ਦਲਿਤਾਂ ਨਾਲ ਵਾਪਰਦੇ ਅਤਿਆਚਾਰਾਂ ਦੇ ਮਾਮਲਿਆਂ ਸਬੰਧੀ ਬਹੁਤੇ ਧਾਰਮਿਕ ਅਦਾਰਿਆਂ ਅਤੇ ਧਾਰਮਿਕ ਆਗੂਆਂ ਦੇ ਚੁੱਪੀ ਕਾਰਨ ਦੇਸ਼ ਵਿੱਚ ਦਲਿਤ ਅਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਹੇ ਹਨ। 

ਦਲਿਤ ਧਾਰਮਿਕ ਅਦਾਰੇ ਵੀ ਅਕਸਰ ਰਹਿੰਦੇ ਹਨ ਅਜਿਹੀਆਂ ਘਟਨਾਵਾਂ ਸਬੰਧੀ ਚੁੱਪ।

10 ਮਈ, 2014 (ਕੁਲਦੀਪ ਚੰਦ) ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮੇਂ ਸਮੇਂ ਤੇ ਇਸ ਦੇਸ਼ ਵਿੱਚ ਵਸਦੇ ਕਰੋੜਾਂ ਸ਼ੂਦਰਾਂ/ਅਛੂਤਾਂ/ਦਲਿਤਾਂ ਨੂੰ ਹਰ ਧਰਮ ਨੇ ਅਪਣੇ ਵਿੱਚ ਸ਼ਾਮਲ ਕਰਨ ਦੇ ਦਾਅਵੇ ਕੀਤੇ ਹਨ ਅਤੇ ਅਕਸਰ ਇਨ੍ਹਾਂ ਨੂੰ ਵਿਸ਼ੇਸ਼ ਤੋਰ ਤੇ ਇਨ੍ਹਾਂ ਦੇ ਆਗੂਆਂ ਨੂੰ ਅਪਣੇ ਧਰਮ ਵੱਲ ਆਕਰਸ਼ਿਤ ਕਰਨ ਲਈ ਹਰ ਤਰਾਂ ਦੀਆਂ ਚਾਲਾਂ ਚੱਲੀਆਂ ਹਨ। ਇਹੋ ਕਾਰਨ ਹੈ ਕਿ ਇਸ ਦੇਸ਼ ਵਿੱਚ ਅੱਜ ਵੀ ਇਹ ਲੋਕ ਵੱਖ ਵੱਖ ਧਰਮਾਂ ਨਾਲ ਜੁੜ੍ਹੇ ਹੋਏ ਹਨ। ਸਦੀਆਂ ਤੱਕ ਗੁਲਾਮ ਰਹੇ ਅਤੇ ਹਰ ਤਰਾਂ ਦੇ ਮੂਲ ਅਧਿਕਾਰਾਂ ਤੋਂ ਬਾਂਝੇ ਰਹੇ ਕਰੋੜ੍ਹਾਂ ਲੋਕਾਂ ਨੂੰ ਕੁੱਝ ਧਰਮਾਂ ਦੇ ਆਗੂਆਂ ਨੇ ਅਪਣੇ ਨਾਲ ਜੋੜਣ ਲਈ ਕਈ ਤਰਾਂ ਦੇ ਭਲਾਈ ਪ੍ਰੋਗਰਾਮ ਵੀ ਚਲਾਏ ਹਨ। ਇਹੋ ਕਾਰਨ ਹੈ ਕਿ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਇਹ ਲੋਕ ਵੱਖ ਵੱਖ ਧਰਮਾਂ ਨਾਲ ਜੁੜ੍ਹੇ ਹਨ। ਸਮੇਂ ਸਮੇਂ ਤੇ ਇਨ੍ਹਾਂ ਦਲਿਤਾਂ ਦੀ ਧਰਮ ਤਬਦਿਲੀ ਵੀ ਵੱਡੀ ਬਹਿਸ ਦਾ ਕਾਰਨ ਬਣੀ ਹੈ। ਲੰਬਾ ਸਮਾਂ ਇਹ ਲੋਕ ਹਿੰਦੂ ਧਰਮ ਨਾਲ ਜੁੜ੍ਹੇ ਹੋਏ ਸਨ ਅਤੇ ਅੱਜ ਵੀ ਦੇਸ਼ ਦੇ ਕਈ ਭਾਗਾਂ ਵਿੱਚ ਇਹ ਲੋਕ ਹਿੰਦੂ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਹੀ ਅਪਣੇ ਸਭ ਕੰਮ ਕਰਦੇ ਹਨ। ਸਮੇਂ ਸਮੇਂ  ਤੇ ਕਈ ਦਲਿਤ ਆਗੂਆਂ ਨੇ ਹਿੰਦੂ ਧਰਮ ਵਿੱਚ ਇਨ੍ਹਾਂ ਦਲਿਤਾਂ ਨਾਲ ਹੋ ਰਹੇ ਭੇਦਭਾਵ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ। ਹਿੰਦੂ ਧਰਮ ਦੇ ਕਈ ਆਗੂਆਂ ਨੇ ਵੀ ਦਲਿਤਾਂ ਨਾਲ ਕੀਤੇ ਜਾ ਰਹੇ ਪੱਖਪਾਤ ਦਾ ਵਿਰੋਧ ਕੀਤਾ ਅਤੇ ਇਸ ਬੁਰਾਈ ਖਿਲਾਫ ਅੰਦੋਲਨ ਚਲਾਇਆ। ਸਮਾਜਿਕ ਬਰਾਬਰੀ ਦੇ ਨਾਮ ਤੇ ਚਲਾਏ ਗਏ ਇਨ੍ਹਾਂ ਅੰਦੋਲਨਾਂ ਕਾਰਨ ਬੇਸ਼ੱਕ ਦਲਿਤਾਂ ਦੇ ਜੀਵਨ ਵਿੱਚ ਕੁੱਝ ਸੁਧਾਰ ਹੋਇਆ ਹੈ ਪਰ ਅਜੇ ਵੀ ਦਲਿਤਾਂ ਨਾਲ ਅਕਸਰ ਹੁੰਦੀਆਂ ਪੱਖਪਾਤ ਦੀਆਂ ਘਟਨਾਵਾਂ ਅਤੇ ਇਨ੍ਹਾਂ ਨਾਲ ਹੁੰਦੇ ਅਤਿਆਚਾਰ ਅਕਸਰ ਚਰਚਾ ਦਾ ਵਿਸ਼ਾ ਬਣਦੇ ਹਨ। ਦੇਸ਼ ਵਿੱਚ ਬਣੇ ਵੱਖ ਵੱਖ ਧਰਮਾਂ ਦੇ ਅਦਾਰੇ  ਅਕਸਰ ਅਜਿਹੀਆਂ ਘਟਨਾਵਾਂ ਪ੍ਰਤੀ ਚੁੱਪ ਹੀ ਰਹਿੰਦੇ ਹਨ। ਪਿਛਲੇ ਕੁੱਝ ਦਹਾਕਿਆਂ ਦੌਰਾਨ ਵਿਸ਼ੇਸ਼ ਤੋਰ ਤੇ ਅਜ਼ਾਦੀ ਤੋਂ ਬਾਦ ਇਨ੍ਹਾਂ ਅਤਿਆਚਾਰਾਂ ਦੀਆਂ ਘਟਨਾਵਾਂ ਵਿੱਚ ਅਥਾਹ ਵਾਧਾ ਹੋਇਆ ਹੇ। ਬਹੁਤੇ ਧਾਰਮਿਕ ਅਦਾਰੇ ਦਲਿਤਾਂ ਦੀ ਬਰਬਾਦੀ ਅਤੇ ਸਦੀਆਂ ਤੱਕ ਇਨ੍ਹਾਂ ਨੂੰ ਗੁਲਾਮ ਰੱਖਣ ਲਈ ਹਿੰਦੁ ਧਰਮ ਦੀਆਂ ਗੱਲਤ ਧਾਰਨਾਵਾਂ ਨੂੰ ਜਿੰਮੇਵਾਰ ਮੰਨਦੇ ਹਨ ਪਰ ਇਨ੍ਹਾਂ ਧਰਮਾਂ ਦੇ ਮੁਖੀਆਂ ਵਲੋਂ ਵੀ ਦਲਿਤਾਂ ਤੇ ਹੋ ਰਹੇ ਅਤਿਆਚਾਰਾਂ ਪ੍ਰਤੀ ਅਕਸਰ ਚੁੱਪੀ ਹੀ ਧਾਰਨ ਕੀਤੀ ਜਾਂਦੀ ਹੈ। ਇਹ ਵੀ ਇੱਕ ਕੋੜਾ ਸੱਚ ਹੈ ਕਿ ਮੋਜੂਦਾ ਸਮੇਂ ਕਰੋੜਾਂ ਦਲਿਤਾਂ ਪ੍ਰਤੀ ਬਹੁਤੇ ਧਾਰਮਿਕ ਆਗੂਆਂ ਦੀ ਸੋਚ ਲੱਗਭੱਗ ਇਕੋ ਜਿਹੀ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਨੇ ਸਾਬਤ ਕਰ ਦਿਤਾ ਹੈ ਕਿ ਹਿੰਦੂ ਧਰਮ ਦੀਆਂ ਕਈ ਮਾੜੀਆਂ  ਰੀਤੀਆਂ ਦੂਜੇ ਧਰਮਾਂ ਨੇ ਵੀ ਅਪਣਾਈਆਂ ਹੋਈਆਂ ਹਨ। ਹੁਣ ਹਿੰਦੂ ਧਰਮ ਤੋਂ ਇਲਾਵਾ ਕਈ ਹੋਰ ਧਰਮਾਂ ਦੇ ਅਦਾਰਿਆਂ ਵਿੱਚ ਦਲਿਤਾਂ ਨਾਲ ਖੁਲੇਆਮ ਪੱਖਪਾਤ ਕੀਤਾ ਜਾਂਦਾ ਹੈ। ਪੰਜਾਬ ਜਿੱਥੇ ਬਹੁਤੇ ਦਲਿਤਾਂ ਵਲੋਂ ਸਿੱਖ ਧਰਮ ਅਪਣਾਇਆ ਗਿਆ ਹੈ ਵਿੱਚ ਵਾਪਰਦੀਆਂ ਘਟਨਾਵਾਂ ਅਤੇ ਸਿੱਖ ਧਰਮ ਦੇ ਆਗੂਆਂ ਵਲੋਂ ਧਾਰੀ ਗਈ ਚੁੱਪ ਦਲਿਤਾਂ ਨੂੰ ਕੰਡਿਆਂ ਵਾਂਗ ਚੁੱਭ ਰਹੀ ਹੈ। ਸਿੱਖ ਧਰਮ ਜਿਸਦਾ ਅਧਾਰ ਹੀ ਬਰਾਬਰਤਾ ਹੈ। ਸਿੱਖ ਧਰਮ ਦਾ ਇਤਿਹਾਸ ਗਵਾਹ ਹੈ ਕਿ  ਗੁਰੂ ਮਹਾਰਾਜ ਨੇ ਹਮੇਸ਼ਾ ਹੀ ਇਨ੍ਹਾਂ ਦਲਿਤਾਂ ਨੂੰ ਅਪਣੇ ਨਾਲ ਰੱਖਿਆ ਹੈ ਅਤੇ ਇਨ੍ਹਾਂ ਦਲਿਤਾਂ ਨੇ ਵੀ ਸਮੇਂ ਸਮੇਂ ਤੇ ਕੁਰਬਾਨੀਆਂ ਦਿਤੀਆਂ ਹਨ। ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਵੀ ਦਲਿਤਾਂ ਦੇ ਰਹਿਵਰਾਂ ਦੀ ਬਾਣੀ ਨੂੰ ਵਿਸ਼ੇਸ਼ ਥਾਂ ਦਿਤੀ ਗਈ ਹੈ। ਇਸ ਸਭਨੂੰ ਵੇਖਕੇ ਅਤੇ ਅਧਿਅਨ ਕਰਨ ਤੋਂ ਬਾਦ ਹੀ 20ਵੀਂ ਸਦੀ ਦੇ ਦਲਿਤ ਰਹਿਵਰ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਨੇ ਵੀ ਕਰੋੜਾਂ ਅਛੂਤਾਂ ਨਾਲ ਸਿੱਖ ਧਰਮ ਅਪਣਾਉਣ ਦਾ ਫੈਸਲਾ ਕੀਤਾ ਸੀ ਪਰ ਉਸ ਵੇਲੇ ਸਿੱਖ ਧਰਮ ਵਿੱਚ ਬੈਠੇ ਕੁੱਝ ਆਗੂਆਂ ਨੇ ਡਾਕਟਰ ਅੰਬੇਡਕਰ ਨੂੰ ਸਿੱਖ ਧਰਮ ਵਿੱਚ ਨਾਂ ਆਣ ਦਿਤਾ ਨਹੀਂ ਤਾ ਹੁਣ ਦੇਸ਼ ਦੇ ਹਰ ਸੂਬੇ ਵਿੱਚ ਬੈਠੇ ਅਛੂਤ ਸਿੱਖ ਹੋਣੇ ਸਨ। ਗਦਰੀ ਆਗੂ ਅਤੇ ਆਦਿ ਧਰਮ ਮਿਸ਼ਨ ਦੇ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਵਲੋਂ 1926 ਵਿੱਚ ਸ਼ੁਰੁ ਕੀਤੀ ਗਈ ਆਦਿ ਧਰਮ ਮੁਹਿੰਮ ਕਾਰਨ 1931 ਦੀ ਜਨਗਣਨਾ ਵੇਲੇ ਬਹੁਤੇ ਦਲਿਤਾਂ ਨੇ ਅਪਣਾ ਧਰਮ ਆਦਿਧਰਮ ਲਿਖਾਇਆ ਅਤੇ ਆਦਿ ਧਰਮ ਮੰਡਲ ਵਲੋਂ 1937 ਵਿੱਚ ਹੋਈਆ ਵਿਧਾਨ ਸਭਾ ਚੋਣਾਂ ਵਿੱਚ 8 ਰਾਖਵੀਆਂ ਸੀਟਾਂ ਤੋਂ ਅਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ ਅਤੇ 07 ਵਿਧਾਇਕ ਬਣੇ ਸਨ। 