ਮੇਰਾ ਭਾਰਤ ਮਹਾਨ, ਅਨਪੜ੍ਹ ਵਿਅਕਤੀਆਂ ਦਾ ਹੀ ਵੋਟਾਂ ਵਿੱਚ ਰੁਝਾਨ।

ਪੰਜਾਬੀਆਂ ਦੀ ਬੱਲੇ ਬੱਲੇ, ਅਨਪੜ੍ਹ ਵੋਟਾਂ ਪਾਣ ਵਿੱਚ ਉਪੱਰ ਅਤੇ ਪੜ੍ਹੇ ਲਿਖੇ ਰਹਿਣ ਥੱਲੇ। 

07 ਮਈ, 2014 (ਕੁਲਦੀਪ ਚੰਦ) ਇਸਨੂੰ ਸਾਡੇ ਦੇਸ਼ ਦੀ ਮਾੜੀ ਕਿਸਮਤ ਹੀ ਕਿਹਾ ਜਾਵੇਗਾ ਕਿ ਦੇਸ਼ ਨੂੰ ਚਲਾਉਣ ਵਾਲੀਆਂ ਸਰਕਾਰਾਂ ਦਾ ਫੈਸਲਾ ਅਨਪੜ੍ਹ ਲੋਕ ਹੀ ਆਪਣੀਆਂ ਵੋਟਾਂ ਰਾਹੀ ਕਰਦੇ ਹਨ ਜਦਕਿ ਜ਼ਿਆਦਾਤਰ ਪੜ੍ਹਿਆਂ ਲਿਖਿਆਂ ਵਰਗ ਵੋਟਾਂ ਪਾਉਣ ਵਿੱਚ ਫਾਡੀ ਰਹਿੰਦਾ ਹੈ ਜਿਸ ਕਾਰਨ ਕਈ ਵਾਰ ਘਟੀਆਂ ਕਿਸਮ ਦੇ ਉਮੀਦਵਾਰ ਚੋਣਾਂ ਜਿੱਤ ਜਾਂਦੇ ਹਨ ਅਤੇ ਦੇਸ਼ ਨੂੰ ਖੋਰਾ ਲਗਾਉਂਦੇ ਹਨ। ਇਸਦਾ ਪਤਾ ਪੰਜਾਬ ਵਿੱਚ 30 ਅਪ੍ਰੈਲ ਨੂੰ ਹੋਈਆਂ ਲੋਕ ਸਭਾ ਦੀਆਂ ਚੋਣਾਂ ਤੋਂ ਲੱਗਦਾ ਹੈ। ਪੰਜਾਬ ਵਿੱਚ 30 ਅਪ੍ਰੈਲ ਨੂੰ ਹੋਈਆਂ ਵੋਟਾਂ ਵਿੱਚ ਲੱਗਭੱਗ 70.39 ਫਿਸਦੀ ਵੋਟਰਾਂ ਨੇ ਅਪਣੇ ਇਸ ਅਧਿਕਾਰ ਦੀ ਵਰਤੋਂ ਕੀਤੀ ਹੈ। ਪੰਜਾਬ ਵਿੱਚ ਹੋਈ ਵੋਟਿੰਗ ਨੂੰ ਲੈਕੇ ਬੇਸ਼ੱਕ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਚੋਣ ਆਯੋਗ ਖੁਸ਼ ਹਨ ਪਰੰਤੂ ਦੇਸ਼ ਦੇ ਵਿਕਸਿਤ ਸੂਬਿਆਂ ਵਿੱਚ ਗਿਣਿਆ ਜਾਣ ਵਾਲਾ ਸੂਬਾ ਪੰਜਾਬ ਵੋਟਾਂ ਪਾਣ ਵਿੱਚ ਹੋਰ ਕਈ ਸੂਬਿਆਂ ਨਾਲੋਂ ਅਜੇ ਤੱਕ ਪਿੱਛੇ ਹੈ। ਇਸਤੋਂ ਵੀ ਵੱਡੀ ਦੁੱਖ ਦੀ ਗੱਲ ਹੈ ਕਿ ਪੜ੍ਹੇ ਲਿਖੇ ਵੋਟਰਾਂ ਵਿੱਚ ਵੋਟਾਂ ਨੂੰ ਲੈਕੇ ਰੁਝਾਨ ਨਹੀਂ ਹੈ। ਜੇਕਰ ਵਿਸਥਾਰ ਨਾਲ ਵੇਖੀਏ ਤਾਂ 76.6 ਫਿਸਦੀ ਸਾਖਰਤਾ ਵਾਲੇ ਸੂਬੇ ਵਿੱਚ 70.39 ਫਿਸਦੀ ਵੋਟਾਂ ਪੈਣਾ ਬਹੁਤੀ ਖੁਸ਼ੀ ਦੀ ਗੱਲ ਨਹੀਂ ਹੈ। ਜੇਕਰ ਜਿਲ੍ਹਾ ਵਾਇਜ਼ ਵੇਖੀਏ ਤਾਂ ਗੁਰਦਾਸਪੁਰ ਦੇ ਲੋਕ ਸਭਾ ਹਲਕੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ 7 ਅਤੇ ਪਠਾਨਕੋਟ ਜ਼ਿਲ੍ਹੇ ਦੇ 2 ਵਿਧਾਨ ਸਭਾ ਹਲਕੇ ਹਨ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਸਾਖਰਤਾ ਦਰ 81.1 ਫੀਸਦੀ ਹੈ ਪਰ ਵੋਟਾਂ ਸਿਰਫ 69.73 ਫੀਸਦੀ ਪਈਆਂ ਹਨ। ਅਮ੍ਰਿਤਸਰ ਲੋਕ ਸਭਾ ਸੀਟ ਵਿੱਚ ਅਮ੍ਰਿਤਸਰ ਜ਼ਿਲ੍ਹੇ ਦੇ ਹੀ ਸਭ ਵਿਧਾਨ ਸਭਾ ਹਲਕੇ ਸ਼ਾਮਿਲ ਹਨ ਦੀ ਸਾਖਰਤਾ ਦਰ 77.2 ਫੀਸਦੀ ਹੈ ਪਰ ਵੋਟਾਂ 70 ਫੀਸਦੀ ਪਈਆਂ ਹਨ। ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਅਮ੍ਰਿਤਸਰ ਜ਼ਿਲ੍ਹੇ ਦਾ 1, ਤਰਨਤਾਰਨ ਜ਼ਿਲ੍ਹੇ ਦੇ 5, ਕਪੂਰਥਲਾ ਜ਼ਿਲ੍ਹੇ ਦੇ 2 ਅਤੇ ਫਿਰੋਜ਼ਪੁਰ ਜ਼ਿਲ੍ਹੇ ਦਾ 1 ਵਿਧਾਨ ਸਭਾ ਹਲਕਾ ਹੈ ਜਿਸ ਵਿੱਚ ਤਰਨਤਾਰਨ ਜ਼ਿਲ੍ਹੇ ਦੀ ਸਾਖਰਤਾ ਦਰ 69.4 ਫੀਸਦੀ, ਅੰਮ੍ਰਿਤਸਰ ਜ਼ਿਲ੍ਹੇ ਦੀ 77.2 ਫੀਸਦੀ, ਕਪੂਰਥਲਾ ਜ਼ਿਲ੍ਹੇ ਦੀ ਸਾਖਰਤਾ ਦਰ 69.4 ਫੀਸਦੀ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਸਾਖਰਤਾ ਦਰ 69.8 ਫੀਸਦੀ ਹੈ ਪਰ ਵੋਟਾਂ ਸਿਰਫ 68 ਫੀਸਦੀ ਪਈਆਂ ਹਨ। ਜਲੰਧਰ ਲੋਕ ਸਭਾ ਹਲਕੇ ਵਿੱਚ ਜਲੰਧਰ ਜ਼ਿਲ੍ਹੇ ਦੇ ਹੀ ਸਾਰੇ ਵਿਧਾਨ ਸਭਾ ਹਲਕੇ ਸ਼ਾਮਿਲ ਹਨ ਦੀ ਸਾਖਰਤਾ ਦਰ 82.4 ਫੀਸਦੀ ਹੈ ਪਰ ਵੋਟਾਂ ਸਿਰਫ 68 ਫੀਸਦੀ ਹੀ ਪਈਆਂ ਹਨ। ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ 1, ਹੁਸ਼ਿਆਰਪੁਰ ਜ਼ਿਲ੍ਹੇ ਦੇ 6 ਅਤੇ ਕਪੂਰਥਲਾ ਜ਼ਿਲ੍ਹੇ ਦੇ 2 ਵਿਧਾਨ ਸਭਾ ਹਲਕੇ ਹਨ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਸਾਖਰਤਾ ਦਰ 81.1 ਫੀਸਦੀ, ਹੁਸ਼ਿਆਰਪੁਰ ਜ਼ਿਲ੍ਹੇ ਦੀ 85.4 ਫੀਸਦੀ ਅਤੇ ਕਪੂਰਥਲਾ ਜ਼ਿਲ੍ਹੇ ਦੀ ਸਾਖਰਤਾ ਦਰ 69.4 ਫੀਸਦੀ ਹੈ ਪਰ ਵੋਟਾਂ ਸਿਰਫ 63 ਫੀਸਦੀ ਪਈਆਂ ਹਨ। ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦਾ 1, ਨਵਾਂਸ਼ਹਿਰ ਜ਼ਿਲ੍ਹੇ ਦੇ 3, ਰੂਪਨਗਰ ਜ਼ਿਲ੍ਹੇ ਦੇ 3 ਅਤੇ ਮੋਹਾਲੀ ਜ਼ਿਲ੍ਹੇ ਦੇ 2 ਵਿਧਾਨ ਸਭਾ ਹਲਕੇ ਹਨ ਜਿਸ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਾਖਰਤਾ ਦਰ 85.4 ਫੀਸਦੀ, ਨਵਾਂਸ਼ਹਿਰ ਜ਼ਿਲ੍ਹੇ ਦੀ 80.3 ਫੀਸਦੀ, ਰੂਪਨਗਰ ਜ਼ਿਲ੍ਹੇ ਦੀ 83.3 ਅਤੇ ਮੋਹਾਲੀ ਜ਼ਿਲ੍ਹੇ ਦੀ ਸਾਖਰਤਾ ਦਰ 84.9 ਫੀਸਦੀ ਹੈ ਪਰ ਵੋਟਾਂ ਸਿਰਫ 70.2 ਫੀਸਦੀ ਪਈਆਂ ਹਨ। ਲੁਧਿਆਣਾ ਲੋਕ ਸਭਾ ਸੀਟ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਹੀ ਵਿਧਾਨ ਸਭਾ ਹਲਕੇ ਸ਼ਾਮਿਲ ਹਨ ਦੀ ਸਾਖਰਤਾ ਦਰ 82.7 ਫੀਸਦੀ ਹੈ ਪਰ ਵੋਟਾਂ ਸਿਰਫ 70.2 ਫੀਸਦੀ ਪਈਆਂ ਹਨ। ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਵਿੱਚ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 3, ਲੁਧਿਆਣਾ ਜ਼ਿਲ੍ਹੇ ਦੇ 5 ਅਤੇ ਸੰਗਰੂਰ ਜ਼ਿਲ੍ਹੇ ਦਾ 1 ਵਿਧਾਨ ਸਭਾ ਹਲਕਾ ਹੈ ਜਿਸ ਵਿੱਚ ਫਤਹਿਗੜ੍ਹ ਸਾਹਿਬ ਦੀ ਸਾਖਰਤਾ ਦਰ 80.3 ਫੀਸਦੀ, ਲੁਧਿਆਣਾ ਜ਼ਿਲ੍ਹੇ ਦੀ 82.7 ਫੀਸਦੀ ਅਤੇ ਸੰਗਰੂਰ ਜ਼ਿਲ੍ਹੇ ਦੀ ਸਾਖਰਤਾ ਦਰ 68.9 ਫੀਸਦੀ ਹੈ ਪਰ ਵੋਟਾਂ 71.88 ਫੀਸਦੀ ਪਈਆਂ ਹਨ। ਫਰੀਦਕੋਟ ਲੋਕ ਸਭਾ ਹਲਕੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ 3, ਮੋਗਾ ਜ਼ਿਲ੍ਹੇ ਦੇ 4, ਬਠਿੰਡਾ ਜ਼ਿਲ੍ਹੇ ਦਾ 1 ਅਤੇ ਮੁਕਤਸਰ ਜ਼ਿਲ੍ਹੇ ਦਾ 1 ਵਿਧਾਨ ਸਭਾ ਹਲਕਾ ਹੈ ਜਿਸ ਵਿੱਚ ਫਰੀਦਕੋਟ ਜ਼ਿਲ੍ਹੇ ਦੀ ਸਾਖਰਤਾ ਦਰ 70.6 ਫੀਸਦੀ, ਮੋਗਾ ਜ਼ਿਲ੍ਹੇ ਦੀ 71.6, ਬਠਿੰਡਾ ਜ਼ਿਲ੍ਹੇ ਦੀ 69.6 ਅਤੇ ਮੁਕਤਸਰ ਜ਼ਿਲ੍ਹੇ ਦੀ ਸਾਖਰਤਾ ਦਰ 66.6 ਫੀਸਦੀ ਹੈ ਪਰ ਵੋਟਾਂ 70.03 ਫੀਸਦੀ ਪਈਆਂ ਹਨ। ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ 3, ਫਾਜ਼ਿਲਕਾ ਜ਼ਿਲ੍ਹੇ ਦੇ 4 ਅਤੇ ਮੁਕਤਸਰ ਜ਼ਿਲ੍ਹੇ ਦੇ 2 ਵਿਧਾਨ ਸਭਾ ਹਲਕੇ ਹਨ ਜਿਸ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਸਾਖਰਤਾ ਦਰ 69.8 ਫੀਸਦੀ ਅਤੇ ਮੁਕਤਸਰ ਜ਼ਿਲ੍ਹੇ ਦੀ ਸਾਖਰਤਾ ਦਰ 66.6 ਫੀਸਦੀ ਹੈ ਪਰ ਵੋਟਾਂ 73.27 ਫੀਸਦੀ ਪਈਆਂ ਹਨ। ਬਠਿੰਡਾ ਲੋਕ ਸਭਾ ਹਲਕੇ ਵਿੱਚ ਬਠਿੰਡਾ ਜ਼ਿਲ੍ਹੇ ਦੇ 5, ਮਾਨਸਾ ਜ਼ਿਲ੍ਹੇ ਦੇ 3 ਅਤੇ ਮੁਕਤਸਰ ਜ਼ਿਲ੍ਹੇ ਦਾ 1 ਵਿਧਾਨ ਸਭਾ ਹਲਕਾ ਹੈ ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੀ ਸਾਖਰਤਾ ਦਰ 69.6 ਫੀਸਦੀ, ਮਾਨਸਾ ਜ਼ਿਲ੍ਹੇ ਦੀ 62.8 ਅਤੇ ਮੁਕਤਸਰ ਜ਼ਿਲ੍ਹੇ ਦੀ ਸਾਖਰਤਾ ਦਰ 66.6 ਫੀਸਦੀ ਹੈ ਪਰ ਵੋਟਾਂ 75.74 ਫੀਸਦੀ ਪਈਆਂ ਹਨ। ਸੰਗਰੂਰ ਲੋਕ ਸਭਾ ਹਲਕੇ ਵਿੱਚ ਸੰਗਰੂਰ ਜ਼ਿਲ੍ਹੇ ਦੇ 6 ਅਤੇ ਬਰਨਾਲਾ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕੇ ਹਨ ਜਿਸ ਵਿੱਚ ਸੰਗਰੂਰ ਜ਼ਿਲ੍ਹੇ ਦੀ ਸਾਖਰਤਾ ਦਰ 68.9 ਫੀਸਦੀ ਅਤੇ ਬਰਨਾਲਾ ਜ਼ਿਲ੍ਹੇ ਦੀ ਵੀ ਦਰ 68.9 ਫੀਸਦੀ ਹੈ ਪਰ ਵੋਟਾਂ 74.04 ਫੀਸਦੀ ਪਈਆਂ ਹਨ। ਪਟਿਆਲਾ ਲੋਕ ਸਭਾ ਹਲਕੇ ਵਿੱਚ ਪਟਿਆਲਾ ਜ਼ਿਲ੍ਹੇ ਦੇ 8 ਅਤੇ ਮੋਹਾਲੀ ਦਾ 1 ਵਿਧਾਨ ਸਭਾ ਹਲਕਾ ਹੈ ਜਿਸ ਵਿੱਚ ਪਟਿਆਲਾ ਜ਼ਿਲ੍ਹੇ ਦੀ ਸਾਖਰਤਾ ਦਰ 76.3 ਫੀਸਦੀ ਅਤੇ ਮੋਹਾਲੀ ਜ਼ਿਲ੍ਹੇ ਦੀ ਸਾਖਰਤਾ ਦਰ 84.9 ਫੀਸਦੀ ਹੈ ਪਰ ਵੋਟਾਂ 71.41 ਫੀਸਦੀ ਪਈਆਂ ਹਨ। ਇਹਨਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜਿਹਨਾਂ ਜ਼ਿਲਿਹਆਂ ਵਿੱਚ ਸਾਖਰਤਾ ਦਰ ਜ਼ਿਆਦਾ ਹੈ ਉਥੇ ਵੋਟਾਂ ਘੱਟ ਪਈਆਂ ਹਨ ਅਤੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਾਖਰਤਾ ਦਰ ਘੱਟ ਹੈ ਉਥੇ ਵੋਟਾਂ ਜ਼ਿਆਦਾ ਪਈਆਂ ਹਨ। ਰਾਜਨੀਤਿਕ ਪਾਰਟੀਆਂ ਅਨਪੜ੍ਹ ਵੋਟਰਾਂ ਨੂੰ ਸ਼ਰਾਬ ਦੀ ਬੋਤਲ, ਕੰਬਲ ਅਤੇ ਪੈਸਿਆਂ ਦਾ ਲਾਲਚ ਦੇ ਕੇ ਵੋਟਾਂ ਪਵਾ ਲੈਂਦੀਆਂ ਹਨ ਜਦਕਿ ਪੜ੍ਹਿਆਂ ਲਿਖਿਆ ਵਰਗ ਰਾਜਨੀਤਿਕਾਂ ਦੇ ਇਹਨਾਂ ਝਾਂਸਿਆ ਵਿੱਚ ਨਹੀਂ ਆਉਂਦਾ ਹੈ ਅਤੇ ਆਪਣੀ ਵੋਟ ਦਾ ਇਸਤੇਮਾਲ ਵੀ ਨਹੀਂ ਕਰਦਾ ਹੈ। ਪੜ੍ਹੇ ਲਿਖੇ ਵਰਗ ਦੁਆਰਾ ਆਪਣੀ ਵੋਟ ਨਾ ਪਾ ਕੇ ਭਾਰੀ ਗਲਤੀ ਕੀਤੀ ਜਾਂਦੀ ਹੈ ਜਿਸ ਕਾਰਨ ਗਲਤ ਲੋਕ ਚੋਣਾਂ ਜਿੱਤ ਕੇ ਸਰਕਾਰ ਵਿੱਚ ਆ ਜਾਂਦੇ ਹਨ ਅਤੇ ਆਪਣੀ ਮਨਮਰਜ਼ੀ ਕਰਦੇ ਹੋਏ ਘਪਲੇ ਘੋਟਾਲੇ ਕਰਦੇ ਹਨ ਅਤੇ ਦੇਸ਼ ਦਾ ਨਾਮ ਬਦਨਾਮ ਕਰਦੇ ਹਨ। ਪੜ੍ਹੇ ਲਿਖੇ ਲੋਕਾਂ ਨੂੰ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਤਾਂ ਜੋ ਸਹੀ ਅਤੇ ਇਮਾਨਦਾਰ ਉਮੀਦਵਾਰ ਦੀ ਚੋਣ ਕੀਤੀ ਜਾ ਸਕੇ। ਸਰਕਾਰ ਅਤੇ ਚੋਣ ਆਯੋਗ ਨੂੰ ਵੀ  ਵੋਟ ਪਾਉਣਾ ਹਰ ਵੋਟਰ ਲਈ ਜ਼ਰੂਰੀ ਕਰਨਾ ਚਾਹੀਦਾ ਹੈ ਅਤੇ ਜਿਹੜਾ ਵਿਅਕਤੀ ਬਿਨਾਂ ਕਿਸੇ ਠੋਸ ਕਾਰਨ ਤੋਂ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰਦਾ ਹੈ ਉਸਨੂੰ ਸਜ਼ਾ ਦਿੱਤੀ ਜਾਵੇ।       

ਕੁਲਦੀਪ ਚੰਦ
9417563054