ਨੋਜਵਾਨ ਪੀੜ੍ਹੀ ਨੂੰ ਰਾਜਨੀਤੀ ਵਿੱਚ ਵੀ ਨਹੀਂ ਦਿਤੀ ਜਾਂਦੀ

 ਪ੍ਰਤੀਨਿਧਤਾ।ਹਰ ਪਾਰਟੀ ਕਰਦੀ ਹੈ ਟਿਕਟਾਂ ਦੇਣ ਵੇਲੇ ਅਣਗੋਲਿਆਂ।

27 ਮਈ, 2014 (ਕੁਲਦੀਪ ਚੰਦ) ਦੁਨੀਆ ਵਿੱਚ ਅਬਾਦੀ ਪੱਖੋਂ ਦੂਜੇ ਨੰਬਰ ਤੇ ਆਣ ਵਾਲੇ ਮੇਰੇ ਦੇਸ਼ ਵਿੱਚ ਲੱਗਭੱਗ 50 ਫਿਸਦੀ ਅਬਾਦੀ 25 ਸਾਲ ਤੋਂ ਹੇਠਾਂ ਦੀ ਉਮਰ ਦੇ ਲੋਕਾਂ ਦੀ ਹੈ ਅਤੇ 65 ਫਿਸਦੀ ਦੇ ਲੱਗਭੱਗ 30 ਸਾਲ ਤੋਂ ਘਟ ਉਮਰ ਦੇ ਲੋਕ ਰਹਿੰਦੇ ਹਨ ਜੋਕਿ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਹੈ। ਸਰਕਾਰ ਵਲੋਂ ਨੋਜਵਾਨਾ ਲਈ ਅਲੱਗ ਮੰਤਰਾਲਿਆ ਅਤੇ ਵਿਭਾਗ ਬਣਾਇਆ ਗਿਆ ਹੈ। ਦੇਸ਼ ਵਿੱਚ ਨੋਜਵਾਨਾਂ ਦੀ ਵੱਡੀ ਜਨਸੰਖਿਆਂ ਨੂੰ ਵੇਖਦੇ ਹੋਏ ਹੀ ਹਰ ਰਾਜਨੀਤਿਕ ਪਾਰਟੀ ਨੇ ਨੋਜਵਾਨਾਂ ਲਈ ਵਿਸ਼ੇਸ਼ ਸੈਲ ਬਣਾਏ ਹੋਏ ਹਨ। ਹਰ ਚੋਣ ਵਿੱਚ ਨੋਜਵਾਨ ਵੋਟਰਾਂ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਹਰ ਰਾਜਨੀਤਿਕ ਪਾਰਟੀ ਲਈ ਇਹ ਨੋਜਵਾਨ ਵੋਟਰ ਰੀੜ ਦੀ ਹੱਡੀ ਹਨ। ਚੋਣਾਂ ਦੌਰਾਨ ਅਤੇ ਬਾਦ ਵਿੱਚ ਹਰ ਰਾਜਨੀਤਿਕ ਪ੍ਰੋਗਰਾਮ ਵਿੱਚ ਇਹ ਨੋਜਵਾਨ ਦਰੀਆਂ ਵਿਛਾਉਣ ਤੋਂ ਲੈਕੇ ਭੀੜ ਇਕੱਠੀ ਕਰਨ ਤੱਕ ਦੇ ਕੰਮ ਕਰਦੇ ਹਨ। ਦੇਸ਼ ਵਿੱਚ ਹੋਈਆਂ 16ਵੀਆਂ ਲੋਕ ਸਭਾ ਚੋਣਾਂ ਵਿੱਚ ਲੱਗਭੱਗ 12 ਕਰੋੜ ਨਵੇਂ ਵੋਟਰਾਂ ਨੇ ਨਵੀਂ ਸਰਕਾਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਬੇਸ਼ੱਕ ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਨੋਜਵਾਨ ਵੋਟਰ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਵਰਗ ਨੂੰ ਹਰ ਰਾਜਨੀਤਿਕ ਪਾਰਟੀ ਨੇ ਟਿਕਟਾਂ ਦੇਣ ਵੇਲੇ ਅਣਗੋਲਿਆਂ ਕੀਤਾ ਹੈ। ਇਨ੍ਹਾਂ ਚੋਣਾਂ ਵਿੱਚ 25 ਤੋਂ 30 ਸਾਲ ਦੀ ਉਮਰ ਦਰਮਿਆਨ ਦੇ ਸਿਰਫ 12 ਉਮੀਦਵਾਰ ਭਾਵ ਸਿਰਫ 2 ਫਿਸਦੀ ਮੈਂਬਰ ਹੀ ਲੋਕ ਸਭਾ ਵਿੱਚ ਪਹੁੰਚੇ ਹਨ।  