ਬੱਚਿਆਂ ਤੇ ਵੱਧ ਰਿਹਾ ਬਸਤਿਆਂ ਦਾ ਬੋਝ।

21 ਜੁਲਾਈ, 2014 (ਕੁਲਦੀਪ ਚੰਦ) ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੇਸ਼ ਦੇ ਬੱਚੇ ਹੁੰਦੇ ਹਨ। ਜਿਸ ਦੇਸ਼ ਦੇ ਬੱਚੇ ਤੰਦਰੁਸਤ ਅਤੇ ਸਿਹਤਮੰਦ ਹੋਣ ਉਸ ਦੇਸ਼ ਦਾ ਭਵਿੱਖ ਵੀ ਵਧੀਆਂ ਹੁੰਦਾ ਹੈ। ਬੱਚਿਆਂ ਨੂੰ ਸਿਖਿਅਤ ਅਤੇ ਤੰਦਰੁਸਤ ਬਣਾਉਣ ਲਈ ਸਰਕਾਰ ਵਲੋਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਯੋਜਨਾਵਾਂ ਤੇ ਹਰ ਸਾਲ ਅਰਬਾਂ ਰੁਪਏ ਖਰਚੇ ਜਾਂਦੇ ਹਨ।  ਦੇਸ਼ ਦੇ ਸਾਰੇ ਬੱਚਿਆਂ ਨੂੰ ਸਿਖਿਅਤ ਕਰਨ ਲਈ ਸਰਕਾਰ ਨੇ ਸਿਖਿਆ ਦਾ ਅਧਿਕਾਰ ਕਾਨੂੰਨ ਬਣਾ ਦਿੱਤਾ ਹੈ ਤਾਂ ਜੋ ਦੇਸ਼ ਦਾ ਹਰ ਬੱਚਾ ਪੜ੍ਹ ਲਿਖ ਸਕੇ। ਪਰ ਸਰਕਾਰ ਬੱਚਿਆਂ ਦੇ ਮੋਢਿਆਂ ਤੇ ਪਏ ਭਾਰੇ ਬਸਤੇ ਦਾ ਭਾਰ ਹਲਕਾ ਕਰਨ ਵਿੱਚ ਕੋਈ ਦਿਲਚਸਪੀ ਨਹੀ ਦਿਖਾ ਰਹੀ। ਅੱਜ ਬੱਚਿਆਂ ਦੇ ਬਸਤਿਆਂ ਦਾ ਭਾਰ ਬੱਚਿਆਂ ਦੇ ਆਪਣੇ ਭਾਰ ਨਾਲੋਂ ਵੀ ਜ਼ਿਆਦਾ ਹੈ। ਪ੍ਰਾਈਵੇਟ ਸਕੂਲ ਬੱਚਿਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਵੀ ਹੋਰ ਦੋ-ਚਾਰ ਵਾਧੂ ਵਿਸ਼ਿਆ ਦੀਆਂ ਕਿਤਾਬਾਂ ਲਗਵਾ ਦਿੰਦੇ ਹਨ ਜਿਸ ਕਾਰਨ ਬੱਚਿਆਂ ਦੇ ਬਸਤਿਆਂ ਦਾ ਭਾਰ ਵੱਧਣ ਦੇ ਨਾਲ-ਨਾਲ ਮਾਨਸਿਕ ਬੋਝ ਵੀ ਵੱਧ ਜਾਂਦਾ ਹੈ। ਸਾਡੇ ਦੇਸ਼ ਦੇ ਬੱਚੇ ਜੋ ਕਿ ਜ਼ਿਆਦਾਤਰ ਪਹਿਲਾਂ ਹੀ ਕੁਪੋਸ਼ਣ ਦਾ ਸ਼ਿਕਾਰ ਹਨ ਉਹ ਤੰਦਰੁਸਤ ਕਿਵੇਂ ਰਹਿ ਸਕਦੇ ਹਨ ਜਦਕਿ ਉਹਨਾਂ ਨੂੰ ਖੇਡਣ ਦਾ ਸਮਾਂ ਹੀ ਨਹੀਂ ਮਿਲਦਾ ਉਤੋਂ ਬਸਤਿਆਂ ਦਾ ਬੋਝ ਉਹਨਾਂ ਨੂੰ ਹੋਰ ਜ਼ਿਆਦਾ ਪ੍ਰੇਸ਼ਾਨ ਕਰਦਾ ਹੈ। ਪ੍ਰਾਈਵੇਟ ਸਕੂਲਾਂ ਵਾਲੇ ਆਪਣੇ ਕਮਿਸ਼ਨ ਦੀ ਲਾਲਚ ਵਿੱਚ ਕਿਤਾਬਾਂ ਛਾਪਣ ਵਾਲੇ ਪਬਲਿਸ਼ਰਾ ਨਾਲ ਮਿਲ ਕੇ ਬੱਚਿਆਂ ਨੂੰ ਮਹਿੰਗੀਆਂ ਕਿਤਾਬਾਂ ਲਗਵਾ ਦਿੰਦੇ ਹਨ ਜਿਸ ਵਿੱਚੋਂ ਕੁਝ ਕਿਤਾਬਾਂ ਸਿਲੇਬਸ ਤੋਂ ਬਾਹਰ ਦੀਆਂ ਹੁੰਦੀਆਂ ਹਨ। ਵਾਧੂ ਕਿਤਾਬਾਂ ਕਾਰਨ ਬੱਚਿਆਂ ਦੇ ਬਸਤੇ ਦਾ ਭਾਰ ਵੱਧ ਜਾਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਤੇ ਬਸਤਿਆਂ ਦਾ ਭਾਰ ਘੱਟ ਕਰਨ ਲਈ ਇਹ ਕਾਨੂੰਨ ਬਣਾਵੇ ਕਿ ਕਿਹੜੀ-ਕਿਹੜੀ ਜਮਾਤ ਦੇ ਬੱਚਿਆਂ ਲਈ ਬਸਤੇ ਦਾ ਭਾਰ ਕਿੰਨਾ ਹੋਣਾ ਚਾਹੀਦਾ ਹੈ ਅਤੇ ਇਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਵਾਏ। ਜਿਹੜੇ ਵੀ ਸਕੂਲ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਉਹਨਾਂ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ। ਸਰਕਾਰ ਨੂੰ ਕਿਤਾਬਾਂ ਅਤੇ ਕਾਪੀਆਂ ਦੀਆਂ ਹਰ ਸਾਲ ਵੱਧ ਰਹੀਆਂ ਕੀਮਤਾਂ ਤੇ ਵੀ ਕੰਟਰੋਲ ਕਰਨਾ ਚਾਹੀਦਾ ਹੈ।  

ਕੁਲਦੀਪ ਚੰਦ
9417563054