14 ਅਪ੍ਰੈਲ ਲਈ ਵਿਸ਼ੇਸ਼।
ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਵਿਸ਼ੇਸ਼।

ਸਦੀਆਂ ਤੋਂ ਦੱਬੇ ਕੁਚਲੇ ਵਰਗਾਂ ਦਾ ਜੀਵਨ ਸੰਵਾਰਨ ਲਈ ਅਪਣਾ ਜੀਵਨ ਲਗਾ ਦਿਤਾ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਨੇ।
ਅਪਣੇ ਬ੍ਰਾਹਮਣ ਅਧਿਆਪਕ ਦੇ ਕਹਿਣ ਤੇ ਅਪਣੇ ਨਾਮ ਨਾਲ ਅੰਬੇਡਕਰ ਸ਼ਬਦ ਜੋੜਿਆ।
ਕੁੱਝ ਅਕਾਲੀ ਆਗੂਆਂ ਦੇ ਧੋਖਾ ਦੇਣ ਕਾਰਨ ਡਾਕਟਰ ਅੰਬੇਡਕਰ ਨੇ ਸਿੱਖ ਧਰਮ ਨਾਂ ਅਪਣਾਇਆ।
 

ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਜੀ ਨੇ ਸਦੀਆਂ ਤੋਂ ਦੱਬੇ ਕੁਚਲੇ ਕਰੋੜਾਂ ਲੋਕਾਂ ਦਾ ਜੀਵਨ ਸੰਵਾਰਨ ਲਈ ਅਪਣਾ ਜੀਵਨ ਲਗਾ ਦਿਤਾ ਅਤੇ ਅਪਣੀ ਜਿੰਦਗੀ ਦੀਆਂ ਖੁਸ਼ੀਆਂ ਦੀ ਕੁਰਬਾਨੀ ਦੇ ਦਿਤੀ। ਡਾਕਟਰ ਭੀਮਰਾਓ ਰਾਮਜੀ ਅੰਬੇਡਕਰ ਜੀ ਦਾ ਜਨਮ ਅੱਜ ਦੇ ਦਿਨ 14 ਅਪ੍ਰੈਲ 1891 ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਕੇਂਦਰੀ ਪ੍ਰਾਂਤ (ਹੁਣ ਮੱਧ ਪ੍ਰਦੇਸ਼ ਵਿੱਚ) ਵਿੱਚ ਸਥਾਪਿਤ ਨਗਰ ਅਤੇ ਸੈਨਿਕ ਛਉਣੀ ਮਊ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਮ ਭੀਮਾਬਾਈ ਮੁਰਬਾਦਕਰ ਸੀ ਅਤੇ ਉਹ ਅਪਣੇ ਮਾਤਾ ਪਿਤਾ ਦੀ 14ਵੀਂ ਅੋਲਾਦ ਸਨ। ਉਹ ਹਿੰਦੂ ਮਹਾਰ ਜਾਤਿ ਨਾਲ ਸਬੰਧ ਰੱਖਦੇ ਸੀ ਜੋ ਕਿ ਭਾਰਤ ਵਿੱਚ ਅਛੂਤ ਕਹੀ ਜਾਂਦੀ ਸੀ ਅਤੇ ਉਹਨਾਂ ਨਾਲ ਸਮਾਜਿਕ ਅਤੇ ਆਰਥਿਕ ਰੂਪ ਨਾਲ ਭੇਦਭਾਵ ਕੀਤਾ ਜਾਂਦਾ ਸੀ। ਡਾਕਟਰ ਅੰਬੇਡਕਰ ਦੇ ਬਜ਼ੁਰਗ ਲੰਬੇ ਸਮੇਂ ਤੋਂ ਬ੍ਰਿਟਿਸ਼ ਈਸਟ ਇੰਡੀਆਂ ਕੰਪਨੀ ਦੀ ਸੈਨਾ ਵਿੱਚ ਕੰਮ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਦੇ ਪਿਤਾ ਭਾਰਤੀ ਸੈਨਾ ਦੀ ਮਊ ਛਾਉਣੀ ਵਿੱਚ ਕੰਮ ਕਰਦੇ ਸਨ। ਸਕੂਲੀ ਪੜ੍ਹਾਈ ਵਿੱਚ ਨਿਪੁੰਨ ਹੋਣ ਦੇ ਬਾਵਜੂਦ ਡਾਕਟਰ ਅੰਬੇਡਕਰ ਅਤੇ ਹੋਰ ਅਨੁਸੂਚਿਤ ਜਾਤਿ ਦੇ ਬੱਚਿਆਂ ਨੂੰ ਸਕੂਲ ਵਿੱਚ ਅਲੱਗ ਬਿਠਾਇਆ ਜਾਂਦਾ ਸੀ ਅਤੇ ਅਧਿਆਪਕਾਂ ਦੁਆਰਾ ਨਾ ਤਾਂ ਪੜ੍ਹਾਇਆ ਜਾਂਦਾ ਸੀ ਅਤੇ ਨਾ ਹੀ ਕੋਈ ਸਹਾਇਤਾ ਕੀਤੀ ਜਾਂਦੀ ਸੀ। ਉਹਨਾਂ ਨੂੰ ਜਮਾਤ ਦੇ ਅੰਦਰ ਬਾਕੀ ਵਿਦਿਆਰਥੀਆਂ ਨਾਲ ਬੈਠਣ ਦੀ ਇਜ਼ਾਜ਼ਤ ਤੱਕ ਨਹੀਂ ਸੀ, ਪਿਆਸ ਲੱਗਣ ਤੇ ਕੋਈ ਉਚੱ ਜਾਤਿ ਦਾ ਵਿਅਕਤੀ ਉਚਾਈ ਤੋਂ ਪਾਣੀ ਉਹਨਾਂ ਦੇ ਹੱਥਾਂ ਤੇ ਪਾਂਦਾ ਸੀ ਕਿਉਂਕਿ ਉਸ ਵੇਲੇ ਮਨੂੰਵਾਦੀ ਸੋਚ ਭਾਰੂ ਹੋਣ ਕਾਰਨ ਅਛੂਤ ਕਹਾਏ ਜਾਣ ਵਾਲੇ ਲੋਕਾਂ ਨੂੰ ਪਾਣੀ ਅਤੇ  ਪਾਣੀ ਦੇ ਭਾਂਡਿਆਂ ਨੂੰ ਛੁਹਣ ਦੀ ਇਜ਼ਾਜ਼ਤ ਨਹੀਂ ਸੀ। ਆਮ ਤੌਰ ਤੇ ਇਹ ਕੰਮ ਸਕੂਲ ਦੇ ਚਪੜਾਸੀ ਦੁਆਰਾ ਕੀਤਾ ਜਾਂਦਾ ਸੀ ਅਤੇ ਜੇਕਰ ਕਿਸੇ ਦਿਨ ਉਹ ਨਾ ਆਉਂਦਾ ਤਾਂ ਡਾਕਟਰ ਅੰਬੇਡਕਰ ਨੂੰ ਸਾਰਾ ਦਿਨ ਪਿਆਸੇ ਹੀ ਰਹਿਣਾ ਪੈਂਦਾ ਸੀ। ਕੁਝ ਸਮੇਂ ਬਾਅਦ ਅੰਬੇਡਕਰ ਦੇ ਪਿਤਾ ਜੀ ਪਰਿਵਾਰ ਸਮੇਤ ਮੁੰਬਈ ਆ ਗਏ ਜਿੱਥੇ ਕਿ ਅੰਬੇਡਕਰ ਐਲਫਿੰਸਟੋਲ ਰੋਡ ਸਥਿਤ ਸਰਕਾਰੀ ਹਾਈ ਸਕੂਲ ਦੇ ਪਹਿਲੇ ਦਲਿਤ ਵਿਦਿਆਰਥੀ ਬਣੇ। ਇੱਥੇ ਵੀ ਉਨ੍ਹਾਂ ਨਾਲ ਜਾਤਿ ਅਧਾਰਿਤ ਭੇਦਭਾਵ ਹੁੰਦਾ ਰਿਹਾ। ਉਨ੍ਹਾਂ ਦੇ ਜੀਵਨ ਵਿੱਚ ਵਾਪਰੀਆਂ ਅਜਿਹੀਆਂ ਭੇਦਭਾਵ ਵਾਲੀਆਂ ਘਟਨਾਵਾਂ ਨੇ ਉਨ੍ਹਾਂ ਦੇ ਦਿਮਾਗ ਅਤੇ ਵਿਚਾਰਧਾਰਾ ਤੇ ਡੂੰਘਾ ਅਸਰ ਕੀਤਾ। ਇਸ ਲਈ ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਅਜਿਹੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹੋ ਖਤਮ ਕਰਕੇ ਰਹਿਣਗੇ। ਉਨ੍ਹਾਂ ਨੇ ਅਪਣੇ ਇੱਕ ਬ੍ਰਾਹਮਣ ਦੋਸਤ ਅਧਿਆਪਕ ਮਹਾਂਦੇਵ ਅੰਬੇਡਕਰ ਦੇ ਕਹਿਣ ਤੇ ਅਪਣੇ ਨਾਮ ਨਾਲ ਅੰਬੇਡਕਰ ਸ਼ਬਦ ਜੋੜਿਆ। ਮੈਟ੍ਰਿਕ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਐਲਫਿਨਸਟਨ ਕਾਲਜ਼ ਬੰਬਈ ਵਿੱਚ ਦਾਖਿਲਾ ਲਿਆ ਅਤੇ ਇਸ ਤਰ੍ਹਾਂ ਉਹ ਭਾਰਤ ਵਿੱਚ ਕਾਲਜ਼ ਵਿੱਚ ਦਾਖਿਲਾ ਲੈਣ ਵਾਲੇ ਪਹਿਲੇ ਦਲਿਤ ਵਿਦਿਆਰਥੀ ਬਣੇ। ਸੰਨ 1912 ਵਿੱਚ ਉਨ੍ਹਾਂ ਨੇ ਬੀ ਏ ਪਾਸ ਕਰ ਲਈ। ਬਾਅਦ ਵਿੱਚ ਮਹਾਰਾਜਾ ਬੜੋਦਾ ਦੇ ਗਾਇਕਵਾੜ ਸ਼ਾਸ਼ਕ ਨੇ ਉਹਨਾਂ ਨੂੰ ਉਚੱ ਵਿਦਿਆ ਪ੍ਰਾਪਤ ਕਰਨ ਲਈ ਸਰਕਾਰੀ ਖਰਚੇ ਤੇ ਅਮਰੀਕਾ ਭੇਜ ਦਿੱਤਾ। ਜੀਵਨ ਵਿੱਚ ਆਈਆਂ ਭਾਰੀ ਰੁਕਾਵਟਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਡਾਕਟਰ ਅੰਬੇਡਕਰ ਨੇ ਪੰਜ ਐਮ.ਏ., ਪੀ.ਐਚ.ਡੀ., ਡੀ.ਐਸ.ਸੀ. ਐਲ.ਐਲ.ਡੀ., ਡੀ.ਲਿੱਟ, ਬਾਰ.ਐਟ ਲਾਅ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਮਹਾਰਾਜਾ ਬੜੌਦਾ ਨੇ ਡਾਕਟਰ ਅੰਬੇਡਕਰ ਨੂੰ ਫੌਜੀ ਸਕੱਤਰ ਨਿਯੁਕਤ ਕਰ ਲਿਆ ਪਰ ਇੱਥੇ ਵੀ ਉਨ੍ਹਾਂ ਨੂੰ ਅਛੂਤ ਹੋਣ ਕਾਰਨ ਉਚੱ ਜਾਤਿ ਦੇ ਕਰਮਚਾਰੀ ਨਫਰਤ ਨਾਲ ਹੀ ਦੇਖਦੇ ਰਹੇ। ਜਦੋਂ ਉਹ ਬੰਬਈ ਦੇ ਕਾਲਜ਼ ਵਿੱਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਨਿਯੁਕਤ ਹੋਏ ਤਾਂ ਉਥੇ ਵੀ ਅਛੂਤ ਹੋਣ ਕਾਰਨ ਉਨ੍ਹਾਂ ਨਾਲ ਭੇਦਭਾਵ ਹੁੰਦਾ ਰਿਹਾ। ਬ੍ਰਿਟਿਸ਼ ਸਰਕਾਰ ਵਿੱਚ ਉਚੱ ਅਹੁਦੇ ਪਹਿਲਾਂ ਸਿਰਫ ਅੰਗਰੇਜਾ ਲਈ ਹੀ ਰਾਖਵੇਂ ਸਨ ਅਤੇ ਬ੍ਰਿਟਿਸ਼ ਸਰਕਾਰ ਇਸਦਾ ਕਾਰਨ ਇਹ ਮੰਨਦੀ ਸੀ ਕਿ ਭਾਰਤੀਆਂ ਦੀ ਵਿਦਿਅਕ ਪੱਖੋਂ ਮੈਰਿਟ ਅੰਗਰੇਜਾਂ ਨਾਲੋਂ ਹੇਠਾਂ ਹੈ। ਭਾਰਤੀ ਲੋਕਾਂ ਵਲੋਂ ਕਿਤੇ ਅੰਦੋਲਨ ਬਾਦ ਸਾਊਥਬੋਰੋਹ ਸਮਿਤੀ ਦੀ ਸਿਫਾਰਿਸ਼ ਤੇ ਅੰਗਰੇਜ਼ ਸਰਕਾਰ ਨੇ ਆਈ ਸੀ ਐਸ ਦੀਆਂ 11 ਪੋਸਟਾਂ ਭਾਰਤੀਆਂ ਲਈ ਰੱਖੀਆਂ ਜਿਨ੍ਹਾਂ ਵਿਚੋਂ 4 ਹਿੰਦੂਆਂ ਲਈ, 4 ਮੁਸਲਮਾਨਾਂ ਲਈ, 2 ਸਿੱਖਾਂ ਲਈ ਅਤੇ ਇੱਕ ਐਂਗਲੋ ਇੰਡੀਅਨ ਲਈ ਰੱਖੀ ਗਈ। ਡਾਕਟਰ ਅੰਬੇਡਕਰ ਨੇ ਇਸ ਸਮਿਤੀ ਨੂੰ ਮੰਗ ਪੱਤਰ ਦੇਕੇ ਮੰਗ ਕੀਤੀ ਕਿ ਦਲਿਤਾਂ ਲਈ ਵੀ ਅਲੱਗ ਅਧਿਕਾਰ ਰੱਖੇ ਜਾਣ ਪਰੰਤੂ ਹਿੰਦੂਆਂ ਨੇ ਡਾਕਟਰ ਅੰਬੇਡਕਰ ਦੀ ਇਸ ਮੰਗ ਦਾ ਸੱਖਤੀ ਨਾਲ ਵਿਰੋਧ ਕੀਤਾ ਜਿਸ ਕਾਰਨ ਇਨ੍ਹਾਂ ਵਿਚੋਂ ਕੋਈ ਵੀ ਪੋਸਟ ਦਲਿਤਾਂ ਲਈ ਨਾਂ ਰੱਖੀ ਗਈ। ਡਾਕਟਰ ਅੰਬੇਡਕਰ ਅਤੇ ਹੋਰ ਦਲਿਤਾਂ ਨੇ ਹਿੰਦੂਆਂ ਦੇ ਇਸ ਵਿਰੋਧ ਪ੍ਰਤੀ ਰੋਸ ਦਾ ਪ੍ਰਗਟਾਵਾ ਕੀਤਾ ਜਿਸਤੋਂ ਬਾਦ ਅੰਗਰੇਜ ਸਰਕਾਰ ਨੇ ਦਲਿਤਾਂ ਦੀ ਹਾਲਤ ਜਾਨਣ ਲਈ ਸਾਇਮਨ ਕਮਿਸ਼ਨ ਭਾਰਤ ਭੇਜਿਆ। ਇਸ ਸਾਇਮਨ ਕਮਿਸ਼ਨ ਦਾ ਡਾਕਟਰ ਅੰਬੇਡਕਰ ਅਤੇ ਹੋਰ ਦਲਿਤ ਆਗੂਆਂ ਜਿਨ੍ਹਾਂ ਵਿੱਚ ਪੰਜਾਬ ਤੋਂ ਆਦਿ ਧਰਮ ਮੁਹਿੰਮ ਦੇ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਸ਼ਾਮਿਲ ਸਨ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਦਲਿਤ ਜਥੇਵੰਦੀਆਂ ਨੇ ਅਪਣੀਆਂ ਮੰਗਾਂ ਕਮਿਸ਼ਨ ਅੱਗੇ ਰੱਖੀਆਂ। ਕਈ ਹਿੰਦੂ ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ। ਇਸਤੋਂ ਬਾਦ ਕਮਿਸ਼ਨ ਦੀਆਂ ਤਿੰਨ ਮੀਟਿੰਗਾਂ ਲੰਡਨ ਵਿੱਚ ਹੋਈਆਂ ਜਿਸ ਵਿੱਚ ਡਾਕਟਰ ਅੰਬੇਡਕਰ ਨੇ ਦਲਿਤਾਂ ਦੀ ਪ੍ਰਤੀਨਿਧਤਾ ਕਰਦਿਆਂ ਅਛੂਤਾਂ ਦੀ ਅਸਲੀ ਸਥਿਤੀ ਤੋਂ ਬ੍ਰਿਟਿਸ਼ ਸਰਕਾਰ ਨੂੰ ਜਾਣੂ ਕਰਵਾਇਆ। 17 ਅਗਸੱਤ 1932 ਨੂੰ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਐਵਾਰਡ ਦਾ ਫੈਸਲਾ ਸੁਣਾ ਦਿਤਾ ਜਿਸ ਅਨੁਸਾਰ ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਵਾਂਗ ਦਲਿਤਾਂ ਨੂੰ ਵੀ ਘੱਟ ਗਿਣਤੀ ਦੇ ਮੰਨਦੇ ਹੋਏ ਵੱਖਰੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਦੇ ਦਿਤਾ ਜਿਸਦਾ ਕੱਟੜ ਹਿੰਦੂ ਨੇਤਾਵਾਂ ਨੇ ਵਿਰੋਧ ਕੀਤਾ। ਕਾਂਗਰਸੀ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਹਿੰਦੂਆਂ ਦੀ ਪ੍ਰਤੀਨਿਧਤਾ ਕਰਦੇ ਹੋਏ ਇਸ ਫੈਸਲੇ ਅਤੇ ਅਛੂਤਾਂ ਨੂੰ ਮਿਲੇ ਅਧਿਕਾਰਾਂ ਖਿਲਾਫ ਮਰਨ ਵਰਤ ਸ਼ੁਰੂ ਕਰ ਦਿਤਾ। ਗਾਂਧੀ ਦੇ ਇਸ ਮਰਨ ਵਰਤ ਕਾਰਨ ਦੇਸ਼ ਵਿੱਚ ਖਲਬਲੀ ਮਚ ਗਈ ਅਤੇ ਡਾਕਟਰ ਅੰਬੇਡਕਰ ਤੇ ਦਬਾਓ ਵੱਧ ਗਿਆ। ਅੰਤ 24 ਸਤੰਬਰ 1932 ਨੂੰ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਗਾਂਧੀ ਵਿਚਕਾਰ ਇੱਕ ਸਮਝੋਤਾ ਹੋਇਆ ਜਿਸ ਵਿੱਚ ਅਛੂਤਾਂ ਨੂੰ ਮਿਲਿਆ ਵੱਖਰੀ ਪ੍ਰਤੀਨਿਧਤਾ ਦਾ ਅਧਿਕਾਰ ਖਤਮ ਕੀਤਾ ਗਿਆ। ਇਸਤੋਂ ਬਾਦ ਡਾਕਟਰ ਅੰਬੇਡਕਰ ਨੇ ਦਲਿਤਾਂ ਦੀ ਭਲਾਈ ਅਤੇ ਰਾਖੀ ਲਈ ਰਾਜਨੀਤਿਕ ਲੜਾਈ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ। ਡਾਕਟਰ ਅੰਬੇਡਕਰ ਨੇ 1936 ਵਿੱਚ ਅਜ਼ਾਦ ਲੇਬਰ ਪਾਰਟੀ ਭਾਰਤ ਦੀ ਸਥਾਪਨਾ ਕੀਤੀ ਅਤੇ 1937 ਵਿੱਚ ਹੋਈਆਂ ਕੇਂਦਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ 15 ਸੀਟਾਂ ਤੇ ਜਿੱਤ ਹਾਸਲ ਹੋਈ। ਉਨ੍ਹਾਂ ਨੇ ਹਿੰਦੁ ਧਰਮ ਅਤੇ ਮੁਸਲਿਮ ਧਰਮ ਵਿੱਚ ਹੋ ਰਹੇ ਅਛੂਤਾਂ ਨਾਲ ਵਿਤਕਰੇ ਬਾਰੇ ਖੁੱਲਕੇ ਲਿਖਿਆ। ਉਨ੍ਹਾਂ ਨੇ ਮੂਕ ਨਾਇਕ-ਗੂੰਗਿਆਂ ਦਾ ਆਗੂ ਹਫਤਾਵਾਰੀ ਅਖਬਾਰ  ਸ਼ਰੂ ਕੀਤਾ। ਉਨ੍ਹਾਂ ਨੇ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦਾ ਗਠਨ ਕੀਤਾ ਅਤੇ ਦਲਿਤਾਂ ਦੇ ਵਿਦਿਅਕ, ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕੀਤਾ। ਡਾਕਟਰ ਅੰਬੇਡਕਰ ਨੇ ਰੱਖਿਆ ਸਲਾਹਕਾਰ ਸਮਿਤੀ ਅਤੇ ਵਾਇਸਰਾਇ ਦੀ ਕਾਰਜਕਾਰੀ ਪ੍ਰੀਸ਼ਦ ਲਈ ਲੇਬਰ ਮੰਤਰੀ ਦੇ ਤੋਰ ਤੇ ਕੰਮ ਕੀਤਾ। ਅੰਤ 15 ਅਗਸਤ 1947 ਨੂੰ ਭਾਰਤ ਦੇਸ਼ ਅਜ਼ਾਦ ਹੋ ਗਿਆ ਅਤੇ ਡਾਕਟਰ ਅੰਬੇਡਕਰ ਦੇਸ਼ ਦੇ ਪਹਿਲੇ ਕਨੂੰਨ ਮੰਤਰੀ ਬਣੇ। ਅਜ਼ਾਦ ਭਾਰਤ ਦਾ ਅਪਣਾ ਸੰਵਿਧਾਨ ਲਿਖਣ ਲਈ 29 ਅਗਸਤ, 1947 ਨੂੰ ਬਣਾਈ ਗਈ ਕਮੇਟੀ ਵਿੱਚ ਡਾਕਟਰ ਅੰਬੇਡਕਰ ਕਮੇਟੀ ਦੇ ਚੇਅਰਮੈਨ ਬਣਾਏ ਗਏ ਅਤੇ ਉਨ੍ਹਾਂ ਨੇ ਸੰਵਿਧਾਨ ਤਿਆਰ ਕੀਤਾ ਜਿਸ ਵਿੱਚ ਦੇਸ ਦੇ ਸਮੂਹ ਵਰਗਾਂ ਵਿਸ਼ੇਸ਼ ਤੋਰ ਤੇ ਸਦੀਆਂ ਤੋਂ ਲਿਤਾੜੇ ਗਏ ਵਰਗਾਂ ਦੇ ਹਿੱਤਾਂ ਦੀ ਰਾਖੀ ਅਤੇ ਵਿਕਾਸ ਲਈ ਲਿਖਿਆ ਗਿਆ। ਸੰਵਿਧਾਨ ਦਾ ਖਰੜ੍ਹਾ ਤਿਆਰ ਕਰਨ ਲਈ 114 ਦਿਨ ਲੱਗੇ। 26 ਨਵੰਬਰ, 1949 ਨੂੰ ਸੰਵਿਧਾਨ ਸਭਾ ਨੇ ਇਸਨੂੰ ਮੰਨਜੂਰ ਕਰ ਲਿਆ। 1951 ਵਿੱਚ ਸੰਸਦ ਵਿੱਚ ਹਿੰਦੂ ਕੋਡ ਬਿੱਲ ਜੋਕਿ ਕਰੋੜ੍ਹਾਂ ਅਛੂਤਾਂ ਵਾਂਗ ਸਦੀਆਂ ਤੋਂ ਵਿਤਕਰੇ ਦਾ ਸ਼ਿਕਾਰ ਭਾਰਤੀ ਮਹਿਲਾਵਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਲਈ ਸੀ ਦੇ ਵਿਰੋਧ ਵਿੱਚ ਸੰਸਦ ਦੇ ਬਹੁਤੇ ਮੈਂਬਰਾਂ ਵਲੋਂ ਵੋਟ ਪਾਏ ਜਾਣ ਕਾਰਨ ਉਨ੍ਹਾਂਨੇ ਲੋਕ ਸਭਾ ਤੋਂ ਅਸਤੀਫਾ ਦੇ ਦਿਤਾ। 1952 ਵਿੱਚ ਡਾਕਟਰ ਅੰਬੇਡਕਰ ਨੇ ਅਜਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਇਹ ਚੋਣ ਹਾਰ ਗਏ। ਮਾਰਚ 1952 ਵਿੱਚ ਡਾਕਟਰ ਅੰਬੇਡਕਰ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਜਿੰਦਗੀ ਦੇ ਅੰਤਿਮ ਸਮੇਂ ਤੱਕ ਉਹ ਰਾਜ ਸਭਾ ਮੈਂਬਰ ਬਣੇ ਰਹੇ। ਡਾਕਟਰ ਅੰਬੇਡਕਰ ਨੇ ਹਿੰਦੂ ਧਰਮ ਵਿੱਚ ਫੈਲੇ ਗੱਲਤ ਰੀਤੀ ਰਿਵਾਜਾਂ ਖਿਲਾਫ ਜੋਰਦਾਰ ਅਵਾਜ਼ ਚੁੱਕੀ, ਉਨ੍ਹਾਂ ਨੇ ਹਿੰਦੁ ਧਰਮ ਦਾ ਅਧਾਰ ਮਨੂੰ ਸਮ੍ਰਤੀ ਨੂੰ 25 ਦਸੰਬਰ, 1927 ਨੂੰ ਜਲਾਇਆ। ਉਨ੍ਹਾਂ ਨੇ 13 ਅਕਤੂਬਰ, 1935 ਨੂੰ ਐਲਾਨ ਕੀਤਾ ਕਿ ਉਹ ਹਿੰਦੁ ਧਰਮ ਵਿੱਚ ਪੈਦਾ ਹੋਏ ਹਨ ਪਰ ਹਿੰਦੂ ਧਰਮ ਵਿੱਚ ਮਰਨਗੇ ਨਹੀਂ। ਉਨ੍ਹਾਂ ਨੇ ਲੱਖਾਂ ਅਛੂਤਾਂ ਨੂੰ ਹਿੰਦੂ ਧਰਮ ਦਾ ਤਿਆਗ ਕਰਨ ਲਈ ਤਿਆਰ ਕਰ ਲਿਆ। ਉਹ ਸਿੱਖ ਧਰਮ ਜਿਸ ਵਿੱਚ ਦਲਿਤਾਂ ਦੇ ਰਹਿਵਰ ਗੁਰੂਆਂ ਨੂੰ ਵਿਸ਼ੇਸ਼ ਸਥਾਨ ਦਿਤਾ ਗਿਆ ਹੈ ਅਤੇ ਜੋਕਿ ਸਭਨੂੰ ਬਰਾਬਰਤਾ ਦਾ ਸੁਨੇਹਾ ਦਿੰਦਾ ਹੈ ਨੂੰ ਅਪਣਾਉਣ ਲਈ ਤਿਆਰ ਹੋ ਗਏ। 1936 ਵਿੱਚ ਡਾਕਟਰ ਅੰਬੇਡਕਰ ਨੇ ਅਪਣੇ ਪੁੱਤਰ ਜਸ਼ਵੰਤ ਰਾਓ ਅਤੇ ਭਤੀਜੇ ਨੂੰ ਦਰਬਾਰ ਸਾਹਿਬ ਭੇਜਿਆ ਜਿੱਥੇ ਉਹ ਲੱਗਭੱਗ ਡੇਢ ਮਹੀਨਾ ਰਹੇ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਿੱਖ ਧਰਮ ਦੇ ਆਗੂਆਂ ਨੂੰ ਮਿਲੇ। ਇਸ ਸਮੇਂ ਹੀ ਸਿੱਖ ਧਰਮ ਦੇ ਆਗੂਆਂ ਵਲੋਂ ਦੱਖਣੀ ਭਾਰਤ ਦੇ ਦਲਿਤਾਂ ਨੂੰ ਉਚੱ ਸਿਖਿਆ ਦੇਣ ਲਈ ਮੁੰਬਈ ਵਿੱਚ ਖਾਲਸਾ ਕਾਲਜ ਦੀ ਸੁਰੂਆਤ ਕੀਤੀ ਗਈ। ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਅਪਣੀ ਬੇਟੀ ਦਾ ਰਿਸ਼ਤਾ ਡਾਕਟਰ ਅੰਬੇਡਕਰ ਨੂੰ ਦੇਣ ਦਾ ਫੈਸਲਾ ਕਰ ਲਿਆ ਤਾਂ ਜੋ ਸਿੱਖ ਧਰਮ ਵਿੱਚ ਦਲਿਤ ਗੌਰਵਮਈ ਮਹਿਸੂਸ ਕਰ ਸਕਣ। ਇਸ ਸਭਦੇ ਬਾਬਜੂਦ ਕੁੱਝ ਉਚੱ ਜਾਤੀ ਦੇ ਅਕਾਲੀ ਲੀਡਰਾਂ ਨੇ ਡਾਕਟਰ ਅੰਬੇਡਕਰ ਨੂੰ ਸਿੱਖ ਧਰਮ ਅਪਣਾਉਣ ਤੋਂ ਰੋਕਣ ਲਈ ਚਾਲ ਚੱਲੀ ਅਤੇ ਅੰਤ ਇਹ ਚਾਲ ਕਾਮਯਾਬ ਹੋ ਗਈ ਅਤੇ ਦੇਸ਼ ਦੇ 6 ਕਰੋੜ ਅਛੂਤ ਸਿੱਖ ਧਰਮ ਨਾਂ ਅਪਣਾ ਸਕੇ। ਸੱਚੀ ਸਾਖੀ ਕਿਤਾਬ ਦੇ ਲੇਖਕ ਅਤੇ ਸਾਬਕਾ ਆਈ ਸੀ ਐਸ ਅਫਸਰ ਅਤੇ ਸਾਬਕਾ ਵਿਧਾਇਕ ਅਤੇ ਲੋਕ ਸਭਾ ਮੈਂਬਰ ਸਰਦਾਰ ਕਪੂਰ ਸਿੰਘ ਅਨੁਸਾਰ ਸਿੱਖ ਧਰਮ ਅਤੇ ਅਕਾਲੀ ਦੱਲ ਵਿੱਚ ਬੈਠੇ ਕੁੱਝ ਉਚੱ ਜਾਤਿ ਦੇ ਆਗੂਆਂ ਨੇ ਅਪਣੀ ਕੁਰਸੀ ਕਾਇਮ ਰੱਖਣ ਲਈ ਗੁਝੱੀਆਂ ਚਾਲਾਂ ਚੱਲਕੇ ਡਾਕਟਰ ਅੰਬੇਡਕਰ ਅਤੇ ਕਰੋੜਾਂ ਅਛੂਤਾਂ ਨੂੰ ਸਿੱਖ ਧਰਮ ਵਿੱਚ ਆਣ ਤੋਂ ਰੋਕਿਆ। ਇਸਤੋਂ ਬਾਦ ਡਾਕਟਰ ਅੰਬੇਡਕਰ ਨੇ ਬੁੱਧ ਧਰਮ ਅਪਣਾਉਣ ਬਾਰੇ ਫੈਸਲਾ ਕੀਤਾ। 