05 ਜੂਨ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਵਿਸ਼ੇਸ਼
ਪੰਜਾਬ ਪ੍ਰਦੂਸ਼ਣ ਨਿੰਯਤਰਣ ਬੋਰਡ ਵਿੱਚ ਕਰਮਚਾਰੀਆਂ ਦੀ ਘਾਟ ਕਾਰਨ ਵੀ ਵਧ ਰਿਹਾ ਹੈ ਪੰਜਾਬ ਵਿੱਚ ਪ੍ਰਦੂਸ਼ਣ।

ਵਾਤਾਵਰਣ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਲੈਕੇ ਪਿਛਲੇ ਕੁੱਝ ਦਹਾਕਿਆਂ ਤੋਂ ਪੂਰਾ ਵਿਸ਼ਵ ਚਿੰਤਿਤ ਹੈ ਕਿਉਂਕਿ ਇਸਦਾ ਪ੍ਰਭਾਵ ਸਿੱਧੇ ਅਤੇ ਅਸਿੱਧੇ ਰੂਪ ਨਾਲ ਹਰ ਦੇਸ਼ ਤੇ ਪੈ ਰਿਹਾ ਹੈ। ਵਾਤਾਵਰਣ ਵਿੱਚ ਵਧ ਰਹੇ ਪ੍ਰਦੂਸ਼ਣ ਸਬੰਧੀ ਸੰਯੁਕਤ ਰਾਸ਼ਟਰ ਸੰਘ ਨੇ 1972 ਵਿੱਚ ਵਿਸ਼ਵ ਦੇ ਦੇਸ਼ਾਂ ਦਾ ਸਟਾਕਹੋਮ ਵਿੱਚ ਪਹਿਲਾ ਵਾਤਾਵਰਣ ਸੰਮੇਲਨ ਕਰਵਾਇਆ ਜਿਸ ਵਿੱਚ 119 ਦੇਸ਼ਾਂ ਨੇ ਭਾਗ ਲਿਆ ਅਤੇ ਇਸ ਸੰਮੇਲਨ ਵਿੱਚ ਹੀ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਅਤੇ ਹਰ ਸਾਲ 05 ਜੂਨ ਨੂੰ ਵਾਤਾਵਰਣ ਦਿਵਸ ਮਨਾਉਣ ਅਤੇ ਨਾਗਰਿਕਾਂ ਨੂੰ ਵਾਤਾਵਰਣ ਬਾਰੇ ਜਾਗਰੂਕ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸੰਮੇਲਨ ਵਿੱਚ ਉਸ ਵੇਲੇ ਭਾਰਤ ਦੇ ਪ੍ਰਧਨ ਮੰਤਰੀ ਸਵਰਗੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਵਾਤਾਵਰਣ ਦੀ ਵਿਗੜਦੀ ਹਾਲਤ ਅਤੇ ਉਸਦਾ ਵਿਸ਼ਵ ਦੇ ਭਵਿੱਖ ਤੇ ਪ੍ਰਭਾਵ ਬਾਰੇ ਲੈਕਚਰ ਦਿਤਾ ਸੀ। ਵਾਤਾਵਰਣ ਸੁਰਖਿਆ ਪ੍ਰਤੀ ਭਾਰਤ ਸਰਕਾਰ ਦਾ ਇਹ ਪਹਿਲਾ ਕਦਮ ਸੀ ਅਤੇ ਉਸਤੋਂ ਬਾਦ ਹਰ ਸਾਲ 05 ਜੂਨ ਨੂੰ ਵਾਤਾਵਰਣ ਦਿਵਸ ਦੇ ਤੋਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਸਮਾਗਮ ਕਰਵਾਏ ਜਾਂਦੇ ਹਨ ਅਤੇ ਲੋਕਾਂ ਨੂੰ ਪ੍ਰਦੂਸ਼ਣ ਦੀ ਸਮੱਸਿਆ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਪ੍ਰਦੂਸ਼ਣ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਜਲ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ ਆਦਿ। ਵਾਤਾਵਰਣ ਵਿੱਚ ਵਧ ਰਹੇ ਪ੍ਰਦੂਸ਼ਣ ਕਾਰਨ ਮਨੁੱਖੀ ਜੀਵਨ ਸਮੇਤ ਹੋਰ ਕਈ ਪ੍ਰਜਾਤੀਆਂ ਨੂੰ ਵੱਡਾ ਖਤਰਾ ਹੋ ਗਿਆ ਹੈ ਪਰ  ਇਸ ਲਈ ਮਾਨਵ ਜਾਤਿ ਹੀ ਪ੍ਰਮੁੱਖ ਤੋਰ ਤੇ ਜਿੰਮੇਵਾਰ ਹੈ। ਦਰਿਆਵਾਂ ਵਿੱਚ ਸਿਵਰੇਜ਼ ਦਾ ਗੰਦਾ ਪਾਣੀ ਅਤੇ ਫੈਕਟਰੀਆਂ ਵਲੋਂ ਜ਼ਹਿਰੀਲੇ ਰਸਾਇਣ ਸੁੱਟੇ ਜਾ ਰਹੇ ਹਨ ਜਿਸਦਾ ਅਸਰ ਮਨੁੱਖਾਂ ਦੇ ਨਾਲ-ਨਾਲ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂਆਂ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਫੈਕਟਰੀਆਂ ਵੱਲੋਂ ਹਵਾ ਵਿੱਚ ਛੱਡੀਆਂ ਜਾ ਰਹੀਆਂ ਜ਼ਹਿਰੀਲੀਆਂ ਗੈਸਾਂ ਹਵਾ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ ਜਿਸ ਕਾਰਨ ਕਈ ਬੀਮਾਰੀਆਂ ਫੈਲ ਰਹੀਆਂ ਹਨ। ਖੇਤਾਂ ਵਿੱਚ ਨਾੜ ਨੂੰ ਅੱਗ ਲਗਾ ਕੇ ਵੀ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਲੱਖਾਂ-ਕਰੋੜਾਂ ਵਾਹਨਾਂ ਵੱਲੋਂ ਛੱਡੇ ਜਾ ਰਹੇ ਧੂੰਏ ਕਾਰਨ ਕਈ ਸ਼ਹਿਰਾਂ ਵਿੱਚ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਫੈਕਟਰੀਆਂ, ਵਾਹਨਾਂ ਅਤੇ ਉਚੀ ਆਵਾਜ਼ ਵਿੱਚ ਵੱਜਦੇ ਲਾਊਡ ਸਪੀਕਰਾਂ ਕਾਰਨ ਆਵਾਜ਼ ਦਾ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ। ਜੰਗਲਾਂ ਦੀ ਅੰਨੇਵਾਹ ਕਟਾਈ ਕਾਰਨ ਕੁਦਰਤੀ ਆਫਤਾ ਸਿਰ ਉਠਾ ਰਹੀਆਂ ਹਨ। ਜੰਗਲਾਂ ਦੀ ਕਟਾਈ ਕਾਰਨ ਮੌਸਮੀ ਚੱਕਰ ਵਿੱਚ ਪਰਿਵਰਤਨ ਹੋ ਰਿਹਾ ਹੈ। ਜਿਵੇਂ-ਜਿਵੇਂ ਵਿਕਾਸ ਹੋ ਰਿਹਾ ਹੈ ਪ੍ਰਦੂਸ਼ਣ ਵੀ ਵੱਧਦਾ ਜਾ ਰਿਹਾ ਹੈ। ਮੁਬਾਇਲ ਟਾਵਰਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਕਈ ਪੰਛੀ ਮੌਤ ਦਾ ਸ਼ਿਕਾਰ ਹੋ ਗਏ ਹਨ। ਮੁਬਾਇਲ ਟਾਵਰਾਂ ਵੱਲੋਂ ਛੱਡੀਆਂ ਜਾਂਦੀਆਂ ਤਰੰਗਾਂ ਕਾਰਨ ਸ਼ਹਿਰਾਂ ਵਿੱਚ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਖਾਸ ਕਰਕੇ ਘਰਾਂ ਵਿੱਚ ਰਹਿਣ ਵਾਲੀਆਂ ਚਿੜੀਆਂ ਦਾ ਜੀਵਨ ਖਤਮ ਹੋਣ ਦੇ ਕਿਨਾਰੇ ਤੇ ਹੈ। ਅੱਜ ਸ਼ਹਿਰਾਂ ਵਿੱਚ ਕਿਤੇ-ਕਿਤੇ ਹੀ ਕੋਈ ਚਿੜੀ ਦਿਖਾਈ ਦਿੰਦੀ ਹੈ। ਵਧਦਾ ਸ਼ਹਿਰੀਕਰਣ ਅਤੇ ਉਦਯੋਗੀਕਰਣ ਵਾਤਾਵਰਣ ਲਈ ਸਭਤੋਂ ਵੱਡਾ ਖਤਰਾ ਬਣ ਰਹੇ ਹਨ। ਪੋਲੀਥੀਨ ਦੇ ਲਿਫਾਫਿਆਂ ਨੇ ਵੀ ਵਾਤਾਵਰਣ ਨੂੰ ਬਹੁਤ ਜ਼ਿਆਦਾ ਪ੍ਰਰਦੂਸ਼ਤ ਕੀਤਾ ਹੈ ਜਿਸ ਕਾਰਨ ਸਰਕਾਰ ਨੂੰ ਪੋਲੀਥੀਨ ਦੇ ਲਿਫਾਫਿਆਂ ਦੇ ਉਤਪਾਦਨ ਅਤੇ ਵਰਤੋਂ ਕਰਨ ਤੇ ਪਾਬੰਦੀ ਲਗਾਉਣੀ ਪਈ ਹੈ। ਵਾਤਾਵਰਣ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਵਲੋਂ ਕੇਂਦਰੀ ਪ੍ਰਦੂਸ਼ਣ ਨਿੰਯਤਰਣ ਬੋਰਡ ਅਤੇ ਰਾਜਾਂ ਵਿੱਚ ਰਾਜ ਪ੍ਰਦੂਸ਼ਣ ਨਿੰਯਤਰਣ ਬੋਰਡ ਬਣਾਏ ਗਏ ਹਨ। ਪੰਜਾਬ ਵਿੱਚ ਕੰਮ ਕਰ ਰਹੇ ਪੰਜਾਬ ਪ੍ਰਦੂਸ਼ਣ ਨਿੰਯਤਰਣ ਬੋਰਡ ਨੂੰ ਪੰਜਾਬ ਰਾਜ ਵਿੱਚ ਵਾਤਾਵਰਣ ਨੂੰ ਪ੍ਰਦੂਸ਼ਣ ਮੁੱਕਤ ਰੱਖਣ ਦੀ ਜਿੰਮੇਬਾਰੀ ਦਿਤੀ ਗਈ ਹੈ। ਇਸ ਵਿਭਾਗ ਕੋਲ ਜਿੰਮੇਬਾਰੀ ਬੇਸ਼ੱਕ ਵੱਡੀ ਹੈ ਪਰੰਤੂ ਬੋਰਡ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੱਡੀ ਘਾਟ ਇਸਦੇ ਕੰਮਾ ਵਿੱਚ ਰੋੜ੍ਹਾ ਬਣੀ ਹੋਈ ਹੈ। ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਕੁੱਲ 665 ਅਸਾਮੀਆਂ ਹਨ ਜਿਹਨਾਂ ਵਿੱਚੋਂ 426 ਅਸਾਮੀਆਂ ਭਰੀਆਂ ਹਨ ਅਤੇ 239 ਅਸਾਮੀਆਂ ਖਾਲੀ ਹਨ। ਗਰੁੱਪ-ਏ ਦੀਆਂ 166 ਅਸਾਮੀਆਂ ਮੰਨਜ਼ੂਰ ਹਨ ਜਿਹਨਾਂ ਵਿੱਚੋਂ 119 ਅਸਾਮੀਆਂ ਭਰੀਆਂ ਹਨ ਅਤੇ 47 ਖਾਲੀ ਹਨ। ਗਰੁੱਪ-ਬੀ ਦੀਆਂ 124 ਅਸਾਮੀਆਂ ਮੰਨਜ਼ੂਰ ਹਨ ਜਿਹਨਾਂ ਵਿੱਚੋਂ 74 ਅਸਾਮੀਆਂ ਭਰੀਆਂ ਹਨ ਅਤੇ 50 ਖਾਲੀ ਹਨ। ਗਰੁੱਪ-ਸੀ ਦੀਆਂ 218 ਅਸਾਮੀਆਂ ਮੰਨਜ਼ੂਰ ਹਨ ਜਿਹਨਾਂ ਵਿੱਚੋਂ 106 ਭਰੀਆਂ ਹਨ ਅਤੇ 112 ਖਾਲੀ ਹਨ। ਗਰੁੱਪ-ਡੀ ਦੀਆਂ 157 ਅਸਾਮੀਆਂ ਮੰਨਜ਼ੂਰ ਹਨ ਜਿਹਨਾਂ ਵਿੱਚੋਂ 127 ਭਰੀਆਂ ਹਨ ਅਤੇ 30 ਖਾਲੀ ਹਨ। ਇਸ ਬੋਰਡ ਵਿੱਚ ਪ੍ਰਦੂਸ਼ਣ ਨੂੰ ਚੈੱਕ ਕਰਨ ਅਤੇ ਇਸ ਸਬੰਧੀ ਕਾਰਵਾਈ ਕਰਨ ਲਈ ਜਿੰਮੇਬਾਰ ਮੁਖੱ ਅਧਿਕਾਰੀਆਂ ਵਿਚੋਂ ਸੀਨੀਅਰ ਵਾਤਾਵਰਣ ਇੰਜੀਨੀਅਰ ਦੀਆਂ 10 ਅਸਾਮੀਆਂ ਹਨ ਜਿਹਨਾਂ ਵਿੱਚੋਂ 1 ਅਸਾਮੀ ਖਾਲੀ ਹੈ। ਵਾਤਾਵਰਣ ਇੰਜੀਨੀਅਰ ਦੀਆਂ 36 ਅਸਾਮੀਆਂ ਹਨ ਜਿਹਨਾਂ ਵਿੱਚੋਂ 4 ਅਸਾਮੀਆਂ ਖਾਲੀ ਹਨ। ਸਹਾਇਕ ਵਾਤਾਵਰਣ ਇੰਜੀਨੀਅਰ ਦੀਆਂ 81 ਅਸਾਮੀਆਂ ਹਨ ਜਿਹਨਾਂ ਵਿੱਚੋਂ 28 ਅਸਾਮੀਆਂ ਖਾਲੀ ਹਨ। ਸਹਾਇਕ ਸਾਇੰਟੀਫਿਕ ਅਫਸਰ ਦੀਆਂ 14 ਅਸਾਮੀਆਂ ਹਨ ਜਿਹਨਾਂ ਵਿੱਚੋਂ 8 ਅਸਾਮੀਆਂ ਖਾਲੀ ਹਨ। ਸਿਸਟਮ ਐਨਾਲੀਸਿਸਟ ਦੀਆਂ 2 ਅਸਾਮੀਆਂ ਹਨ ਅਤੇ 2 ਹੀ ਖਾਲੀ ਹੈ। ਪ੍ਰੋਗਰਾਮਰ ਦੀਆਂ 2 ਅਸਾਮੀਆਂ ਹਨ ਅਤੇ ਦੋਨੋਂ ਹੀ ਖਾਲੀ ਹਨ। ਜੂਨੀਅਰ ਸਾਇੰਟੀਫਿਕ ਇੰਜੀਨੀਅਰ ਦੀਆਂ 21 ਅਸਾਮੀਆਂ ਹਨ ਜਿਹਨਾਂ ਵਿੱਚੋਂ 16 ਅਸਾਮੀਆਂ ਖਾਲੀ ਹਨ। ਜੂਨੀਅਰ ਵਾਤਾਵਰਣ ਇੰਜੀਨੀਅਰ ਦੀਆਂ 30 ਅਸਾਮੀਆਂ ਹਨ ਜਿਹਨਾਂ ਵਿੱਚੋਂ 19 ਅਸਾਮੀਆਂ ਖਾਲੀ ਹਨ। ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ 6 ਅਸਾਮੀਆਂ ਹਨ ਅਤੇ 6 ਹੀ ਖਾਲੀ ਹਨ। ਸਾਇੰਟੀਫਿਕ ਅਸਿਸਟੈਂਟ ਦੀਆਂ 22 ਅਸਾਮੀਆਂ ਹਨ ਜਿਹਨਾਂ ਵਿੱਚੋਂ 15 ਅਸਾਮੀਆਂ ਖਾਲੀ ਹਨ। ਕਲਰਕ/ਜੂਨੀਅਰ ਅਸਿਸਟੈਂਟ/ਰਿਸੈਪਸ਼ਨਿਸਟ ਦੀਆਂ 79 ਅਸਾਮੀਆਂ ਹਨ ਜਿਹਨਾਂ ਵਿੱਚੋਂ 40 ਅਸਾਮੀਆਂ ਖਾਲੀ ਹਨ। ਕਲਰਕ ਦੀਆਂ 19 ਅਸਾਮੀਆਂ ਹਨ ਜਿਹਨਾਂ ਵਿੱਚੋਂ 17 ਅਸਾਮੀਆਂ ਖਾਲੀ ਹਨ। ਸਟੈਨੋ ਟਾਇਪਿਸਟ ਦੀਆਂ 33 ਅਸਾਮੀਆਂ ਹਨ ਜਿਹਨਾਂ ਵਿੱਚੋਂ 20 ਅਸਾਮੀਆਂ ਖਾਲੀ ਹਨ। ਡਰਾਈਵਰ ਦੀਆਂ 47 ਅਸਾਮੀਆਂ ਹਨ ਜਿਹਨਾਂ ਵਿੱਚੋਂ 12 ਅਸਾਮੀਆਂ ਖਾਲੀ ਹਨ। ਚੌਂਕੀਦਾਰ ਅਤੇ ਚੌਂਕੀਦਾਰ ਕਮ ਕੁੱਕ ਦੀਆਂ 24 ਅਸਾਮੀਆਂ ਹਨ ਜਿਹਨਾਂ ਵਿੱਚੋਂ 18 ਅਸਾਮੀਆਂ ਖਾਲੀ ਹਨ। ਸਰਕਾਰ ਵਲੋਂ ਬੇਸ਼ੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਸਿਰ ਸੂਬੇ ਵਿੱਚ ਪ੍ਰਦੂਸ਼ਣ ਘਟਾਉਣ ਦੀ ਵੱਡੀ ਜਿੰਮੇਬਾਰੀ ਲਗਾਈ ਗਈ ਹੈ ਪਰੰਤੂ ਇਸ ਵਿਭਾਗ ਵਿੱਚ ਇੰਨੀਆਂ ਜ਼ਿਆਦਾ ਅਸਾਮੀਆਂ ਖਾਲੀ ਹੋਣ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪ੍ਰਦੂਸ਼ਣ ਤੇ ਨਿਯੰਤਰਣ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਜੇਕਰ ਅਸੀਂ ਅਪਣਾ ਵਾਤਾਵਰਣ ਬਚਾਉਣਾ ਹੈ ਤਾਂ ਸਾਨੂੰ ਸਭਨੂੰ ਇਸ ਪ੍ਰਤੀ ਗੰਭੀਰਤਾ ਨਾਲ ਸੋਚਣਾ ਪਵੇਗਾ ਅਤੇ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਲੋਕਾਂ ਅਤੇ ਅਦਾਰਿਆਂ ਨਾਲ ਸੱਖਤੀ ਨਾਲ ਨਜਿੱਠਣਾ ਪਵੇਗਾ।

 ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054