31 ਜੁਲਾਈ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਤੇ ਵਿਸ਼ੇਸ਼।
ਸ਼ਹੀਦ ਊਧਮ ਸਿੰਘ ਨੇ ਜਲਿਆਂ ਵਾਲਾ ਬਾਗ ਗੋਲੀਕਾਂਡ ਵਿੱਚ ਸ਼ਹੀਦ ਹੋਏ ਭਾਰਤੀਆਂ ਦਾ ਬਦਲਾ ਇੰਗਲੈਂਡ ਜਾਕੇ ਲਿਆ। 

30 ਜੁਲਾਈ, 2014 (ਕੁਲਦੀਪ ਚੰਦ) ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਦੇ ਪ੍ਰਮੁੱਖ ਕ੍ਰਾਂਤੀਕਾਰੀ ਸਰਦਾਰ ਊਧਮ ਸਿੰਘ ਦਾ ਨਾਮ ਅਮਰ ਹੈ। ਆਮ ਧਾਰਨਾ ਹੈ ਕਿ ਉਹਨਾਂ ਨੇ ਜ਼ਲਿਆਵਾਲਾ ਬਾਗ ਹੱਤਿਆਕਾਂਡ ਦੇ ਦੋਸ਼ੀ ਜਨਰਲ ਡਾਇਰ ਨੂੰ ਲੰਡਨ ਵਿੱਚ ਜਾ ਕੇ ਗੋਲੀ ਮਾਰੀ ਅਤੇ ਨਿਰਦੋਸ਼ ਲੋਕਾਂ ਦੀ ਹੱਤਿਆ ਦਾ ਬਦਲਾ ਲਿਆ, ਪਰ ਕੁਝ ਇਤਿਹਾਸਕਾਰਾ ਦਾ ਮੰਨਣਾ ਹੈ ਕਿ ਉਹਨਾਂ ਨੇ ਮਾਈਕਲ ਓਡਵਾਇਰ ਨੂੰ ਮਾਰਿਆ ਸੀ, ਜੋ ਜ਼ਲਿਆਵਾਲਾ ਬਾਗ ਕਾਂਡ ਦੇ ਸਮੇਂ ਪੰਜਾਬ ਦਾ ਗਵਰਨਰ ਸੀ। ਓਡਵਾਇਰ ਜਿੱਥੇ ਊਧਮ ਸਿੰਘ ਦੀ ਗੋਲੀ ਨਾਲ ਮਰਿਆ, ਉੱਥੇ ਜਨਰਲ ਡਾਇਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਕਰਕੇ ਮਰਿਆ। ਸ਼ਹੀਦ ਊਧਮ ਸਿੰਘ ਦਾ ਜਨਮ ਪਿਤਾ ਟਹਿਲ ਸਿੰਘ ਅਤੇ ਮਾਤਾ ਨਰੈਣ ਕੌਰ ਦੇ ਘਰ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਪਿੰਡ ਵਿੱਚ ਹੋਇਆ ਸੀ ਅਤੇ ਬਚਪਨ ਵਿੰਚ ਸ਼ਹੀਦ ਉਧਮ ਸਿੰਘ ਦਾ ਨਾਮ ਸ਼ੇਰ ਸਿੰਘ ਸੀ। ਸੰਨ 1901 ਵਿੱਚ ਊਧਮ ਸਿੰਘ ਦੀ ਮਾਤਾ ਅਤੇ 1907 ਵਿੱਚ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਸ ਘਟਨਾ ਤੋਂ ਬਾਦ ਉਹਨਾਂ ਨੂੰ ਆਪਣੇ ਵੱਡੇ ਭਰਾ ਮੁਕਤਾ ਸਿੰਘ ਸੀ ਦੇ ਨਾਲ ਅਨਾਥ ਆਸ਼ਰਮ ਵਿੱਚ ਸ਼ਰਣ ਲੈਣੀ ਪਈ ਜਿੱਥੇ ਦੋਵਾਂ ਭਰਾਵਾਂ ਨੂੰ ਊਧਮ ਸਿੰਘ ਅਤੇ ਸਾਧੂ ਸਿੰਘ ਦੇ ਰੂਪ ਵਿੱਚ ਨਵੇਂ ਨਾਮ ਮਿਲੇ। ਇਤਿਹਾਸਕਾਰਾਂ ਅਨੁਸਾਰ ਊਧਮ ਸਿੰਘ ਦੇਸ਼ ਵਿੱਚ ਸਰਵ ਧਰਮ ਸੁਭਾਅ ਦੇ ਪ੍ਰਤੀਕ ਸਨ ਅਤੇ ਇਸ ਲਈ ਉਹਨਾਂ ਨੇ ਆਪਣਾ ਨਾਮ ਬਦਲ ਕੇ ਰਾਮ ਮੁਹੰਮਦ ਆਜ਼ਾਦ ਸਿੰਘ ਰੱਖ ਲਿਆ ਸੀ ਜੋ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ ਦਾ ਪ੍ਰਤੀਕ ਹੈ। 1917 ਵਿੱਚ ਉਹਨਾਂ ਦੇ ਵੱਡੇ ਭਰਾ ਦਾ ਦੇਹਾਂਤ ਹੋ ਗਿਆ। 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜ਼ਲਿਆਵਾਲੇ ਬਾਗ ਵਿੱਚ 19 ਸਾਲ ਦੇ ਅਨਾਥ ਊਧਮ ਸਿੰਘ ਨੂੰ ਅਨਾਥ ਆਸ਼ਰਮ ਵੱਲੋਂ ਸੇਵਾ ਕਰਨ ਲਈ ਭੇਜਿਆ ਗਿਆ ਸੀ। ਉਹ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ। ਅੰਗਰੇਜ਼ ਅਫਸਰ ਮਾਈਕਲ ਓਡਵਾਇਰ ਦੇ ਹੁਕਮ ਨਾਲ ਜਨਰਲ ਡਾਇਰ ਨੇ ਬਿਨਾਂ ਚੇਤਾਵਨੀ ਦਿੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਗੋਲੀ ਕਾਂਡ ਅਤੇ ਨਿਹੱਥੇ ਲੋਕਾਂ ਦੀ ਸ਼ਹੀਦੀ ਦੀ ਘਟਨਾ ਨੂੰ ਸ਼ਹੀਦ ਊਧਮ ਸਿੰਘ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਜ਼ਲਿਆਵਾਲੇ ਬਾਗ ਦੀ ਮਿੱਟੀ ਨੂੰ ਹੱਥ ਵਿੱਚ ਲੈ ਕੇ ਜਨਰਲ ਡਾਇਰ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਇਸਤੋਂ ਬਾਦ ਉਹਨਾਂ ਨੇ ਅਨਾਥ ਆਸ਼ਰਮ ਛੱਡ ਦਿੱਤਾ ਅਤੇ ਕ੍ਰਾਂਤੀਕਾਰੀਆਂ ਦੇ ਨਾਲ ਮਿਲ ਕੇ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਿਲ ਹੋ ਗਏ। ਊਧਮ ਸਿੰਘ ਅਨਾਥ ਹੋ ਗਏ ਸੀ, ਪਰ ਇਸਦੇ ਬਾਵਜੂਦ ਉਹ ਘਬਰਾਏ ਨਹੀ ਅਤੇ ਦੇਸ਼ ਦੀ ਆਜ਼ਾਦੀ ਅਤੇ ਜਨਰਲ ਡਾਇਰ ਨੂੰ ਮਾਰਨ ਦੀ ਆਪਣੀ ਸੌਂਹ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਕੰਮ ਕਰਦੇ ਰਹੇ। ਸ਼ਹੀਦ ਊਧਮ ਸਿੰਘ ਸ਼ਹੀਦ ਭਗਤ ਸਿੰਘ ਦੇ ਤੋਂ ਬਹੁਤ ਪ੍ਰਭਾਵਿਤ ਸਨ ਜਿਸ ਕਰਕੇ ਉਹ 1824 ਵਿੱਚ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਆਪਣੇ ਮਿਸ਼ਨ ਨੂੰ ਅੰਜ਼ਾਮ ਦੇਣ ਲਈ ਊਧਮ ਸਿੰਘ ਲੰਡਨ ਚਲੇ ਗਏ। ਮਾਈਕਲ ਓਡਵਾਇਰ ਨੂੰ ਠਿਕਾਣੇ ਲਗਾਉਣ ਲਈ ਇਹ ਕ੍ਰਾਂਤੀਕਾਰੀ ਵੀਰ ਉਚਿਤ ਸਮੇਂ ਦਾ ਇੰਤਜ਼ਾਰ ਕਰਨ ਲੱਗਾ ਉਹਨਾਂ ਨੂੰ ਇਹ ਮੌਕਾ 13 ਮਾਰਚ 1940 ਵਿੱਚ ਮਿਲ ਗਿਆ। ਲੰਡਨ ਦੇ ਕਾਕਸਨ ਹਾਲ ਵਿੱਚ ਮੀਟਿੰਗ ਸੀ। ਜਿਸਦੀ ਪ੍ਰਧਾਨਗੀ ਮਾਈਕਲ ਓਡਵਾਇਰ ਕਰ ਰਿਹਾ ਸੀ। ਊਧਮ ਸਿੰਘ ਸਮੇਂ ਤੇ ਮੀਟਿੰਗ ਵਾਲੇ ਸਥਾਨ ਤੇ ਪਹੁੰਚ ਗਿਆ, ਜਦੋਂ ਮਾਈਕਲ ਓਡਵਾਇਰ ਬੋਲ ਰਿਹਾ ਸੀ ਤਾਂ ਅਫਗਾਨਿਸਤਾਨ ਦੀ ਗੱਲ ਕਰਦੇ ਹੋਏ ਜਦੋਂ ਭਾਰਤ ਵਿਰੋਧੀ ਗੱਲਾਂ ਕਰਨ ਲੱਗਿਆ ਤਾਂ ਉਸੇ ਸਮੇਂ ਤਾੜੀਆਂ ਦੀ ਗੜਗੜਾਹਟ ਵਿੱਚ ਸ਼ਹੀਦ ਊਧਮ ਸਿੰਘ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ। ਆਪਣੀ ਸੌਂਹ ਪੂਰੇ ਕਰਕੇ ਊਧਮ ਸਿੰਘ ਨੇ ਸਾਰੀ ਦੁਨੀਆਂ ਨੂੰ ਸੰਦੇਸ਼ ਦਿੱਤਾ ਕਿ ਅੱਤਿਆਚਾਰੀਆਂ ਨੂੰ ਭਾਰਤੀ ਕਦੀ ਮਾਫ ਨਹੀਂ ਕਰਦੇ ਹਨ। ਇਸਤੋਂ ਬਾਦ ਸ਼ਹੀਦ ਊਧਮ ਸਿੰਘ ਨੇ ਉਥੋਂ ਭੱਜਣ ਦੀ ਥਾਂ ਤੇ ਆਪਣੀ ਗ੍ਰਿਫਤਾਰੀ ਆਪ ਦੇ ਦਿੱਤੀ। ਊਧਮ ਸਿੰਘ ਉਪਰ ਮੁਕੱਦਮਾ ਚਲਾਇਆ ਗਿਆ। ਅਦਾਲਤ ਵਿੱਚ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਡਾਇਰ ਦੇ ਹੋਰ ਸਾਥੀਆਂ ਨੂੰ ਵੀ ਮਾਰ ਸਕਦੇ ਸਨ ਪਰ ਉਹਨਾਂ ਨੇ ਅਜਿਹਾ ਕਿਉਂ ਨਹੀਂ ਕੀਤਾ ਤਾਂ ਉਨ੍ਹਾਂ ਜਵਾਬ ਦਿਤਾ  ਕਿ ਉੱਥੇ ਕਈ ਮਹਿਲਾਵਾਂ ਵੀ ਸਨ ਅਤੇ ਭਾਰਤੀ ਸੰਸਕ੍ਰਿਤੀ ਵਿੱਚ ਮਹਿਲਾਵਾਂ ਤੇ ਹਮਲਾ ਕਰਨਾ ਪਾਪ ਹੈ। ਊਧਮ ਸਿੰਘ ਨੂੰ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਅਤੇ 31 ਜੁਲਾਈ 1940 ਨੂੰ ਉਹਨਾਂ ਨੂੰ ਪੇਂਟਨਵਿਲੇ ਜ਼ੇਲ ਵਿੱਚ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਇਹ ਕ੍ਰਾਂਤੀਕਾਰੀ ਦੇਸ਼ ਦੇ ਆਜ਼ਾਦੀ ਦੇ ਅੰਦੋਲਨ ਦੇ ਇਤਿਹਾਸ ਵਿੱਚ ਅਮਰ ਹੋ ਗਿਆ। ਇਸ ਅਣਖੀਲੇ ਦੇਸ਼ ਭਗਤ ਦੀ ਸ਼ਹੀਦੀ ਤੇ ਇੰਗਲੈਂਡ ਦੀ ਅਖਬਾਰ ਟਾਈਮਸ ਆਫ ਲੰਡਨ ਨੇ ਸ਼ਹੀਦ ਊਧਮ ਸਿੰਘ ਨੂੰ ਅਜ਼ਾਦੀ ਘੁਲਾਟੀਆਂ ਕਰਾਰ ਦਿੱਤਾ ਪਰਤੂੰ ਦੇਸ਼ ਦੇ ਕੁੱਝ ਆਗੂਆਂ ਨੇ ਇਸ ਕਾਂਡ ਦੀ ਨਿਖੇਧੀ ਕੀਤੀ। ਆਖਿਰ 15 ਅਗਸਤ 1947 ਨੂੰ ਭਾਰਤ ਦੇਸ਼ ਅਜ਼ਾਦ ਹੋ ਗਿਆ ਪਰੰਤੂ ਲੱਗਭੱਗ 28 ਸਾਲਾਂ ਬਾਦ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਦੇਸ਼ ਨੂੰ ਸੌਂਪੀਆਂ ਅਤੇ ਅਜੇ ਵੀ ਕਈ ਨਿਸ਼ਾਨੀਆਂ ਇੰਗਲੈਡ ਵਿੱਚ ਹੀ ਹਨ। ਹਰ ਸਾਲ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਇਸ ਸ਼ਹੀਦ ਦੀ ਬਰਸੀ ਮਨਾਈ ਜਾਂਦੀ ਹੈ ਪਰ ਉਸਤੋਂ ਬਾਦ ਬਹੁਤੀਆਂ ਸਰਕਾਰਾਂ ਅਤੇ ਲੋਕ ਸ਼ਹੀਦ ਨੂੰ ਭੁੱਲ ਜਾਂਦੇ ਹਨ। ਅੱਜ ਜਰੂਰਤ ਹੈ ਦੇਸ਼ ਭਗਤਾਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਅਪਣੇ ਦੇਸ਼ਵਾਸੀਆਂ ਨੂੰ ਜਾਣੂ ਕਰਵਾਉਣ ਦੀ ਪਰੰਤੂ ਸਰਕਾਰਾਂ ਦੀ ਅਣਗਹਿਲੀ ਅਤੇ ਲਾਪਰਵਾਹੀ ਕਾਰਨ ਅਜ਼ਾਦੀ ਦੇ 66 ਸਾਲ ਬੀਤਣ ਬਾਦ ਵੀ ਕਈ ਦੇਸ਼ ਭਗਤਾਂ ਅਤੇ ਸ਼ਹੀਦਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਮਿਲਿਆ ਹੈ।

ਕੁਲਦੀਪ ਚੰਦ
9417563054