ਮਹਿਲਾਵਾਂ ਦੇ ਨਾਮ ਤੇ ਮੁਬਾਇਲ ਕੁਨੈਕਸ਼ਨ ਲੈਣਾ ਵੀ ਖਤਰੇ ਤੋਂ ਖਾਲੀ ਨਹੀਂ। 

      
02 ਸਤੰਬਰ, 2014 (
ਕੁਲਦੀਪ ਚੰਦ ) ਕੁਝ ਸਾਲ ਪਹਿਲਾਂ ਸ਼ਹਿਰਾਂ ਅਤੇ ਕਸਬਿਆਂ ਦੀਆਂ ਐਸ ਟੀ ਡੀ ਦੀਆਂ ਦੁਕਾਨਾਂ ਤੇ ਫੋਨ ਕਰਨ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਸੀ। ਫਿਰ ਮੋਬਾਇਲ ਕੰਪਨੀਆਂ ਦੇ ਆਉਣ ਨਾਲ ਹੌਲੀ-ਹੌਲੀ ਸੰਚਾਰ ਕ੍ਰਾਂਤੀ ਦਾ ਵਿਸਥਾਰ ਹੁੰਦਾ ਗਿਆ। ਸ਼ੁਰੂ ਵਿਚ ਮੋਬਾਇਲ ਫੋਨ ਵੀ ਕਿਸੇ-ਕਿਸੇ ਕੋਲ ਹੁੰਦਾ ਸੀ ਪਰ ਅੱਜ ਕੱਲ ਹਰ ਕਿਸੇ ਕੋਲ ਇੱਥੋਂ ਤੱਕ ਕਿ ਰੇਹੜੀ ਰਿਕਸ਼ੇ ਵਾਲਿਆਂ ਕੋਲ ਵੀ ਮੋਬਾਇਲ ਫੋਨ ਹੈ। ਮੋਬਾਇਲ ਫੋਨ ਧਾਰਕਾਂ ਦੀ ਗਿਣਤੀ ਵੱਧਣ ਦੇ ਨਾਲ ਹੀ ਮੋਬਾਇਲ ਫੋਨ ਦੀਆਂ ਬੁਰਾਈਆਂ ਵੀ ਸਾਹਮਣੇ ਆਉਣ ਲੱਗ ਪਈਆਂ ਹਨ। ਅੱਜ ਮੋਬਾਇਲ ਫੋਨ ਕੰਪਨੀਆਂ ਦਾ ਲਾਲਚ ਇਸ ਹੱਦ ਤੱਕ ਵੱਧ ਗਿਆ ਹੈ ਕਿ ਉਨ੍ਹਾਂ ਨੂੰ ਕਿਸੇ ਦੀ ਧੀ ਭੈਣ ਦੀ ਇਜ਼ਤ ਦਾ ਵੀ ਖਿਆਲ ਨਾ ਰਿਹਾ। ਮੋਬਾਇਲ ਫੋਨ ਕੰਪਨੀਆਂ ਵੱਲੋਂ ਮੋਬਾਇਲ ਧਾਰਕਾਂ ਨੂੰ ਮੈਸੇਜ ਆਉਂਦੇ ਹਨ ਕਿ ਹਰ ਉਮਰ ਦੇ ਲੜਕੇ ਲੜਕੀਆਂ ਦੋਸਤੀ ਕਰੋ ਅਤੇ ਮਨਚਾਹੀਆਂ ਗੱਲਾਂ ਕਰੋ ਆਪਣਾ ਮੋਬਾਇਲ ਨੰਬਰ ਦੱਸੇ ਬਿਨਾਂ। ਇਸ ਦੇ ਲਈ ਮੋਬਾਇਲ ਕੰਪਨੀਆਂ ਮਾਸਿਕ ਚਾਰਜ ਲੈਂਦੀਆਂ ਹਨ ਅਤੇ ਕੁਝ ਕੁੜੀਆਂ ਅਤੇ ਔਰਤਾਂ ਦੇ ਮੋਬਾਇਲ ਨੰਬਰ ਦੇ ਦਿੰਦੀਆਂ ਹਨ। ਫਿਰ ਜਦੋਂ ਕੁੜੀਆਂ ਨੂੰ ਮੋਬਾਇਲ ਕੰਪਨੀਆਂ ਫੋਨ ਕਰਵਾਉਂਦੀਆਂ ਹਨ ਤਾਂ ਉਨ੍ਹਾਂ ਦੇ ਮੋਬਾਇਲ ਤੇ ਫੋਨ ਕਰਨ ਵਾਲੇ ਲੜਕੇ ਦਾ ਮੋਬਾਇਲ ਨੰਬਰ ਨਹੀਂ ਆਉਂਦਾ। ਨੰਬਰ ਦੀ ਜਗ੍ਹਾ ਤੇ ਨੋ ਨੰਬਰ ਜਾਂ ਅਨਨਾਊਨ ਲਿਖਿਆ ਆਉਂਦਾ ਹੈ। ਜਿਸ ਤੇ ਕਈ ਘਰਾਂ ਦੀਆਂ ਕੁੜੀਆਂ ਅਤੇ ਔਰਤਾਂ ਪ੍ਰੇਸ਼ਾਨ ਹੁੰਦੀਆਂ ਹਨ ਅਤੇ ਆਪਣੇ ਘਰਦਿਆਂ ਸਾਹਮਣੇ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫੋਨ ਕਰਨ ਵਾਲੇ ਲੜਕਿਆਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦਾ ਨੰਬਰ ਤਾਂ ਨਹੀਂ ਆਉਂਣਾ ਇਸ ਲਈ ਨਿਧੜਕ ਹੋ ਕੇ ਅਸ਼ਲੀਲ ਗੱਲਾਂ ਕਰਦੇ ਹਨ ਅਤੇ ਕੁੜੀਆਂ ਨੂੰ ਦੋਸਤੀ ਕਰਨ ਲਈ ਕਹਿੰਦੇ ਹਨ। ਇਸ ਵਿਚ ਸਾਰਾ ਕਸੂਰ ਮੋਬਾਇਲ ਕੰਪਨੀਆਂ ਦਾ ਹੈ ਜੋ ਕਿ ਆਪਣੀ ਕਮਾਈ ਵਧਾਉਣ ਲਈ ਉਨ੍ਹਾਂ ਕੁੜੀਆਂ ਅਤੇ ਅੋਰਤਾਂ ਦੇ ਮੋਬਾਇਲ ਨੰਬਰ ਦੇ ਦਿੰਦੇ ਹਨ ਜਿਹਨਾਂ ਨੇ ਆਪਣੇ ਨਾਮ ਤੇ ਮੋਬਾਇਲ ਕੁਨੈਕਸ਼ਨ ਲਿਆ ਹੁੰਦਾ ਹੈ। ਮੋਬਾਇਲ ਕੰਪਨੀਆ ਦੇ ਕੁੱਝ ਲਾਲਚੀ ਡੀਲਰਾਂ ਅਤੇ ਵੈਰਿਫਿਕੇਸ਼ਨ ਏਜੰਸੀਆ ਦੇ ਕਰਮਚਾਰੀਆ ਦੀ ਮਿਲੀਭਗਤ ਦੇ ਨਾਲ ਇਹ ਧੰਦਾ ਪੂਰੇ ਧੜੱਲੇ ਨਾਲ ਚਲ ਰਿਹਾ ਹੈ। ਮੋਬਾਇਲ ਕੰਪਨੀਆਂ ਦਂੀ ਅਜਿਹੀ ਹਰਕਤ ਅਤੇ ਸ਼ਰਾਰਤ  ਨਾਲ ਕਿਸੇ ਲੜਕੀ ਦੀ ਜਾਂ ਵਿਆਹੁਤਾ ਔਰਤ ਦੀ ਜ਼ਿੰਦਗੀ ਵੀ ਖਰਾਬ ਹੋ ਸਕਦੀ ਹੈ। ਪਰ ਮੋਬਾਇਲ ਕੰਪਨੀਆਂ ਨੂੰ ਤਾਂ ਸਿਰਫ ਕਮਾਈ ਕਰਨ ਦੀ ਪਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮੋਬਾਇਲ ਕੰਪਨੀਆਂ ਦੇ ਆਧੁਨਿਕਤਾ ਦੇ ਨਾਮ ਤੇ ਅਜਿਹੇ ਅਨੈਤਿਕ ਕੰਮਾਂ ਤੇ ਰੋਕ ਲਗਾਵੇ ਅਤੇ ਜਿਹੜੀ ਮੋਬਾਇਲ ਕੰਪਨੀ ਇਸਦੀ ਉਲੰਘਣਾ ਕਰੇ ਉਸਦੇ ਖਿਲਾਫ ਸਖਤ ਕਾਰਵਾਈ ਕਰੇ ਅਤੇ ਉਸ ਮੋਬਾਇਲ ਕੰਪਨੀ ਦਾ ਲਾਇਸੰਸ ਰੱਦ ਕਰੇ। ਅਜਿਹੇ ਕੁੱਝ ਪੀੜ੍ਹਿਤ ਪਰਿਵਾਰਾਂ ਨੇ ਤਾਂ ਅਜਿਹੇ ਕੂਨੈਕਸ਼ਨ ਹੀ ਕਟਵਾ ਦਿਤੇ ਹਨ। 

ਕੁਲਦੀਪ ਚੰਦ
9417563054