ਅਵਾਜ਼ ਦੇ ਪ੍ਰਦੂਸ਼ਣ ਤੋਂ ਇਲਾਕਾ ਵਾਸੀ ਦੁਖੀ ਇਲਾਕਾਵਾਸੀਆਂ ਨੇ ਇਸ ਨੂੰ ਸਖਤੀ ਨਾਲ ਰੋਕਣ ਦੀ ਮੰਗ ਕੀਤੀ।

15 ਸਤੰਬਰ, 2014 (ਕੁਲਦੀਪ ਚੰਦ) ਨੰਗਲ ਸ਼ਹਿਰ ਬੇਸ਼ਕ ਅਪਣੇ ਸ਼ਾਂਤਮਈ ਵਾਤਾਵਰਣ ਲਈ ਪ੍ਰਸਿੱਧ ਹੈ ਪਰ ਅੱਜ ਕੱਲ ਲੋਕ ਸ਼ੋਰ ਪ੍ਰਦੂਸ਼ਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਜ਼ਿਕਰਯੋਗ ਹੈ ਕਿ ਬੇਸ਼ਕ ਮਾਣਯੋਗ ਸੁਪਰੀਮ ਕੌਰਟ ਵਲੋਂ ਇਸ ਸਮੱਸਿਆ ਦੇ ਹੱਲ ਲਈ ਸੱਖਤ ਹੁਕਮ ਦਿੱਤੇ ਗਏ ਹਨ ਜਿਹਨਾਂ ਅਨੁਸਾਰ ਰਾਤ 10 ਵਜ਼ੇ ਤੋਂ ਲੈਕੇ ਸਵੇਰੇ 6 ਵਜ਼ੇ ਤੱਕ ਕਿਸੇ ਵੀ ਤਰਾਂ ਦੇ ਸਪੀਕਰਾਂ ਦੀ ਵਰਤੋਂ ਦੀ ਪੁਰੀ ਤਰਾਂ ਮਨਾਹੀ ਹੈ ਅਤੇ ਧਾਰਮਿਕ ਅਦਾਰਿਆਂ ਲਈ ਅਵਾਜ਼ ਕੰਟਰੋਲ ਵਿੱਚ ਰੱਖਣ ਅਤੇ ਸਪੀਕਰ ਧਾਰਮਿਕ ਅਦਾਰਿਆਂ ਦੇ ਅੰਦਰ ਲਗਾਉਣ ਦੇ ਹੁਕਮ ਹਨ ਪਰ ਇਹਨਾਂ ਹੁਕਮਾਂ ਦਾ ਇਲਾਕੇ ਵਿੱਚ ਕੋਈ ਖਾਸ ਅਸਰ ਨਹੀਂ ਹੋ ਰਿਹਾ ਹੈ । ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ ਅਤੇ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਡੀ ਜੇ ਸਿਸਟਮ ਦੀ ਹੋ ਰਹੀ ਦੇਰ ਰਾਤ ਤੱਕ ਵਰਤੋਂ ਨਾਲ ਮਾਣਯੋਗ ਸੁਪਰੀਮ ਕੌਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ।ਇਹ ਭੀ ਦੇਖਣ ਵਿੱਚ ਆਇਆ ਹੈ ਕਿ ਬੇਸ਼ਕ ਕਈ ਸਿਹਤ ਅਤੇ ਵਿਦਿਅਕ ਅਦਾਰਿਆਂ ਦੇ ਨੇੜੇ ਹਾਰਨ ਵਜਾਉਣ ਤੱਕ ਦੀ ਪਬੰਦੀ ਲਗਾਈ ਗਈ ਹੈ ਪਰ ਇਹਨਾਂ ਅਦਾਰਿਆਂ ਵਿੱਚ ਹੀ ਕਈ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਸ਼ਰੇਆਮ ਸਪੀਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਪ੍ਰੋਗਰਾਮਾਂ ਵਿੱਚ ਕਈ ਵਾਰੀ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਰਾਜਨੀਤਵਾਨ ਵੀ ਹਾਜ਼ਰ ਹੁੰਦੇ ਹਨ ਅਤੇ ਸਭ ਕੁੱਝ ਆਪਣੇ ਅੱਖੀਂ ਦੇਖਦੇ ਹਨ, ਪਰ ਕੋਈ ਕਾਰਵਾਈ ਨਹੀਂ ਕਰਦੇ ਹਨ।ਜੇਕਰ ਕੋਈ ਅਧਿਕਾਰੀ ਜਾਂ ਵਿਅਕਤੀ ਇਸ ਵਿਰੁੱਧ ਬੋਲਦਾ ਹੈ ਤਾਂ ਉਸ ਦੀ ਵੀ ਵਿਰੋਧਤਾ ਕੀਤੀ ਜਾਂਦੀ ਹੈ ਜਿਸ ਕਾਰਨ ਆਮ ਆਦਮੀ ਮਜ਼ਬੂਰਨ ਹੀ ਚੁੱਪ ਰਹਿੰਦਾ ਹੈ ਅਤੇ ਪ੍ਰੇਸ਼ਾਨੀ ਸਹਿੰਦਾ ਹੈ। ਇਲਾਕੇ ਵਿੱਚ ਧਾਰਮਿਕ ਅਦਾਰਿਆਂ ਵਿੱਚ ਵਜਦੇ ਇਹਨਾਂ ਉੱਚੀ ਅਵਾਜ ਦੇ ਸਪੀਕਰਾਂ ਨੂੰ ਦੇਖਕੇ ਤਾਂ ਇਸ ਤਰਾਂ ਲੱਗਦਾ ਹੈ ਕਿ ਉੱਚੀ ਅਵਾਜ ਦਾ ਕੋਈ ਕੰਪੀਟੀਸ਼ਨ ਹੋਵੇ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਅਤੇ ਅਦਾਰੇ ਨੂੰ ਸ਼ੋਰ ਪ੍ਰਦੂਸ਼ਣ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਪ੍ਰੋਗਰਾਮ ਵਿੱਚ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸਦੇ ਆਯੋਜਕਾਂ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸ਼ਨ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਵੇ ਅਤੇ ਇਸ ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਖਿਲਾਫ ਸੱਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਸੱਮਸਿਆ ਤੋਂ ਰਾਹਤ ਮਿਲ ਸਕੇ ਅਤੇ ਇਲਾਕਾ ਵਾਸੀ ਸੁੱਖ ਦਾ ਸਾਹ ਲੈ ਸਕਣ।

ਕੁਲਦੀਪ  ਚੰਦ 
9417563054