31 ਤੋਂ 40 ਸਾਲ ਤੱਕ ਦੇ 59 ਉਮੀਦਵਾਰ, 41 ਤੋਂ 50 ਸਾਲ ਤੱਕ ਦੇ 131 ਉਮੀਦਵਾਰ, 51 ਤੋਂ 60 ਸਾਲ ਤੱਕ ਦੇ 181 ਉਮੀਦਵਾਰ, 61 ਤੋਂ 70 ਸਾਲ ਤੱਕ ਦੇ 117 ਉਮੀਦਵਾਰ, 71 ਤੋਂ 80 ਸਾਲ ਦੇ 39 ਅਤੇ 81 ਤੋਂ 110 ਸਾਲ ਤੱਕ ਦੀ ਉਮਰ ਦੇ 2 ਉਮੀਦਵਾਰ ਲੋਕ ਸਭਾ ਮੈਂਬਰ ਬਣੇ ਹਨ। ਜੇਕਰ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਭਾਜਪਾ ਦੇ 25 ਤੋਂ 35 ਸਾਲ ਤੱਕ ਦੀ ਉਮਰ ਦੇ ਸਭਤੋਂ ਵੱਧ 11, 36 ਤੋਂ 45 ਸਾਲ ਤੱਕ ਦੇ 51, 46 ਤੋਂ 55 ਸਾਲ ਤੱਕ ਦੇ 86, 56 ਤੋਂ 65 ਸਾਲ ਤੱਕ ਦੇ 99, 66 ਤੋਂ 75 ਸਾਲ ਤੱਕ ਦੇ 27 ਅਤੇ 76 ਸਾਲ ਤੋਂ ਵੱਧ ਉਮਰ ਦੇ 7 ਲੋਕ ਸਭਾ ਮੈਂਬਰ ਬਣੇ ਹਨ। ਕਾਂਗਰਸ ਦੇ 25 ਤੋਂ 35 ਸਾਲ ਤੱਕ ਦੀ ਉਮਰ ਦੇ 2, 36 ਤੋਂ 45 ਸਾਲ ਤੱਕ ਦੇ 7, 46 ਤੋਂ 55 ਸਾਲ ਤੱਕ ਦੇ 9, 56 ਤੋਂ 65 ਸਾਲ ਤੱਕ ਦੇ 10, 66 ਤੋਂ 75 ਸਾਲ ਤੱਕ ਦੇ 15 ਅਤੇ 76 ਸਾਲ ਤੋਂ ਵੱਧ ਉਮਰ ਦੇ 1 ਲੋਕ ਸਭਾ ਮੈਂਬਰ ਬਣੇ ਹਨ। ਏ ਆਈ ਏ ਡੀ ਐਮ ਕੇ ਦੇ 25 ਤੋਂ 35 ਸਾਲ ਤੱਕ ਦੀ ਉਮਰ ਦੇ 3, 36 ਤੋਂ 45 ਸਾਲ ਤੱਕ ਦੇ 8, 46 ਤੋਂ 55 ਸਾਲ ਤੱਕ ਦੇ 15, 56 ਤੋਂ 65 ਸਾਲ ਤੱਕ ਦੇ 10, 66 ਤੋਂ 75 ਸਾਲ ਤੱਕ ਦੀ ਉਮਰ ਦਾ 1 ਲੋਕ ਸਭਾ ਮੈਂਬਰ ਬਣੇ ਹਨ। ਏ ਆਈ ਟੀ ਸੀ ਦੇ 25 ਤੋਂ 35 ਸਾਲ ਤੱਕ ਦੀ ਉਮਰ ਦੇ 6, 36 ਤੋਂ 45 ਸਾਲ ਤੱਕ ਦੇ 3, 46 ਤੋਂ 55 ਸਾਲ ਤੱਕ ਦੇ 6, 56 ਤੋਂ 65 ਸਾਲ ਤੱਕ ਦੇ 13, 66 ਤੋਂ 75 ਸਾਲ ਤੱਕ ਦੇ 6 ਲੋਕ ਸਭਾ ਮੈਂਬਰ ਬਣੇ ਹਨ। ਬੀ ਜੇ ਡੀ ਦੇ 25 ਤੋਂ 35 ਸਾਲ ਤੱਕ ਦੀ ਉਮਰ ਦੇ 2, 36 ਤੋਂ 45 ਸਾਲ ਤੱਕ ਦੇ 4, 46 ਤੋਂ 55 ਸਾਲ ਤੱਕ ਦੇ 7, 56 ਤੋਂ 65 ਸਾਲ ਤੱਕ ਦੇ 4, 66 ਤੋਂ 75 ਸਾਲ ਤੱਕ ਦੇ 3 ਲੋਕ ਸਭਾ ਮੈਂਬਰ ਬਣੇ ਹਨ। ਸ਼ਿਵ ਸੈਨਾ ਦੇ 25 ਤੋਂ 35 ਸਾਲ ਤੱਕ ਦੀ ਉਮਰ ਦੇ 1, 36 ਤੋਂ 45 ਸਾਲ ਤੱਕ ਦੇ 3, 46 ਤੋਂ 55 ਸਾਲ ਤੱਕ ਦੇ 7, 56 ਤੋਂ 65 ਸਾਲ ਤੱਕ ਦੇ 5, 66 ਤੋਂ 75 ਸਾਲ ਤੱਕ ਦੇ 2 ਲੋਕ ਸਭਾ ਮੈਂਬਰ ਬਣੇ ਹਨ। ਟੀ ਡੀ ਪੀ ਦੇ 25 ਤੋਂ 35 ਸਾਲ ਤੱਕ ਦੀ ਉਮਰ ਦੇ 1, 36 ਤੋਂ 45 ਸਾਲ ਤੱਕ ਦਾ ਕੋਈ ਨਹੀਂ, 46 ਤੋਂ 55 ਸਾਲ ਤੱਕ ਦੇ 5, 56 ਤੋਂ 65 ਸਾਲ ਤੱਕ ਦੇ 7, 66 ਤੋਂ 75 ਸਾਲ ਤੱਕ ਦੇ 3 ਲੋਕ ਸਭਾ ਮੈਂਬਰ ਬਣੇ ਹਨ। ਜੇਕਰ ਚੁਣੇ ਗਏ ਲੋਕ ਸਭਾ ਮੈਂਬਰਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ 01 ਲੋਕ ਸਭਾ ਮੈਂਬਰ ਅਨਪੜ੍ਹ ਹੈ, 05 ਸਾਂਸਦ ਸਿਰਫ ਪੜ੍ਹੇ ਲਿਖੇ ਹਨ, 06 ਸਾਂਸਦ ਸਿਰਫ 5ਵੀਂ ਪਾਸ ਹਨ, 09 ਸਾਂਸਦ 8ਵੀਂ ਪਾਸ ਹਨ, 48 ਸਾਂਸਦ 10ਵੀਂ ਪਾਸ ਹਨ, 57 ਸਾਂਸਦ 12ਵੀਂ ਪਾਸ ਹਨ, 116 ਸਾਂਸਦ ਗ੍ਰੈਜੁਏਟ ਹਨ, 106 ਸਾਂਸਦ ਗ੍ਰੈਜੁਏਟ ਪ੍ਰੋਫੈਸ਼ਨਲ ਹਨ, 150 ਸਾਂਸਦ ਪੋਸਟ ਗ੍ਰੈਜੁਏਟ ਹਨ ਅਤੇ 33 ਸਾਂਸਦਾਂ ਕੋਲ ਡਾਕਟਰੇਟ ਦੀ ਡਿਗਰੀ ਹੈ। ਦੁਨੀਆਂ ਦੇ ਜ਼ਿਅਦਾਤਰ ਦੇਸ਼ਾਂ ਵੱਲੋਂ ਆਪਣੇ ਨੋਜ਼ਵਾਨਾਂ ਨੂੰ ਰਾਜਨੀਤੀ ਵਿੱਚ ਜ਼ਿਆਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਦੇਸ਼ ਨੂੰ ਆਪਣੀ ਅਗਵਾਈ ਵਿੱਚ ਅੱਗੇ ਲਿਜਾ ਸਕਣ ਪਰ ਸਾਡੇ ਦੇਸ਼ ਵਿੱਚ ਇਸਦੇ ਉਲਟ ਹੁੰਦਾ ਹੈ। ਸਰਕਾਰੀ ਕਰਮਚਾਰੀਆਂ ਲਈ ਤਾਂ ਸਰਕਾਰ ਨੇ ਰਿਟਾਇਰ ਹੋਣ ਦੀ ਉਮਰ ਮਿਥੀ ਹੋਈ ਹੈ। ਨਿਸ਼ਚਿਤ ਉਮਰ ਤੋਂ ਬਾਅਦ ਸਰਕਾਰੀ ਕਰਮਚਾਰੀ ਨੂੰ ਇਸ ਕਰਕੇ ਰਿਟਾਇਰ ਕਰ ਦਿੱਤਾ ਜਾਂਦਾ ਹੈ ਕਿ ਉਹ ਹੁਣ ਕੰਮ ਕਰਨ ਦੇ ਯੋਗ ਨਹੀਂ ਰਿਹਾ ਹੈ। ਪਰ ਰਾਜਨੀਤੀ ਵਿੱਚ ਰਿਟਾਇਰਮੈਂਟ ਦੀ ਕੋਈ ਉਮਰ ਨਹੀਂ ਹੈ। ਸਾਡੇ ਦੇਸ਼ ਵਿੱਚ 80 ਸਾਲ ਤੋਂ ਵੱਧ ਉਮਰ ਦੇ ਉਮੀਦਵਾਰ ਵੀ ਚੋਣਾਂ ਲੜ ਸਕਦੇ ਹਨ ਅਤੇ ਉਮੀਦਵਾਰਾਂ ਲਈ ਪੜ੍ਹਾਈ ਜਾਂ ਕੋਈ ਉਚ ਡਿਗਰੀ ਦੀ ਵੀ ਜ਼ਰੂਰਤ ਨਹੀਂ ਹੈ। ਦੇਸ਼ ਨੂੰ ਚਲਾਉਣ ਵਾਲੇ ਨੇਤਾਵਾਂ ਵਿੱਚ ਸਭ ਤੋਂ ਵੱਡੀ ਯੋਗਤਾ ਵੱਧ ਤੋਂ ਵੱਧ ਵੋਟਾਂ ਬਟੋਰਨ ਨੂੰ ਮੰਨਿਆ ਜਾਂਦਾ ਹੈ। ਜਿਹੜਾ ਵੋਟਾਂ ਦੇ ਜੋੜ-ਤੋੜ ਵਿੱਚ ਮਾਹਿਰ ਹੋਵੇ ਸਮਝੋ ਉਹ ਨੇਤਾ ਬਣ ਸਕਦਾ ਹੈ ਅਤੇ ਦੇਸ਼ ਨੂੰ ਚਲਾ ਸਕਦਾ ਹੈ। ਜਿਸਨੇ ਕਦੀ ਕੋਈ ਵੀ ਖੇਡ ਨਾ ਖੇਡੀ ਹੋਵੇ ਉਸਨੂੰ ਖੇਡ ਮੰਤਰੀ ਬਣਾ ਦਿੱਤਾ ਜਾਂਦਾ ਹੈ। ਜਿਸਨੂੰ ਹਿਸਾਬ-ਕਿਤਾਬ ਕਰਨਾ ਨਾ ਆਉਂਦਾ ਹੋਵੇ ਉਹ ਵੀ ਵਿੱਤ ਮੰਤਰੀ ਬਣ ਸਕਦਾ ਹੈ। ਜਿਹੜਾ ਆਪਣੇ ਪੈਰਾ ਤੇ ਖੜਾ ਨਾ ਹੋ ਸਕਦਾ ਹੋਵੇ ਉਸਨੂੰ ਸਾਡੇ ਦੇਸ਼ ਵਿੱਚ ਸੈਰ-ਸਪਾਟਾ ਮੰਤਰੀ ਬਣਾਇਆ ਜਾ ਸਕਦਾ ਹੈ। ਜਿਹੜਾ ਨੇਤਾ ਕਦੀ ਕਿਸੇ ਕੋਰਟ ਕਚਹਿਰੀ ਦੇ ਕੋਲੋਂ ਵੀ ਨਾ ਲੰਘਿਆ ਹੋਵੇ ਉਸਨੂੰ ਸਾਡੇ ਦੇਸ਼ ਵਿੱਚ ਕਾਨੂੰਨ ਮੰਤਰੀ ਬਣਾਇਆ ਜਾ ਸਕਦਾ ਹੈ। ਉਚ ਦਰਜੇ ਦੀਆਂ ਪੜ੍ਹਾਈਆਂ ਕਰਨ ਵਾਲਿਆਂ ਅਫਸਰਾਂ ਤੇ ਇਹ ਅਨਪੜ੍ਹ ਨੇਤਾ ਆਪਣਾ ਹੁਕਮ ਚਲਾਉਂਦੇ ਹਨ ਅਤੇ ਰਾਜ ਕਰਦੇ ਹਨ। ਅਨਪੜ੍ਹ ਨੇਤਾ ਦੇਸ਼ ਦੇ ਪੜ੍ਹੇ ਲਿਖੇ ਲੋਕਾਂ ਦਾ ਫੈਸਲਾ ਕਰਦੇ ਹਨ ਕਿ ਇਹ ਕੰਮ ਕਰਨ ਦੇ ਯੋਗ ਹਨ ਕਿ ਨਹੀਂ। 

ਕੁਲਦੀਪ ਚੰਦ
9417563054