ਜਿਸਕਾ ਮੁਝੇ ਥਾ ਇੰਤਜਾਰ ਵੇ ਘੜੀ ਆ ਗਈ, ਆ ਗਈ

ਆਖਿਰ ਨਤੀਜੇ ਦੀ ਘੜੀ ਆ ਗਈ, ਅੱਜ ਹੋਊ ਕੇਂਦਰ ਸਰਕਾਰ ਦਾ ਫੈਸਲਾ।

15 ਮਈ, 2014 (ਕੁਲਦੀਪ ਚੰਦ) 05 ਮਾਰਚ ਨੂੰ ਸ਼ੁਰੂ ਹੋਇਆ 16ਵੀਂ ਲੋਕ ਸਭਾ ਲਈ ਚੋਣ ਸਫਰ ਅੱਜ 16 ਮਈ ਨੂੰ ਚੋਣ ਨਤੀਜੇ ਘੋਸ਼ਿਤ ਹੁੰਦਿਆਂ ਹੀ ਲੱਗਭੱਗ ਖਤਮ ਹੋ ਜਾਵੇਗਾ। 16ਵੀਂ ਲੋਕ ਸਭਾ ਦੇ ਗਠਨ ਲਈ 543 ਲੋਕ ਸਭਾ ਸੀਟਾਂ ਲਈ 7 ਅਪ੍ਰੈਲ ਤੋਂ ਲੈ ਕੇ 12 ਮਈ ਤੱਕ 9 ਗੇੜਾਂ ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਵੋਟਾਂ ਪਈਆਂ ਹਨ। ਇਸ ਦੌਰਾਨ ਬੇਸ਼ੱਕ ਕੁੱਝ ਥਾਵਾਂ ਤੇ ਲੜਾਈ ਝਗੜੇ ਵੀ ਹੋਏ ਹਨ ਪਰ ਬਹੁਤੀਆਂ ਥਾਵਾਂ ਤੇ ਵੋਟਾਂ ਪਾਣ ਦਾ ਕੰਮ ਸ਼ਾਂਤੀ ਨਾਲ ਹੀ ਨਪੇਰੇ ਚੜਿਆ ਹੈ। ਭਾਰਤੀ ਚੋਣ ਆਯੋਗ ਅਨੁਸਾਰ ਇਸ ਵਾਰ ਵੋਟਰਾਂ ਦੀ ਗਿਣਤੀ 814.5 ਮਿਲੀਅਨ ਸੀ ਜੋ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਵੋਟਰਾਂ ਤੋਂ ਵੱਧ ਹੈ। ਇਹਨਾਂ ਵਿੱਚ 100 ਮਿਲੀਅਨ ਨਵੇਂ ਵੋਟਰ ਵੀ ਸ਼ਾਮਿਲ ਹਨ। ਇਹ ਚੋਣਾਂ 543 ਲੋਕਸਭਾ ਸੀਟਾਂ ਲਈ ਲੜੀਆਂ ਗਈਆਂ ਜਿਹਨਾਂ ਵਿੱਚ ਸਭ ਤੋਂ ਵੱਧ ਉਤੱਰ ਪ੍ਰਦੇਸ਼ ਦੀਆਂ 80 ਸੀਟਾਂ, ਮਹਾਰਾਸ਼ਟਰ ਦੀਆਂ 48, ਆਂਧਰਾ ਪ੍ਰਦੇਸ਼ ਦੀਆਂ 42, ਬਿਹਾਰ ਦੀਆਂ 40, ਤਾਮਿਲਨਾਡੂ ਦੀਆਂ 39 ਸੀਟਾਂ ਅਤੇ ਸਭਤੋਂ ਘੱਟ 01-01 ਸੀਟ ਵਾਲੇ ਸਿਕਿਮ, ਨਾਗਾਲੈਂਡ, ਮਿਜ਼ੋਰਮ  ਆਦਿ ਸੂਬੇ ਸ਼ਾਮਲ ਹਨ। ਐਨ ਡੀ ਏ (ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ) ਨੇ ਕੁੱਲ 542 ਸੀਟਾਂ ਤੇ ਚੋਣਾਂ ਲੜੀਆਂ ਜਿਸ ਵਿੱਚ ਮੁੱਖ ਤੋਰ ਤੇ ਭਾਰਤੀ ਜਨਤਾ ਪਾਰਟੀ ਨੇ 427, ਤੇਲਗੂ ਦੇਸ਼ਮ ਪਾਰਟੀ ਨੇ 30, ਸ਼ਿਵ ਸੈਨਾ ਨੇ 20, ਡੀ ਐਮ ਡੀ ਕੇ ਨੇ 14, ਸ਼੍ਰੋਮਣੀ ਅਕਾਲੀ ਦਲ ਨੇ 10 ਅਤੇ ਪੀ ਐਮ ਕੇ ਨੇ 8 ਸੀਟਾਂ ਤੇ ਚੋਣਾਂ ਲੜੀਆਂ ਹਨ। ਯੂ ਪੀ ਏ (ਯੁਨਾਈਟਿਡ ਪ੍ਰੋਗਰੈਸਿਵ ਅਲਾਇੰਸ) ਨੇ ਕੁੱਲ 538 ਸੀਟਾਂ ਤੇ ਚੋਣਾਂ ਲੜੀਆਂ ਜਿਸ ਵਿੱਚ ਮੁੱਖ ਤੋਰ ਤੇ ਕਾਂਗਰਸ ਨੇ 462, ਰਾਸ਼ਟਰੀ ਜਨਤਾ ਦਲ ਨੇ 28, ਨੈਸ਼ਨਲ ਕਾਂਗਰਸ ਪਾਰਟੀ ਨੇ 23, ਰਾਸ਼ਟਰੀ ਲੋਕ ਦਲ ਨੇ 8 ਸੀਟਾਂ ਤੇ ਚੋਣਾਂ ਲੜੀਆਂ ਹਨ। ਇਸਤੋਂ ਇਲਾਵਾ ਕੁੱਝ ਸਮਾਂ ਪਹਿਲਾਂ ਬਣੀ ਆਮ ਆਦਮੀ ਪਾਰਟੀ, ਤੀਜਾ ਮੋਰਚਾ, ਬਹੁਜਨ ਸਮਾਜ ਪਾਰਟੀ, ਆਦਿ ਨੇ ਵੀ ਵੱਖ ਵੱਖ ਸੂਬਿਆਂ ਵਿੱਚ ਚੋਣ ਲੜੀ ਹੈ। ਇਹਨਾਂ ਚੋਣਾਂ ਵਿੱਚ 9,30,000 ਵੋਟਿੰਗ ਕੇਂਦਰ ਬਣਾਏ ਗਏ ਅਤੇ 14,00,000 ਵੋਟਿੰਗ ਮਸ਼ੀਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਅੱਜ 16 ਮਈ ਨੂੰ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਚੋਣ ਆਯੋਗ ਵਲੋਂ ਬਣਵਾਏ ਗਏ 989 ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ। ਬੇਸ਼ੱਕ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਪਰੰਤੂ ਇਸ ਸਬੰਧੀ ਕਾਰਵਾਈ ਸਵੇਰੇ ਪੰਜ ਵਜੇ ਹੀ ਸ਼ੁਰੂ ਹੋ ਜਾਵੇਗੀ ਜਦੋਂ ਜਿਲ੍ਹਾ ਚੋਣ ਅਧਿਕਾਰੀ ਅਤੇ ਚੋਣ ਆਬਜਰਬਰ ਗਿਣਤੀ ਕੇਂਦਰਾਂ ਤੇ ਇਕੱਠੇ ਹੋਣਗੇ ਤੇ ਗਿਣਤੀ ਲਈ ਤਿਆਰੀ ਸ਼ੁਰੂ ਕਰਨਗੇ। ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਸਭਤੋਂ ਪਹਿਲਾਂ ਪੋਸਟਲ ਬੈਲਟਸ ਦੀ ਗਿਣਤੀ ਕੀਤੀ ਜਾਵੇਗੀ। ਲੱਗਭੱਗ ਅੱਧੇ ਘੰਟੇ ਬਾਦ ਵੋਟਿੰਗ ਮਸ਼ੀਨਾਂ ਵਿੱਚ ਬੰਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਲੱਗਭੱਗ 11 ਵਜੇ ਵੋਟਾਂ ਦੇ ਰੁਝਾਨ ਦਾ ਪਤਾ ਲੱਗਣਾਂ ਸ਼ੁਰੂ ਹੋ ਜਾਵੇਗਾ ਅਤੇ ਸ਼ਾਮ ਦੇ 4 ਵਜੇ ਤੱਕ ਲੱਗਭੱਗ ਸਭ ਨਤੀਜੇ ਸਾਫ ਹੋ ਜਾਣਗੇ। ਇਨ੍ਹਾਂ ਗਿਣਤੀ ਕੇਂਦਰਾਂ ਵਿੱਚ ਵੱਖ ਵੱਖ ਉਮੀਦਵਾਰਾਂ ਦੇ ਆਥੋਰਾਇਜਡ ਏਜੰਟ ਹਾਜਰ ਹੋਣਗੇ। ਇਨ੍ਹਾਂ ਕੇਂਦਰਾਂ ਵਿੱਚ ਕੋਈ ਉਮੀਦਵਾਰ ਵੀ ਹਾਜਰ ਰਹਿ ਸਕਦਾ ਹੈ ਪਰੰਤੂ ਉਸਦੇ ਸੁਰਖਿਆ ਗਾਰਡ ਨੂੰ ਅੰਦਰ ਨਹੀਂ ਜਾਣ ਦਿਤਾ ਜਾਵੇਗਾ। ਇਨ੍ਹਾਂ ਗਿਣਤੀ ਕੇਂਦਰਾਂ ਵਿੱਚ ਵਿਸ਼ੇਸ਼ ਸੁਰਖਿਆ ਵਾਲੇ ਉਮੀਦਵਾਰ ਦੇ ਨਾਲ ਸਿਵਲ ਵਰਦੀ ਵਿੱਚ ਸੁਰਖਿਆ ਗਾਰਡ ਜਾਵੇਗਾ। ਇਹ ਚੋਣ ਨਤੀਜੇ ਜਿੱਥੇ ਇੱਕ ਪਾਸੇ ਲੱਗਭੱਗ 8230 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਉਥੇ ਹੀ ਲੋਕਤੰਤਰ ਦੇ ਚੋਥੇ ਥੰਮ ਮੀਡੀਆ ਦੀ ਭਰੋਸੇਯੋਗਤਾ ਦਾ ਵੀ ਫੈਸਲਾ ਕਰਨਗੇ। ਆਖਰੀ ਗੇੜ ਦੀਆਂ ਪਈਆਂ 12 ਮਈ ਨੂੰ ਵੋਟਾਂ ਤੋਂ ਬਾਦ ਵੱਖ ਵੱਖ ਟੈਲੀਵਿਜ਼ਨ ਚੈਨਲਾਂ ਵਲੋਂ ਕੀਤੇ ਗਏ ਚੋਣ ਸਰਵੇਖਣ ਕਿੰਨੇ ਸੱਚ ਸਾਬਤ ਹੁੰਦੇ ਹਨ ਅਤੇ ਕਿੰਨਿਆਂ ਦੀ ਹਵਾ ਨਿਕਲਦੀ ਹੈ ਇਹ ਵੀ ਸਾਹਮਣੇ ਆ ਜਾਵੇਗਾ। ਅੱਜ ਬਹੁਤੇ ਉਮੀਦਵਾਰਾਂ ਲਈ ਅੱਜ ਦਾ ਸ਼ੁਕਰਵਾਰ ਸ਼ੁਕਰ ਬਣੇਗਾ ਅਤੇ ਕਈਆਂ ਲਈ ਚੰਦਰਾ। ਕਿਸਦੇ ਹੱਥ ਅੱਜ ਸੱਤਾ ਲੱਗਦੀ ਹੈ ਅਤੇ ਕੋਣ ਖਾਲੀ ਰਹਿੰਦਾ ਹੈ ਇਸਦਾ ਫੈਸਲਾ ਸ਼ਾਮ ਫਾਇਨਲ ਨਤੀਜੇ ਆਣ ਤੇ ਪਤਾ ਚੱਲ ਜਾਵੇਗਾ। .