1955 ਵਿੱਚ ਉਨ੍ਹਾਂ ਨੇ ਬੋਧ ਸੋਸਾਇਟੀ ਆਫ ਇੰਡੀਆ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਅਪਣਾ ਆਖਰੀ ਲੇਖ ਦਾ ਬੁੱਧ ਐਂਡ ਹਿੱਜ਼ ਧੱਮ 1956 ਵਿੱਚ ਹੀ ਪੂਰਾ ਕੀਤਾ ਜੋਕਿ ਉਨ੍ਹਾਂ ਦੀ ਮੋਤ ਤੋਂ ਬਾਦ ਪ੍ਰਕਾਸ਼ਿਤ ਹੋਇਆ। 14 ਅਕਤੂਬਰ, 1956 ਨੂੰ ਡਾਕਟਰ ਅੰਬੇਡਕਰ ਨੇ ਲੱਖਾਂ ਸਾਥੀਆ ਸਮੇਤ ਬੁੱਧ ਧਰਮ ਅਪਣਾਇਆ। ਵਿਸ਼ਵ ਦਾ ਇਹ ਧਰਮ ਬਦਲਣ ਦਾ ਸਭਤੋਂ ਵੱਡਾ ਸਮਾਗਮ ਸੀ ਜਿਸ ਵਿੱਚ ਲੱਗਭੱਗ 6 ਲੱਖ ਵਿਅਕਤੀਆਂ ਨੇ ਬੁੱਧ ਧਰਮ ਅਪਣਾਇਆ। ਦਿੱਲੀ ਵਿੱਚ 6 ਦਸੰਬਰ 1956 ਨੂੰ ਡਾਕਟਰ ਅੰਬੇਡਕਰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਬਾਬਾ ਸਾਹਿਬ ਨੂੰ 1992 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਭਾਰਤ ਦਾ ਸਰਵਉਚੱ ਨਾਗਰਿਕ ਪੁਰਸਕਾਰ ਹੈ। 14 ਅਪ੍ਰੈਲ 1992 ਨੂੰ ਪਹਿਲੀ ਵਾਰ ਭਾਰਤ ਸਰਕਾਰ ਨੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਅਤੇ 1991 ਦਾ ਸਾਲ ਅੰਬੇਡਕਰ ਸ਼ਤਾਬਦੀ ਵਜੋਂ ਐਲਾਨਿਆ ਗਿਆ ਅਤੇ ਇਸ ਸਾਲ ਨੂੰ ਸਮਾਜਿਕ ਨਿਆਏ ਦੇ ਸਾਲ ਦੇ ਤੋਰ ਤੇ ਮਨਾਇਆ ਗਿਆ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਜਿਸ ਦੱਬੇ ਕੁਚਲੇ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਸਾਰੀ ਉਮਰ ਲਗਾ ਦਿਤੀ ਅਤੇ ਸੰਘਰਸ਼ ਕੀਤਾ ਅਜ਼ਾਦ ਭਾਰਤ ਵਿੱਚ ਵੀ ਅਜੇ ਤੱਕ ਉਨ੍ਹਾਂ ਦੀ ਸਥਿਤੀ ਵਿੱਚ ਪੂਰੀ ਤਰਾਂ ਸੁਧਾਰ ਨਹਂੀ ਹੋਇਆ ਹੈ। 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054