ਆਗੂਆਂ ਨੇ ਅਜ਼ਾਦੀ ਸੰਗਰਾਮੀਆਂ ਦੀਆ ਕੁਰਬਾਨੀਆ ਦੀ ਕਦਰ ਨਹੀ ਪਾਈ

ਐਸ ਐਲ ਵਿਰਦੀ ਐਡਵੋਕੇਟ

ਨੇਤਾ ਜੀ ਸੁਭਾਸ਼ ਚੰਦਰ ਬੋਸ 1939 ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਬਣੇ, ਪਰ ਗਾਂਧੀ ਜੀ ਨੇ ਉਹਨਾਂ ਨੂੰ ਪ੍ਰਧਾਨ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਮਜ਼ਬੂਰੀ ਬਸ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਨੇਤਾ ਜੀ ਨੇ ਅਜ਼ਾਦ ਹਿੰਦ ਫੌਜ ਦਾ ਗਠਨ ਕੀਤਾ। ਇਕ ਵਾਰ ਨੇਤਾ ਜੀ ਜਦ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸੀ ਤਾਂ ਅਚਾਨਕ ਉਨ੍ਹਾਂ ਦੀ ਨਜ਼ਰ ਮੈਲੇ-ਕੁਚੈਲੇ ਕੱਪੜੇ ਪਹਿਨੀ ਇਕ ਬੁੱਢੀ ਔਰਤ 'ਤੇ ਪਈ, ਜੋ ਮੰਚ 'ਤੇ ਚੜਨ ਦੀ ਕੋਸ਼ਿਸ਼ ਕਰ ਰਹੀ ਸੀ। ਅਧਿਕਾਰੀ ਚੌਕਸ ਹੋ ਗਏ ਤਾਂ ਨੇਤਾ ਜੀ ਨੇ ਕਿਹਾ, ''ਆਉਣ ਦਿਉ।'' ਮੰਚ 'ਤੇ ਚੜਦਿਆ ਹੀ ਉਸ ਬੁੱਢੀ ਔਰਤ ਨੇ ਆਪਣੀ ਸਾੜੀ ਦੇ ਇੱਕ ਪੱਲੇ ਨੂੰ ਖੋਲ ਕੇ ਉਸ ਵਿਚ ਬੰਨੇ ਤਿੰਨ ਰੁਪਏ ਕੱਢੇ ਤੇ ਨੇਤਾ ਜੀ ਦੇ ਪੈਂਰਾਂ ਦੇ ਕੋਲ ਰੱਖ ਦਿੱਤੇ ਅਤੇ ਹੱਥ ਜੋੜ ਕੇ ਕਿਹਾ, ''ਨੇਤਾ ਜੀ! ਆਪ ਨੇ ਦੇਸ਼ ਦੀ ਅਜ਼ਾਦੀ ਲਈ ਦਾਨ ਦੇਣ ਲਈ ਕਿਹਾ ਹੈ। ਮੇਰਾ ਇਹ ਹੀ ਸਭ ਕੁੱਝ ਹੈ। ਇਸ ਤੋਂ ਇਲਾਵਾ ਮੇਰੇ ਪਾਸ ਕੁੱਝ ਨਹੀ ਹੈ। ਇਸ  ਨੂੰ ਸਵੀਕਾਰ ਕਰ ਲਓ।''
ਨੇਤਾ ਜੀ ਚੁੱਪ ਸਨ। ਕੁੱਝ ਦੇਰ ਬਾਅਦ ਬੁੱਢੀ ਔਰਤ ਨਿਰਾਸ਼ਾ 'ਚ ਬੋਲੀ, ''ਕੀ ਤੁਸੀ ਏਸ ਬੁੱਢੀ ਔਰਤ ਦੇ ਇਸ ਤੁੱਸ ਜਿਹੇ ਦਾਨ ਨੂੰ ਸਵੀਕਾਰ ਨਹੀ ਕਰੋਗੇ? ਕੀ ਦੇਸ਼ ਦੀ ਸੇਵਾ ਕਰਨ ਦਾ ਗਰੀਬਾਂ ਨੂੰ ਕੋਈ ਹੱਕ ਨਹੀ ਹੈ?'' ਇਹ ਕਹਿ ਬੁੱਢੀ ਔਰਤ ਨੇਤਾ ਜੀ ਦੇ ਪੈਰਾਂ ਉੱਤੇ ਡਿਗ ਪਈ। ਨੇਤਾ ਜੀ ਦੀਆਂ ਅੱਖਾਂ 'ਚ ਹੰਝੂ ਭਰ ਗਏ। ਬਿਨਾ ਕੁੱਝ ਬੋਲੇ, ਨੇਤਾ ਜੀ ਨੇ ਬੁੱਢੀ ਨੂੰ ਉਠਾਇਆ ਅਤੇ ਤਿੰਨ ਰੁਪਏ ਚੁੱਕ ਲਏ। ਗਰੀਬ ਬੁੱਢੀ ਦੀ ਖੁਸ਼ੀ ਦਾ ਕੋਈ ਹਿਸਾਬ ਨਾ ਰਿਹਾ ਤੇ ਉਹ ਨੇਤਾ ਜੀ ਨੂੰ ਪ੍ਰਣਾਮ ਕਰਕੇ ਮੰਚ ਤੋਂ ਚਲੀ ਗਈ। ਉੱਥੇ ਖੜੇ ਇਕ ਅਧਿਕਾਰੀ ਨੇ ਪੁੱਛਿਆ, ''ਨੇਤਾ ਜੀ, ਉਸ ਗਰੀਬ ਔਰਤ ਦੇ ਤਿੰਨ ਰੁਪਏ ਲੈਣ ਸਮੇਂ ਤੁਹਾਡੀਆਂ ਅੱਖਾਂ ਵਿਚ ਹੰਝੂ ਕਿਉਂ ਆਏ?'' ਨੇਤਾ ਜੀ ਨੇ ਕਿਹਾ ''ਮੈਂ ਸ਼ਸੋਪੰਚ 'ਚ ਸੀ। ਸੋਚਿਆ ਉਸ ਬੁੱਢੀ ਔਰਤ ਪਾਸ ਇਸ ਤੋਂ ਸਿਵਾ ਕੁੱਝ ਵੀ ਨਹੀ ਹੋਣਾ। ਜੇ ਮੈਂ ਇਹ ਤਿੰਨ ਰੁਪਏ ਵੀ ਲੈ ਲਵਾਂ ਤਾਂ ਉਸ ਦਾ ਸਭ ਕੁੱਝ ਖਤਮ ਹੋ ਜਾਵੇਗਾ। ਜੇ ਨਹੀ ਲੈਂਦਾਂ ਤਾਂ ਬੁੱਢੀ ਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਾਹੁੰਚੇਗੀ। ਦੇਸ਼ ਦੀ ਸੇਵਾ ਲਈ ਉਹ ਸਭ ਕੁੱਝ ਦੇਣ ਆਈ ਹੈ। ਇਸ ਨੂੰ ਇਨਕਾਰ ਕਰਨ 'ਤੇ ਪਤਾ ਨਹੀ ਉਹ ਕੀ ਕੀ ਸੋਚਦੀ! ਹੋ ਸਕਦਾ ਉਹ ਇਹ ਸੋਚਦੀ ਕਿ ਮੈਂ ਸਿਰਫ ਅਮੀਰਾਂ ਦਾ ਸਹਿਯੋਗ ਹੀ ਸਵੀਕਾਰ ਕਰਦਾ ਹਾਂ। ਇਹ ਸਭ ਸੋਚ ਵਿਚਾਰ ਕੇ ਮੈਂ ਇਹ ਮਹਾਂਦਾਨ ਸਵੀਕਾਰ ਕੀਤਾ ਹੈ।'' 
ਨਹਿਰੂ ਅਤੇ ਗਾਂਧੀ ਜੀ ਨੇ ਕਾਂਗਰਸ ਦੇ ਲਹੌਰ ਦੇ ਸਲਾਨਾ ਸੰਮੇਲਨ ਵਿਚ ਦੇਸ਼ ਵਾਸੀਆਂ ਨਾਲ ਵਾਇਦਾ ਕੀਤਾ ਸੀ ਕਿ ਦੇਸ਼ ਵਾਸੀਓ! ਤੁਸੀਂ ਸਾਨੂੰ ਸਾਥ ਦਿਓ, ਅਸੀਂ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ ਕੱਢ ਦਿਆਂਗੇ। ਅਜ਼ਾਦ ਭਾਰਤ ਵਿੱਚ ਸਭ ਲਈ ਰੋਟੀ, ਕੱਪੜਾ ਤੇ ਮਕਾਨ ਦਾ ਪ੍ਰਬੰਧ ਹੋਵੇਗਾ। ਨਾ ਕੋਈ ਅਮੀਰ ਹੋਵੇਗਾ ਤੇ ਨਾ ਹੀ ਕੋਈ ਗਰੀਬ ਹੋਵੇਗਾ। ਨਾ ਕੋਈ ਮਾਲਕ ਹੋਵੇਗਾ ਤੇ ਨਾ ਹੀ ਕੋਈ ਨੌਕਰ ਹੋਵੇਗਾ। ਨਾ ਕੋਈ ਜਿਮੀਂਦਾਰ ਹੋਵੇਗਾ ਤੇ ਨਾ ਹੀ ਕੋਈ ਮਜ਼ਾਹਰਾ ਹੋਵੇਗਾ। ਨਾ ਕੋਈ ਉੱਚ ਹੋਵੇਗਾ ਤੇ ਨਾ ਹੀ ਕੋਈ ਨੀਚ ਹੋਵੇਗਾ, ਅਜ਼ਾਦ ਭਾਰਤ ਵਿਚ ਸਭ ਭਾਰਤੀ ਅਜ਼ਾਦ ਅਤੇ ਬਰਾਬਰ ਹੋਣਗੇ। 
ਭਾਰਤੀ ਲੋਕਾਂ ਨੇ ਜਾਤ, ਮਜ਼ਹਬ, ਧਰਮ ਤੋਂ ਉਪਰ ਉੱਠ ਕੇ ਕਾਂਗਰਸ ਦਾ ਸਿਰਫ਼ ਸਾਥ ਹੀ ਨਹੀ ਦਿੱਤਾ ਬਲਕਿ ਦੇਸ਼ ਦੀ ਅਜ਼ਾਦੀ ਲਈ 2646 ਯੋਧਿਆ ਨੇ ਉਮਰ ਕੈਦ ਕੱਟੀ, ਹਜ਼ਾਰਾਂ ਲੋਕਾਂ ਨੇ ਸਜ਼ਾਵਾਂ ਕੱਟੀਆਂ, ਭਗਤ ਸਿੰਘ ਅਤੇ ਊਧਮ ਸਿੰਘ ਅਜ਼ਾਦੀ ਘੁਲਾਟੀਆ ਨੇ ਸ਼ਹਾਦਤ ਦੇ ਜਾਮ ਪੀਤੇ। 15 ਅਗਸਤ, 1947 ਨੂੰ ਭਾਰਤ ਸੈਂਕੜੇ ਸਾਲਾਂ ਦੀ ਗ਼ੁਲਾਮੀ ਤੋਂ ਬਾਅਦ ਆਜ਼ਾਦ ਹੋ ਗਿਆ ਅਤੇ ਦੇਸ਼ ਦੀ ਵਾਗ-ਡੋਰ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਸੌਂਪੀ ਗਈ।
ਭਾਰਤ ਦੀ ਅਜ਼ਾਦੀ ਦੀ ਕਮਾਂਡ ਗਾਂਧੀ, ਨਹਿਰੂ ਅਤੇ ਪਟੇਲ ਜਿਹੇ ਸਾਮੰਤੀ, ਬ੍ਰਾਹਮਣਵਾਦੀਆਂ ਦੇ ਹੱਧ ਹੋਣ ਕਰਕੇ ਅਜ਼ਾਦੀ ਤੋਂ ਬਾਅਦ ਦੇਸ਼ ਦੇ ਰਾਜ ਕਰਤਾ ਇਹ ਹੀ ਬਣੇ। ਬਿਰਲਾ, ਟਾਟਾ, ਗੋਇਨਕਾ ਜੋ ਅਜ਼ਾਦੀ ਤੋਂ ਪਹਿਲਾਂ ਛੋਟੇ ਵਿਉਪਾਰੀ ਅਤੇ ਛੋਟੇ ਸਰਮਾਏਦਾਰ ਸਨ, ਅਜ਼ਾਦੀ ਤੋਂ ਬਾਅਦ ਉਹ ਹੀ ਅੱਜ ਵੱਡੇ ਕਾਰਪੋਰੇਤ, ਇਜ਼ਾਰੇਦਾਰ ਅਤੇ ਪੂੰਜੀਪਤੀ ਬਣ ਗਏ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਅਜ਼ਾਦੀ ਬਾਅਦ ਸੱਤਾ ਤਾਂ ਜ਼ਰੂਰ ਬਦਲੀ, ਬੇਸ਼ੱਕ ਕੁਝ ਹੱਦ ਤੱਕ ਸਾਧਨ ਵੀ ਬਦਲੇ ਪ੍ਰੰਤੂ ਦੇਸ਼ ਦੀ ਵਿਵਸਥਾ ਜੋ ਬਦਲਣ ਦਾ ਆਗੂਆਂ ਨੇ ਵਾਇਦਾ ਕੀਤਾ ਸੀ ਉਹ ਨਹੀ ਬਦਲੀ?
ਬੇਸ਼ਕ ਭਾਰਤ ਨੂੰ ਅਜ਼ਾਦ ਹੋਏ 67 ਸਾਲ ਹੋ ਚੁੱਕੇ ਹਨ, ਪਰ ਦੇਸ਼ ਦੇ 90 ਕਰੋੜ ਲੋਕਾਂ ਪਹਿਲਾਂ ਵੀ ਪੀੜਤ ਸਨ ਅਤੇ ਅਜ਼ਾਦੀ ਦੇ ਬਾਅਦ ਅੱਜ ਵੀ ਪੀੜਤ ਹਨ। ਭੁੱਖ ਕਾਰਨ ਲੋਕ ਜਨਾਨੀਆਂ, ਬੱਚੇ, ਇੱਜਤਾਂ ਵੇਚ ਰਹੇ ਹਨ। ਉਤਰ ਪ੍ਰਦੇਸ਼ ਦਾ ਬੁੰਦੇਲਖੰਡ ਇਲਾਕਾ ਸੋਕੇ ਦੀ ਮਾਰ ਹੇਠ ਹੈ। ਬੁੰਦੇਲਖੰਡ ਦੇ ਮੱਝਗਾਓ ਥਾਣਾ ਖੇਤਰ ਦੇ ਇਕ ਪਿੰਡ ਜਰਾਖਰ ਦਾ ਇਕ ਆਦਮੀ ਉੜੀਸਾ ਤੋਂ ਇਕ ਔਰਤ ਨੂੰ ਖਰੀਦ ਕੇ ਲੈ ਆਇਆ ਸੀ। ਉਸ ਔਰਤ ਨੂੰ ਮੁੜ ਤੋਂ ਵੇਚਣ ਲਈ ਉਸ ਆਦਮੀ ਨੇ ਜਿਉਂ ਹੀ ਐਲਾਨ ਕੀਤਾ ਤਾਂ ਖਰੀਦਣ ਲਈ ਕਈ ਲੋਕ ਆ ਗਏ। ਉਸ ਆਦਮੀ ਨੇ ਔਰਤ ਦੀ ਨਿਲਾਮੀ ਲਾ ਦਿੱਤੀ। ਖਬਰਾਂ ਮੁਤਾਬਿਕ 50 ਲੋਕਾਂ ਨੇ ਨਿਲਾਮੀ 'ਚ ਹਿੱਸਾ ਲਿਆ। ਅਖੀਰ ਇਕ ਨੌਜਵਾਨ ਨੇ ਨਿਲਾਮੀ 'ਚ ਔਰਤ ਨੂੰ 25 ਹਜ਼ਾਰ ਰੁਪਏ 'ਚ ਖਰੀਦ ਲਿਆ। ਦਿੱਲੀ ਵਿਚ ਇਕ ਆਦਮੀ ਨੇ 50 ਹਜ਼ਾਰ ਵਿਚ ਆਪਣੀ ਔਰਤ ਵੇਚ ਦਿੱਤੀ। 
ਤਿੰਨ ਜੂਨ ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਦੇ ਇਕ ਆਦਮੀ ਨੇ ਪੁਲਿਸ ਪਾਸ ਰਿਪੋਰਟ ਦਰਜ ਕਰਾਈ ਹੈ ਕਿ ਬਾਹੂ-ਬਲੀਏ ਖੂਹ 'ਚੋਂ ਮੈਨੂੰ ਪਾਣੀ ਨਹੀ ਲੈਣ ਦਿੰਦੇ। ਕਹਿੰਦੇ ਹਨ ਕਿ ਪਹਿਲਾਂ ਆਪਣੀ ਪਤਨੀ ਸਾਡੇ ਹਵਾਲੇ ਕਰ, ਤਦ ਹੀ ਪਾਣੀ ਭਰਨ ਦਿਆਗੇ। 5 ਜੂਨ ਨੂੰ ਬੰਬਈ ਦੇ ਚੈਬਰ ਇਲਾਕੇ ਵਿਚ ਇਕ 7 ਸਾਲ ਦੀ ਬੱਚੀ ਵਲੋਂ 20 ਰੁਪਏ ਚੁੱਕ ਲੈਣ 'ਤੇ ਉਸ ਨੂੰ ਮਾਰ ਦਿੱਤਾ ਗਿਆ। ਭੋਪਾਲ ਦੇ ਇਕ ਨੋਜਵਾਨ ਨੇ ਅੱਧੀ ਰਾਤ ਨੂੰ ਘਰ ਆ ਕੇ ਆਪਣੀ ਮਾਂ ਤੋਂ 1000 ਰੁਪਏ ਮੰਗੇ ਤੇ ਉਸ ਵਲੋਂ ਇਨਕਾਰ ਕਰਨ 'ਤੇ ਉਸ ਨੇ ਆਪਣੀ ਮਾਂ 'ਤੇ ਮਿੱਟੀ ਦਾ ਤੇਲ ਛਿੱੜਕ ਕੇ ਅੱਗ ਲਗਾ ਕੇ ਮਾਂ ਸਾੜ ਦਿੱਤੀ। ਗਰੀਬੀ ਅਤੇ ਮਹਿੰਗਾਈ ਕਾਰਨ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਨਾ ਹੋਣ ਕਾਰਨ ਖੰਨਾ ਦੀ ਮੀਟ ਮਾਰਕੀਟ  ਦੇ ਵਸਨੀਕ ਇਕ ਗਰੀਬ ਨੇ ਗ਼ਰੀਬੀ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। 
