ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ

 (ਅੱਤਿਆਚਾਰ ਰੋਕੂ) ਐਕਟ, 1989 ਅਧੀਨ ਨਹੀਂ ਹੋ ਰਹੀ ਬਣਦੀ ਕਾਰਵਾਈ।


ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਨਹੀਂ ਮਿਲ ਰਿਹਾ ਦਲਿਤਾਂ ਨੂੰ ਪੰਜਾਬ ਵਿੱਚ ਇਨਸਾਫ।

 1 ਨਵੰਬਰ, 2014(ਕੁਲਦੀਪ ਚੰਦ) ਦੇਸ਼ ਵਿੱਚ ਦਲਿਤਾਂ ਨਾਲ ਵਾਪਰਦੀਆਂ ਅਪਰਾਧਿਕ ਘਟਨਾਵਾਂ ਕਿਸੇ ਤੋਂ ਲੁਕੀਆਂ ਨਹੀਂ ਹਨ। ਬੇਸ਼ੱਕ ਸਦੀਆਂ ਤੋਂ ਲਿਤਾੜੇ ਗਏ ਸ਼ੂਦਰਾਂ ਨਾਲ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਸਮੇਂ ਸਮੇਂ ਤੇ ਸਮਾਜ ਦੇ ਰਹਿਵਰਾਂ ਨੇ ਅਵਾਜ਼ ਬੁਲੰਦ ਕੀਤੀ ਹੈ ਅਤੇ ਇਨ੍ਹਾਂ ਘਟਨਾਵਾਂ ਦਾ ਵਿਰੋਧ ਕੀਤਾ ਹੈ। ਅਜ਼ਾਦੀ ਤੋਂ ਬਾਅਦ ਤਿਆਰ ਕੀਤੇ ਗਏ ਭਾਰਤੀ ਸੰਵਿਧਾਨ ਵਿੱਚ ਵੀ ਇਸ ਤਰਾਂ ਦੀਆਂ ਅੱਤਿਆਚਾਰਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੱਖਤ ਕਨੂੰਨ ਬਣਾਏ ਗਏ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਪੀੜਿਤਾਂ ਨੂੰ ਇਨਸਾਫ ਦਿਵਾਉਣ ਲਈ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕੂ) ਐਕਟ, 1989 ਲਾਗੂ ਕੀਤਾ ਗਿਆ ਹੈ। ਇਸ ਐਕਟ ਅਧੀਨ ਪੀੜਿਤਾਂ ਨੂੰ ਮੁਆਵਜ਼ਾ ਅਤੇ ਦੋਸ਼ੀਆਂ ਨੂੰ ਸੱਖਤ ਸਜ਼ਾਵਾਂ ਦੇਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਐਕਟ ਅਨੁਸਾਰ ਜੇਕਰ ਕਿਸੇ ਵੀ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਵਿਅਕਤੀ ਤੇ ਕੋਈ ਗੈਰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਿਤ ਕੋਈ ਵਿਅਕਤੀ ਅੱਤਿਆਚਾਰ ਕਰਦਾ ਹੈ ਤਾਂ ਇਸ ਐਕਟ ਅਨੁਸਾਰ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਬੇਸ਼ੱਕ ਇਸ ਐਕਟ ਨੂੰ ਬਣਿਆਂ ਲੱਗਭੱਗ 25 ਸਾਲ ਹੋ ਗਏ ਹਨ ਪਰੰਤੂ ਹੁਣ ਵੀ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਇਸ ਐਕਟ ਨੂੰ ਸੱਖਤੀ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਪੰਜਾਬ ਰਾਜ ਵਿੱਚ ਸਰਕਾਰ ਵਲੋਂ 39 ਵੱਖ-ਵੱਖ ਜਾਤਾਂ ਨੂੰ ਅਨੁਸੂਚਿਤ ਜਾਤੀਆਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ। ਪੰਜਾਬ ਵਿੱਚ ਲੱਗਭੱਗ ਤੀਜਾ ਹਿੱਸਾ ਅਬਾਦੀ ਅਨੁਸੂਚਿਤ ਜਾਤੀਆਂ ਦੀ ਹੈ। ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਿਅਕਤੀਆਂ ਤੇ ਗੈਰ ਅਨੁਸੂਚਿਤ ਜਾਤੀਆਂ ਦੇ ਲੋਕਾਂ ਵਲੋਂ ਕੀਤੇ ਜਾਂਦੇ ਅੱਤਿਆਚਾਰ ਅਕਸਰ ਚਰਚਾ ਦਾ ਵਿਸ਼ਾ ਬਣਦੇ ਹਨ। ਕਈ ਵਾਰ ਅਜਿਹੇ ਮਾਮਲੇ ਮੀਡੀਆ ਵਿੱਚ ਆਣ ਕਾਰਨ ਅਤੇ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਵਲੋਂ ਦਬਾਅ ਵਧਣ ਕਾਰਨ ਸਰਕਾਰੀ ਅਧਿਕਾਰੀਆਂ ਵਲੋਂ ਇਸ ਐਕਟ ਅਧੀਨ ਮਾਮਲੇ ਦਰਜ਼ ਵੀ ਕੀਤੇ ਜਾਂਦੇ ਹਨ ਪਰੰਤੂ ਅਜਿਹੇ ਦਰਜ ਹੋਏ ਕੇਸਾਂ ਦੀ ਗਿਣਤੀ ਵਾਪਰਦੀਆਂ ਘਟਨਾਵਾਂ ਦੇ ਮੁਕਾਬਲੇ ਬਹੁਤ ਹੀ ਘੱਟ ਹੈ। ਦਲਿਤ ਫਾਂਉਡੇਸ਼ਨ ਦੇ ਫੈਲੋ ਕੁਲਦੀਪ ਚੰਦ ਵਲੋਂ ਇਸ ਸਬੰਧੀ ਸੂਚਨਾ ਅਧਿਕਾਰ ਐਕਟ ਅਧੀਨ ਰੂਪਨਗਰ ਜਿਲੇ ਦੇ ਵੱਖ ਵੱਖ ਅਧਿਕਾਰੀਆਂ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਵਿੱਚ ਇਸ ਸਬੰਧੀ ਸਚਾਈ ਸਾਹਮਣੇ ਆਈ ਹੈ। ਕੁਲਦੀਪ ਚੰਦ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਭਲਾਈ ਅਫਸਰ ਰੂਪਨਗਰ ਤੋਂ ਸੂਚਨਾ ਦਾ ਅਧਿਕਾਰ ਅਧੀਨ ਸੂਚਨਾ ਮੰਗੀ ਗਈ ਸੀ ਕਿ ਰੂਪਨਗਰ ਜ਼ਿਲ੍ਹੇ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਅਕਤੀਆਂ ਤੇ ਪਿਛਲੇ ਤਿੰਨ ਸਾਲਾਂ (2011, 2012, 2013) ਦੌਰਾਨ ਹੋਏ ਅੱਤਿਆਚਾਰਾਂ ਸਬੰਧੀ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕੂ) ਐਕਟ, 1989 ਅਧੀਨ ਕੁੱਲ ਕਿੰਨੇ ਕੇਸ ਦਰਜ ਹੋਏ ਹਨ ਅਤੇ ਇਸ ਸਮੇਂ ਦੌਰਾਨ (ਸਾਲ 2011, 2012, 2013) ਜ਼ਿਲ੍ਹੇ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਅਕਤੀਆਂ ਤੇ ਹੋਏ ਅੱਤਿਆਚਾਰਾਂ ਸਬੰਧੀ ਦਰਜ਼ ਹੋਏ ਕੇਸਾਂ ਵਿਚੋਂ ਕਿੰਨੇ ਵਿਅਕਤੀਆਂ ਨੂੰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕੂ) ਐਕਟ, 1989 ਅਧੀਨ ਬਣਦਾ ਮੁਆਵਜ਼ਾ ਦਿਤਾ ਗਿਆ ਹੈ। ਇਸਦੇ ਜਵਾਬ ਵਿੱਚ ਦਫ਼ਤਰ ਜ਼ਿਲ੍ਹਾ ਭਲਾਈ ਅਫਸਰ ਰੂਪਨਗਰ ਨੇ ਪੱਤਰ ਨੰਬਰ 369 ਮਿਤੀ 16.07.2014 ਰਾਹੀਂ ਦੱਸਿਆ ਹੈ ਕਿ ਇਨ੍ਹਾਂ ਤਿੰਨ ਸਾਲਾਂ ਦੌਰਾਨ ਜ਼ਿਲ੍ਹੇ ਵਿੱਚ ਕੁੱਲ 6 ਕੇਸ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕੂ) ਐਕਟ, 1989 ਅਧੀਨ ਦਰਜ਼ ਹੋਏ ਹਨ ਜਿਨ੍ਹਾਂ ਵਿੱਚ ਸੁਬੇਰਾ ਸਿੰਘ ਪੁੱਤਰ ਬੰਤਾ ਵਾਸੀ ਪਿੰਡ ਭਾਮੀਆਂ ਦਾ ਕੇਸ ਨੰਬਰ 88 ਮਿਤੀ 20.06.2011 ਨੂੰ ਧਾਰਾ 452,342,354,323,506,148,149, ਅਤੇ 3/4 ਐਸ.ਸੀ.ਐਸ.ਟੀ ਐਕਟ 1989 ਅਧੀਨ ਦਰਜ ਕੀਤਾ ਗਿਆ ਜੋ ਕਿ ਸੁਣਵਾਈ ਅਧੀਨ (ਜੇਰੇ ਸਮਾਇਤ) ਹੈ, ਮਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਮਾਣੇ ਮਾਜਰਾ ਦਾ ਕੇਸ ਨੰਬਰ 111 ਮਿਤੀ 2.08.2011 ਨੂੰ ਧਾਰਾ 3 (1) (2) ਐਸ.ਸੀ.ਐਸ.ਟੀ ਐਕਟ 1989 ਅਤੇ 506 ਭਾਰਤੀ ਦੰਡ ਸਹਿੰਤਾ ਅਧੀਨ ਦਰਜ ਕੀਤਾ ਗਿਆ ਜੋ ਕਿ ਸੁਣਵਾਈ ਅਧੀਨ (ਜੇਰੇ ਸਮਾਇਤ) ਹੈ, ਅਸ਼ੋਕ ਕੁਮਾਰ ਪੁੱਤਰ ਰੂਲੀਆਂ ਰਾਮ ਪਿੰਡ ਰੈਲ ਮਾਜਰਾ ਦਾ ਕੇਸ ਨੰਬਰ 53 ਮਿਤੀ 1.06.2012 ਨੂੰ ਅਧੀਨ ਧਾਰਾ 3/4 ਐਸ.ਸੀ.ਐਸ.ਟੀ ਐਕਟ 1989 ਅਧੀਨ ਦਰਜ ਕੀਤਾ ਗਿਆ ਜੋ ਕਿ ਸੁਣਵਾਈ ਅਧੀਨ (ਜੇਰੇ ਸਮਾਇਤ) ਹੈ, ਗੁਰਚਰਨ ਸਿੰਘ ਪੁੱਤਰ ਪ੍ਰਕਾਸ਼ ਚੰਦ ਵਾਸੀ ਪਿੰਡ ਬੀਕਾਪੁਰ ਦਾ ਕੇਸ ਨੰਬਰ 63 ਮਿਤੀ 26.06.2012 ਨੂੰ ਧਾਰਾ 3/3 (1) (10) 3 (1) (14) ਐਸ.ਸੀ.ਐਸ.ਟੀ ਐਕਟ 1989 ਅਧੀਨ ਦਰਜ ਕੀਤਾ ਗਿਆ ਜੋ ਕਿ ਸੁਣਵਾਈ ਅਧੀਨ (ਜੇਰੇ ਸਮਾਇਤ) ਹੈ, ਪ੍ਰਵੀਨ ਬੱਲ ਪੁੱਤਰੀ ਰਵਿੰਦਰ ਕੁਮਾਰ ਵਾਸੀ ਪਿੰਡ ਕਾਈਨੌਰ ਮੋਰਿੰਡਾ ਦਾ ਕੇਸ ਨੰਬਰ 173 ਮਿਤੀ 30.10.2012 ਨੂੰ ਧਾਰਾ 354/120-ਬੀ ਭਾਰਤੀ ਦੰਡ ਸਹਿੰਤਾ ਅਤੇ 3 (1) (2) 11/12 ਐਸ.ਸੀ.ਐਸ.ਟੀ ਐਕਟ 1989 ਅਧੀਨ ਦਰਜ ਕੀਤਾ ਗਿਆ ਜੋ ਕਿ ਸੁਣਵਾਈ ਅਧੀਨ (ਜੇਰੇ ਸਮਾਇਤ) ਹੈ ਅਤੇ ਦਲਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਪਿੰਡ ਹਰਨਾ ਥਾਣਾ ਵਡਾਲੀ ਆਲਾ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਕੇਸ ਨੰਬਰ 29 ਮਿਤੀ 15.04.2013 ਨੂੰ ਧਾਰਾ 376 ਵਾਧਾ ਜੁਰਮ 3 (1) (12) ਐਸ.ਸੀ.ਐਸ.ਟੀ ਐਕਟ 1989 ਅਧੀਨ ਦਰਜ ਕੀਤਾ ਗਿਆ ਹੈ ਜੋ ਕਿ ਸੁਣਵਾਈ ਅਧੀਨ (ਜੇਰੇ ਸਮਾਇਤ) ਹੈ ਸ਼ਾਮਿਲ ਹਨ।  ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਦੌਰਾਨ ਸਿਰਫ ਦੋ ਪੀੜਿਤ ਵਿਅਕਤੀਆਂ ਨੂੰ ਹੀ ਇਸ ਐਕਟ ਅਧੀਨ ਮੁਆਵਜ਼ਾ ਦਿੱਤਾ ਗਿਆ ਹੈ ਜਿਸ ਵਿੱਚ ਮਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਮਾਣੇ ਮਾਜਰਾ ਨੂੰ ਕੇਸ ਨੰਬਰ 111 ਮਿਤੀ 2.08.2011 ਨੂੰ 6250/- ਰੁਪਏ ਦਾ ਮੁਆਵਜ਼ਾ 13.02.2014 ਨੂੰ ਦਿੱਤਾ ਗਿਆ ਅਤੇ ਅਸ਼ੋਕ ਕੁਮਾਰ ਪੁੱਤਰ ਰੂਲੀਆਂ ਰਾਮ ਪਿੰਡ ਰੈਲ ਮਾਜਰਾ ਨੂੰ ਕੇਸ ਨੰਬਰ 53 ਮਿਤੀ 1.06.2012 ਨੂੰ 6250/- ਰੁਪਏ ਮੁਆਵਜ਼ਾ 13.02.2014 ਨੂੰ ਅਤੇ 8750/- ਰੁਪਏ ਮੁਆਵਜ਼ਾ 16.07.2014 ਨੂੰ ਦਿੱਤਾ ਗਿਆ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕ) ਐਕਟ,1989 ਦੀ ਧਾਰਾ 3 (1)(2) ਅਨੁਸਾਰ ਇਸ ਜੁਰਮ ਦੇ ਸ਼ਿਕਾਰ ਹਰ ਵਿਅਕਤੀ ਨੂੰ 25000/- ਰੁਪਏ ਜਾਂ ਵਧੇਰੇ, 25 ਪ੍ਰਤੀਸ਼ਤ ਚਾਰਜਸ਼ੀਟ ਦਾਖਲ ਹੋਣ ਸਮੇਂ ਅਤੇ 75 ਪ੍ਰਤੀਸ਼ਤ ਹੇਠਲੀ ਅਦਾਲਤ ਵੱਲੋਂ ਅਪਰਾਧੀ ਕਰਾਰ ਦਿੱਤੇ ਜਾਣ ਉਪਰੰਤ ਦਿੱਤੇ ਜਾਣੇ ਚਾਹੀਦੇ ਹਨ। ਪਰ ਦੇਖਣ ਵਿੱਚ ਆਇਆ ਹੈ ਕਿ ਐਸ.ਸੀ.ਐਸ.ਟੀ ਐਕਟ 1989 ਅਧੀਨ ਦਰਜ ਕੇਸਾਂ ਵਿੱਚ ਮੁਆਵਜ਼ੇ ਦੀ ਰਾਸ਼ੀ ਘੱਟੋ-ਘੱਟ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਐਸ.ਐਸ.ਪੀ. ਦਫਤਰ ਰੂਪਨਗਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਵਿੱਚ ਪੈਂਦੇ ਥਾਣਾ ਸਿਟੀ ਰੂਪਨਗਰ, ਥਾਣਾ ਨੂਰਪੁਰ ਬੇਦੀ, ਅਤੇ ਥਾਣਾ ਸਦਰ ਰੂਪਨਗਰ ਵਿੱਚ ਸਾਲ 2011, ਸਾਲ 2012 ਅਤੇ ਸਾਲ 2013 ਵਿੱਚ ਇਸ ਸਬੰਧੀ ਕੋਈ ਵੀ ਕੇਸ ਦਰਜ ਨਹੀਂ ਹੋਇਆ ਹੈ। ਥਾਣਾ ਮੋਰਿੰਡਾ ਵਿੱਚ ਸਾਲ 2012 ਵਿੱਚ ਪਰਵੀਨ ਬੱਲ ਪੁੱਤਰੀ ਰਵਿੰਦਰ ਕੁਮਾਰ ਵਾਸੀ ਕਾਈਨੋਰ ਥਾਣਾ ਮੋਰਿੰਡਾ ਮੁਕੱਦਮਾ ਨੰਬਰ 173 ਮਿਤੀ 30.10.2012 ਜੋ ਕਿ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਥਾਣਾ ਸਿੰਘ ਭਗਵੰਤਪੁਰ ਜ਼ਿਲ੍ਹਾ ਰੂਪਨਗਰ ਵਿੱਚ ਦਲਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਹਰਨਾ ਪੋਸਟ ਆਫਿਸ ਬਡਾਲੀ ਅੱਲਾ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਮਿਤੀ 15.04.2013 ਨੂੰ ਕੇਸ ਨੰਬਰ 29 ਦਰਜ ਕੀਤਾ ਗਿਆ ਹੈ ਜੋ ਕਿ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਥਾਣਾ ਚਮਕੌਰ ਸਾਹਿਬ ਵਿੱਚ ਸਾਲ 2011 ਵਿੱਚ ਨਿਰਮਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਬਰਸਾਲਪੁਰ ਕੇਸ ਨੰਬਰ 111 ਮਿਤੀ 2.8.2011 ਨੂੰ ਦਰਜ਼ ਕੀਤਾ ਗਿਆ ਹੈ ਅਤੇ ਅਦਾਲਤ ਵਿੱਚ ਸੁਣਵਾਈ ਅਧੀਨ ਹੈ, ਸਾਲ 2013 ਵਿੱਚ ਗੁਰਚਰਨ ਕੌਰ ਪੁੱਤਰੀ ਸੋਹਣ ਸਿੰਘ ਵਾਸੀ ਭਲਿਆਣ ਕੇਸ ਨੰਬਰ 109 ਮਿਤੀ 26.6.2013 ਨੂੰ ਦਰਜ ਕੀਤਾ ਗਿਆ ਸੀ ਜੋਕਿ ਮਿਤੀ ਮਿਤੀ 30.11.2013 ਨੂੰ  ਅਦਾਲਤ ਵਲੋਂ ਖਤਮ ਕੀਤਾ ਗਿਆ ਹੈ। ਸਾਲ 2014 ਵਿੱਚ ਮਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਮਾਣੇਮਾਜਰਾ ਥਾਣਾ ਚਮਕੌਰ ਸਾਹਿਬ ਕੇਸ ਨੰਬਰ 88 ਮਿਤੀ 20.6.2014 ਨੂੰ ਦਰਜ਼ ਕੀਤਾ ਗਿਆ ਹੈ ਅਤੇ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਥਾਣਾ ਨੰਗਲ ਵਿੱਚ ਸਾਲ 2012 ਵਿੱਚ ਅਸ਼ੋਕ ਕੁਮਾਰ ਪੁੱਤਰ ਰੁਲੀਆ ਰਾਮ ਵਾਸੀ ਮੋਜੋਵਾਲ ਕੇਸ ਨੰਬਰ 53 ਮਿਤੀ 01.06.2012  ਨੂੰ ਦਰਜ਼ ਕੀਤਾ ਗਿਆ ਹੈ ਅਤੇ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਥਾਣਾ ਕੀਰਤਪੁਰ ਸਾਹਿਬ ਵਿੱਚ ਸਾਲ 2012 ਵਿੱਚ ਕੇਸ ਨਾ ਮਾਲੂਮ ਵਿਅਕਤੀਆਂ ਖਿਲਾਫ਼ ਕੇਸ ਨੰਬਰ 06 ਮਿਤੀ 25.01.2012 ਨੂੰ ਦਰਜ ਕੀਤਾ ਗਿਆ। ਥਾਣਾ ਅਨੰਦਪੁਰ ਸਾਹਿਬ ਵਿੱਚ ਸਾਲ 2011 ਵਿੱਚ ਗੁਰਚਰਨ ਸਿੰਘ ਪੁੱਤਰ ਪ੍ਰਕਾਸ਼ ਚੰਦ ਕੇਸ ਨੰਬਰ 63 ਮਿਤੀ 26/06/2012 ਨੂੰ ਦਰਜ਼ ਕੀਤਾ ਗਿਆ ਹੈ ਅਤੇ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਭਲਾਈ ਅਫਸਰ ਅਨੁਸਾਰ ਇਨ੍ਹਾਂ ਤਿੰਨਾਂ ਸਾਲਾਂ ਦੌਰਾਨ ਸਿਰਫ 6 ਮਾਮਲੇ ਹੀ ਦਰਜ਼ ਹੋਏ ਹਨ ਜਦਕਿ ਐਸ ਐਸ ਪੀ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਵਿੱਚ ਵੱਖ ਵੱਖ ਥਾਣਿਆਂ ਵਿੱਚ 8 ਕੇਸ ਦਰਜ਼ ਹੋਏ ਹਨ।  