ਕਦੋਂ ਅਤੇ ਕਿਵੇਂ ਹੋਊ ਦੇਸ਼ ਵਿੱਚ ਜਾਤ ਪ੍ਰਥਾ ਖਤਮ।

 

ਅਜਾਦੀ ਦੇ 66 ਸਾਲ ਬੀਤਣ ਬਾਦ ਵੀ ਕਈ ਧੰਦੇ ਜਾਤ ਨਾਲ ਹੀ ਜੁੜ੍ਹੇ ਹੋਏ ਹਨ।

08 ਜੂਨ, 2014(ਕੁਲਦੀਪ ਚੰਦ) ਭਾਰਤ ਦੇਸ਼ ਨੂੰ ਅਜ਼ਾਦ ਹੋਇਆਂ 66 ਸਾਲ ਬੀਤ ਚੁੱਕੇ ਹਨ ਅਤੇ ਹਰ ਸਰਕਾਰ ਨੇ ਦੇਸ਼ ਵਿੱਚ ਫੈਲੀ ਸਦੀਆਂ ਤੋਂ ਜਾਤ ਪ੍ਰਥਾ ਨੂੰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਹਨ ਪਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਵਿੱਚ ਬਹੁਤੀ ਸਚਾਈ ਨਹੀਂ ਹੈ। ਦੇਸ਼ ਵਿੱਚ ਅੱਜ ਵੀ ਜਾਤ ਪ੍ਰਥਾ ਕਾਇਮ ਹੈ ਸਿਰਫ ਕਾਇਮ ਹੀ ਨਹੀਂ ਸਗੋਂ ਕੋੜ੍ਹੀ ਵੇਲ ਵਾਂਗ ਵਧ ਰਹੀ ਹੈ। ਅਜ਼ਾਦੀ ਤੋਂ ਪਹਿਲਾਂ ਕਈ ਨੇਤਾਵਾਂ ਨੇ ਜਾਤ ਪ੍ਰਥਾ ਨੂੰ ਤੋੜਣ ਲਈ ਕੰਮ ਕੀਤਾ ਹੈ ਪਰ ਉਨ੍ਹਾਂ ਨੇਤਾਵਾਂ ਦੀਆਂ ਕੋਸ਼ਿਸਾਂ ਕਿਹੜੇ ਨਾਲੇ ਵਿਚ ਵਹਿ ਗਈਆਂ ਪਤਾ ਨਹੀਂ ਲੱਗਦਾ। ਸਰਕਾਰ ਵਲੋਂ ਸਦੀਆਂ ਤੋਂ ਲਿਤਾੜੇ ਗਏ ਵਰਗਾਂ ਲਈ ਜਾਤ ਦੇ ਅਧਾਰ ਤੇ ਵੱਖ ਵੱਖ ਤਰਾਂ ਦੇ ਰਾਖਵਾਂਕਰਣ ਦੀ ਵਿਵਸਥਾ ਕੀਤੀ ਗਈ ਹੈ। ਪਿਛਲੇ ਕਈ ਸਾਲਾਂ ਤੋਂ ਜਨਰਲ ਵਰਗ ਦੇ ਲੋਕਾਂ ਨੇ ਕਈ ਸੰਗਠਨਾਂ ਰਹੀਂ ਸਰਕਾਰ ਵਲੋਂ ਕੀਤੀ ਗਈ ਜਾਤ ਅਧਾਰਤ ਰਿਜਰਵੇਸਨ ਦਾ ਵਿਰੋਧ ਸ਼ੁਰੂ ਕੀਤਾ ਹੋਇਆ ਹੈ। ਇਨ੍ਹਾਂ ਜਨਰਲ ਵਰਗ ਦੇ ਲੋਕਾਂ ਦਾ ਇੱਕ ਤਰਕ ਇਹ ਹੈ ਕਿ ਦੇਸ਼ ਵਿੱਚ ਹੁਣ ਜਾਤ ਪ੍ਰਥਾ ਖਤਮ ਹੋ ਚੁੱਕੀ ਹੈ ਅਤੇ ਜਾਤ ਅਧਾਰਤ ਰਾਖਵਾਂਕਰਣ ਜਾਤ ਪ੍ਰਥਾ ਨੂੰ ਵਧਾਵਾ ਦੇਵੇਗਾ। ਅੱਜ ਜਿੱਥੇ ਦੇਸ਼ ਵਿੱਚ ਨਵੀਆਂ ਨਵੀਆਂ ਸਮਾਜਿਕ ਕੁਰਿਤੀਆਂ ਅਤੇ ਸਮਸਿਆਵਾਂ ਪੈਦਾ ਹੋ ਗਈਆਂ ਹਨ ਉਥੇ ਜਾਤ ਪ੍ਰਥਾ ਦੇ ਅਧਾਰ ਤੇ ਸਦੀਆਂ ਤੋਂ ਚਲਦੇ ਧੰਦਿਆਂ ਵਾਲੀਆਂ ਨੋਕਰੀਆਂ ਵਿੱਚ ਜਨਰਲ ਵਰਗ ਦੇ ਵਿਅਕਤੀਆਂ ਦਾ ਕੋਈ ਕੰਮ ਨਾਂ ਕਰਨਾ ਜਾਤ ਪ੍ਰਥਾ ਨੂੰ ਹੋਰ ਪੱਕਾ ਕਰਦਾ ਹੈ। ਅਜਿਹਾ ਹੀ ਹਾਲ ਪਤਾ ਚੱਲਦਾ ਹੈ ਕੇਂਦਰ ਸਰਕਾਰ ਦੇ ਅਦਾਰੇ ਨੈਸ਼ਨਲ ਫਰਟੀਲਾਇਜ਼ਰ ਲਿਮਿਟਡ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਸੂਚੀ ਨੂੰ ਵੇਖਕੇ। ਕੇਂਦਰ ਸਰਕਾਰ ਦੇ ਅਦਾਰੇ ਨੈਸ਼ਨਲ ਫਰਟੀਲਾਇਜ਼ਰ ਲਿਮਟਿਡ (ਐਨ ਐਫ ਐਲ) ਦੇ ਚਾਰ ਪਲਾਂਟ ਨੰਗਲ, ਬਠਿੰਡਾ, ਵਿਜੈਪੁਰ ਅਤੇ ਪਾਨੀਪਤ ਵਿੱਚ ਹਨ। ਇਹਨਾਂ ਚਾਰੇ ਪਲਾਂਟਾ ਵਿੱਚ 31 ਮਾਰਚ 2013 ਤੱਕ ਕੁੱਲ 4291 ਕਰਮਚਾਰੀ ਕੰਮ ਕਰਦੇ ਸਨ ਜਿਸ ਵਿੱਚ ਐਸ ਸੀ 1115, ਐਸ ਟੀ 271, ਓ ਬੀ ਸੀ 314 ਅਤੇ ਸਰੀਰਕ ਤੌਰ ਤੇ ਅਪੰਗ 48 ਵਿਅਕਤੀ ਸ਼ਾਮਿਲ ਹਨ। ਜੇਕਰ ਕੈਟਾਗਰੀਵਾਇਜ਼ ਵੇਖੀਏ ਤਾਂ ਗਰੁੱਪ ਏ ਵਿੱਚ ਕੁੱਲ 1589 ਕਰਮਚਾਰੀ ਹਨ ਜਿਨ੍ਹਾਂ ਵਿਚੋਂ 333 ਐਸ ਸੀ, 87 ਐਸਟੀ, 94 ਓਬੀਸੀ ਅਤੇ 9 ਸ਼ਰੀਰਕ ਤੌਰ ਤੇ ਅਪੰਗ ਵਿਅਕਤੀ ਸ਼ਾਮਿਲ ਹਨ। ਗਰੁੱਪ ਬੀ ਵਿੱਚ ਕੁੱਲ 1913 ਕਰਮਚਾਰੀ ਹਨ ਜਿਨ੍ਹਾਂ ਵਿਚੋਂ 518 ਐਸ ਸੀ, 146 ਐਸਟੀ, 114 ਓਬੀਸੀ ਅਤੇ 21 ਸ਼ਰੀਰਕ ਤੌਰ ਤੇ ਅਪੰਗ ਵਿਅਕਤੀ ਸ਼ਾਮਿਲ ਹਨ। ਗਰੁੱਪ ਸੀ ਵਿੱਚ ਕੁੱਲ 665 ਕਰਮਚਾਰੀ ਹਨ ਜਿਨ੍ਹਾਂ ਵਿਚੋਂ 165 ਐਸ ਸੀ, 35 ਐਸਟੀ, 100 ਓਬੀਸੀ ਅਤੇ 16 ਸ਼ਰੀਰਕ ਤੌਰ ਤੇ ਅਪੰਗ ਵਿਅਕਤੀ ਸ਼ਾਮਿਲ ਹਨ। ਗਰੁੱਪ ਡੀ ਸਫਾਈ ਸੇਵਕਾਂ ਤੋਂ ਬਿਨਾਂ  ਕੁੱਲ 46 ਕਰਮਚਾਰੀ ਹਨ ਜਿਨ੍ਹਾਂ ਵਿਚੋਂ 21 ਐਸ ਸੀ, 3 ਐਸਟੀ, 6 ਓਬੀਸੀ ਅਤੇ 2 ਸ਼ਰੀਰਕ ਤੌਰ ਤੇ ਅਪੰਗ ਵਿਅਕਤੀ ਸ਼ਾਮਿਲ ਹਨ। ਗਰੁੱਪ ਡੀ ਸਫਾਈ ਸੇਵਕਾਂ ਵਿੱਚ ਕੁੱਲ 78 ਕਰਮਚਾਰੀ ਹਨ ਜੋਕਿ ਸਾਰੇ ਹੀ ਐਸ ਸੀ ਕੈਟਾਗਰੀ ਵਿਚੋਂ ਹਨ। ਰਾਸ਼ਟਰ ਪੱਧਰ ਦੇ ਇਸ ਅਦਾਰੇ ਦੀ 39ਵੀਂ ਸਲਾਨਾ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਉਚ ਜਾਤਿ ਵਾਲਿਆਂ ਵਿੱਚ ਹਾਲੇ ਵੀ ਹੀਣ ਭਾਵਨਾ ਹੈ ਕਿਉਂਕਿ ਐਸ ਸੀ ਸ਼੍ਰੇਣੀ ਤੋਂ ਇਲਾਵਾ ਕੋਈ ਵੀ ਉਚ ਜਾਤਿ ਵਾਲਾ ਸਫਾਈ ਸੇਵਕ ਦਾ ਕੰਮ ਨਹੀਂ ਕਰਦਾ ਹੈ। ਇਸ ਸਾਲ ਦੌਰਾਨ ਕੁੱਲ 03 ਕਰਮਚਾਰੀਆਂ ਦੀ ਭਰਤੀ ਕੀਤੀ ਗਈ ਜਿਸ ਵਿੱਚੋਂ ਕਿ ਸਿਰਫ 01 ਓ ਬੀ ਸੀ ਹੈ ਬਾਕੀ ਸਭ ਜਨਰਲ ਕੈਟਾਗਰੀ ਦੇ ਹੀ ਹਨ। ਇਸੇ ਤਰ੍ਹਾਂ ਇਸ ਸਾਲ ਦੌਰਾਨ ਕੁੱਲ 734 ਕਰਮਚਾਰੀਆਂ ਨੂੰ ਤਰੱਕੀ ਮਿਲੀ ਹੈ ਜਿਸ ਵਿਚੋਂ 196 ਐਸ ਸੀ ਅਤੇ 28 ਐਸ ਟੀ ਹਨ ਬਾਕੀ ਸਭ ਜਨਰਲ ਸ਼੍ਰੇਣੀ ਨਾਲ ਸਬੰਧਤ ਹਨ। ਇੱਥੇ ਦੱਸਣਯੋਗ ਹੈ ਕਿ ਕੈਟਾਗਰੀ ਡੀ ਜਿਸ ਵਿੱਚ 5 ਸਫਾਈ ਸੇਵਕ ਵੀ ਸ਼ਾਮਲ ਹਨ ਵਿੱਚ ਤਰੱਕੀ ਪ੍ਰਾਪਤ ਕਰਨ ਵਾਲੇ 10 ਕਰਮਚਾਰੀਆਂ ਵਿਚੋਂ 08 ਐਸ ਸੀ ਹਨ ਅਤੇ 02 ਜਨਰਲ ਸ਼੍ਰੇਣੀ ਨਾਲ ਹੀ ਸਬੰਧਿਤ ਹਨ। ਇਹ ਜਾਣਕਾਰੀ ਜੋ ਨੈਸ਼ਨਲ ਫਰਟੀਲਾਇਜ਼ਰ ਲਿਮਿਟਡ ਦੀ ਸਾਲ 2012-13 ਦੀ ਰਿਪੋਰਟ ਤੋਂ ਮਿਲੀ ਹੈ ਅਨੁਸਾਰ ਇਸ ਅਦਾਰੇ ਵਿੱਚ ਜਨਰਲ ਸ਼੍ਰੇਣੀ ਦੇ ਕਿਸੇ ਵੀ ਵਿਅਕਤੀ ਨੇ ਸਫਾਈ ਸੇਵਕ ਦੀ ਅਸਾਮੀ ਲਈ ਦਰਖਾਸਤ ਨਹੀਂ ਦਿਤੀ ਹੈ ਜਿਸਤੋਂ ਸਪਸ਼ਟ ਹੈ ਕਿ ਅੱਜ ਵੀ ਇਸ ਧੰਦੇ ਨੂੰ ਜਾਤ ਅਧਾਰਤ ਧੰਦਾ ਹੀ ਮੰਨਿਆ ਜਾ ਰਿਹਾ ਹੈ। ਵਰਣਨਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਾਤ ਦੀ ਥਾਂ ਆਰਥਿਕ ਅਧਾਰ ਤੇ ਰਾਖਵਾਂਕਰਣ ਦੀ ਮੰਗ ਹੋ ਰਹੀ ਹੈ ਜਿਸ ਅਨੁਸਾਰ ਅਨੂਸੂਚਿਤ ਜਾਤ ਦੇ ਲੋਕਾਂ ਦੇ ਨਾਲ ਨਾਲ ਉਚੱ ਜਾਤੀਆਂ ਦੇ ਗਰੀਬ ਵਿਅਕਤੀਆਂ ਨੂੰ ਵੀ ਰਿਜਰਵੇਸ਼ਨ ਦਿਤੀ ਜਾਵੇ। ਐਨ ਐਫ ਐਲ ਦੀ ਇਸ ਰਿਪੋਰਟ ਨੇ ਸਰਕਾਰ ਅਤੇ ਅਜਿਹੇ ਸੰਗਠਨਾ ਦੇ ਮੂਹੰ ਤੇ ਕਰਾਰੀ ਚਪੇੜ ਮਾਰੀ ਹੈ ਜੋਕਿ ਇਸ ਧੰਦੇ ਵਿੱਚ ਕਿਸੇ ਵੀ ਜਨਰਲ ਸ਼੍ਰੇਣੀ ਨਾਲ ਸਬੰਧਤ ਗਰੀਬ ਵਿਅਕਤੀ ਨੂੰ ਵੀ ਕੰਮ ਤੇ ਨਾਂ ਲਾ ਸਕੀ। ਜਾਤ ਅਧਾਰਤ ਰਾਖਵਾਂਕਰਣ ਦਾ ਵਿਰੋਧ ਕਰਨ ਵਾਲੇ ਵਿਅਕਤੀਆਂ ਅਤੇ ਸੰਗਠਨਾ ਨੂੰ ਇਸ ਸਬੰਧੀ ਵੀ ਪਹਿਲ ਕਦਮੀ ਕਰਨੀ ਪਵੇਗੀ ਤਾਂ ਜੋ ਇਸ ਦੇਸ ਵਿੱਚ ਫੈਲੀ ਜਾਤ ਪ੍ਰਥਾ ਦੀ ਬੁਰਾਈ ਰੋਕੀ ਜਾ ਸਕੇ। 

ਕੁਲਦੀਪ ਚੰਦ
9417563054