਰਹਿੰਦੀਆਂ ਹਨ। ਇਹਨਾਂ ਬਸਤੀਆਂ ਵਿੱਚ ਨਾ ਤਾਂ ਪੀਣ ਵਾਲੇ ਪਾਣੀ ਅਤੇ ਬਿਜਲੀ ਦੀ ਕੋਈ ਉਚਿੱਤ ਵਿਵਸਥਾ ਹੁੰਦੀ ਹੈ ਅਤੇ ਨਾ ਹੀ ਪਖਾਨੇ ਦੀ। ਇਹ ਗਰੀਬ ਲੋਕ ਅੱਜ ਵੀ ਖੁੱਲੇ ਵਿੱਚ ਮਲਮੂਤਰ ਕਰਦੇ ਹਨ। ਦੇਸ਼ ਨੂੰ ਸਾਫ ਰੱਖਣ ਵਾਲੇ ਇਹਨਾਂ ਬਸਤੀ ਵਾਲਿਆਂ ਦੀ ਜਿੰਦਗੀ ਵੱਲ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ ਹੈ ਜਿਸ ਕਰਕੇ ਦੇਸ਼ ਦੀ ਆਜ਼ਾਦੀ ਤੋਂ 67 ਸਾਲ ਬਾਅਦ ਅੱਜ ਵੀ ਇਹ ਮੁੱਢਲੀਆਂ ਸਹੂਲਤਾਂ ਤੋਂ ਬਾਂਝੇ ਹਨ ਅਤੇ ਪਿੜ੍ਹੀ ਦਰ ਪਿੜ੍ਹੀ ਇਸ ਧੰਦੇ ਨਾਲ ਹੀ ਜੁੜ੍ਹੇ ਹੋਏ ਹਨ। ਦੇਸ਼ ਵਿੱਚ ਸੱਤਾ ਦਾ ਸੁੱਖ ਭੋਗਣ ਵਾਲੇ ਬਹੁਤੇ ਨੇਤਾਵਾਂ ਵੱਲੋਂ ਹਮੇਸ਼ਾਂ ਹੀ ਇਹਨਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਪ੍ਰਾਪਤ ਕਰ ਲਈਆਂ ਜਾਂਦੀਆ ਹਨ ਪਰ ਇਹਨਾਂ ਦੀ ਜਿੰਦਗੀ ਸੰਵਾਰਨ ਲਈ ਕੁਝ ਨਹੀਂ ਕਰਦੇ ਹਨ। ਇਹਨਾਂ ਸਫਾਈ ਕਰਮਚਾਰੀਆਂ ਲਈ ਨਾ ਤਾਂ ਰਹਿਣ ਲਈ ਚੰਗੇ ਘਰ ਹਨ ਅਤੇ ਨਾ ਹੀ ਇਹਨਾਂ ਦੇ ਬੱਚਿਆਂ ਦੇ ਪੜ੍ਹਨ ਲਈ ਚੰਗੇ ਸਕੂਲ ਹਨ, ਨਾਂ ਇਲਾਜ਼ ਲਈ ਹਸਪਤਾਲ ਹਨ। ਸਾਰੇ ਦੇਸ਼ ਦਾ ਗੰਦ ਸਾਫ ਕਰਨ ਵਾਲੇ ਇਹਨਾਂ ਸਫਾਈ ਕਰਮਚਾਰੀਆਂ ਦੀ ਹਾਲਤ ਅੱਜ ਵੀ ਇੰਨੀ ਮਾੜੀ ਕਿਉਂ ਹੈ? ਸਰਕਾਰਾਂ ਦੀਆਂ ਅਜਿਹੀਆਂ ਨੀਤੀਆਂ ਹਨ ਕਿ ਗਰੀਬ ਦਾ ਬੱਚਾ ਗਰੀਬ ਰਹੇ, ਮਜ਼ਦੂਰ ਦਾ ਬੱਚਾ ਮਜ਼ਦੂਰ ਬਣੇ ਅਤੇ ਸਫਾਈ ਕਰਮਚਾਰੀ ਦਾ ਬੱਚਾ ਸਫਾਈ ਹੀ ਕਰੇ। ਇਸਤੋਂ ਪਹਿਲਾਂ ਵੀ ਦੇਸ਼ ਵਿੱਚ ਸਫਾਈ ਅਭਿਆਨ ਚਲਾਇਆ ਗਿਆ ਸੀ। ਰਾਸ਼ਟਰਪਿਤਾ ਮਹਾਤਮਾ ਗਾਂਧੀ ਗਰੀਬ ਬਸਤੀਆਂ ਵਿੱਚ ਜਾ ਕੇ ਸਫਾਈ ਕਰਦੇ ਸਨ ਅਤੇ ਉਹਨਾਂ ਨੂੰ ਸਫਾਈ ਕਰਨ ਦੀ ਪ੍ਰੇਰਣਾਂ ਦਿੰਦੇ ਸਨ। ਹੁਣ ਵੀ ਕਦੀ-ਕਦੀ ਕੁਝ ਲੋਕ ਗਾਂਧੀ ਨੂੰ ਯਾਦ ਕਰਕੇ ਇਨ੍ਹਾਂ ਬਸਤੀਆਂ ਵਿੱਚ ਸਫਾਈ ਕਰ ਆਉਂਦੇ ਹਨ। ਇਹ ਵੀ ਹੈਰਾਨੀ ਦੀ ਗੱਲ ਹੈਕਿ ਸਦੀਆਂ ਤੋਂ ਸਫਾਈ ਦੇ ਕੰਮ ਨੂੰ ਘਟੀਆ ਤੇ ਨਫਰਤ ਭਰਿਆ ਸਮਝਿਆ ਜਾਰਿਹਾ ਹੈ।  ਅਤੇ ਇਸ ਕੰਮ ਲਈ ਇੱਕ ਵਿਸ਼ੇਸ਼ ਵਰਗ ਨੂੰ ਰੱਖਿਆ ਗਿਆ ਹੈ। ਅਜਾਦੀ ਤੋਂ ਪਹਿਲਾਂ ਅਤੇ ਬਾਦ ਵਿੱਚ ਬੇਸ਼ੱਕ ਦੇਸ਼ ਵਿੱਚ ਕਈ ਸਮਾਜ ਸੁਧਾਰਕ ਲਹਿਰਾਂ ਚਲਾਈਆਂ ਗਈਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਅਜਾਦੀ ਦੇ 67 ਸਾਲਾਂ ਬਾਦ ਵੀ ਇਸ ਕਿੱਤੇ ਵਿੱਚ ਉਚੱ ਵਰਗ ਦੇ ਲੋਕ ਨਹੀਂ ਆ ਰਹੇ ਹਨ ਅਤੇ ਹੁਣ ਵੀ ਇਨ੍ਹਾ ਨੌਕਰੀਆਂ ਤੇ ਇੱਕ ਵਿਸ਼ੇਸ਼ ਵਰਗ ਦੇ ਲੋਕ ਹੀ ਕੰਮ ਕਰ ਰਹੇ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਬਹੁਤੀਆਂ ਥਾਵਾਂ ਤੇ ਸਫਾਈ ਸੇਵਕਾਂ ਨੂੰ ਬਣਦੀਆਂ ਸਿਹਤ ਸੁਰਖਿੱਆ ਸਹੂਲਤਾਂ ਵੀ ਨਹੀਂ ਦਿਤੀਆਂ ਜਾਂਦੀਆਂ ਹਨ। ਠੇਕੇ ਤੇ ਕਰਵਾਏ ਜਾਂਦੇ ਸਫਾਈ ਦੇ ਕੰਮ ਵਿੱਚ ਇਨ੍ਹਾਂ ਕਰਮਚਾਰੀਆਂ ਦਾ ਆਰਥਿਕ ਸ਼ੋਸਣ ਕੀਤਾ ਜਾਂਦਾ ਹੈ। ਸਿਰਫ ਇੱਕ ਦਿਨ ਹੱਥ ਵਿੱਚ ਝਾੜੂ ਫੜ੍ਹ ਕੇ ਸਫਾਈ ਕਰਕੇ ਅਤੇ ਅਖਬਾਰਾਂ ਵਿੱਚ ਆਪਣੀਆਂ ਫੋਟੋਆਂ ਲਗਵਾ ਕੇ ਸਾਲ ਭਰ ਦਾ ਗੰਦ ਸਾਫ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਸਰਕਾਰ ਨੂੰ ਸਫਾਈ ਨਾਲ ਸੱਚਮੁੱਚ ਲਗਾਓ ਅਤੇ ਪਿਆਰ ਹੈ ਤਾਂ ਸਭਤੋਂ ਪਹਿਲਾਂ ਸਫਾਈ ਕਰਮਚਾਰੀਆਂ ਲਈ ਸਨਮਾਨਯੋਗ ਜਿੰਦਗੀ ਜਿਊਣ ਲਈ ਸਹੂਲਤਾਂ ਅਤੇ ਤਨਖਾਹਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸਫਾਈ ਕਰਮਚਾਰੀਆਂ ਦਾ ਸ਼ੋਸਣ ਕਰਨ ਵਾਲੇ ਰਾਜਨੀਤੀਵਾਨਾਂ ਅਤੇ ਕਰਮਚਾਰੀਆਂ ਖਿਲਾਫ ਸੱਖਤ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਦੇਸ਼ ਨੂੰ ਸਾਫ-ਸੁਥਰਾ ਰੱਖਣਾ ਹੈ ਤਾਂ ਮੰਤਰੀਆਂ ਅਤੇ ਅਫਸਰਾਂ ਨੂੰ ਹਰ ਰੋਜ਼ ਝਾੜੂ ਲਗਾ ਕੇ ਸਫਾਈ ਕਰਨੀ ਚਾਹੀਦੀ ਹੈ ਕਿਉਂਕਿ ਗੰਦ ਤਾਂ ਸਾਰਾ ਸਾਲ ਪੈਂਦਾ ਰਹਿੰਦਾ ਹੈ। ਸਵੱਛ ਭਾਰਤ ਬਣਾਉਣ ਲਈ ਗਲੀਆਂ ਸੜ੍ਹਕਾਂ ਸਾਫ ਕਰਨ ਨਾਲੋਂ ਵੱਧ ਭ੍ਰਿਸ਼ਟਾਚਾਰ, ਬੇਇਮਾਨੀ, ਬੇਰੋਜਗਾਰੀ, ਅਣਪੜ੍ਹਤਾ, ਗਰੀਬੀ, ਲਾਚਾਰੀ, ਧਰਮ, ਜਾਤਿ ਆਦਿ ਦੇ ਅਧਾਰ ਤੇ ਚੱਲ ਰਹੇ ਵਖਰੇਵਿਂਆਂ ਆਦਿ ਨੂੰ ਦੂਰ ਕਰਨ ਜਰੂਰੀ ਹੈ ਤਾਂ ਹੀ ਭਾਰਤ ਇੱਕ ਮਜ਼ਬੂਤ ਅਤੇ ਆਤਮ ਨਿਰਭਰ ਰਾਸ਼ਟਰ ਬਣ ਸਕੇਗਾ ਅਤੇ ਸਮੂਹ ਦੇਸ਼ਵਾਸੀ ਭਾਰਤੀ ਹੋਣ ਵਿੱਚ ਮਾਣ ਮਹਿਸੁਸ ਕਰਨਗੇ।  

ਕੁਲਦੀਪ ਚੰਦ ਭਾਰਤੀ
ਨੇੜੇ ਸਰਕਾਰੀ ਪ੍ਰਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜ਼ਿਲ੍ਹਾ ਰੂਪਨਗਰ ਪੰਜਾਬ
9417563054