08 ਸਤੰਬਰ ਅੰਤਰਰਾਸ਼ਟਰੀ ਸਾਖਰਤਾ ਦਿਵਸ ਲਈ ਵਿਸ਼ੇਸ਼।

ਅਨਪੜਤਾ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਹੈ।

ਅਰਬਾਂ ਰੁਪਏ ਖਰਚਕੇ ਵੀ ਅਸੀਂ ਸਾਖਰਤਾ ਵਿੱਚ ਕਈ ਦੇਸ਼ਾਂ ਨਾਲੋਂ ਪਿੱਛੇ।

05 ਸਤੰਬਰ, 2014 (ਕੁਲਦੀਪ ਚੰਦ) ਹਰ ਸਾਲ 08 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ। 17 ਨਵੰਬਰ 1965 ਨੂੰ ਯੂਨੈਸਕੋ ਵੱਲੋਂ ਫੈਸਲਾ ਕੀਤਾ ਗਿਆ ਕਿ ਹਰ ਸਾਲ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਪਹਿਲੀ ਵਾਰ 8 ਸਤੰਬਰ 1966 ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ ਸੀ। ਇਸਦਾ ਉਦੇਸ਼ ਵਿਅਕਤੀਆਂ, ਸੰਸਥਾਵਾਂ ਅਤੇ ਸਾਰੇ ਭਾਈਚਾਰਿਆਂ ਨੂੰ ਪੜ੍ਹਾਈ ਦੇ ਮਹੱਤਵ ਤੋਂ ਜਾਣੂ ਕਰਵਾਉਂਣਾ ਹੈ। ਹਰ ਸਾਲ ਅੰਤਰਰਾਸ਼ਟਰੀ ਸਾਖਰਤਾ ਦਿਵਸ ਨੂੰ ਯੂਨੈਸਕੋ ਵੱਲੋਂ ਅੰਤਰਰਾਸ਼ਟਰੀ ਭਾਈਚਾਰੇ ਦੇ ਪੜ੍ਹਨ-ਲਿਖਣ ਦੇ ਪੱਧਰ ਬਾਰੇ ਰਿਪੋਰਟ ਜਾਰੀ ਕੀਤੀ ਜਾਂਦੀ ਹੈ। ਸਾਰੀ ਦੁਨੀਆਂ ਵਿੱਚ 775 ਮਿਲੀਅਨ ਯੁਵਕ ਪੜ੍ਹਾਈ ਤੋਂ ਬਾਂਝੇ ਹਨ। ਦੁਨੀਆਂ ਦਾ ਹਰ ਪੰਜਵਾਂ ਵਿਕਅਤੀ ਅਨਪੜ੍ਹ ਹੈ ਜਿਹਨਾਂ ਵਿੱਚੋਂ ਦੋ ਤਿਹਾਈ ਔਰਤਾਂ ਹਨ। 60.7 ਮਿਲੀਅਨ ਬੱਚੇ ਸਕੂਲਾਂ ਤੋਂ ਬਾਹਰ ਹਨ ਅਤੇ ਜ਼ਿਆਦਾਤਰ ਪੜ੍ਹਾਈ ਛੱਡ ਚੁੱਕੇ ਹਨ। ਦੁਨੀਆਂ ਦੇ ਨਾਰਵੇ, ਫਿਨਲੈਂਡ, ਐਨਡੋਰਾ, ਨੋਰਫੋਲਕ ਆਈਲੈਂਡ, ਗ੍ਰੀਨਲੈਂਡ, ਉਤਰੀ ਕੋਰੀਆ, ਲਗਜ਼ਮਬਰਗ ਵਰਗੇ ਦੇਸ਼ਾਂ ਦੀ ਸਾਖਰਤਾ ਦਰ 100 ਫੀਸਦੀ ਹੈ ਅਤੇ ਜ਼ਿਆਦਾਤਰ ਕਈ ਦੇਸ਼ਾਂ ਦੀ ਸਾਖਰਤਾ ਦਰ 98 ਫੀਸਦੀ ਤੋਂ ਵੱਧ ਹੈ। ਦੁਨੀਆਂ ਦੀ ਅੋਸਤ ਸਾਖਰਤਾ ਦਰ 84 ਫੀਸਦੀ ਹੈ ਪਰ ਸਾਡਾ ਦੇਸ਼ ਅਜੇ ਵੀ ਇਸਤੋਂ ਪਿੱਛੇ ਹੈ। ਸਾਡੇ ਦੇਸ਼ ਦੀ ਸਾਖਰਤਾ ਦਰ 74.4 ਫੀਸਦੀ ਹੈ ਜਿਸ ਵਿੱਚੋਂ ਪੁਰਸ਼ਾ ਦੀ ਸਾਖਰਤਾ ਦਰ 82.1 ਫੀਸਦੀ ਅਤੇ ਮਹਿਲਾਵਾਂ ਦਾ ਸਾਖਰਤਾ ਦਰ 65.5 ਫੀਸਦੀ ਹੈ। ਦੁਨੀਆਂ ਵਿੱਚ ਸਭ ਤੋਂ ਘੱਟ ਸਾਖਰਤਾ ਦਰ ਅਫਗਾਨਿਸਤਾਨ ਦੀ 28.1 ਫੀਸਦੀ ਹੈ ਜਿਸ ਵਿੱਚੋਂ ਪੁਰਸ਼ਾਂ ਦੀ ਸਾਖਰਤਾ ਦਰ 43.1 ਫੀਸਦੀ ਅਤੇ ਮਹਿਲਾਵਾਂ ਦੀ ਸਾਖਰਤਾ ਦਰ 12.6 ਫੀਸਦੀ ਹੈ। ਭਾਰਤ ਇੱਕ ਉਭਰਦਾ ਅਤੇ ਤੇਜ਼ੀ ਨਾਲ ਵਿਕਸਿਤ ਹੋਣ ਵਾਲਾ ਦੇਸ਼ ਹੈ। ਅੱਜ ਅਸੀਂ ਆਪਣੀ ਤੁਲਣਾ ਅਮਰੀਕਾ, ਚੀਨ ਵਰਗੇ ਦੇਸ਼ਾਂ ਨਾਲ ਕਰਦੇ ਨਹੀਂ ਥੱਕਦੇ ਪਰ ਜਦੋਂ ਅਸੀਂ ਭਾਰਤ ਦੀਆਂ ਸੜਕਾਂ ਤੇ ਚਾਹ ਦੀਆਂ ਦੁਕਾਨਾਂ ਤੇ ਕੰਮ ਕਰਨ ਵਾਲੇ ਛੋਟੇ ਬੱਚਿਆਂ ਅਤੇ ਪੜ੍ਹੇ-ਲਿਖੇ ਨੌਜ਼ਵਾਨਾਂ ਨੂੰ ਬੇਰੁਜ਼ਗਾਰ ਦੇਖਦੇ ਹਾਂ ਤਾਂ ਸੋਚਦੇ ਹਾਂ ਕਿ ਵਾਕਈ ਅਸੀਂ ਸਾਖਰ ਤਾਂ ਹੋ ਗਏ ਹਾਂ ਪਰ ਸਿੱਖਿਅਤ ਨਹੀਂ ਹੋਏ ਹਾਂ। ਸਵਾਲ ਇਹ ਉਠਦਾ ਹੈ ਕਿ ਅਸੀਂ ਸਾਖਰ ਹੁੰਦੇ ਹੋਏ ਵੀ ਸਿੱਖਿਅਤ ਕਿਉਂ ਨਹੀਂ ਹਾਂ। ਸਿੱਖਿਆ ਦਾ ਮਤਲਬ ਸਿਰਫ ਪੜ੍ਹਨਾ ਲਿਖਣਾ ਅਤੇ ਬਾਹਰਵੀਂ ਕਲਾਸ ਪਾਸ ਕਰਨਾ ਨਹੀਂ ਹੁੰਦਾ। ਸਿੱਖਿਆ ਦਾ ਅਰਥ ਹੁੰਦਾ ਹੈ ਗਿਆਨ ਅਰਜਿਤ ਕਰਨਾ। ਰੱਟਾ ਲਗਾਉਣ ਨਾਲ ਤੋਤਾ ਵੀ ਬੋਲਣ ਲੱਗ ਪੈਂਦਾ ਹੈ ਪਰ ਤੋਤਾ ਕਿਸੇ ਨੂੰ ਗਿਆਨ ਨਹੀਂ ਦੇ ਸਕਦਾ ਹੈ। ਪੜ੍ਹ-ਲਿਖ ਕੇ ਅਸੀਂ ਸਾਖਰ ਤਾਂ ਬਣ ਜਾਂਦੇ ਹਾਂ ਪਰ ਗਿਆਨ ਅਰਜਿਤ ਨਹੀਂ ਕਰ ਪਾਉਂਦੇ ਹਾਂਸਥਿਤੀ ਇਹ ਹੋ ਜਾਂਦੀ ਹੈ ਕਿ ਪੜ੍ਹਨ-ਲਿਖਣ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲਦੀ ਹੈ। ਸਾਡੇ ਦੇਸ਼ ਦੀ ਸਿੱਖਿਆ ਪੱਧਤੀ ਦੀ ਇਹ ਇੱਕ ਬਹੁਤ ਵੱਡੀ ਕਮੀ ਹੈ ਕਿ ਉਹ ਸਾਖਰ ਤਾਂ ਕਰ ਦਿੰਦੀ ਹੈ ਪਰ ਸਿੱਖਿਆ ਦਾ ਮਾਮਲੇ ਵਿੱਚ ਅਸੀਂ ਪਿੱਛੇ ਰਹਿ ਜਾਂਦੇ ਹਾਂ। ਸਾਡੇ ਦੇਸ਼ ਵਿੱਚ ਲੱਖਾਂ ਬੱਚੇ ਹਰ ਸਾਲ ਡਿਗਰੀਆਂ ਹਾਸਲ ਕਰਦੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਬੇਰੁਜ਼ਗਾਰਾਂ ਦੀ ਭੀੜ ਵਿੱਚ ਗੁਆਚ ਜਾਂਦੇ ਹਨ। ਹਰ ਸਾਲ ਦੀ ਤਰਾਂ ਅੱਜ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ  ਇਸ ਸਬੰਧੀ ਸਮਾਗਮ ਆਯੋਜਿਤ ਕੀਤੇ ਜਾਣਗੇ ਪਰ ਕੀ ਇਹ ਦਿਵਸ ਮਨਾਉਣ ਨਾਲ ਹੀ ਸਾਡੇ ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਹੋ ਸਕਦੀ ਹੈ। ਸਰਕਾਰ ਐਜੁਕੇਸ਼ਨ ਸੈਸ ਦੇ ਨਾਮ ਤੇ ਰੋਜ਼ ਕਰੋੜਾਂ ਰੁਪਏ ਟੈਕਸ ਇਕੱਠਾ ਕਰ ਰਹੀ ਹੈ ਪਰ ਦੂਸਰੇ ਪਾਸੇ ਪੜ੍ਹਾਈ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀਆਂ ਕੋਸ਼ਿਸ਼ਾ ਹੋ ਰਹੀਆਂ ਹਨ। ਪੜ੍ਹਾਈ ਨੂੰ ਮਹਿੰਗਾ ਕਰਕੇ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾ ਰਿਹਾ ਹੈ। ਹਰ ਸਾਲ ਵੱਧ ਰਹੀਆਂ ਫੀਸਾਂ, ਕਿਤਾਬਾਂ ਅਤੇ ਕਾਪੀਆਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਗਰੀਬਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ਜਿਸ ਕਾਰਨ ਗਰੀਬ ਵਿਦਿਆਰਥੀਆਂ ਲਈ ਸਿੱਖਿਆ ਪ੍ਰਾਪਤ  ਕਰਨਾ ਇੱਕ ਸੁਪਨਾ ਬਣ ਕੇ ਰਹਿ ਗਿਆ ਹੈ। ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਕਰਨ ਲਈ ਸਰਕਾਰ ਹਰ ਸਾਲ ਕਰੋੜਾਂ-ਅਰਬਾਂ ਰੁਪਏ ਖਰਚ ਕਰ ਰਹੀ ਹੈ ਪਰ ਫਿਰ ਵੀ ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਅੱਜ ਅਸੀਂ ਭਾਵੇਂ 21ਵੀਂ ਸਦੀ ਵਿੱਚ ਪਹੁੰਚ ਚੁੱਕੇ ਹਾਂ ਪਰ ਫਿਰ ਵੀ ਦੇਸ਼ ਦੇ ਹਰ ਨਾਗਰਿਕ ਨੂੰ ਪੜਿਆ ਲਿਖਿਆ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋ ਰਿਹਾ। ਦੁਨੀਆਂ ਦੇ ਵਿਕਸਿਤ ਦੇਸ਼ਾਂ ਨੇ ਪੜ੍ਹਾਈ ਦੇ ਮਹੱਤਵ ਨੂੰ ਪਹਿਲਾਂ ਹੀ ਪਹਿਚਾਣ ਲਿਆ ਸੀ ਜਿਸ ਕਾਰਨ ਵਿਕਸਿਤ ਦੇਸ਼ਾਂ ਵਿੱਚ ਹਰ ਨਾਗਰਿਕ ਪੜ੍ਹਿਆ-ਲਿਖਿਆ ਹੈ ਅਤੇ ਉਹਨਾਂ ਦੀ ਸਾਖਰਤਾ ਦਰ 100 ਫੀਸਦੀ ਹੈ। ਵਿਕਸਿਤ ਦੇਸ਼ਾਂ ਦੇ ਨਾਗਰਿਕਾਂ ਦੀ 100 ਫੀਸਦੀ ਸਾਖਰਤਾ ਦਰ ਕਾਰਨ ਹੀ ਉਥੋਂ ਦੇ ਨਾਗਰਿਕ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹਨ ਅਤੇ ਉਹਨਾਂ ਦਾ ਜੀਵਨ ਪੱਧਰ ਉਚਾ ਹੈ। ਅੱਜ ਸਾਡਾ ਦੇਸ਼ ਦੁਨੀਆਂ ਦੇ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋਣ ਲਈ ਜ਼ੋਰ ਲਾ ਰਿਹਾ ਹੈ ਪਰ ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਕੀਤੇ ਬਿਨਾ ਦੇਸ਼ ਨੂੰ ਵਿਕਸਿਤ ਨਹੀਂ ਕੀਤਾ ਜਾ ਸਕਦਾ। ਅਨਪੜ੍ਹ ਬੰਦਿਆਂ ਨੂੰ ਆਪਣੇ ਲਿਖਣ ਪੜ੍ਹਨ ਦੇ ਹਰ ਕੰਮ ਲਈ ਦੂਸਰਿਆਂ ਤੇ ਨਿਰਭਰ ਰਹਿਣਾ ਪੈਂਦਾ ਹੈ। ਅਨਪੜ੍ਹ ਬੰਦਾ ਆਪਣੇ ਨਫੇ-ਨੁਕਸਾਨ ਦਾ ਹਿਸਾਬ ਨਹੀਂ ਲਗਾ ਸਕਦਾ। ਪੰਜਾਬ ਨੂੰ ਖੁਸ਼ਹਾਲ ਸੂਬਾ ਕਿਹਾ ਜਾਂਦਾ ਹੈ ਪਰ ਜੇਕਰ ਸਾਖਰਤਾ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ 76.7 ਫੀਸਦੀ ਹੈ ਜਿਸ ਵਿੱਚ ਪੁਰਸ਼ਾਂ ਦੀ ਸਾਖਰਤਾ ਦਰ 81.5 ਫੀਸਦੀ ਅਤੇ ਮਹਿਲਾਵਾਂ ਦੀ ਸਾਖਰਤਾ ਦਰ 71.3 ਫੀਸਦੀ ਹੈ। ਪੰਜਾਬ ਦੀ 23.3 ਫੀਸਦੀ ਜਨਸੰਖਿਆ ਯਾਨੀ ਕਿ 64,55,087 ਲੋਕ ਅਜੇ ਅਨਪੜ੍ਹ ਹਨ ਜਦਕਿ ਪੂਰੇ ਦੇਸ਼ ਦੀ ਸਾਖਰਤਾ ਦਰ 74 ਫੀਸਦੀ ਹੈ। ਪੰਜਾਬ ਦੇ 7 ਜ਼ਿਲ੍ਹਿਆ ਦੀ ਸਾਖਰਤਾ ਦਰ 60 ਫੀਸਦੀ ਤੋਂ 70 ਫੀਸਦੀ ਦੇ ਵਿਚਕਾਰ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੀ ਸਾਖਰਤਾ ਦਰ ਵੇਖੀਏ ਤਾਂ ਪੰਜਾਬ ਵਿੱਚ ਸਭ ਤੋਂ ਵੱਧ ਸਾਖਰ ਹੁਸ਼ਿਆਰਪੁਰ ਜ਼ਿਲ੍ਹਾ ਹੈ ਜਿੱਥੇ ਦੀ ਸਾਖਰਤਾ ਦਰ 85.4 ਫੀਸਦੀ ਹੈ, ਅਜੀਤਗੜ੍ਹ ਜ਼ਿਲ੍ਹੇ ਦੀ ਸਾਖਰਤਾ ਦਰ 84.9 ਫੀਸਦੀ ਹੈ, ਰੂਪਨਗਰ ਜ਼ਿਲ੍ਹੇ ਦੀ ਸਾਖਰਤਾ ਦਰ 83.3 ਫੀਸਦੀ ਹੈ, ਲੁਧਿਆਣਾ ਜ਼ਿਲ੍ਹੇ ਦੀ ਸਾਖਰਤਾ ਦਰ 82.5 ਫੀਸਦੀ ਹੈ, ਜਲੰਧਰ ਜ਼ਿਲ੍ਹੇ ਦੀ ਸਾਖਰਤਾ ਦਰ 82.4 ਫੀਸਦੀ ਹੈ, ਗੁਰਦਾਸਪੁਰ ਜ਼ਿਲ੍ਹੇ ਦੀ ਸਾਖਰਤਾ ਦਰ 81.1 ਫੀਸਦੀ ਹੈ, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਸਾਖਰਤਾ ਦਰ 80.3 ਫੀਸਦੀ ਹੈ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਸਾਖਰਤਾ ਦਰ 80.3 ਫੀਸਦੀ ਹੈ, ਕਪੂਰਥਲਾ ਜ਼ਿਲ੍ਹੇ ਦੀ ਸਾਖਰਤਾ ਦਰ 80.2 ਫੀਸਦੀ ਹੈ, ਅੰਮ੍ਰਿਤਸਰ ਜ਼ਿਲ੍ਹੇ ਦੀ ਸਾਖਤਰਾ ਦਰ 77.2 ਫੀਸਦੀ ਹੈ, ਪਟਿਆਲਾ ਜ਼ਿਲ੍ਹੇ ਦੀ ਸਾਖਰਤਾ ਦਰ 76.3 ਫੀਸਦੀ ਹੈ, ਮੋਗਾ ਜ਼ਿਲ੍ਹੇ ਦੀ ਸਾਖਰਤਾ ਦਰ 71.6 ਫੀਸਦੀ ਹੈ, ਫਰੀਦਕੋਟ ਜ਼ਿਲ੍ਹੇ ਦੀ ਸਾਖਰਤਾ ਦਰ 70.6 ਫੀਸਦੀ ਹੈ, ਬਠਿੰਡਾ ਜ਼ਿਲ੍ਹੇ ਦੀ ਸਾਖਰਤਾ ਦਰ 69.9 ਫੀਸਦੀ ਹੈ, ਫਿਰੋਜ਼ਪੁਰ ਜ਼ਿਲ੍ਹੇ ਦੀ ਸਾਖਰਤਾ ਦਰ 69.8 ਫੀਸਦੀ ਹੈ, ਤਰਨਤਾਰਨ ਜ਼ਿਲ੍ਹੇ ਦੀ ਸਾਖਰਤਾ ਦਰ 69.4 ਫੀਸਦੀ ਹੈ,  ਬਰਨਾਲਾ ਜ਼ਿਲ੍ਹੇ ਦੀ ਸਾਖਰਤਾ ਦਰ 68.9 ਫੀਸਦੀ ਹੈ, ਸੰਗਰੂਰ ਜ਼ਿਲ੍ਹੇ ਦੀ ਸਾਖਰਤਾ ਦਰ 68.9 ਫੀਸਦੀ ਹੈ, ਪੰਜਾਬ ਦੇ ਮੋਜੂਦਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਪਣੇ ਜਿਲ੍ਹੇ ਮੁਕਤਸਰ ਸਾਹਿਬ ਦੀ ਸਾਖਰਤਾ ਦਰ ਸਿਰਫ 66.8 ਫੀਸਦੀ ਹੈ,  ਮਾਨਸਾ ਜ਼ਿਲ੍ਹੇ ਦੀ ਸਾਖਰਤਾ ਦਰ 62.8 ਫੀਸਦੀ ਹੈ।  