ਦਿੱਲੀ ਦੇ ਪਾਸ ਹਰਿਆਣਾ ਦੇ ਭਗਾਵਾ ਪਿੰਡ ਦੇ ਜਿਮੀਦਾਰਾਂ ਦੇ 5 ਮੁੰਡਿਆਂ ਨੇ 23 ਮਾਰਚ 2014 ਨੂੰ ਸਕੂਲ ਜਾਂਦੀਆਂ ਚਾਰ ਬੱਚੀਆਂ ਨੂੰ ਚੁੱਕ ਕੇ ਉਨ੍ਹਾਂ ਨਾਲ ਬਲਾਤਕਾਰ ਕੀਤਾ, ਅਤੇ ਬਾਅਦ 'ਚ ਬੇਹੋਸ਼ੀ ਦੀ ਹਾਲਤ ਵਿਚ ਉਹਨਾਂ ਨੂੰ ਬਠਿੰਡਾਂ ਰੇਲਵੇ ਸਟੇਸ਼ਨ ਪਾਸ ਸੁੱਟ ਦਿੱਤਾ। ਪੀੜਤ ਬੱਚੀਆਂ ਅਤੇ ਉਹਨਾਂ ਦੇ ਪਰਿਵਾਰ 16 ਅਪ੍ਰੈਲ 2014 ਤੋਂ ਜੰਤਰ-ਮੰਤਰ 'ਤੇ ਨਿਆ ਲਈ ਧਰਨਾਂ ਲਾਈ ਬੈਠੇ ਹਨ ਪਰ ਅਪਰਾਧੀਆਂ 'ਤੇ ਕੋਈ ਕਾਰਵਾਈ ਨਹੀ ਹੋ ਰਹੀ।  
ਤਾਜਾ ਰਿਪੋਰਟ ਅਨੁਸਾਰ ਦੇਸ਼ ਵਿਚ 36 ਕੋਰੜ 29 ਲੱਖ 90 ਹਜ਼ਾਰ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਹਨ। ਯੂ ਪੀ 'ਚ  ਸਭ ਤੋਂ ਵੱਧ ਗਰੀਬ 8 ਕਰੋੜ 9 ਲੱਖ 10 ਹਜ਼ਾਰ, ਬਿਹਾਰ ' 4 ਕਰੋੜ 38 ਲੱਖ 10 ਹਜ਼ਾਰ, ਮੱਧ ਪ੍ਰਦੇਸ਼ ' 3 ਕਰੋੜ 27 ਲੱਖ 80 ਹਜ਼ਾਰ, ਪੱਛਮੀ ਬੰਗਾਲ ' 2 ਕਰੋੜ 75 ਲੱਖ 40 ਹਜ਼ਾਰ, ਮਹਾਂਰਾਸ਼ਟਰ ਵਿਚ 2 ਕਰੋੜ 28 ਲੱਖ 30 ਹਜ਼ਾਰ, ਦਿੱਲੀ ' 26 ਲੱਖ 70 ਹਜ਼ਾਰ ਲੋਕ ਗਰੀਬ ਹਨ। ਕਰੋੜਾਂ ਆਦਿ ਵਾਸੀ ਜੰਗਲਾਂ ਵਿੱਚ ਨੰਗੇ ਭਟਕ ਰਹੇ ਹਨ? ਉਹ ਪੌਦਿਆਂ ਦੇ ਪੱਤੇ ਅਤੇ ਜੜ੍ਹਾਂ ਖਾ ਕੇ ਦਿਨ ਟਪਾ ਰਹੇ ਹਨ? ਉੜੀਸਾ ਦੇ ਗਰੀਬ ਲੋਕ ਦਰੱਖਤਾਂ ਦੀਆਂ ਜੜ੍ਹਾਂ ਅਤੇ ਮਿੱਟੀ ਖਾਣ ਲਈ ਮਜਬੂਰ ਹਨ। ਦੇਸ਼ ਦੀ ਇੱਕ ਚੌਥਾਈ ਅਬਾਦੀ ਜਾਨਵਰਾਂ ਦੀ ਤਰ੍ਹਾਂ ਜੀਵਨ ਜਿਊਣ ਲਈ ਮਜਬੂਰ ਹੈ। ਨਾ ਉਹਨਾਂ ਦੇ ਸਿਰ 'ਤੇ ਛੱਤ ਹੈ, ਨਾ ਖਾਣ ਲਈ ਅੰਨ੍ਹ, ਨਾ ਸਿੱਖਿਆ ਅਤੇ ਨਾ ਰੋਜ਼ਗਾਰ। ਰੋਜਾਨਾਂ ਦੋ ਸੌ ਨਵੀਆਂ ਔਰਤਾਂ ਨੂੰ ਪੇਟ ਪੂਜਾ ਲਈ ਵੇਸ਼ਵਾਪੁਣਾ ਕਰਨਾ ਪੈ ਰਿਹਾ ਹੈ। ਕਥਿਤ ਨਵੀਂ ਆਰਥਿਕ ਨੀਤੀ ਜੋ ਦੇਸ਼ ਉੱਤੇ ਠੋਸੀ ਜਾ ਰਹੀ ਹੈ, ਉਸ ਨਾਲ ਅਸਮਾਨਤਾ ਅਤੇ ਗਰੀਬੀ ਦੀ ਖਾਈ ਹੋਰ ਡੂੰਘੀ ਹੁੰਦੀ ਜਾ ਰਹੀ ਹੈ।
ਦੂਜੇ ਪਾਸੇ ਬੋਸਟਨ ਕਲੱਸਟਿੰਗ ਗਰੁੱਪ ਦੀ 2013 ਦੀ ਸਲਾਨਾ ਰਿਪੋਰਟ ਮੁਤਾਬਕ ਭਾਰਤ ਕਰੋੜਪਤੀਆਂ ਦੀ ਸੂੱਚੀ 'ਚ ਦੁਨੀਆਂ 'ਚੋਂ 15ਵੇਂ ਸਥਾਨ 'ਤੇ ਹੈ। ਰਿਪੋਰਟ ਅਨੁਸਾਰ ਸਾਰੀ ਦੁਨੀਆ ਵਿਚ 2013 ਵਿਚ ਕੁੱਲ 163 ਲੱਖ ਕਰੋੜਪਤੀ ਸਨ ਅਤੇ ਇਨ੍ਹਾਂ 'ਚੋਂ ਭਾਰਤ ਦੇ ਕਰੋੜਪਤੀਆਂ ਦੀ ਗਿਣਤੀ 1 ਲੱਖ 75 ਹਜ਼ਾਰ ਹੈ। ਸਾਰੇ ਦੇਸ਼ ਵਿਚੋਂ ਮੁਬੰਈ 'ਚ ਸਭ ਤੋਂ ਜਿਆਦਾ ਕਰੋੜਪਤੀ ਰਹਿੰਦੇ ਹਨ ਜਿਨ੍ਹਾਂ ਦੀ ਗਿਣਤੀ 2,700 ਹੈ। ਅਸਲ 'ਚ ਦੇਸ਼ ਵਿਚ ਲੀਡਰਾਂ, ਅਫ਼ਸਰਾਂ, ਵੱਡੇ ਵਪਾਰੀਆਂ, ਕਾਰੋਬਾਰੀਆਂ, ਡੇਰੇਦਾਰਾਂ ਅਤੇ ਅਪਰਾਧੀਆਂ ਦਾ ਆਪਸ ਵਿਚ ਹਰ ਤਰਾਂ ਦਾ ਗੱਠਜੋੜ ਹੈ ਅਤੇ ਇਹ ਰਲ ਮਿਲਕੇ ਹੀ ਸਰਕਾਰਾਂ ਚਲਾ ਰਿਹਾ ਹੈ। ਰਾਜਨੀਤੀ ਵਪਾਰ ਬਣ ਗਈ ਹੈ। ਪਿੱਛਲੇ ਪੰਜ ਸਾਲਾਂ 'ਚ ਯੂ.ਪੀ.ਏ ਦੇ ਮੰਤਰੀਆਂ ਦੀ ਜਾਇਦਾਦ 'ਚ ਔਸਤਨ 280 ਫੀਸਦੀ ਵਾਧਾ ਹੋਇਆ ਹੈ। 
ਭਾਰਤ ਵਿਚ ਅੱਜ ਦੁਨੀਆਂ ਦੇ 4 ਫ਼ੀਸਦੀ ਡਾਲਰ ਅਰਬਪਤੀ ਹਨ। ਰਿਲਾਇੰਸ ਇੰਡਸਟਰੀਜ਼ ਦੇ ਚੈਅਰਮੈਨ ਮੁਕੇਸ਼ ਅੰਬਾਨੀ ਦੀ ਅਸਮਾਨ ਛੂੰਹਦੀ ਰਿਹਾਇਸ਼ ਐੰਟਿਲੀਆ ਵਿਸ਼ਵ ਵਿਚ ਸਭ ਤੋਂ ਮਹਿੰਗਾਂ ਘਰ ਹੈ। ਇਹ 27 ਮੰਜਿਲਾ ਘਰ ਚਾਰ ਲੱਖ ਵਰਗ ਫੁੱਟ 'ਚ ਫੈਲਿਆ ਹੋਇਆ ਹੈ। ਅਮਰੀਕਾਂ ਦੇ ਅਖਬਾਰ 'ਵਾਲ ਸਟਰੀਟ ਜਨਰਲ' ਅਨੁਸਾਰ ਸਾਲ 2012 ਵਿਚ ਰਾਬਟ ਵਾਡਰਾ (ਯੂ.ਪੀ.