ਸ਼ਾਰਜਾ ਤੋਂ ਇਕ ਪਰੇਸ਼ਾਨ ਪੰਜਾਬੀ ਲੜਕੀ ਨੂੰ ਪੰਜਾਬ ਵਾਪਿਸ ਭੇਜਿਆ

30-04-2014 (ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਉਪਰਾਲੇ ਨਾਲ ਇੱਕ ਗਰੀਬ ਪੰਜਾਬੀ ਲੜਕੀ ਨੂੰ ਪੰਜਾਬ ਵਾਪਿਸ ਭੇਜਿਆ ਗਿਆ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੂੰ 18 ਅਪ੍ਰੈਲ ਨੂੰ ਇਸ ਲੜਕੀ ਦੀ ਮਾਤਾ ਵਲੋਂ ਇਕ ਚਿੱਠੀ ਮਿਲੀ ਸੀ ਜਿਸ ਵਿੱਚ ਲਿਖਿਆ ਸੀ ਕਿ ਇਨਾਂ ਦੀ 23 ਸਾਲਾ ਬੇਟੀ ਸ਼ਾਰਜਾ ਵਿਖੇ ਨੌਕਰਾਣੀ ਦੇ ਵੀਜ਼ੇ ਤੇ ਗਈ ਹੈ ਅਤੇ ਉਥੇ ਉਸ ਨਾਲ ਏਜੰਟ ਅਤੇ ਘਰ ਦੇ ਮਾਲਿਕਾਂ ਵਲੋਂ ਬਹੁਤ ਹੀ ਬੁਰਾ ਸਲੂਕ ਕੀਤਾ ਜਾਂਦਾ ਹੈ, ਲੜਕੀ ਦੀ ਮਾਰ ਕੁਟਾਈ ਹੁੰਦੀ ਹੈ ਜਿਸ ਕਰਕੇ ਲੜਕੀ ਬਹੁਤ ਜਿਆਦਾ ਪਰੇਸ਼ਾਨ ਹੈ ਅਤੇ ਰੋ ਰੋ ਕੇ ਆਪਣੀ ਮਾਂ ਨੂੰ ਫੋਨ ਕਰਦੀ ਹੈ।  ਲੜਕੀ ਦੀ ਪਾਸਪੋਰਟ ਦੀ ਨਕਲ ਪ੍ਰਾਪਤ ਕਰਨ ਤੋਂ ਬਾਦ ਸ਼੍ਰੀ ਰੂਪ ਸਿੱਧੂ ਨੇ ਦੂਜੇ ਦਿਨ ਹੀ ਲੜਕੀ ਨੂੰ ਲਿਆਉਣ ਵਾਲੀ ਏਜੰਸੀ ਦਾ ਪਤਾ ਕਰ ਲਿਆ ਅਤੇ ਇਹ ਵੀ ਪਤਾ ਕਰ ਲਿਆ ਕਿ ਲੜਕੀ ਕਿੱਥੇ ਕੰਮ ਕਰਦੀ ਹੈ।  ਏਜੰਸੀ ਵਾਲਿਆਂ ਨਾਲ ਮੁਲਾਕਾਤ ਕਰਕੇ ਤੀਜੇ ਦਿਨ ਹੀ ਲੜਕੀ ਨੂੰ ਓਸ ਘਰ ਚੋਂ ਵਾਪਿਸ ਏਜੰਸੀ ਦਫਤਰ ਵਿਖੇ ਬੁਲਾ ਲਿਆ ਗਿਆ।  ਜਦ ਲੜਕੀ ਨੇ ਕਿਹਾ ਕਿ ਉਸਨੇ ਕੰਮ ਨਹੀ ਕਰਨਾ ਅਤੇ ਆਪਣੇ ਘਰ ਵਾਪਿਸ ਜਾਣਾ ਹੈ ਤਾਂ ਏਜੰਟ ਨੇ ਇੱਕ ਲੱਖ ਚਾਲੀ ਹਜ਼ਾਰ ਰੁਪੈ ਵੀਜ਼ੇ ਦੇ ਖਰਚੇ ਦੇ ਲਏ ਤੋਂ ਬਗੈਰ ਲੜਕੀ ਨੂੰ ਵਾਪਿਸ ਭੇਜਣ ਤੋਂ ਨਾਂਹ ਕਰ ਦਿੱਤੀ।