.     

 

 

 

 

 

 

 

 

 

 

 

ਪ੍ਰਧਾਨ ਮੰਤਰੀ ਸਹੁੰ ਸਮਾਗਮ ਚ ਪੰਜਾਬੀ ਬੋਲੀ ਹੋਈ ਸ਼ਰਮਸਾਰ, ਸ਼੍ਰੋਮਣੀ ਅਕਾਲੀ ਦੱਲ

 ਦੀ ਪ੍ਰਤੀਨਿਧਤਾ ਕਰਦੀ ਹਰਸਿਮਰਤ ਕੌਰ ਬਾਦਲ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ।

27 ਮਈ, 2014 (ਕੁਲਦੀਪ ਚੰਦ) ਮਾਂ ਬੋਲੀ ਹਰ ਸਮਾਜ ਦੀ ਉਹ ਬੋਲੀ ਹੁੰਦੀ ਹੈ ਜਿਸ ਵਿੱਚ ਉਸ ਸਮਾਜ ਦੇ ਲੋਕ ਅਪਣੀ ਗੱਲ ਬਾਤ ਇੱਕ ਦੂਜੇ ਨੂੰ ਚੰਗੀ ਤਰਾਂ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਦੱਸ ਅਤੇ ਸਮਝਾ ਸਕਦੇ ਹਨ। ਹਰ ਸਮਾਜ ਦੇ ਵਿਕਾਸ ਵਿੱਚ ਮਾਂ ਬੋਲੀ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਪੰਜਾਬੀ ਭਾਸ਼ਾ ਜੋਕਿ ਸਦੀਆਂ ਪੁਰਾਣੀ ਹੈ ਦੀ ਵਰਤੋਂ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਵਿਦੇਸ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿੰਦੇ ਲੋਕਾਂ ਵਲੋਂ ਮਾਣ ਸਤਿਕਾਰ ਨਾਲ ਕੀਤੀ ਜਾਂਦੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ਵਿੰਚ ਇਸਨੂੰ ਦੂਜੀ ਭਾਸ਼ਾ ਦਾ ਦਰਜ਼ਾ ਪ੍ਰਾਪਤ ਹੈ। ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਕਰੋੜ੍ਹਾਂ ਪੰਜਾਬੀ ਮਾਂ ਬੋਲੀ ਦੀ ਵਰਤੋਂ ਬਹੁਤ ਹੀ ਮਾਣ ਨਾਲ ਕਰਦੇ ਹਨ। ਪੰਜਾਬ ਦੀ ਮੋਜੂਦਾ ਅਕਾਲੀ ਭਾਜਪਾ ਸਰਕਾਰ ਵਿੱਚ ਬੈਠੇ ਕਈ ਆਗੂ ਅੱਜ ਵੀ ਇਸ ਗੱਲ ਦਾ ਮਾਣ ਕਰਦੇ ਹਨ ਕਿ ਉਨ੍ਹਾਂ ਨੇ ਇਸ ਭਾਸ਼ਾ ਨੂੰ ਲਾਗੂ ਕਰਨ ਅਤੇ ਬਚਾਉਣ ਲਈ ਵੱਡੇ ਪੱਧਰ ਤੇ ਕੰਮ ਕੀਤਾ ਹੈ। ਇਹ ਵੀ ਦੱਸਣਯੋਗ ਹੈ ਕਿ ਸਮੇਂ ਸਮੇਂ ਤੇ ਇਸ ਭਾਸ਼ਾ ਨੂੰ ਬਚਾਉਣ ਅਤੇ ਪ੍ਰਫੁਲਤ ਕਰਨ ਲਈ ਸਰਕਾਰਾਂ ਨੇ ਕਦਮ ਚੁੱਕੇ ਹਨ। ਪੈਪਸੂ ਸਰਕਾਰ ਦਾ ਪਹਿਲਾ ਬਜ਼ਟ ਜੋਕਿ 13 ਅਪ੍ਰੈਲ 1949 ਨੂੰ ਤਿਆਰ ਹੋਇਆ ਪੰਜਾਬੀ ਵਿੱਚ ਹੀ ਤਿਆਰ ਕੀਤਾ ਗਿਆ। ਪੰਜਾਬ ਰਾਜ ਪੁਨਰਗਠਨ ਤੋਂ ਬਾਦ ਪੰਜਾਬ ਰਾਜ ਭਾਸ਼ਾ ਐਕਟ 1967 ਵਿੱਚ ਬਣਾਇਆ ਗਿਆ। ਇਸ ਐਕਟ ਅਨੁਸਾਰ ਪੰਜਾਬ ਰਾਜ ਦੀ ਰਾਜ ਭਾਸ਼ਾ ਪੰਜਾਬੀ ਹੋਵੇਗੀ। ਇਸ ਐਕਟ ਅਨੁਸਾਰ ਸਰਕਾਰ ਦੇ ਸਾਰੇ ਦਫ਼ਤਰਾ ਵਿੱਚ ਪੰਜਾਬੀ ਵਿੱਚ ਕੰਮ ਹੋਵੇਗਾ। ਫਿਰ ਅਕਾਲੀ ਭਾਜਪਾ ਸਰਕਾਰ ਵਲੋਂ 5 ਨਵੰਬਰ 2008 ਨੂੰ ਇਸ ਐਕਟ ਵਿੱਚ ਸੋਧ ਕੀਤੀ ਗਈ। ਇਸ ਐਕਟ ਅਨੁਸਾਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਾਂ ਉਸਦੇ ਅਧੀਨ ਇਸ ਮੰਤਵ ਲਈ ਉਸ ਵੱਲੋਂ ਨਾਮਜ਼ਦ ਕੀਤੇ ਗਏ ਅਫ਼ਸਰਾਂ ਕੋਲ ਇਸ ਐਕਟ ਦੀਆਂ ਧਾਰਾਵਾਂ 3 ਅਤੇ 3 ਬੀ ਦੀ ਪਾਲਣਾ ਦਾ ਪਤਾ ਲਗਾਉਣ ਵਾਸਤੇ ਰਾਜ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰਾਂ, ਜਨਤਕ ਅਦਾਰਿਆਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਕੂਲਾਂ, ਕਾਲਜ਼ਾਂ, ਯੂਨੀਵਰਸਿਟੀਆਂ ਆਦਿ ਦੇ ਦਫ਼ਤਰਾਂ ਦਾ ਮੁਆਇਨਾ ਕਰਨ ਦਾ ਇਖਤਿਆਰ ਹੈ। ਇਨ੍ਹਾਂ ਦਫ਼ਤਰਾਂ ਦਾ ਦਫ਼ਤਰੀ ਰਿਕਾਰਡ ਰੱਖਣ ਵਾਲੇ ਅਫ਼ਸਰ ਆਪਣੇ ਕਬਜ਼ੇ ਹੇਠਲਾ ਸਾਰਾ ਰਿਕਾਰਡ, ਮੁਆਇਨਾ ਕਰਨ ਵਾਲੇ ਅਜਿਹੇ ਡਾਇਰੈਕਟਰ ਜਾਂ ਅਫਸਰ ਨੂੰ ਮੁਹੱਈਆ ਕਰਵਾਉਣਗੇ। ਇਸ ਐਕਟ ਦੀਆਂ ਧਾਰਾਵਾਂ ਦੀ ਸਮੀਖਿਆ ਅਤੇ ਅਮਲ ਨੂੰ ਯਕੀਨੀ ਬਣਾਉਣ ਲਈ ਇੱਕ ਰਾਜ ਪੱਧਰੀ ਅਧਿਕਾਰਤ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਸਿੱਖਿਆ ਮੰਤਰੀ ਪੰਜਾਬ ਨੂੰ ਚੇਅਰਪਰਸਨ, ਡਾਇਰੈਕਟਰ ਭਾਸ਼ਾ ਵਿਭਾਗ ਨੂੰ ਕਨਵੀਨਰ ਬਣਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਮੀਡੀਆ ਸਲਾਹਕਾਰ/ਮੁੱਖ ਮੰਤਰੀ ਜਾਂ ਮੁੱਖ ਮੰਤਰੀ ਵੱਲੋਂ ਨਾਮਜ਼ਦ ਨੁਮਾਇੰਦਾ, ਐਡਵੋਕੇਟ ਜਨਰਲ ਪੰਜਾਬ ਜਾਂ ਉਨ੍ਹਾਂ ਦਾ ਨੁਮਾਇੰਦਾ, ਸਕੱਤਰ ਸਕੂਲ ਸਿੱਖਿਆ, ਸਕੱਤਰ ਉਚੇਰੀ ਸਿੱਖਿਆ, ਕਾਨੂੰਨੀ ਮਸ਼ੀਰ ਅਤੇ ਸਕੱਤਰ ਪੰਜਾਬ ਸਰਕਾਰ, ਰਾਜ ਸਰਕਾਰ ਵੱਲੋਂ ਨਾਮਜ਼ਦ ਸਾਹਿਤ ਸਭਾਵਾਂ ਦੇ ਦੋ ਨੁਮਾਇੰਦੇ, ਰਾਜ ਸਰਕਾਰ ਵੱਲੋਂ ਨਾਮਜ਼ਦ ਪੰਜਾਬੀ ਪ੍ਰੈਸ ਨਾਲ ਜੁੜੇ ਤਿੰਨ ਉਘੇ ਪ੍ਰਤੀਨਿਧ, ਰਾਜ ਸਰਕਾਰ ਵੱਲੋਂ ਨਾਮਜ਼ਦ ਚਾਰ ਜਨਤਕ ਨੁਮਾਇੰਦੇ ਆਦਿ ਨੂੰ ਮੈਂਬਰ ਬਣਾਇਆ ਗਿਆ ਹੈ। ਇਹ ਰਾਜ ਪੱਧਰੀ ਅਧਿਕਾਰਤ ਕਮੇਟੀ ਹਰ ਛੇ ਮਹੀਨਿਆਂ ਵਿੱਚ ਘੱਟੋ ਘੱਟ ਇੱਕ ਮੀਟਿੰਗ ਕਰੇਗੀ। ਇਸ ਰਾਜ ਪੱਧਰੀ ਅਧਿਕਾਰਤ ਕਮੇਟੀ ਨੂੰ ਜ਼ਿਲ੍ਹਾਂ ਪੱਧਰੀ ਅਧਿਕਾਰਤ ਕਮੇਟੀ ਨੂੰ ਦਿਸ਼ਾ ਨਿਰਦੇਸ਼ ਦੇਣ ਦਾ ਅਧਿਕਾਰ ਪ੍ਰਾਪਤ ਹੋਵੇਗਾ। ਇਸ ਐਕਟ ਅਨੁਸਾਰ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਵੀ ਬਣਾਈ ਜਾਵੇਗੀ ਜਿਸ ਵਿੱਚ ਮੁੱਖ ਮੰਤਰੀ ਵੱਲੋਂ ਨਾਮਜ਼ਦ ਸਬੰਧਤ ਜ਼ਿਲ੍ਹੇ ਦੇ ਮੰਤਰੀ ਜਾਂ ਵਿਧਾਇਕ ਨੂੰ ਚੇਅਰਪਰਸਨ, ਡਿਪਟੀ ਕਮਿਸ਼ਨਰ ਨੂੰ ਵਾਇਸ ਚੇਅਰਮੈਨ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਨੂੰ ਕਨਵੀਨਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ, ਰਾਜ ਸਰਕਾਰ ਵੱਲੋਂ ਨਾਮਜ਼ਦ ਜ਼ਿਲ੍ਹੇ ਵਿੱਚੋਂ ਪੰਜਾਬੀ ਸਾਹਿਤਕਾਰਾਂ ਦੇ ਦੋ ਪ੍ਰਤੀਨਿਧ, ਰਾਜ ਸਰਕਾਰ ਵੱਲੋਂ ਨਾਮਜ਼ਦ ਪੰਜਾਬੀ ਪ੍ਰੈਸ ਦੇ ਤਿੰਨ ਨੁਮਾਇੰਦੇ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰਾਜ ਸਰਕਾਰ ਵੱਲੋਂ ਨਾਮਜ਼ਦ ਦੋ ਜਨਤਕ ਨੁਮਾਇੰਦੇ, ਜ਼ਿਲ੍ਹਾ ਅਟਾਰਨੀ ਆਦਿ ਨੂੰ ਮੈਂਬਰ ਬਣਾਇਆ ਗਿਆ ਹੈ। ਇਹ ਜ਼ਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਰਾਜ ਸਰਕਾਰ, ਸਰਕਾਰੀ ਖੇਤਰ ਦੇ ਅਦਾਰਿਆਂ, ਬੋਰਡਾਂ ਅਤੇ ਲੋਕਲ ਬਾਡੀਜ਼ ਅਤੇ ਸਕੂਲਾਂ, ਕਾਲਜ਼ਾਂ ਤੇ ਯੂਨੀਵਰਸਿਟੀਆਂ ਦੇ ਦਫ਼ਤਰਾਂ ਵਿੱਚ ਇਸ ਐਕਟ ਦੀਆਂ ਧਾਰਾਵਾਂ ਤੇ ਅਮਲ ਦੀ ਸਮੀਖਿਆਂ ਕਰੇਗੀ ਅਤੇ ਰਾਜ ਪੱਧਰੀ ਅਧਿਕਾਰਤ ਕਮੇਟੀ ਨੂੰ ਆਪਣੀ ਰਿਪੋਰਟ ਭੇਜੇਗੀ। ਜ਼ਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਹਰ ਦੋ ਮਹੀਨਿਆਂ ਵਿੱਚ ਇੱਕ ਮੀਟਿੰਗ ਕਰੇਗੀ। ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਐਕਟ ਦੀਆਂ ਧਾਰਾਵਾਂ ਜਾਂ ਇਹਨਾਂ ਤਹਿਤ ਕੀਤੇ ਨੋਟੀਫਿਕੇਸ਼ਨਾਂ ਦੀ ਵਾਰ-ਵਾਰ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਹ ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮ,1970 ਦੇ ਤਹਿਤ ਕਾਰਵਾਈ ਕੀਤੇ ਜਾਣ ਦਾ ਭਾਗੀ ਹੋਵੇਗਾ। ਇਨ੍ਹਾਂ ਉਪਰਾਲਿਆਂ ਨੂੰ ਵੇਖਕੇ ਜਾਪਦਾ ਹੈ ਕਿ ਮੋਜੂਦਾ ਪੰਜਾਬ ਸਰਕਾਰ ਜਿਸਦੀ ਅਗਵਾਈ ਸ਼੍ਰੋਮਣੀ ਅਕਾਲੀ ਦੱਲ ਕਰ ਰਿਹਾ ਹੈ ਅਤੇ ਭਾਰਤੀ ਜਨਤਾ ਪਾਰਟੀ ਇਸਦੀ ਭਾਈਵਾਲ ਹੈ ਨੇ ਪੰਜਾਬੀ ਭਾਸ਼ਾ ਲਈ ਬਹੁਤ ਕੰਮ ਕੀਤਾ ਹੈ ਪਰ ਦੁੱਖ ਦੀ ਗੱਲ ਹੈ ਕਿ ਇਹ ਭਾਸ਼ਾ ਅਪਣਿਆਂ ਦੇ ਹੱਥਾਂ ਵਿੱਚ ਹੀ ਸੁਰਖਿਅੱਤ ਨਹੀਂ ਹੈ। 