ਏ) ਦੀ ਚੇਅਰਪਰਸਨ ਦੇ ਦਮਾਦ ਪਾਸ 252 ਕਰੋੜ ਰੁਪਏ ਦੀ ਜਾਇਦਾਦ ਸੀ। ਸਰਕਾਰੀ ਸਰਪ੍ਰਸਤੀ ਪ੍ਰਾਪਤ ਇੱਕ ਹੋਰ  ਸਬਰਤੋ ਰਾਏ ਜੋ ਹੁਣ ਤਿਹਾੜੀ ਦੇਲ 'ਚ ਬੰਦ ਹੈ, ਦੇ ਅਮਰੀਕਾਂ ਅਤੇ ਇੰਗਲੈਂਡ ਵਿਚ ਪੰਜ ਤਾਰਾ ਹੋਟਲ ਹਨ। ਉਸ ਦੀ ਇੱਕ ਹਵਾਬਾਜ਼ੀ ਕੰਪਨੀ ਹੈ ਅਤੇ ਸਰਕਾਰੀ ਫਾਇਲਾਂ ਅਨੁਸਾਰ ਉਸ ਦਾ ਕਾਰੋਬਾਰ 2 ਲੱਖ ਕਰੋੜ ਰੁਪਏ ਦਾ ਹੈ। ਸੁਬਰਤੋ ਰਾਏ ਦਾ ਲਖਨਊ ਵਿਚ 'ਵ੍ਹਾਈਟ ਹਾਊਸ' ਅਮਰੀਕਾਂ ਦੇ ਰਾਸ਼ਟਰਪਤੀ ਦੀ ਏਸੇ ਨਾਂਅ ਵਾਲੀ ਰਿਹਾਇਸ਼ ਤੋਂ ਸੋਹਣਾ ਦਿਖਾਈ ਦਿੰਦਾ ਹੈ। ਇਹ ਰਿਹਾਇਸ਼ 375 ਏਕੜ ਵਿਚ ਹੈ। ਇਸ ਵਿਚ 2 ਕਿਲੋਮੀਟਰ ਲੰਬੀ ਮਸਨੂਈ ਝੀਲ ਹੈ, ਇਕ ਹੈਲੀਪੈਡ, ਪੰਜ ਹਜ਼ਾਰ ਦਰਸ਼ਕਾਂ ਲਈ ਸੋਨ-ਰੰਗੀਆਂ ਕੁਰਸੀਆਂ ਵਾਲਾ ਆਡੀਟੋਰੀਅਮ, ਥੀਏਟਰ ਅਤੇ ਇਕ ਸਮੇਂ ਪੰਜ ਹਜ਼ਾਰ ਮਹਿਮਾਨਾਂ ਦੇ ਠਹਿਰਨ ਲਈ ਪੰਜ ਤਾਰਾ ਹੋਟਲ ਵਾਲੀਆਂ ਸਹੂਲਤਾਂ ਵਾਲਾ ਰਹਿਣ ਬਸੇਰਾ ਵੀ ਹੈ।
ਭਾਜਪਾ ਦੇ ਛੱਤੀਸਗੜ ਦੀ ਵਿਧਾਨ ਸਭਾ ਦੇ ਸਪੀਕਰ ਗੌਰੀਸ਼ੰਕਰ ਅਗਰਵਾਲ ਦੇ 4 ਏਕੜ 'ਚ ਫੈਲੇ ਰਾਏਗੜ੍ਹ 'ਚ ਸਥਿਤ ਬੰਗਲੇ ' 48 ਏ.ਸੀ ਲਗਾਏ ਹੋਏ ਹਨ। ਸ਼ੀਲਾ ਦੀਕਸ਼ਤ ਜਦੋਂ ਦਿੱਲੀ ਦੀ ਮੁੱਖ ਮੰਤਰੀ ਸੀ ਤਾਂ ਉਸ ਦੇ ਸਰਕਾਰੀ ਬੰਗਲੇ ' 31 ਏ.ਸੀ, 15 ਡੈਜ਼ਟਰ ਕੂਲਰ, 25 ਰੂਮ ਹੀਟਰ, 16 ਏਅਰ ਪਿਓਰੀਫਾਇਰ ਅਤੇ 12 ਗੀਜਰ ਲਗਵਾਏ ਹੋਏ ਸਨ। ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਕਾਫਲੇ 'ਚ ਪੰਜ ਸੀਟਾਂ ਵਾਲੀਆਂ ਦੋ ਮਰਸੀਡੀਜ਼ ਕਾਰਾਂ ਅਤੇ ਸੱਤ ਸੀਟਾਂ ਵਾਲੀਆਂ ਦੋ ਲੈਂਡ ਕਰੂਜ਼ਰ ਕਾਰਾਂ ਲਈ ਬਜਟ ' 6.90 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਕਰਨਾਟਕ ਦੇ ਲੋਕ ਨਿਰਮਾਣ ਮੰਤਰੀ ਐੱਚ.ਸੀ ਮਹਾਦੇਵੱਪਾ ਨੇ ਆਪਣੀ ਰਿਹਾਇਸ਼ ਦੀ ਰਿਪੇਅਰ 'ਤੇ 2.05 ਕਰੋੜ ਰੁਪਏ ਖਰਚ ਕੀਤੇ ਹਨ।  
