ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸੱਖਤੀ ਨਾਲ ਲਾਗੂ ਕੀਤੀ ਜਾਵੇ ਅਤੇ ਅਨੁਸੂਚਿਤ ਜਾਤੀਆਂ ਦੇ ਯੋਗ ਵਿਦਿਆਰਥੀਆਂ ਦਾ ਇਸ ਸਕੀਮ ਅਧੀਨ ਬਿਨ੍ਹਾਂ ਫੀਸ ਲਏ ਦਾਖਲਾ ਕੀਤਾ ਜਾਵੇ--ਡਿਪਟੀ ਕਮਿਸ਼ਨਰ ਤਨੂੰ ਕਸ਼ਿਅਪ।
 

01 ਅਗਸਤ, 2014( ਕੁਲਦੀਪ ਚੰਦ) ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸੱਖਤੀ ਨਾਲ ਲਾਗੂ ਕੀਤੀ ਜਾਵੇ ਅਤੇ ਅਨੁਸੂਚਿਤ ਜਾਤੀਆਂ ਦੇ ਯੋਗ ਵਿਦਿਆਰਥੀਆਂ ਦਾ ਇਸ ਸਕੀਮ ਅਧੀਨ ਬਿਨ੍ਹਾਂ ਫੀਸ ਲਏ ਦਾਖਲਾ ਕੀਤਾ ਜਾਵੇ। ਇਹ ਹੁਕਮ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਤਨੂੰ ਕਸ਼ਿਅਪ ਆਈ ਏ ਐਸ ਨੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਨੁਸੂਚਿਤ ਜਾਤੀਆਂ ਵਿਦਿਆਰਥੀ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਸਬੰਧਿਤ ਸੰਸਥਾਵਾਂ/ਕਾਲਜ਼ਾਂ ਵਿੱਚ ਬਿਨਾਂ ਫੀਸ ਲਏ ਦਾਖਲਾ ਦੇਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਯੋਗ ਵਿਦਿਆਰਥੀਆਂ ਨੂੰ ਡਿਪਲੋਮਾ, ਸਰਟੀਫਿਕੇਟ, ਡਿਗਰੀ, ਪੋਸਟ ਗ੍ਰੈਜੂਏਟ, ਇੰਜੀਨੀਅਰਿੰਗ, ਮੈਡੀਕਲ, ਵੈਟਰਨੀ, ਐਗਰੀਕਲਚਰ ਆਦਿ ਕੋਰਸਾਂ ਅਧੀਨ ਨਾ ਮੋੜਨਯੋਗ ਫੀਸਾਂ ਤੇ ਮੇਨਟੇਨੈਂਸ ਅਲਾਂਊਸ ਦੀ ਪ੍ਰਤੀ ਪੂਰਤੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਇਸ ਲਈ ਅਨੁਸੂਚਿਤ ਜਾਤੀ ਦੇ ਯੋਗ ਵਿਦਿਆਰਥੀਆਂ ਨੂੰ ਬਿਨਾਂ ਫੀਸ ਲਏ ਦਾਖਲਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਇਹ ਫੀਸ ਭਲਾਈ ਵਿਭਾਗ ਵੱਲੋਂ ਸਿੱਧੀ ਹੀ ਸਬੰਧਿਤ ਸੰਸਥਾਵਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਕਾਲਜ਼ਾਂ/ਸੰਸਥਾਵਾਂ ਵਿੱਚ ਦਾਖਲਾ ਨਾ ਦੇਣਾ ਇੱਕ ਅਪਰਾਧ ਹੈ ਤੇ ਯੋਗ ਵਿਦਿਆਰਥੀਆਂ ਨੂੰ ਦਾਖਲਾਂ ਦਿੱਤਾ ਜਾਵੇ। ਮੀਟਿੰਗ ਵਿੱਚ ਹਾਜ਼ਰ ਵੱਖ ਵੱਖ ਵਿਦਿਅਕ ਸੰਸਥਾਵਾ ਦੇ ਮੁਖੀਆਂ ਪਾਸੋਂ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦੀਆਂ ਸੰਸਥਾਵਾਂ ਵਿੱਚ ਹੋਏ ਦਾਖਲੇ ਦੀਆਂ ਬਕਾਇਆ ਅਦਾਇਗੀਆਂ ਬਾਰੇ ਵੀ ਪੁੱਛ ਪੜਤਾਲ ਕੀਤੀ ਗਈ। ਮੀਟਿੰਗ ਦੌਰਾਨ ਜਸਵੀਰ ਸਿੰਘ ਜ਼ਿਲ੍ਹਾਂ ਭਲਾਈ ਅਫਸਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਲੈਣ ਲਈ ਵਿਭਾਗ ਦੀ ਵੈਬਸਾਈਟ www.pbscholarship.gov.in ਤੇ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚਲਾਈ ਜਾ ਰਹੀ ਯੋਜਨਾ ਦਾ ਲਾਭ ਲੋੜਵੰਦ ਯੋਗ ਵਿਦਿਆਰਥੀਆਂ ਤੱਕ ਪਹੁੰਚਾਣ ਲਈ ਹਰਤਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੁਲਦੀਪ ਚੰਦ
9417563054