ਲੜਕੀ ਦੀ ਗਰੀਬ ਮਾਂ ਤੇ ਭੈਣ ਤਾਂ ਆਪਣਾ ਘਰ ਵੇਚ ਕੇ ਏਜੰਟ ਨੂੰ ਪੈਸੇ ਭੇਜਣ ਵਾਸਤੇ ਵੀ ਸੋਚ ਰਹੀਆਂ ਸਨ ਪਰ ਰੂਪ ਸਿੱਧੂ ਨੇ ਉਨ੍ਹਾਂ ਨੂੰ ਇਹ ਨਾਜਾਇਜ਼ ਪੈਸੇ ਦੇਣ ਤੋਂ ਮਨ੍ਹਾਂ ਕਰ ਦਿੱਤਾ। ਜਦ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਏਜੰਟ ਨਾ ਮੰਨਿਆਂ ਤਾਂ ਸ਼੍ਰੀ ਸਿੱਧੂ ਨੇ ਭਾਰਤੀ ਕੌਂਸਲਖਾਨੇ ਦੁਬਈ ਵਿਖੇ ਲੇਬਰ ਕੌਂਸਲਰ ਸ਼੍ਰੀ ਮਾਨ ਮੁਰਲੀਧਰਨ ਜੀ ਨੂੰ ਦਰਖਾਸਤ ਭੇਜ ਦਿੱਤੀ।  ਭਾਰਤੀ ਕੌਂਸੁਲੇਟ ਨੇ ਲੋੜੀਦੀਆਂ ਕਾਰਵਾਈਆਂ ਕੀਤੀਆਂ।  ਆਖਰਕਾਰ ਉਸ ਏਜੰਟ ਨੂੰ ਬਿਨਾ ਕੋਈ ਪੈਸਾ ਵਸੂਲੇ ਇਸ ਲੜਕੀ ਨੂੰ ਪੰਜਾਬ ਵਾਪਿਸ ਭੇਜਣਾ ਪਿਆ।  ਅੱਜ ਬਾਦ ਦੁਪਹਿਰ ਇਹ ਲੜਕੀ ਆਪਣੇ ਘਰ ਵਾਪਿਸ ਪਹੁੰਚ ਗਈ। ਸ਼੍ਰੀ ਸਿੱਧੂ ਅਨੁਸਾਰ ਉਨ੍ਹਾਂ ਨੇ ਪੰਜਾਬੀ ਲੜਕੀਆਂ ਨੂੰ ਯੂ ਏ ਈ ਵਿਖੇ ਨੌਕਰਾਣੀਆਂ ਦੇ ਵੀਜ਼ੇ ਤੇ ਆਉਂਦਿਆਂ ਬਹੁਤ ਘੱਟ ਹੀ ਸੁਣਿਆ ਹੈ।  ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਸੀ ਕਿ ਏਨੀ ਘੱਟ ਉਮਰ ਵਾਲੀ ਲੜਕੀ ਨੌਕਰਾਣੀ ਦੇ ਵੀਜ਼ੇ ਤੇ ਕਿਵੇਂ ਆ ਗਈ। ਇਸ ਲੜਕੀ ਦਾ ਲੇਬਰ ਐਗਰੀਮੈਂਟ ਵੀ ਭਾਰਤੀ ਅਦਾਰਿਆਂ ਤੋਂ ਤਸਦੀਕ ਨਹੀ ਕਰਵਾਇਆ ਗਿਆ ਸੀ।  ਸ਼੍ਰੀ ਰੂਪ ਸਿੱਧੂ ਦੀ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਕਿ ਇਹ ਆਪਣੀਆਂ ਲੜਕੀਆਂ ਨੂੰ ਨੌਕਰਾਣੀਆਂ ਦੇ ਵੀਜ਼ੇ ਤੇ ਭੇਜਣ ਤੋਂ ਪਹਿਲਾਂ ਕਨੂੰਨੀ ਪੱਖ ਤੋਂ ਹਰ ਗੱਲ ਦੀ ਜਾਂਚ ਕਰ ਲਿਆ ਕਰਨ ਤਾਂ ਕਿ ਇਸ ਲੜਕੀ ਦੀ ਤਰਾਂ ਹੋਰ ਲੜਕੀਆਂ ਨੂੰ ਵੀ ਅਜਿਹੀਆਂ ਤਕਲੀਫਾਂ ਦਾ ਸਾਹਮਣਾ ਨਾ ਕਰਨਾ ਪਵੇ।  ਲੜਕੀ ਦਾ ਨਾਮ ਅਤੇ ਪਤਾ ਜਾਣ ਬੁੱਝਕੇ ਗੁਪਤ ਰੱਖਿਆ ਗਿਆ ਹੈ।