ਹੁਣ ਅਧਿਆਪਕ ਬਣਨਾ ਵੀ ਅਸਾਨ ਨਹੀਂ, ਸਰਕਾਰ ਕਰ ਰਹੀ ਹੈ ਭਵਿੱਖ ਦੇ ਅਧਿਆਪਕਾਂ ਦਾ ਸ਼ੋਸ਼ਣ।

ਅਧਿਆਪਕ ਯੋਗਤਾ ਟੈਸਟ ਬਣਿਆ ਅਧਿਆਪਕਾਂ ਲਈ ਪ੍ਰੇਸ਼ਾਨੀ ਅਤੇ ਸਰਕਾਰ ਲਈ ਕਮਾਈ ਦਾ ਸਾਧਨ।

ਵਿਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਮੰਨਿਆ ਜਾਂਦਾ ਹੈ ਜਿਸ ਕਾਰਨ ਸਮਾਜ ਵਿੱਚ ਅਧਿਆਪਕ ਦਾ ਵਿਸ਼ੇਸ਼ ਸਥਾਨ ਅਤੇ ਮਹੱਤਵ ਹੈ। ਸਾਡੇ ਦੇਸ਼ ਵਿੱਚ ਸਦੀਆਂ ਤੱਕ ਵਿਦਿਆ ਦਾ ਅਧਿਕਾਰ ਕੁੱਝ ਖਾਸ ਵਰਗ ਦੇ ਲੋਕਾਂ ਕੋਲ ਹੀ ਸੀਮਿਤ ਰਿਹਾ ਹੈ ਅਤੇ ਰਾਜੇ ਮਹਾਰਾਜੇ ਅਪਣੇ ਬੱਚਿਆਂ ਨੂੰ ਪੜਾਉਣ ਲਈ ਵਿਸ਼ੇਸ਼ ਅਧਿਆਪਕ ਰੱਖਦੇ ਸਨ ਜੋਕਿ ਸਮੇਂ ਦੀ ਹਾਣੀ ਸਿੱਖਿਆ ਉਨ੍ਹਾਂ ਦੇ ਬੱਚਿਆਂ ਨੂੰ ਦੇ ਸਕਣ। ਹੋਲੀ ਹੋਲੀ ਸਮੇਂ ਵਿੱਚ ਬਦਲਾਵ ਆਣ ਨਾਲ ਸਿਖਿਆ ਦੇ ਦੁਆਰ ਖੁੱਲਦੇ ਗਏ ਅਤੇ ਅਧਿਆਪਕ ਦਾ ਕਿੱਤਾ ਹੋਰ ਵੀ ਮਹੱਤਵਪੂਰਨ ਹੋ ਗਿਆ। ਸਮਾਜ ਵਿੱਚ ਸਿੱਖਿਆ ਅਤੇ ਅਧਿਆਪਕਾਂ ਦੀ ਮਹੱਤਤਾ ਹੋਣ ਕਾਰਨ ਸਾਬਕਾ ਰਾਸ਼ਟਰਪਤੀ ਸਵਰਗੀ ਰਾਧਾ ਕ੍ਰਿਸ਼ਨ ਜੀ ਦੇ ਜਨਮ ਦਿਨ 05 ਸਤੰਬਰ ਨੂੰ ਹਰ ਸਾਲ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਵੱਡੇ ਵੱਡੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ, ਸਮਾਜ ਵਿੱਚ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਧਿਆਪਕ ਬਣਨ ਲਈ ਸਰਕਾਰ ਨੇ ਇੱਕ ਵਿਦਿਅਕ ਪੱਧਰ ਨਿਸ਼ਚਿਤ ਕੀਤਾ ਹੋਇਆ ਹੈ ਜਿਵੇਂ ਪ੍ਰਾਇਮਰੀ ਕਲਾਸਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਲਈ ਈ ਟੀ ਟੀ ਕੋਰਸ ਅਤੇ ਹਾਈ ਸਕੂਲ ਦੀਆਂ ਕਲਾਸਾਂ ਵਾਲੇ ਅਧਿਆਪਕਾਂ ਲਈ ਬੀ ਐਡ ਦੀ ਡਿਗਰੀ ਜਰੂਰੀ ਹੈ। ਪਿਛਲੇ ਕੁੱਝ ਸਾਲਾਂ ਤੋਂ ਇਨ੍ਹਾਂ ਕੋਰਸਾਂ ਨੂੰ ਮੁਕੰਮਲ ਕਰਨ ਤੋਂ ਬਾਦ ਸਰਕਾਰ ਨੇ ਇੱਕ ਅਧਿਆਪਕ ਯੋਗਤਾ ਟੈਸਟ ਪਾਸ ਕਰਨਾ ਲਾਜ਼ਮੀ ਕਰ ਦਿਤਾ ਹੈ ਜੋਕਿ ਭਵਿੱਖ ਦੇ ਅਧਿਆਪਕਾਂ ਲਈ ਮਾਯੂਸੀ ਅਤੇ ਸ਼ੋਸ਼ਣ ਦਾ ਕਾਰਨ ਬਣਦਾ ਜਾ ਰਿਹਾ ਹੈ ਅਤੇ ਸਰਕਾਰ ਲਈ ਕਮਾਈ ਦਾ ਸਾਧਨ ਬਣ ਗਿਆ ਹੈ। ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਹੋਏ ਇਸ ਟੈਸਟ ਨੇ ਤਾਂ ਇਹ ਸਾਬਿਤ ਹੀ ਕਰ ਦਿਤਾ ਕਿ ਐਮ ਏ ਬੀ ਐਡ ਵਿੱਚ ਟੋਪਰ ਰਹਿਣ ਵਾਲੇ ਅਧਿਆਪਕ ਵੀ ਨਿਕੰਮੇ ਹੀ ਹਨ ਅਤੇ 10 ਫਿਸਦੀ ਤੋਂ ਵੀ ਘੱਟ ਪ੍ਰੀਖਿਆਰਥੀਆਂ ਨੇ ਹੀ ਇਹ ਟੈਸਟ ਪਾਸ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਬੀ ਐਡ ਵਿੱਚ ਦਾਖਲੇ ਲਈ ਸਰਕਾਰ ਨੇ 40 ਫਿਸਦੀ ਅੰਕ ਦੀ ਸ਼ਰਤ ਰੱਖੀ ਹੋਈ ਹੈ ਪਰੰਤੂ ਦੂਜੇ ਪਾਸੇ ਇਸ ਟੈਸਟ ਨੂੰ ਪਾਸ ਕਰਨ ਲਈ 60 ਫਿਸਦੀ ਨੰਬਰ ਰੱਖੇ ਗਏ ਸਨ। ਪੰਜਾਬ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਅਧਿਆਪਕ ਯੋਗਤਾ ਟੈਸਟ ਹੁਣ ਟੈਸਟ ਦੇਣ ਵਾਲਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ ਜਦਕਿ ਸਰਕਾਰ ਇਸਤੋਂ ਕਮਾਈ ਕਰਕੇ ਆਪਣੇ ਵਾਰੇ ਨਿਆਰੇ ਕਰ ਰਹੀ ਹੈ। ਪੰਜਾਬ ਸਰਕਾਰ ਵਲੋਂ ਹੁਣ ਫਿਰ ਇਸ ਵਾਰ 24 ਅਗਸਤ, 2014 ਨੂੰ ਲਏ ਜਾ ਰਹੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਵਿੱਚ ਕੁੱਲ 183690 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਹਨ। ਟੈਸਟ-1 ਵਿੱਚ 47857 ਪ੍ਰੀਖਿਆਰਥੀ ਅਤੇ  ਟੈਸਟ-2 ਵਿੱਚ 135833 ਪ੍ਰੀਖਿਆਰਥੀ ਪ੍ਰੀਖਿੱਆ ਦੇ ਰਹੇ ਹਨ। ਇਸ ਟੈਸਟ ਲਈ ਕੁੱਲ 400 ਕੇਂਦਰ ਬਣਾਏ ਗਏ ਹਨ ਅਤੇ 36 ਨੋਡਲ ਸੈਂਟਰ ਬਣਾਏ ਗਏ ਹਨ। ਇਸ ਟੈਸਟ ਦਾ ਸਾਰਾ ਪ੍ਰਬੰਧ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਵਲੋਂ ਕੀਤਾ ਗਿਆ ਹੈ। ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਈ ਟੀ ਟੀ ਪਾਸ ਵਿਦਿਆਰਥੀ ਪੇਪਰ-1 ਦੇ ਸਕਦਾ ਹੈ ਜਦਕਿ ਬੀ ਐਡ ਪਾਸ ਵਿਦਿਆਰਥੀ ਦੋਨੋਂ ਪੇਪਰ ਦੇ ਸਕਦਾ ਹੈ। ਇਸ ਪੇਪਰ ਤੇ ਹੋਣ ਵਾਲੇ ਖਰਚੇ ਦੀ ਗੱਲ ਕਰੀਏ ਤਾਂ ਜਨਰਲ ਕੈਟੇਗਰੀ ਪੱਛੜੀਆਂ ਸ਼੍ਰੇਣੀਆਂ ਅਤੇ ਹੋਰ ਪੱਛੜੀਆਂ ਸ਼ੇਣੀਆਂ ਲਈ ਇੱਕ ਪੇਪਰ ਦੀ ਫੀਸ 600/- ਰੁਪਏ ਅਤੇ ਦੋਹਾਂ ਪੇਪਰਾਂ ਦੀ ਫੀਸ 1200/- ਰੱਖੀ ਗਈ ਹੈ ਜਦਕਿ ਕੁੱਝ ਰਿਜ਼ਰਵ ਕੈਟੇਗਰੀਆਂ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਾਤੀਆਂ/ਡਿਫਰੈਂਟਲੀ ਡਿਸਏਵਲਡ ਦੇ ਪ੍ਰੀਖਿਆਰਥੀਆਂ ਲਈ ਇੱਕ ਪੇਪਰ ਦੀ ਫੀਸ 300/- ਰੁਪਏ ਅਤੇ ਦੋਹਾਂ ਪੇਪਰਾਂ ਦੀ ਫੀਸ 600/- ਰੁਪਏ ਹੈ। ਇਸ ਟੈਸਟ ਲਈ ਐਕਸ ਸਰਵਿਸਮੈਨ ਪ੍ਰੀਖਿਆਰਥਆਂ ਲਈ ਕੋਈ ਵੀ ਫੀਸ ਨਹੀਂ ਰੱਖੀ ਗਈ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਇਹ ਫੀਸ ਕਿਸੇ ਸਰਵਜਨਕ ਬੈਂਕ ਵਿੱਚ ਨਹੀਂ ਸਗੋਂ ਸਿਰਫ ਇੱਕ ਪ੍ਰਾਈਵੇਟ ਬੈਂਕ ਵਿੱਚ ਹੀ ਜਮ੍ਹਾਂ ਕਰਵਾਈ ਜਾ ਸਕਦੀ ਸੀ। ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਫੀਸ ਜਮ੍ਹਾਂ ਕਰਵਾਉਣ ਲਈ ਸਿਰਫ ਇੱਕ ਪ੍ਰਾਇਵੇਟ ਬੈਂਕ ਨੂੰ ਹੀ ਕਿਉਂ ਚੁਣਿਆ ਗਿਆ ਜੋ ਕਿ ਗਿਣਤੀ ਵਿੱਚ ਵੀ ਬਹੁਤ ਘੱਟ ਹਨ ਅਤੇ ਕਈ ਲੋਕਾਂ ਨੂੰ 10-20 ਕਿਲੋਮੀਟਰ ਅਤੇ ਇਸਤੋਂ ਜ਼ਿਆਦਾ ਦਾ ਸਫਰ ਕਰਕੇ ਬੈਂਕ ਵਿੱਚ ਫੀਸ ਜਮ੍ਹਾਂ ਕਰਵਾਉਣੀ ਪਈ ਹੈ ਅਤੇ ਆਉਣ ਜਾਣ ਦਾ ਕਿਰਾਇਆ ਖਰਚਣਾ ਪਿਆ ਹੈ। ਇਹ ਫਾਰਮ ਪਹਿਲਾਂ ਆਨਲਾਈਨ ਜਮ੍ਹਾਂ ਹੋਏੇ ਹਨ ਅਤੇ ਫਿਰ ਇਹਨਾਂ ਨੂੰ ਡਾਕ ਰਾਹੀਂ ਵੀ ਭੇਜਿਆ ਗਿਆ ਹੈ। ਬੈਂਕ ਵਿੱਚ ਫੀਸ ਜਮ੍ਹਾ ਕਰਵਾਉਣ ਲਈ ਬੈਂਕ ਚਾਰਜ਼ਸ ਵੀ ਦੇਣਾ ਪਿਆ। ਫਾਰਮ ਆਨਲਾਈਨ ਜਮ੍ਹਾ ਕਰਵਾਉਣ ਲਈ ਪੈਸੇ ਖਰਚਣੇ ਪਏ ਅਤੇ ਫਿਰ ਰੋਲ ਨੰਬਰ ਸਲਿੱਪ ਲੈਣ ਵੀ ਪੈਸੇ ਖਰਚਣੇ ਪੈ ਰਹੇ ਹਨ। ਇਸ ਤਰ੍ਹਾਂ ਇਹ ਟੈਸਟ ਦੇਣ ਲਈ 2000/- ਰੁਪਏ ਤੋਂ 3000/- ਰੁਪਏ ਖਰਚਣੇ ਪਏ ਹਨ। ਇਹ ਟੈਸਟ ਜੋਕਿ ਜਿਲ੍ਹਾ ਪੱਧਰ ਅਤੇ ਕੁੱਝ ਥਾਵਾਂ ਤੇ ਤਹਿਸੀਲ ਪੱਧਰ ਤੇ ਸੈਂਟਰ ਬਣਾਕੇ ਲਿਆ ਜਾ ਰਿਹਾ। ਹੁਣ ਇਹ ਪ੍ਰੀਖਿਆ ਦੇਣ ਲਈ ਪ੍ਰੀਖਿਆਰਥੀਆਂ ਨੂੰ 500 ਤੋਂ 1000 ਰੁਪਏ ਤੱਕ ਖਰਚਣੇ ਪੈਣਗੇ ਤੇ ਖੱਜਲ ਖੁਆਰੀ ਅਲੱਗ ਹੋਵੇਗੀ। ਇਸ ਟੈਸਟ ਨੂੰ ਪਾਸ ਕਰਨ ਦੀ ਆਸ ਨਾਲ ਬਹੁਤੇ ਪ੍ਰੀਖਿਆਰਥੀਆਂ ਨੇ ਹਜਾਰਾਂ ਰੁਪਏ ਕਿਤਾਬਾਂ ਅਤੇ ਕੋਚਿੰਗ ਲੈਣ ਤੇ ਵੀ ਖਰਚ ਦਿਤੇ ਹਨ।  ਸਰਕਾਰ ਨੇ ਇਸ ਟੈਸਟ ਤੋਂ ਕਰੋੜਾਂ ਰੁਪਏ ਕਮਾ ਲਏ ਹਨ ਅਤੇ ਪ੍ਰਾਇਵੇਟ ਬੈਂਕ ਨੇ ਵੀ ਲੱਖਾਂ ਰੁਪਏ ਕਮਾ ਲਏ ਹਨ। ਫਿਰ ਫਾਰਮ ਆਨਲਾਈਨ ਜਮਾ ਕਰਵਾਉਣ ਵਾਲੇ ਕੰਪਿਊਟਰ ਸੈਂਟਰਾਂ ਨੇ ਵੀ ਆਪਣੇ ਵਾਰੇ ਨਿਆਰੇ ਕਰ ਲਏ ਹਨ ਅਤੇ ਡਾਕ ਵਿਭਾਗ ਨੇ ਵੀ ਲੱਖਾਂ ਰੁਪਏ ਕਮਾ ਲਏ। ਪਰ ਇਸ ਟੈਸਟ ਦੇ ਚੱਕਰ ਵਿੱਚ ਟੈਸਟ ਦੇਣ ਵਾਲੇ ਅਜਿਹੇ ਫਸੇ ਹਨ ਕਿ ਉਹਨਾਂ ਨੂੰ ਆਪਣੀ ਪੜ੍ਹਾਈ ਤੇ ਖਰਚ ਕੀਤੇ ਰੁਪਏ ਡੁੱਬ ਗਏ ਪ੍ਰਤੀਤ ਹੁੰਦੇ ਹਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਤੋਂ ਇਹ ਟੈਸਟ ਪਾਸ ਕਰ ਚੁੱਕੇ ਹਜਾਰਾਂ ਅਧਿਆਪਕ ਨੌਕਰੀ ਲਈ ਅਜੇ ਤੱਕ ਸੜ੍ਹਕਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਨੌਕਰੀ ਨਹੀਂ ਦੇ ਰਹੀ ਹੈ। ਸਰਕਾਰ ਦੀ ਇਹ ਨੀਤੀ ਭਵਿੱਖ ਦੇ ਅਧਿਆਪਕਾਂ ਦਾ ਸ਼ੋਸ਼ਣ ਕਰਨਾ ਕਦੋਂ ਬੰਦ ਕਰੇਗੀ ਇਹ ਕੋਈ ਨਹੀਂ ਕਹਿ ਸਕਦਾ ਹੈ ਪਰ ਦੇਸ਼ ਦਾ ਭਵਿੱਖ ਬੱਚਿਆਂ ਦਾ ਭਵਿੱਖ ਸੰਵਾਰਨ ਵਾਲੇ ਅਧਿਆਪਕਾਂ ਦੀ ਹੋ ਰਹੀ ਖੱਜਲ ਖੁਆਰੀ ਦੇਸ਼ ਦੇ ਭਵਿੱਖ ਲਈ ਵੀ ਚਿੰਤਾ ਦਾ ਵਿਸ਼ਾ ਹੈ। 

ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054