ਘਰੇਲੂ ਗੈਸ ਸਿਲੰਡਰਾਂ ਦੀ ਸੁੱਸਤ ਸਪਲਾਈ ਤੋਂ ਆਮ ਜਨਤਾ ਪ੍ਰੇਸ਼ਾਨ।

ਆਨ ਲਾਇਨ ਬੂਕਿੰਗ ਬਣੀ ਗਾਹਕਾਂ ਲਈ ਮੁਸੀਬਤ। ਬੂਕਿੰਗ ਤੋਂ ਬਾਦ ਮਹੀਨੇ  ਬਾਦ ਵੀ ਨਹੀਂ ਮਿਲ ਰਹੀ ਸਪਲਾਈ।

28 ਅਕਤੂਬਰ, 2014 (
ਕੁਲਦੀਪ ਚੰਦ) ਰਸੋਈ ਗੈਸ ਜੋ ਕਿ ਅੱਜ ਹਰ ਘਰ ਦੀ ਮੁਢਲੀ ਜਰੂਰਤ ਬਣ ਗਈ ਹੈ ਅਤੇ ਇਸ ਤੋਂ ਬਿਨਾਂ ਜਿੰਦਗੀ ਅਸੰਭਵ ਲਗਦੀ ਹੈ। ਇਲਾਕੇ ਵਿੱਚ ਗੈਸ ਏਜੰਸੀਆਂ ਵਲੋਂ ਕੀਤੀ ਜਾ ਰਹੀ ਘਪਲੇਵਾਜੀ ਦੀਆਂ ਅਕਸਰ ਸਿਕਾਇਤਾਂ ਆਂਦੀਆਂ ਹਨ। ਲੋਕ ਅਕਸਰ ਸਿਲੰਡਰਾਂ ਵਿੱਚ ਗੈਸ ਘਟ ਹੋਣ, ਸਿਲੰਡਰਾਂ ਵਿਚੋਂ ਗੈਸ ਦੀ ਥਾਂ ਪਾਣੀ ਨਿਕਲਣ ਦੀਆਂ ਸਿਕਾਇਤਾਂ ਕਰਦੇ ਹਨ ਪਰੰਤੂ ਗੈਸ ਏਜੰਸੀ ਵਾਲਿਆਂ ਵਲੋਂ ਕੋਈ ਸੁਣਵਾਈ ਨਹੀਂ ਹੁੰਦੀ ਸੀ। ਨੰਗਲ ਵਿੱਚ ਕੁੱਝ ਮਹੀਨੇ ਪਹਿਲਾਂ ਗੈਸ ਸਪਲਾਈ ਵਿੱਚ ਹੋ ਰਹੀ ਚੋਰੀ ਵੀ ਖੁਰਾਕ ਵਿਭਾਗ ਨੇ ਪਕੜੀ ਸੀ ਅਤੇ ਹੋਰ ਕਈ ਤਰਾਂ ਦੀਆਂ ਕੋਤਾਹੀਆਂ ਸਾਹਮਣੇ ਆਈਆਂ ਸਨ। ਸਰਕਾਰ ਵਲੋਂ ਬੇਸ਼ੱਕ ਲੋਕਾਂ ਨੂੰ ਸਮੇਂ ਸਿਰ ਗੈਸ ਸਪਲਾਈ ਕਰਨ ਲਈ ਗੈਸ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰੰਤੂ ਨੰਗਲ ਵਿੱਚ ਗੈਸ ਏਜੰਸੀਆਂ ਵਲੋਂ ਸਰਕਾਰ ਦੇ ਹੁਕਮਾਂ ਨੂੰ ਅਣਗੋਲਿਆਂ ਕੀਤਾ ਜਾਂਦਾ ਹੈ। ਘਰੇਲੂ ਗੈਸ ਸਿਲੰਡਰ ਦੀ ਸੁਸਤ ਸਪਲਾਈ ਤੋਂ ਆਮ ਜਨਤਾ ਬਹੁਤ ਪ੍ਰੇਸ਼ਾਨ ਹੈ ਅਤੇ ਲੋਕ ਬੇਹਾਲ ਹੋਏ ਸਿਲੰਡਰ ਪ੍ਰਾਪਤ ਕਰਨ ਲਈ ਇਧਰ-ਉਧਰ ਭਟਕ ਰਹੇ ਹਨ। ਹੁਣ ਘਰੇਲੂ ਸਿਲੰਡਰ ਪ੍ਰਾਪਤ ਕਰਨਾ ਵੀ ਕਿਸੇ ਲੜਾਈ ਨੂੰ ਜਿੱਤਣ ਤੋਂ ਘੱਟ ਨਹੀਂ ਹੈ। ਨੰਗਲ ਇਲਾਕੇ ਵਿੱਚ ਰਸੋਈ ਗੈਸ ਦੀ ਸਪਲਾਈ ਲਈ ਇਸ ਵੇਲੇ ਦੋ ਗੈਸ ਏਜੰਸੀਆਂ ਕੰਮ ਕਰ ਰਹੀਆਂ ਹਨ। ਇਹਨਾਂ ਤੋਂ ਇਲਾਵਾ ਐਨ ਐਫ ਐਲ ਦੇ ਵਰਕਰਾਂ ਨੂੰ ਰਸੋਈ ਗੈਸ ਦੀ ਸਪਲਾਈ ਉਹਨਾਂ ਦੇ ਅਪਣੇ ਕੋ-ਆਪਰੇਟਿਵ ਸਟੋਰ ਵਲੋਂ ਕੀਤੀ ਜਾਂਦੀ ਹੈ। ਦੋ ਗੈਸ ਏਜੰਸੀਆਂ ਹੋਣ ਦੇ ਬਾਵਜੂਦ ਵੀ ਆਮ ਜਨਤਾ ਨੂੰ ਸਿਲੰਡਰ ਬੁੱਕ ਕਰਵਾਉਣ ਤੋਂ ਮਹੀਨੇ ਬਾਅਦ ਵੀ ਮੁਸ਼ਕਿਲ ਨਾਲ ਸਿਲੰਡਰ ਪ੍ਰਾਪਤ ਹੋ ਰਿਹਾ ਹੈ। ਗੈਸ ਕੰਪਨੀ ਨੇ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ 24 ਘੰਟੇ 365 ਦਿਨ ਆਟੋਮੇਟਿਡ ਇੰਡੇਨ ਐਲ.ਪੀ.ਜੀ. ਸਿਲੰਡਰ ਬੁਕਿੰਗ ਸਿਸਟਮ ਸ਼ੁਰੂ ਕੀਤਾ ਹੈ ਜਿਸ ਲਈ ਚੰਡੀਗੜ੍ਹ ਦੇ ਆਫਿਸ ਵਿੱਚ ਫੋਨ ਨੰਬਰ 97813-24365 ਤੇ ਫੋਨ ਕਰਕੇ ਜਾਂ ਐਸ ਐਮ ਐਸ ਕਰਕੇ ਸਿਲੰਡਰ ਬੁੱਕ ਕੀਤਾ ਜਾ ਸਕਦਾ ਹੈ। ਇਸ ਨੰਬਰ ਤੇ ਸਿਲੰਡਰ ਬੁੱਕ ਕਰਵਾਉਣ ਤੇ ਕੰਪਨੀ ਨੇ ਦਾਵਾ ਕੀਤਾ ਸੀ ਕਿ ਬੁਕਿੰਗ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਸਿਲੰਡਰ ਉਪਭੋਗਤਾ ਦੇ ਘਰ ਵਿੱਚ ਪਹੁੰਚਾ ਦਿੱਤਾ ਜਾਵੇਗਾ। ਪਰ ਇੱਥੇ ਸਿਲੰਡਰ ਬੁੱਕ ਕਰਵਾਉਣ ਤੋਂ ਬਾਅਦ 14-15 ਦਿਨਾਂ ਬਾਅਦ ਕੈਸ਼ ਮੀਮੋ ਦਾ ਮੈਸੇਜ ਆਉਂਦਾ ਹੈ ਕਿ ਜਲਦੀ ਹੀ ਤੁਹਾਨੂੰ ਸਿਲੰਡਰ ਪਹੁੰਚਾ ਦਿੱਤਾ ਜਾਵੇਗਾ। ਪਰ ਇਸਤੋਂ ਬਾਅਦ ਵੀ 14-15 ਦਿਨਾਂ ਤੱਕ ਸਿਲੰਡਰ ਦੀ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਕੋਈ ਮਹੀਨੇ ਬਾਅਦ ਹੀ ਸਿਲੰਡਰ ਪ੍ਰਾਪਤ ਹੁੰਦਾ ਹੈ ਜਿਸਤੋਂ ਆਮ ਜਨਤਾ ਬਹੁਤ ਪ੍ਰੇਸ਼ਾਨ ਹੋ ਰਹੀ ਹੈ। ਜੇਕਰ ਉਪਭੋਗਤਾ ਸਥਾਨਕ ਗੈਸ ਏਜੰਸੀਆਂ ਨਾਲ ਸੰਪਰਕ ਕਰਦੇ ਹਨ ਤਾਂ ਉਹ ਘੱਟ ਸਪਲਾਈ ਦਾ ਬਹਾਨਾ ਲਗਾ ਦਿੰਦੇ ਹਨ ਜਾਂ ਕਹਿ ਦਿੰਦੇ ਹਨ ਕਿ ਸਟਾਫ ਦੀ ਕਮੀ ਹੈ ਅਤੇ ਆਪਣਾ ਪੱਲਾ ਝਾੜ ਲੈਂਦੇ ਹਨ। ਗੈਸ ਕੰਪਨੀਆਂ ਵਲੋਂ ਫੋਨ ਤੇ ਬੂਕਿੰਗ ਵਾਲਾ ਫੈਸਲਾ ਗੈਸ ਏਜੰਸੀਆਂ ਦੇ ਮਾਲਕਾਂ ਲਈ ਲਾਹੇ ਦਾ ਧੰਦਾ ਬਣ ਗਿਆ ਹੈ ਜਦਕਿ ਉਪਭੋਗਤਾਵਾਂ ਲਈ ਮੁਸੀਬਤ ਬਣ ਗਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਇੱਕ ਗੈਸ ਏਜੰਸੀ ਅੱਗੇ ਲੱਗੀ ਗਾਹਕਾਂ ਦੀ ਭੀੜ ਇਹ ਦੱਸਦੀ ਹੈ ਕਿ ਕਈ ਗਾਹਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਸਿਲੰਡਰ ਨਹੀਂ ਮਿਲਿਆ ਹੈ। ਗੈਸ ਏਜੰਸੀ ਵਾਲਿਆਂ ਵਲੋਂ ਗਾਹਕਾਂ ਨੂੰ ਇਸ ਸਬੰਧੀ ਸਹੀ ਜਾਣਕਾਰੀ ਦੇਣ ਲਈ ਕੋਈ ਵੀ ਕਦਮ ਨਹੀਂ  ਚੁੱਕੇ ਗਏ ਹਨ ਜਿਸ ਕਾਰਨ ਦੂਰੋਂ ਦੂਰੋਂ ਗਾਹਕ ਗੈਸ ਏਜੰਸੀ ਦੇ ਬਾਹਰ ਖੜੇ ਸਨ। ਅੱਜ ਗੈਸ ਏਜੰਸੀ ਦੇ ਬਾਹਰ ਖੜੇ ਕੁਲਦੀਪ ਕੁਮਾਰ, ਵਰਿੰਦਰ ਸਿੰਘ, ਨਸੀਬ ਚੰਦ, ਐਸ ਕੇ ਸ਼ਰਮਾ, ਰਾਮ ਕ੍ਰਿਸ਼ਨ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਲੱਗਭੱਗ 15-20 ਦਿਨ ਪਹਿਲਾਂ ਬੂਕਿੰਗ ਕਰਵਾਈ ਸੀ ਪਰੰਤੂ ਕੈਸ਼ ਮਿਮੋ ਦਾ ਮੈਸੇਜ ਆਣ ਦੇ ਬਾਬਜੂਦ ਹੁਣ ਤੱਕ ਸਿਲੰਡਰ ਨਹੀਂ ਮਿਲਿਆ ਹੈ। ਕਈ ਗਾਹਕਾਂ ਨੇ ਦੱਸਿਆ ਕਿ ਬੇਸ਼ੱਕ ਏਜੰਸੀ ਵਿਚੋਂ ਪਰਚੀ ਮਿਲੀ ਹੈ ਪਰੰਤੂ ਗੋਦਾਮ ਵਿੱਚ ਸਿਲੰਡਰ ਨਹੀਂ ਮਿਲਿਆ ਹੈ। ਇੱਕ ਗਾਹਕ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ 13 ਅਕਤੂਬਰ ਨੂੰ ਕੈਸ਼ ਮਿਮੋ ਕੱਟਣ ਸਬੰਧੀ ਫੋਨ ਤੇ ਮੈਸੇਜ ਆਇਆ ਸੀ ਪਰੰਤੂ ਹੁਣ ਤੱਕ ਸਿਲੰਡਰ ਨਹੀਂ ਮਿਲਿਆ ਹੈ ਅਤੇ ਗੈਸ ਏਜੰਸੀ ਵਾਲਿਆਂ ਵਲੋਂ ਵੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। ਗੈਸ ਏਜੰਸੀ ਵਾਲਿਆਂ ਦਾ ਕਹਿਣਾ ਸੀ ਕਿ ਪਿਛੋਂ ਸਪਲਾਈ ਘਟ ਆਣ ਕਾਰਨ ਸਪਲਾਈ ਵਿੱਚ ਦੇਰੀ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਗੈਸ ਏਜੰਸੀ ਦੇ ਬਾਹਰ ਲੱਗਿਆ ਬੋਰਡ ਖਾਲੀ ਸੀ ਜਿਸਤੋਂ ਪਤਾ ਚੱਲਦਾ ਹੈ ਕਿ ਕਿਤੇ ਕੋਈ ਗੋਲਮਾਲ ਹੈ। ਇਸ ਸਬੰਧੀ ਜਦੋਂ ਗੈਸ ਕੰਪਨੀਆਂ ਵਲੋਂ ਜਾਰੀ ਕਿਤੇ ਗਏ ਫੋਨ ਨੰਬਰ 18002333555 ਤੇ ਸੰਪਰਕ ਕੀਤਾ ਤਾਂ ਫੋਨ ਤੇ ਹਾਜਰ ਅਧਿਕਾਰੀਆਂ ਨੇ ਦੱਸਿਆ ਕਿ ਕਈ ਗਾਹਕਾਂ ਦੀਆਂ ਸ਼ਿਕਾਇਤਾਂ ਇਸ ਸਬੰਧੀ ਮਿਲੀਆਂ ਹਨ ਜਿਸ ਲਈ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਆਮ ਜਨਤਾ ਸਿਲੰਡਰ ਪ੍ਰਾਪਤ ਕਰਨ ਲਈ ਵੀ ਪ੍ਰੇਸ਼ਾਨ ਹੋ ਰਹੀ ਹੈ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇੱਕ ਸਾਲ ਵਿੱਚ ਸਰਕਾਰ ਵਲੋਂ ਮੰਨਜੂਰ ਕੀਤੇ ਗਏ ਸਬਸਿਡੀ ਵਾਲੇ 12 ਸਿਲੰਡਰ ਵੀ ਕਿਸੇ ਉਪਭੋਗਤਾ ਨੂੰ ਨਹੀਂ ਮਿਲਣਗੇ। ਗੈਸ ਕੰਪਨੀ ਅਤੇ ਸਥਾਨਕ ਗੈਸ ਏਜੰਸੀਆਂ ਦੀਆਂ ਮਨਮਾਨੀਆਂ ਕਾਰਨ ਆਮ ਜਨਤਾ ਸਿਲੰਡਰ ਪ੍ਰਾਪਤ ਕਰਨ ਲਈ ਭਟੱਕ ਰਹੀ ਹੈ ਪਰ ਆਮ ਜਨਤਾ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ। ਪਰ ਇਹ ਦੇਖਣ ਵਾਲੀ ਗੱਲ ਹੈ ਕਿ ਹੋਟਲਾਂ, ਢਾਬਿਆਂ ਅਤੇ ਖਾਣ-ਪੀਣ ਵਾਲੀਆਂ ਰੇਹੜੀਆਂ ਤੇ ਘਰੇਲੂ ਸਿਲੰਡਰਾਂ ਦੀ ਵਰਤੋਂ ਜ਼ੋਰਾਂ ਨਾਲ ਹੋ ਰਹੀ ਹੈ। ਜੇਕਰ ਗੈਸ ਏਜੰਸੀਆਂ ਦੇ ਕਹਿਣ ਮੁਤਾਬਿਕ ਕਿ ਪਿਛੋਂ ਹੀ ਗੈਸ ਦੀ ਸਪਲਾਈ ਘੱਟ ਹੈ ਤਾਂ ਇਹਨਾਂ ਹੋਟਲਾਂ, ਢਾਬਿਆਂ ਅਤੇ ਰੇਹੜੀਆਂ ਵਾਲਿਆਂ ਨੂੰ ਘਰੇਲੂ ਗੈਸ ਸਿਲੰਡਰ ਕਿੱਥੋਂ ਪ੍ਰਾਪਤ ਹੋ ਰਹੇ ਹਨ। ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੈਸ ਏਜੰਸੀਆਂ ਵਾਲਿਆਂ ਵਲੋਂ ਮਚਾਈ ਜਾ ਰਹੀ ਲੁੱਟ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਇਆ ਜਾਵੇ ਅਤੇ ਜਿੰਮੇਵਾਰ ਗੈਸ ਏਜੰਸੀ ਮਾਲਕਾਂ ਖਿਲਾਫ ਸੱਖਤ ਕਾਰਵਾਈ ਕੀਤੀ ਜਾਵੇ।

ਕੁਲਦੀਪ ਚੰਦ
9417563054