1946 ਵਿੱਚ ਬਾਬੂ ਮੰਗੂ ਰਾਮ ਜੀ ਆਪ ਵਿਧਾਇਕ ਬਣੇ ਅਤੇ 1952 ਤੱਕ ਵਿਧਾਇਕ ਰਹੇ ਸਨ। ਪਿਛਲੇ ਕੁੱਝ ਦਹਾਕਿਆਂ ਦੌਰਾਨ ਦਲਿਤਾਂ ਨਾਲ ਹੋਈਆਂ ਅਤਿਆਚਾਰਾਂ ਦੀਆਂ ਘਟਨਾਵਾਂ ਪ੍ਰਤੀ ਵੱਖ ਵੱਖ ਧਾਰਮਿਕ ਆਗੂਆਂ ਦੀ ਚੁੱਪੀ ਕਾਰਨ ਦਲਿਤ ਅਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਅਕਸਰ ਕਈ ਵਾਰ ਦਲਿਤ ਸੰਤ ਅਤੇ ਧਾਰਮਿਕ ਆਗੂ ਵੀ ਚੁੱਪ ਹੀ ਰਹਿੰਦੇ ਹਨ। ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਕਰ ਰਹੇ ਬਾਬਾ ਰਾਮਦੇਵ ਵਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਲੈਕੇ ਦਲਿਤ ਮਹਿਲਾਵਾਂ ਪ੍ਰਤੀ ਕੀਤੀ ਗਈ ਟਿਪਣੀ ਨੂੰ ਲੈਕੇ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਰੋਸ ਪ੍ਰਦਰਸ਼ਨ ਹੋਏ ਹਨ ਜਿਸਤੋਂ ਬਾਦ ਪ੍ਰਸ਼ਾਸ਼ਨ ਵਲੋਂ ਉਸ ਖਿਲਾਫ ਕਨੂੰਨੀ ਕਾਰਵਾਈ ਵੀ ਕੀਤੀ ਗਈ ਹੈ। ਇਸ ਰੋਸ ਪ੍ਰਦਰਸ਼ਨ ਵਿੱਚ ਵੀ ਧਾਰਮਿਕ ਅਦਾਰਿਆਂ ਵਿਸ਼ੇਸ਼ ਤੋਰ ਤੇ ਦਲਿਤਾਂ ਨਾਲ ਸਬੰਧਿਤ ਧਾਰਮਿਕ ਅਦਾਰਿਆਂ ਨੇ ਲੰਬਾ ਸਮਾਂ ਚੁੱਪੀ ਧਾਰਕੇ ਰੱਖੀ ਹੈ। ਜੇਕਰ ਇਨ੍ਹਾਂ ਅਦਾਰਿਆਂ ਅਤੇ ਧਾਰਮਿਕ ਆਗੂਆਂ ਨੇ ਸਮੇਂ ਸਮੇਂ ਤੇ ਦਲਿਤਾਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਸਬੰਧੀ ਚਿੰਤਨ ਨਾਂ ਕੀਤਾ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਨਾਂ ਚੁੱਕੇ ਤਾਂ ਇਸ ਦੇਸ਼ ਦੇ ਕਰੋੜ੍ਹਾਂ ਦਲਿਤ ਅਪਣੇ ਆਪ ਨੂੰ ਅਨਾਥ ਮੰਨਦੇ ਹੋਏ ਅਜਿਹੇ ਅਦਾਰਿਆਂ ਤੋਂ ਮੂਹੰ ਮੋੜ ਸਕਦੇ ਹਨ। 

ਕੁਲਦੀਪ ਚੰਦ 
9417563054