ਪੰਜਾਬ ਦੇ ਗੁਆਂਢੀ ਸੂਬਿਆਂ ਚੰਡੀਗੜ੍ਹ ਵਿੱਚ ਸਾਖਰਤਾ ਦਰ 86.43 ਫੀਸਦੀ ਹੈ, ਹਰਿਆਣਾ ਵਿੱਚ ਸਾਖਰਤਾ ਦਰ 76.64 ਫੀਸਦੀ ਹੈ ਹਿਮਾਚਲ ਪ੍ਰਦੇਸ਼ ਵਿੱਚ ਸਾਖਰਤਾ ਦਰ 83.78 ਫੀਸਦੀ ਹੈ, ਜੰਮੂ ਅਤੇ ਕਸ਼ਮੀਰ ਵਿੱਚ ਸਾਖਰਤਾ ਦਰ 68.74 ਫੀਸਦੀ ਹੈ। ਸਰਕਾਰ ਦੀਆਂ ਢਿੱਲੀਆਂ ਨੀਤੀਆਂ ਕਾਰਨ ਵੀ ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਨਹੀਂ ਹੋ ਰਹੀ ਹੈ। ਅੱਜ ਵੀ ਕਈ ਸਰਕਾਰੀ ਸਕੂਲਾਂ ਵਿੱਚ ਬੈਠਣ ਲਈ ਫਰਨੀਚਰ ਨਹੀਂ ਹੈ। ਕਈ ਸਕੂਲ ਅੱਜ ਵੀ ਅਧਿਆਪਕਾਂ ਤੋਂ ਸੱਖਣੇ ਹਨ। ਕਈ ਸਕੂਲਾਂ ਵਿੱਚ ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਨਹੀਂ ਹਨ। ਕਈ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਦੀ ਜਗ੍ਹਾ ਤੇ ਨਵੀਆਂ ਸਕੂਲ ਦੀਆਂ ਇਮਾਰਤਾਂ ਨਹੀਂ ਬਣਾਈਆਂ ਜਾ ਰਹੀਆਂ ਹਨ। ਬੇਸ਼ੱਕ ਸਰਕਾਰ ਵਲੋਂ ਦੇਸ ਵਿੱਚ ਅਨਪੜਤਾ ਨੂੰ ਖਤਮ ਕਰਨ ਲਈ ਸਰਵ ਸਿਖਿਆ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ 6 ਤੋਂ 14 ਸਾਲ ਤੱਕ ਦੇ ਹਰ ਬੱਚੇ ਨੂੰ ਮੁਫਤ ਅਤੇ ਜਰੂਰੀ ਸਿਖਿਆ ਪ੍ਰਦਾਨ ਕਰਨ ਲਈ ਸਿਖਿਆ ਦਾ ਅਧਿਕਾਰ ਲਾਗੂ ਕੀਤਾ ਗਿਆ ਹੈ ਪਰ ਇਸਦਾ ਅਸਰ ਕਿੰਨਾ ਹੁੰਦਾ ਹੈ ਇਹ ਤਾਂ ਸਮਾਂ ਬੀਤਣ ਤੇ ਹੀ ਚਲੇਗਾ ਪਰ ਅਜੇ ਤੱਕ ਤਾਂ ਮੁਕੰਮਲ ਸਾਖਰਤਾ ਇੱਕ ਸੁਪਨਾ ਹੀ ਬਣਿਆ ਹੋਇਆ ਹੈ।  

ਕੁਲਦੀਪ ਚੰਦ ਭਾਰਤੀ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054