16ਵੀਂ ਲੋਕ ਸਭਾ ਦੇ ਗਠਨ ਬਾਦ 26 ਮਈ ਨੂੰ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਅਤੇ ਮੰਤਰੀਆਂ ਦੇ ਹੋਏ ਸਹੁੰ ਚੱਕ ਸਮਾਗਮ ਵਿੱਚ ਪੰਜਾਬ ਤੋਂ ਵਿਸ਼ੇਸ਼ ਤੋਰ ਤੇ ਸ਼੍ਰੋਮਣੀ ਅਕਾਲੀ ਦੱਲ ਨੂੰ ਪ੍ਰਤੀਨਿਧਤਾ ਦੇਣ ਲਈ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨੂਹੰ ਅਤੇ ਉਪੱ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਅਤੇ ਅਹੁਦੇ ਦੀ ਸਹੁੰ ਚੁਕਾਈ ਗਈ। ਬੀਬੀ ਹਰਸਿਮਰਤ ਕੌਰ ਬਾਦਲ ਅਤੇ ਅਰੁਣ ਜੇਤਲੀ ਦੇ ਮੰਤਰੀ ਬਣਨ ਨਾਲ ਜਿੱਥੇ ਪੰਜਾਬ ਵਾਸੀ ਖੁਸ਼ੀ ਮਹਿਸੂਸ ਕਰ ਰਹੇ ਹਨ ਉਥੇ ਹੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਅੰਗਰੇਜ਼ੀ ਭਾਸ਼ਾ ਵਿੱਚ ਚੁੱਕੀ ਗਈ ਸਹੁੰ ਕਰੋੜ੍ਹਾਂ ਪੰਜਾਬੀਆਂ ਨੂੰ ਨਿਰਾਸ਼ ਕਰ ਰਹੀ ਹੈ। ਇਸ ਮੋਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਬਹੁਤੇ ਮੰਤਰੀਆਂ ਨੇ ਰਾਸ਼ਟਰੀ ਭਾਸ਼ਾ ਦੀ ਹੀ ਵਰਤੋਂ ਕੀਤੀ ਹੈ। ਪੰਜਾਬੀ ਭਾਸ਼ਾ ਅਤੇ ਬੋਲੀ ਨੂੰ ਪਿਆਰ ਅਤੇ ਸਤਿਕਾਰ ਕਰਨ ਵਾਲੇ ਹਰ ਵਿਅਕਤੀ ਦੇ ਮਨ ਵਿੱਚ ਇੱਕ ਸਵਾਲ ਉਠੱ ਰਿਹਾ ਹੈ ਕਿ ਜੇਕਰ ਪੰਜਾਬੀ ਬੋਲੀ ਅਤੇ ਭਾਸ਼ਾ ਨਾਲ ਸ਼੍ਰੋਮਣੀ ਅਕਾਲੀ ਦੱਲ ਦੇ ਆਗੂਆਂ ਨੇ ਹੀਮਤਰੇਈ ਮਾਂ ਵਾਲਾ ਸਲੂਕ ਕਰਨਾ ਹੈ ਤਾਂ ਇਸ ਭਾਸ਼ਾ ਅਤੇ ਬੋਲੀ ਦਾ ਭਵਿੱਖ ਕਿਵੇਂ ਸੁਰਖਿੱਅਤ ਰਹਿ ਸਕਦਾ ਹੈ। ਇਹ ਭਾਸ਼ਾ ਜਿਸਨੂੰ ਸੰਸਾਰ ਦੇ ਕਈ ਭਾਗਾਂ ਅਤੇ ਦੇਸ ਦੇ ਹੋਰ ਸੂਬਿੱਆਂ ਵਿੱਚ ਮਾਣ ਸਤਿਕਾਰ ਮਿਲਿਆ ਹੈ ਅਪਣੇ ਸੂਬੇ ਪੰਜਾਬ ਵਿੱਚ ਰੁਲ਼ ਜਾਵੇਗੀ।   

ਕੁਲਦੀਪ ਚੰਦ
9417563054