ਇਸਤੋਂ ਵੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਐਸ ਐਸ ਪੀ ਦਫਤਰ ਵਲੋਂ ਪ੍ਰਾਪਤ ਜਾਣਕਾਰੀ ਵਿੱਚ ਜਿਨ੍ਹਾਂ 8 ਕੇਸਾਂ ਬਾਰੇ ਜਾਣਕਾਰੀ ਦਿਤੀ ਗਈ ਹੈ ਉਨ੍ਹਾਂ ਵਿੱਚੋਂ ਜਿਲ੍ਹਾ ਭਲਾਈ ਅਫਸਰ ਦੇ ਦਫਤਰ ਤੋਂ ਪ੍ਰਾਪਤ ਜਾਣਕਾਰੀ ਵਿੱਚ ਸਿਰਫ 4 ਦਾ ਹੀ ਜ਼ਿਕਰ ਹੈ ਅਤੇ 4 ਸਬੰਧੀ ਕੋਈ ਜਾਣਕਾਰੀ ਨਹੀਂ ਹੈ ਇਸੇ ਤਰਾਂ ਜਿਲ੍ਹਾ ਭਲਾਈ ਅਫਸਰ ਦਫਤਰ ਵਲੋਂ ਜਿਨ੍ਹਾਂ 6 ਕੇਸਾਂ ਦਾ ਜਿਕਰ ਕੀਤਾ ਗਿਆ ਹੈ ਐਸ ਐਸ ਪੀ ਦਫਤਰ ਵਲੋਂ ਉਨ੍ਹਾਂ ਵਿਚੋਂ 2 ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿਤੀ ਗਈ ਹੈ। ਇੱਕ ਕੇਸ ਗੁਰਚਰਨ ਸਿੰਘ ਪੁੱਤਰ ਪ੍ਰਕਾਸ਼ ਚੰਦ ਵਾਸੀ ਪਿੰਡ ਬੀਕਾਪੁਰ ਕੇਸ ਨੰਬਰ 63 ਜਿਲ੍ਹਾ ਭਲਾਈ ਦਫਤਰ ਅਨੁਸਾਰ ਮਿਤੀ 26.06.2012 ਨੂੰ ਦਰਜ਼ ਕੀਤਾ ਗਿਆ ਹੈ ਜਦਕਿ ਐਸ ਐਸ ਪੀ ਦਫਤਰ ਤੋਂ ਪ੍ਰਾਪਤ ਜਾਦਕਾਰੀ ਅਨੁਸਾਰ ਇਹ ਕੇਸ ਮਿਤੀ 7/7/2011 ਨੂੰ ਦਰਜ਼ ਕੀਤਾ ਗਿਆ ਹੈ। ਸਿਰਫ ਰੂਪਨਗਰ ਜਿਲ੍ਹੇ ਵਿੱਚ ਸਰਕਾਰੀ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਤੋਂ ਸਾਬਤ ਹੁੰਦਾ ਹੈ ਕਿ ਅਨੁਸੂਚਿਤ ਜਾਤਾਂ ਨਾਲ ਸਬੰਧਿਤ ਵਿਅਕਤੀਆਂ ਤੇ ਹੋਣ ਵਾਲੇ ਅਤਿਆਚਾਰਾਂ ਨੂੰ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਗੰਭੀਰਤਾ ਨਾਲ ਨਹੀਂ ਲੈਂਦੇ ਹਨ ਅਤੇ ਬਹੁਤੇ ਕੇਸਾਂ ਵਿੱਚ ਰਾਜਨੀਤਿਕ ਦਬਾਅ ਪੈਣ ਕਾਰਨ ਸਮਝੋਤਾ ਕਰਵਾਉਣ ਵਿੱਚ ਹੀ ਦਿਲਚਸਪੀ ਵਿਖਾਂਉਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਨੁਸੂਚਿਤ ਜਾਤਾਂ ਨਾਲ ਸਬੰਧਿਤ ਵਿਅਕਤੀਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਲਈ ਜਿੰਮੇਵਾਰ ਵਿਅਕਤੀਆਂ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਸੱਖਤ ਕਾਰਵਾਈ ਕਰੇ।   

ਕੁਲਦੀਪ  ਚੰਦ 
9417563054