ਅਜ਼ਾਦੀ ਨਾਲ ਪ੍ਰੀਵਰਤਨ ਇਹ ਆਇਆ ਹੈ ਕਿ ਸਰਕਾਰੀ ਹਸਪਤਾਲਾਂ ਦੀ ਜਗ੍ਹਾ ਪ੍ਰਾਈਵੇਟ ਨਰਸਿੰਗ ਹੋਮ ਧੜਾ-ਧੜ ਬਣ ਗਏ ਹਨ। ਸਰਕਾਰੀ ਸਕੂਲਾਂ ਦੀ ਥਾਂ ਪ੍ਰਾਈਵੇਟ-ਪਬਲਿਕ-ਮਾਡਲ ਸਕੂਲ ਬਣ ਗਏ ਹਨ। ਸੜਕ ਸੁਰੱਖਿਆ ਦੀ ਜਗ੍ਹਾ ਟੂਲ-ਪਲਾਜਾ ਬਣ ਗਏ ਹਨ। ਰਾਸ਼ਟ ਡੀਪੂਆਂ ਦੀ ਜਗ੍ਹਾ, ਮਾਲ ਮਿੱਲ ਰਹੇ ਹਨ। ਸਵੱਸ ਪਾਣੀ ਦੀ ਜਗਾ ਬੇਹੇ ਪਾਣੀ ਦੀਆਂ ਬੋਤਲਾਂ ਮਿਲ ਰਹੀਆਂ ਹਨ। ਦੇਸ਼ ਦੇ 15 ਪ੍ਰਤੀਸ਼ਤ ਲੋਕਾਂ ਨੂੰ ਛੱਡ ਕੇ ਬਾਕੀ ਦਾ ਜੀਵਨ ਜਿਉਣਾ ਔਖਾ ਹੋਇਆ ਪਿਆ ਹੈ। ਚੱਕੀਆਂ 'ਤੇ ਪੀਸ ਕੇ ਬੋਰੀਆਂ 'ਚ  ਆਉਣ ਵਾਲਾ ਆਟਾ ਹੁਣ ਥੈਲੀਆਂ 'ਚ ਆਉਦਾ ਹੈ।  
ਸਪੱਸ਼ਟ ਹੈ ਕਿ ਆਗੂਆਂ ਅਤੇ ਸ਼ਾਸ਼ਕਾਂ ਨੇ ਅਜ਼ਾਦੀ ਸੰਗਰਾਮੀਆਂ ਦੀਆ ਕੁਰਬਾਨੀਆ ਦੀ ਕਦਰ ਨਹੀ ਪਾਈ। ਉਹਨਾਂ ਦੇ ਸੁਪਨੇ ਸਾਕਾਰ ਨਹੀ ਕੀਤੇ। ਸਗੋਂ ਉਹ ਤਾਂ ਅਜ਼ਾਦੀ ਘੁਲਾਟੀਆਂ ਦੀਆ ਕੁਰਬਾਨੀਆਂ ਨਾਲ ਖਿਲਵਾੜ ਕਰ ਰਹੇ ਹਨ। ਇਸ ਲਈ ਅਜੜਾਦੀ ਤੋਂ ਬਾਅਦ ਬਣੇ ਐਮ. ਐਲ. ਏ., ਐਮ. ਪੀ., ਪੀ. ਸੀ. ਐਸ., ਆਈ. ਏ. ਐਸ. ਤੇ ਆਈ. ਪੀ. ਐਸ. ਆਗੂਆ, ਤੇ ਅਫਸਰਾਂ ਦੀ ਜਾਇਦਾਦ ਸਾਹਮਣੇ ਆਉਣੀ ਚਾਹੀਦੀ ਹੈ ਕਿ ਸ਼ੁਰੂ ਵਿਚ ਇਹਨਾਂ ਦੀ ਜਾਇਦਾਦ ਕੀ ਸੀ ਅਤੇ ਅੱਜ ਇਹਨਾਂ ਦੀ ਜਾਇਦਾਦ ਕੀ ਹੈ। ਦੂਜਾ ਜਿਸ ਤਰ੍ਹਾਂ ਸਰਕਾਰ ਨੇ ਗਰੀਬੀ ਦੀ ਰੇਖਾਂ ਨਿਸ਼ਚਿਤ ਕੀਤੀ ਹੋਈ ਹੈ ਉਵੇਂ ਹੀ ਕਨੂੰਨ ਰਾਹੀਂ ਅਮੀਰੀ ਦੀ ਰੇਖਾ ਵੀ ਨਿਸ਼ਚਿਤ ਹੋਵੇ ਅਤੇ ਇਸ ਤੋਂ ਉਪਰ ਕਿਸੇ ਵੀ ਤਰਾਂ ਦੀ ਜਾਇਦਾਦ ਰੱਖਣ ਵਾਲੇ ਨੂੰ ਘੱਟ ਤੋਂ ਘੱਟ 20 ਸਾਲ ਦੀ ਸਖਤ ਤੋਂ ਸਖਤ ਸਜਾ ਅਤੇ ਜਾਇਦਾਦ ਜ਼ਬਤ ਹੋਵੇ ਤਾਂ ਹੀ ਦੇਸ਼ਵਾਸੀਆਂ ਨੂੰ ਅਜ਼ਾਦੀ ਦਾ ਅਨੰਦ ਆਵੇਗਾ।         


ਐਸ ਐਲ ਵਿਰਦੀ ਐਡਵੋਕੇਟ
ਸਿਵਲ ਕੋਰਟਸ ਫਗਵਾੜਾ, ਪੰਜਾਬ।
ਫੂੰਨ ਮੋਬਾਈਲ : 98145 17499