ਦੇਸ਼ ਵਿੱਚ ਕਿਉਂ ਨਹੀਂ ਸੱਖਤੀ ਨਾਲ ਲਾਗੂ ਹੋ ਰਹੀਆਂ ਚੋਣ ਜ਼ਾਬਤਾ ਦੀਆਂ ਨਸੀਹਤਾਂ।


ਬਹੁਤੇ ਲੋਕਾਂ ਨੂੰ ਨਹੀਂ ਹੈ ਅਜੇ ਤੱਕ ਚੋਣ ਜਾਬਤਾ ਬਾਰੇ ਪੂਰੀ ਜਾਣਕਾਰੀ।
 

09 ਅਪ੍ਰੈਲ, 2014 (ਕੁਲਦੀਪ ਚੰਦ) ਦੇਸ਼ ਵਿੱਚ 16ਵੀਂ ਲੋਕ ਸਭਾ ਲਈ ਹੋ ਰਹੀਆਂ ਚੋਣਾਂ ਦੀ ਘੋਸ਼ਨਾ ਹੋਣ ਦੇ ਨਾਲ ਹੀ ਦੇਸ਼ ਵਿੱਚ ਚੋਣਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਜਿਵੇਂ ਹੀ ਚੋਣਾਂ ਦੀ ਘੋਸ਼ਨਾ ਹੁੰਦੀ ਹੈ ਤਾਂ ਉਸੇ ਸਮੇਂ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਹੈ। ਚੋਣ ਜ਼ਾਬਤਾ ਲਾਗੂ ਹੋਣ ਨਾਲ ਰਾਜਨੀਤਿਕ ਪਾਰਟੀਆਂ ਵਿਸ਼ੇਸ਼ ਤੋਰ ਤੇ ਸੱਤਾਧਾਰੀ ਰਾਜਨੀਤਕ ਪਾਰਟੀਆਂ ਦੀ ਤਾਕਤ ਘਟ ਜਾਂਦੀ ਹੈ ਅਤੇ ਚੋਣ ਆਯੋਗ ਦੀਆਂ ਸ਼ਕਤੀਆਂ ਵਧ ਜਾਂਦੀਆਂ ਹਨ। ਕੁੱਝ ਸਾਲ ਪਹਿਲਾਂ ਤੱਕ ਬਹੁਤੇ ਲੋਕਾਂ ਨੂੰ ਚੋਣ ਆਯੋਗ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੁੰਦੀ ਸੀ ਪਰੰਤੂ ਭਾਰਤ ਦੇ ਸਾਬਕਾ ਮੁੱਖ ਚੋਣ ਅਧਿਕਾਰੀ ਟੀ ਐਨ ਸੈਸ਼ਨ ਨੇ ਕੁੱਝ ਠੋਸ ਕਦਮ ਚੁੱਕਕੇ ਦੇਸ਼ ਦੇ ਵੋਟਰਾਂ ਨੂੰ ਅਹਿਸਾਸ ਕਰਵਾ ਦਿਤਾ ਕਿ ਚੋਣ ਆਯੋਗ ਕੋਲ ਸੰਵਿਧਾਨਿਕ ਸ਼ਕਤੀਆਂ ਹਨ। ਉਸਤੋਂ ਬਾਦ ਆਏ ਹਰ ਇੱਕ ਚੋਣ ਅਧਿਕਾਰੀ ਨੇ ਇਨ੍ਹਾਂ ਸ਼ਕਤੀਆਂ ਦੀ ਭਰਪੂਰ ਵਰਤੋਂ ਕੀਤੀ ਅਤੇ ਚੋਣਾਂ ਦੌਰਾਨ ਰਾਜਨੀਤੀਵਾਨਾਂ ਨੂੰ ਨਕੇਲ ਪਾਕੇ ਰੱਖੀ ਜਿਸਦੇ ਨਤੀਜੇ ਵਜੋਂ ਪਿਛਲੇ ਕੁੱਝ ਸਾਲਾਂ ਤੋਂ ਚੋਣਾਂ ਦੌਰਾਨ ਹਾਲਾਤ ਪਹਿਲਾਂ ਨਾਲੋਂ ਬਦਲੇ-ਬਦਲੇ ਨਜ਼ਰ ਆਂਦੇ ਹਨ। ਸਰਕਾਰ ਵਲੋਂ ਚੋਣਾਂ ਨੂੰ ਸਹੀ ਤਰੀਕੇ ਨਾਲ ਨਪੇਰੇ ਚਾੜਣ ਲਈ ਚੋਣ ਜ਼ਾਬਤਾ ਬਣਾਇਆ ਗਿਆ ਹੈ ਜੋਕਿ ਚੋਣ ਆਯੋਗ ਦੁਆਰਾ ਲਾਗੂ ਕੀਤਾ ਜਾਂਦਾ ਹੈ। ਦੇਸ਼ ਦੇ ਬਹੁਤੇ ਲੋਕਾਂ ਨੂੰ ਅਜੇ ਤੱਕ ਵੀ ਚੋਣ ਜਾਬਤਾ ਬਾਰੇ ਬਹੁਤੀ ਜਾਣਕਾਰੀ ਨਾਂ ਹੋਣ ਕਾਰਨ ਬਹੁਤੀਆਂ ਥਾਵਾਂ ਤੇ ਚੋਣ ਜਾਬਤਾ ਦੀਆਂ ਉਲੰਘਣਾ ਦੀਆਂ ਘਟਨਾਵਾਂ ਵਾਪਰਦੀਆਂ ਹਨ। ਭਾਰਤੀ ਚੋਣ ਆਯੋਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਜਾਬਤਾ ਸਾਰੇ ਰਾਜਨੀਤਿਕ ਦਲਾਂ ਅਤੇ ਉਮੀਦਵਾਰਾਂ ਤੇ ਲਾਗੂ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਇਸ ਅਨੁਸਾਰ ਹੀ ਚੋਣਾਂ ਦੌਰਾਨ ਕੰਮ ਕਰਨਾ ਚਾਹੀਦਾ ਹੈ। ਚੋਣ ਜ਼ਾਬਤਾ ਅਨੁਸਾਰ ਕਿਸੇ ਵੀ ਰਾਜਨੀਤਿਕ ਦਲ ਜਾਂ ਉਮੀਦਵਾਰ ਨੂੰ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਹੈ ਜੋ ਵਿਭਿੰਨ ਜਾਤੀਆਂ ਅਤੇ ਧਾਰਮਿਕ ਜਾਂ ਭਾਸ਼ਾਵੀ ਸਮੁਦਾਇਆਂ ਵਿੱਚ ਮਤਭੇਦਾਂ ਨੂੰ ਵਧਾਵੇ ਜਾਂ ਨਫਰਤ ਦੀ ਭਾਵਨਾ ਪੈਦਾ ਕਰੇ ਜਾਂ ਤਨਾਓ ਉਤਪੰਨ ਕਰੇ।  ਹੋਰ ਰਾਜਨੀਤਿਕ ਦਲਾਂ ਦੀ ਆਲੋਚਨਾ ਕੀਤੀ ਜਾਵੇ ਤਾਂ ਉਹਨਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ, ਪਿਛਲੇ ਰਿਕਾਰਡ ਅਤੇ ਅਤੇ ਕੰਮ ਤੱਕ ਹੀ ਸੀਮਿਤ ਹੋਣੀ ਚਾਹੀਦੀ ਹੈ। ਇਹ ਵੀ ਜ਼ਰੂਰੀ ਹੈ ਕਿ ਵਿਅਕਤੀਗਤ ਜੀਵਨ ਵਿੱਚ ਇਸ ਤਰ੍ਹਾਂ ਦੇ ਸਾਰੇ ਪਹਿਲੂਆਂ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ, ਜਿਹਨਾਂ ਦਾ ਸਬੰਧ ਹੋਰ ਦਲਾਂ ਦੇ ਨੇਤਾਵਾਂ ਜਾਂ ਪ੍ਰੋਗਰਾਮਾਂ ਦੇ ਸਰਵਜਨਕ ਕਿਰਿਆ ਕਲਾਪਾਂ ਨਾਲ ਨਾ ਹੋਵੇ। ਦਲਾਂ ਅਤੇ ਉਹਨਾਂ ਦੇ ਕਾਰਜਕਰਤਾਵਾਂ ਦੇ ਬਾਰੇ ਕੋਈ ਐਸੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ, ਜੋ ਅਜਿਹੇ ਆਰੋਪਾਂ ਤੇ ਜਿਹਨਾਂ ਦੀ ਸਚਾਈ ਸਥਾਪਿਤ ਨਾ ਹੋਈ ਹੋਵੇ ਜਾਂ ਜਿਹੜੀ ਤੋੜ ਮਰੋੜ ਕੇ ਕਹੀਆਂ ਗੱਲਾਂ ਤੇ ਆਧਾਰਿਤ ਹੋਵੇ। ਵੋਟਾਂ ਪ੍ਰਾਪਤ ਕਰਨ ਦੇ ਲਈ ਜਾਤੀ ਜਾਂ ਸੰਪਰਦਾਇਕ ਭਾਵਨਾਵਾਂ ਦੀ ਦੁਹਾਈ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਮਸਜਿਦਾ, ਗਿਰਜਾਘਰਾਂ, ਮੰਦਿਰਾਂ ਜਾਂ ਪੂਜਾ ਦੇ ਹੋਰ ਸਥਾਨਾਂ ਦਾ ਨਿਰਵਾਚਨ ਪ੍ਰਚਾਰ ਦੇ ਮੰਚ ਦੇ ਰੂਪ ਵਿੱਚ ਪ੍ਰਯੋਗ ਨਹੀਂ ਕੀਤਾ ਜਾਣਾ ਚਾਹੀਦਾ ਹੈ। ਸਾਰੇ ਦਲਾਂ ਅਤੇ ਉਮੀਦਵਾਰਾਂ ਨੂੰ ਅਜਿਹੇ ਕੰਮਾਂ ਤੋਂ ਇਮਾਨਦਾਰੀ ਨਾਲ ਬਚਣਾ ਚਾਹੀਦਾ ਹੈ, ਜਿਹੜਾ ਚੋਣ ਵਿਧੀ ਅਧੀਨ 'ਭ੍ਰਿਸ਼ਟ ਆਚਰਨ' ਅਤੇ ਅਪਰਾਧ ਹੈ ਜਿਵੇਂ ਕਿ ਵੋਟਰਾਂ ਨੂੰ ਰਿਸ਼ਵਤ ਦੇਣਾ, ਵੋਟਰਾਂ ਨੂੰ ਡਰਾਉਣਾ/ਧਮਕਾਉਣਾ, ਵੋਟਰਾਂ ਦਾ ਪ੍ਰਤੀਰੂਪਣ, ਮਤਦਾਨ ਕੇਂਦਰ ਦੇ 100 ਮੀਟਰ ਦੇ ਅੰਦਰ ਵੋਟ ਲਈ ਮਿੰਨਤਾਂ ਕਰਨਾ, ਮਤਦਾਨ ਦੇ ਲਈ ਨਿਯਤ ਸਮੇਂ ਨੂੰ ਖਤਮ ਹੋਣ ਵਾਲੇ 48 ਘੰਟੇ ਦੀ ਅਵਧੀ ਦੇ ਦੌਰਾਨ ਸਰਵਜਨਕ ਸਭਾਵਾਂ ਕਰਨਾ ਅਤੇ ਵੋਟਰਾਂ ਨੂੰ ਗੱਡੀਆਂ ਰਾਹੀਂ ਮਤਦਾਨ ਕੇਂਦਰਾਂ ਤੱਕ ਲੈ ਕੇ ਜਾਣਾ ਉਥੋਂ ਵਾਪਿਸ ਲਿਆਉਣਾ। ਸਾਰੇ ਰਾਜਨੀਤਿਕ ਦਲਾਂ ਨੂੰ ਇਸ ਗੱਲ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਹਰੇਕ ਵਿਅਕਤੀ ਦੇ ਸ਼ਾਤੀਪੂਰਨ ਅਤੇ ਨਿਰਵਿਘਨ ਘਰੇਲੂ ਜ਼ਿੰਦਗੀ ਦੇ ਅਧਿਕਾਰ ਦਾ ਆਦਰ ਕਰੇ ਭਾਵੇਂ ਉਹ ਉਸਦੇ ਰਾਜਨੀਤਿਕ ਵਿਚਾਰਾਂ ਜਾਂ ਕੰਮਾਂ ਦੇ ਕਿੰਨਾ ਹੀ ਵਿਰੁੱਧ ਕਿਉਂ ਨਾ ਹੋਵੇ। ਵਿਅਕਤੀਆਂ ਦੇ ਵਿਚਾਰਾਂ ਅਤੇ ਕੰਮਾਂ ਦਾ ਵਿਰੋਧ ਕਰਨ ਦੇ ਲਈ ਉਹਨਾਂ ਦੇ ਘਰਾਂ ਦੇ ਸਾਹਮਣੇ ਪ੍ਰਦਰਸ਼ਨ ਆਯੋਜਿਤ ਕਰਨ ਜਾਂ ਧਰਨੇ ਦੇਣ ਦੇ ਤਰੀਕਿਆਂ ਦਾ ਸਹਾਰਾ ਕਿਸੇ ਵੀ ਪਰਿਸਥਿਤੀ ਵਿੱਚ ਨਹੀਂ ਲੈਣਾ ਚਾਹੀਦਾ ਹੈ। ਕਿਸੇ ਵੀ ਰਾਜਨੀਤਿਕ ਦਲ ਜਾਂ ਉਮੀਦਵਾਰ ਨੂੰ ਚੋਣ ਪ੍ਰਚਾਰ ਲਈ ਝੰਡਾ ਟੰਗਣ, ਸੂਚਨਾ ਚਿਪਕਾਉਣ, ਨਾਰੇ ਲਿਖਣ ਆਦਿ ਦੇ ਲਈ ਕਿਸੇ ਵੀ ਵਿਅਕਤੀ ਨੂੰ ਭੂਮੀ, ਭਵਨ, ਅਹਾਤੇ, ਦੀਵਾਰ ਆਦਿ ਦਾ ਬਿਨਾਂ ਇਜ਼ਾਜ਼ਤ ਉਪਯੋਗ ਕਰਨ ਦੀ ਆਗਿਆ ਆਪਣੇ ਵਰਕਰਾਂ ਨੂੰ ਨਹੀਂ ਦੇਣੀ ਚਾਹੀਦੀ ਹੈ। ਰਾਜਨੀਤਿਕ ਦਲਾਂ ਅਤੇ ਉਮੀਦਵਾਰਾਂ ਨੂੰ ਇਹ ਸੁਨਿਸਚਿਤ ਕਰਨਾ ਚਾਹੀਦਾ ਹੈ ਕਿ ਉਹਨਾਂ ਦੇ ਸਮਰਥਕ ਹੋਰ ਦਲਾਂ ਦੁਆਰਾ ਆਯੋਜਿਤ ਸਭਾਵਾਂ-ਜਲੂਸਾਂ ਆਦਿ ਵਿੱਚ ਵਿਘਨ ਉਤਪੰਨ ਨਾ ਕਰਨ ਜਾਂ ਉਹਨਾਂ ਨੂੰ ਭੰਗ ਨਾ ਕਰਨ। ਇੱਕ ਦਲ ਦੇ ਕਾਰਜਕਰਤਾਵਾਂ ਜਾਂ ਸ਼ੁਭਚਿੰਤਕਾਂ ਨੂੰ ਦੂਸਰੇ ਰਾਜਨੀਤਿਕ ਦਲਾਂ ਦੁਆਰਾ ਆਯੋਜਿਤ ਸਰਵਜਨਕ ਸਭਾਵਾਂ ਵਿੱਚ ਮੋਖਿਕ ਰੂਪ ਨਾਲ ਜਾਂ ਲਿਖਿਤ ਰੂਪ ਨਾਲ ਪ੍ਰਸ਼ਨ ਪੁੱਛ ਕੇ ਜਾਂ ਆਪਣੇ ਦਲ ਦੇ ਪਰਚੇ ਵੰਡ ਕੇ ਗੜਬੜ ਪੈਦਾ ਨਹੀਂ ਕਰਨੀ ਚਾਹੀਦੀ ਹੈ। ਕਿਸੀ ਦਲ ਦੁਆਰਾ ਜਲੂਸ ਉਹਨਾਂ ਸਥਾਨਾਂ ਤੋਂ ਹੋ ਕੇ ਨਹੀਂ ਲੈ ਜਾਣਾ ਚਾਹੀਦਾ ਹੈ ਜਿਹਨਾਂ ਸਥਾਨਾਂ ਤੇ ਦੂਸਰੇ ਦਲ ਦੁਆਰਾ ਸਭਾਵਾਂ ਕੀਤੀਆਂ ਜਾ ਰਹੀਆਂ ਹੋਣ। ਇੱਕ ਦਲ ਦੁਆਰਾ ਲਗਾਏ ਗਏ ਪੋਸਟਰ ਦੂਸਰੇ ਦਲ ਦੇ ਕਾਰਜਕਰਤਾਵਾਂ ਦੁਆਰਾ ਹਟਾਣੇ ਨਹੀਂ ਚਾਹੀਦੇ ਹਨ। ਦਲ ਜਾਂ ਉਮੀਦਵਾਰ ਨੂੰ ਕਿਸੀ ਪ੍ਰਸਤਾਵਿਤ ਸਭਾ ਦੇ ਸਥਾਨ ਅਤੇ ਸਮੇਂ ਦੇ ਬਾਰੇ ਵਿੱਚ ਸਥਾਨਕ ਅਧਿਕਾਰੀਆਂ ਨੂੰ ਉਚਿਤ ਸਮੇਂ ਸੂਚਨਾ ਦੇ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਵਾਜਾਈ ਨੂੰ ਨਿਯੰਤਰਿਤ ਕਰਨ ਅਤੇ ਸ਼ਾਂਤੀ ਵਿਵਸਥਾ ਬਣਾਈ ਰੱਖਣ ਦੇ ਲਈ ਜ਼ਰੂਰੀ ਇੰਤਜਾਮ ਕਰ ਸਕਣ। ਰਾਜਨੀਤਿਕ ਦਲਾਂ ਅਤੇ ਉਮੀਦਵਾਰਾਂ ਨੂੰ ਪਹਿਲਾਂ ਹੀ ਇਹ ਸੁਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਉਸ ਸਥਾਨ ਤੇ ਜਿੱਥੇ ਸਭਾ ਕਰਨ ਦਾ ਪ੍ਰਸਤਾਵ ਹੈ, ਨਿਰਬੰਧਾਤਮਕ ਜਾਂ ਪ੍ਰਤੀਬੰਧਾਤਮਕ ਆਦੇਸ਼ ਲਾਗੂ ਤਾਂ ਨਹੀਂ ਹੈ ਜੇਕਰ ਅਜਿਹੇ ਆਦੇਸ਼ ਲਾਗੂ ਹੋਣ ਤਾਂ ਉਹਨਾਂ ਦਾ ਸਖਤੀ ਨਾਲ ਪਾਲਣ ਕਰਨੀ ਚਾਹੀਦੀ ਹੈ। ਜੇਕਰ ਅਜਿਹੇ ਆਦੇਸ਼ਾਂ ਵਿੱਚ ਕੋਈ ਛੋਟ ਚਾਹੀਦੀ ਹੋਵੇ ਤਾਂ ਉਸਦੇ ਲਈ ਸਮੇਂ ਤੇ ਅਰਜੀ ਦੇਣੀ ਚਾਹੀਦੀ ਹੈ। ਜੇਕਰ ਕਿਸੇ ਪ੍ਰਸਤਾਵਿਤ ਸਭਾ ਦੇ ਸਬੰਧ ਵਿੱਚ ਲਾਊਡ ਸਪੀਕਰਾਂ ਦੇ ਉਪਯੋਗ ਜਾਂ ਕਿਸੀ ਹੋਰ ਸੁਵਿਧਾ ਦੇ ਲਈ ਇਜ਼ਾਜ਼ਤ ਪ੍ਰਾਪਤ ਕਰਨੀ ਹੋਵੇ ਤਾਂ ਰਾਜਨੀਤਿਕ ਦਲ ਜਾਂ ਉਮੀਦਵਾਰ ਨੂੰ ਸਬੰਧਤ ਅਧਿਕਾਰੀ ਦੇ ਕੋਲ ਪਹਿਲਾਂ ਤੋਂ ਹੀ ਆਵੇਦਨ ਕਰਨਾ ਚਾਹੀਦਾ ਹੈ ਅਤੇ ਅਜਿਹੀ ਇਜ਼ਾਜ਼ਤ ਲੈਣੀ ਚਾਹੀਦੀ ਹੈ। ਕਿਸੀ ਸਭਾ ਦੇ ਆਯੋਜਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਸਭਾ ਵਿੱਚ ਵਿਘਨ ਪਾਣ ਵਾਲੇ ਜਾਂ ਹੋਰ ਅਵਿਵਸਥਾ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਨਾਲ ਨਿਪਟਣ ਦੇ ਲਈ ਡਿਊਟੀ ਤੇ ਤਾਇਨਾਤ ਪੁਲਿਸ ਦੀ ਸਹਾਇਤਾ ਪ੍ਰਾਪਤ ਕਰਨ। ਆਯੋਜਕਾਂ ਨੂੰ ਚਾਹੀਦਾ ਹੈ ਕਿ ਉਹ ਵਿਅਕਤੀਆਂ ਦੇ ਵਿਰੁੱਧ ਆਪ ਕੋਈ ਕਾਰਵਾਈ ਨਾ ਕਰੇ। ਜਲੂਸ ਦਾ ਆਯੋਜਨ ਕਰਨ ਵਾਲੇ ਦਲ ਜਾਂ ਉਮੀਦਵਾਰ ਨੂੰ ਪਹਿਲਾਂ ਹੀ ਇਹ ਗੱਲ ਤਹਿ ਕਰ ਲੈਣੀ ਚਾਹੀਦੀ ਹੈ ਕਿ ਜਲੂਸ ਕਿਸ ਸਮੇਂ ਅਤੇ ਕਿਸ ਸਥਾਨ ਤੋਂ ਸ਼ੁਰੂ ਹੋਵੇਗਾ, ਕਿਸ ਮਾਰਗ ਤੋਂ ਹੋ ਕੇ ਜਾਵੇਗਾ ਅਤੇ ਕਿਸ ਸਮੇਂ ਅਤੇ ਕਿਸ ਸਥਾਨ ਤੇ ਸਮਾਪਤ ਹੋਵੇਗਾ। ਸਾਧਾਰਨ ਤੌਰ ਤੇ ਪ੍ਰੋਗਰਾਮ ਵਿੱਚ ਕੋਈ ਫੇਰਬਦਲ ਨਹੀਂ ਹੋਣਾ ਚਾਹੀਦਾ ਹੈ। ਆਯੋਜਕਾਂ ਨੂੰ ਚਾਹੀਦਾ ਹੈ ਕਿ ਪ੍ਰੋਗਰਾਮ ਦੇ ਬਾਰੇ ਵਿੱਚ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਪਹਿਲਾਂ ਤੋਂ ਸੂਚਨਾ ਦੇ ਦੇਣ, ਤਾਂ ਕਿ ਜ਼ਰੂਰੀ ਪ੍ਰਬੰਧ ਕਰ ਸਕਣ। ਆਯੋਜਕਾਂ ਨੂੰ ਇਹ ਪਤਾ ਕਰ ਲੈਣਾ ਚਾਹੀਦਾ ਹੈ ਕਿ ਜਿਹਨਾਂ ਇਲਾਕਿਆਂ ਤੋਂ ਹੋ ਕੇ ਜਲੂਸ ਗੁਜਰਨਾ ਹੈ, ਉਹਨਾਂ ਤੇ ਕੋਈ ਪ੍ਰਤੀਬੰਧ ਦੇ ਆਦੇਸ਼ ਲਾਗੂ ਤਾਂ ਨਹੀਂ ਹੈ ਜਦੋਂ ਤੱਕ ਅਧਿਕਾਰੀ ਦੁਆਰਾ ਵਿਸ਼ੇਸ਼ ਰੂਪ ਨਾਲ ਛੋਟ ਨਾ ਦੇ ਦਿੱਤੀ ਜਾਵੇ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਯੋਜਕਾਂ ਨੂੰ ਜਲੂਸ ਦਾ ਆਯੋਜਨ ਇਸ ਢੰਗ ਨਾਲ ਕਰਨਾ ਚਾਹੀਦਾ ਹੈ ਜਿਸ ਨਾਲ ਆਵਾਜਾਈ ਵਿੱਚ ਕੋਈ ਰੁਕਾਵਟ ਜਾਂ ਅੜਚਣ ਉਤਪੰਨ ਕੀਤੇ ਬਿਨਾਂ ਜਲੂਸ ਦਾ ਨਿਕਲਣਾ ਸੰਭਵ ਹੋ ਸਕੇ। ਜੇਕਰ ਜਲੂਸ ਬਹੁਤ ਲੰਬਾ ਹੈ ਤਾਂ ਉਸਨੂੰ ਉਪਯੁਕਤ ਲੰਬਾਈ ਵਾਲੇ ਟੁਕੜਿਆਂ ਵਿਚ ਸੰਗਠਿਤ ਕਰਨਾ ਚਾਹੀਦਾ ਹੈ, ਤਾਂ ਕਿ ਜਿੱਥੋਂ ਜਲੂਸ ਨੂੰ ਚੋਰਾਹਿਆਂ ਤੋਂ ਹੋ ਕੇ ਗੁਜ਼ਰਨਾ ਹੈ, ਰੁਕੀ ਹੋਈ ਆਵਾਜਾਈ ਦੇ ਲਈ ਸਮੇਂ-ਸਮੇਂ ਤੇ ਰਸਤਾ ਦਿੱਤਾ ਜਾ ਸਕੇ ਅਤੇ ਇਸ ਤਰ੍ਹਾਂ ਭਾਰੀ ਆਵਾਜਾਈ ਦੇ ਜਾਮ ਤੋਂ ਬਚਿਆ ਜਾ ਸਕੇ। ਜਲੂਸਾਂ ਦੀ ਵਿਵਸਥਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਿੱਥੋ ਤੱਕ ਹੋ ਸਕੇ ਉਹਨਾਂ ਨੂੰ ਸੜਕ ਦੇ ਖੱਬੇ ਪਾਸੇ ਰੱਖਿਆ ਜਾਵੇ ਅਤੇ ਡਿਊਟੀ ਤੇ ਤਾਇਨਾਤ ਪੁਲਿਸ ਦੇ ਨਿਰਦੇਸ਼ ਅਤੇ ਸਲਾਹ ਦਾ ਸਖਤੀ ਦੇ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਜੇਕਰ ਦੋ ਜਾਂ ਵੱਧ ਰਾਜਨੀਤਿਕ ਦਲਾਂ ਜਾਂ ਉਮੀਦਵਾਰਾਂ ਨੇ ਲਗਭੱਗ ਉਸੀ ਸਮੇਂ ਤੇ ਉਸੀ ਰਸਤੇ ਤੋਂ ਜਾਂ ਉਸਦੇ ਭਾਗ ਵਿੱਚੋਂ ਜਲੂਸ ਕੱਢਣ ਦਾ ਪ੍ਰਸਤਾਵ ਕੀਤਾ ਹੈ, ਤਾਂ ਆਯੋਜਕਾਂ ਨੂੰ ਚਾਹੀਦਾ ਹੈ ਕਿ ਸਮੇਂ ਤੋਂ ਕਾਫੀ ਪਹਿਲਾਂ ਆਪਸ ਵਿੱਚ ਸੰਪਰਕ ਸਥਾਪਿਤ ਕਰਨ ਅਤੇ ਅਜਿਹੀਆਂ ਯੋਜਨਾ ਬਣਾਉਣ, ਜਿਸ ਨਾਲ ਕਿ ਜਲੂਸਾਂ ਵਿੱਚ ਟਕਰਾਅ ਨਾ ਹੋਵੇ ਜਾਂ ਆਵਾਜਾਈ ਨੂੰ ਵਿਘਨ ਉਤਪੰਨ ਨਾ ਹੋਵੇ। ਸਥਾਨਕ ਪੁਲਿਸ ਦੀ ਸਹਾਇਤਾ ਸੰਤੋਸ਼ਜਨਕ ਇੰਤਜਾਮ ਕਰਨ ਦੇ ਲਈ ਸਦਾ ਉਪਲਬੱਧ ਰਹੇਗੀ। ਇਸ ਲਈ ਰਾਜਨੀਤਿਕ ਦਲਾਂ ਅਤੇ ਆਗੂਆਂ ਨੂੰ ਜਲਦੀ ਤੋਂ ਜਲਦੀ ਪੁਲਿਸ ਨਾਲ ਸੰਪਰਕ ਸਥਾਪਿਤ ਕਰਨਾ ਚਾਹੀਦਾ ਹੈ। ਜਲੂਸ ਵਿੱਚ ਸ਼ਾਮਿਲ ਲੋਕਾਂ ਦੁਆਰਾ ਅਜਿਹੀਆਂ ਚੀਜ਼ਾਂ ਲੈ ਕੇ ਚੱਲਣ ਦੇ ਵਿਸ਼ੇ ਵਿੱਚ ਉਹਨਾਂ ਦਾ ਅਰਾਜਕ ਤੱਤਾਂ ਦੁਆਰਾ, ਵਿਸ਼ੇਸ਼ ਰੂਪ ਨਾਲ ਉਤੇਜਨਾ ਦੇ ਪਲਾਂ ਵਿੱਚ ਦੁਰਉਪਯੋਗ ਕੀਤਾ ਜਾ ਸਕਦਾ ਹੈ, ਰਾਜਨੀਤਿਕ ਦਲ ਜਾਂ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਨਿਯੰਤਰਣ ਰੱਖਣਾ ਚਾਹੀਦਾ ਹੈ। ਕਿਸੇ ਵੀ ਰਾਜਨੀਤਿਕ ਦਲ ਜਾਂ ਉਮੀਦਵਾਰ ਨੂੰ ਹੋਰ ਰਾਜਨੀਤਿਕ ਦਲਾਂ ਦੇ ਮੈਂਬਰਾਂ ਜਾਂ ਉਹਨਾਂ ਦੇ ਨੇਤਾਵਾਂ ਦੇ ਪੁਤਲੇ ਲੈ ਕੇ ਚੱਲਣ, ਉਹਨਾਂ ਨੂੰ ਸਰਵਜਨਕ ਸਥਾਨ ਤੇ ਜਲਾਉਣ ਅਤੇ ਇਸ ਪ੍ਰਕਾਰ ਦੇ ਹੋਰ ਪ੍ਰਦਰਸ਼ਨਾਂ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਹੈ। ਸਾਰੇ ਰਾਜਨੀਤਿਕ ਦਲਾਂ ਅਤੇ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਇਹ ਸੁਨਿਸ਼ਚਿਤ ਕਰਨ ਲਈ ਕਿ ਵੋਟਾਂ ਸ਼ਾਂਤੀਪੂਰਵਕ ਅਤੇ ਸੁਵਿਵਸਥਿਤ ਢੰਗ ਨਾਲ ਹੋਣ ਅਤੇ ਵੋਟਰਾਂ ਨੂੰ ਇਸ ਗੱਲ ਦੀ ਪੂਰੀ ਸੁਤੰਤਰਤਾ ਹੋਵੇ ਕਿ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਜਾਂ ਅੜਚਨ ਦੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰ ਸਕਣ, ਚੋਣ ਡਿਊਟੀ ਤੇ ਲੱਗੇ ਹੋਏ ਅਧਿਕਾਰੀਆਂ ਨਾਲ ਸਹਿਯੋਗ ਕਰਨ। ਸਾਰੇ ਰਾਜਨੀਤਿਕ ਦਲਾਂ ਅਤੇ ਉਮੀਦਵਾਰਾਂ ਨੂੰ ਆਪਣੇ ਅਧਿਕਾਰਤ ਕਾਰਜਕਰਤਾਵਾਂ ਨੂੰ ਉਪਯੁਕਤ ਬਿੱਲੇ ਜਾਂ ਪਹਿਚਾਣਪੱਤਰ ਦੇਣੇ ਚਾਹੀਦੇ ਹਨ। ਸਾਰੇ ਰਾਜਨੀਤਿਕ ਦਲ ਅਤੇ ਉਮੀਦਵਾਰ ਇਸ ਗੱਲ ਨਾਲ ਸਹਿਮਤ ਹੋਣ ਕਿ ਵੋਟਰਾਂ ਨੂੰ ਉਹਨਾਂ ਵੱਲੋਂ ਦਿੱਤੀਆਂ ਗਈਆਂ ਪਹਿਚਾਣ ਪਰਚੀਆਂ ਸਾਦੇ ਸਫੈਦ ਕਾਗਜ਼ ਤੇ ਹੋਣਗੀਆਂ ਅਤੇ ਉਹਨਾਂ ਤੇ ਕੋਈ ਪ੍ਰਤੀਕ ਉਮੀਦਵਾਰ ਦਾ ਜਾਂ ਦਲ ਦਾ ਨਾਮ ਨਹੀਂ ਹੋਵੇਗਾ। ਰਾਜਨੀਤਿਕ ਦਲਾਂ ਅਤੇ ਉਮੀਦਵਾਰਾਂ ਦੁਆਰਾ ਮਤਦਾਨ ਕੇਂਦਰਾਂ ਦੇ ਨੇੜੇ ਲਗਾਏ ਗਏ ਕੈਂਪਾਂ ਦੇ ਨੇੜੇ ਗੈਰ ਜ਼ਰੂਰੀ ਭੀੜ ਇਕੱਠੀ ਨਾ ਹੋਣ ਦੇਣ, ਜਿਸ ਨਾਲ ਉਮੀਦਵਾਰਾ ਦੇ ਕਾਰਜਕਰਤਾਵਾਂ ਅਤੇ ਸ਼ੁਭਚਿੰਤਕਾਂ ਵਿੱਚ ਆਪਸ ਵਿੱਚ ਮੁਕਾਬਲਾ ਅਤੇ ਤਨਾਓ ਉਤਪੰਨ ਨਾ ਹੋ ਜਾਵੇ। ਸਾਰੇ ਰਾਜਨੀਤਿਕ ਦਲਾਂ ਜਾਂ ਉਮੀਦਵਾਰਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਮੀਦਵਾਰਾਂ ਦੇ ਕੈਂਪ ਸਾਧਾਰਨ ਹੋਣ। ਉਹਨਾਂ ਤੇ ਕੋਈ ਪੋਸਟਰ, ਝੰਡੇ, ਪ੍ਰਤੀਕ ਜਾਂ ਕੋਈ ਹੋਰ ਪ੍ਰਚਾਰ ਸਮੱਗਰੀ ਪ੍ਰਦਰਸ਼ਿਤ ਨਾ ਕੀਤੀ ਜਾਵੇ। ਕੈਂਪਾਂ ਵਿੱਚ ਖਾਣ ਵਾਲੇ ਪਦਾਰਥ ਪੇਸ਼ ਨਾ ਕੀਤੇ ਜਾਣ ਅਤੇ ਭੀੜ ਨਾ ਲਗਾਈ ਜਾਵੇ। ਸਾਰੇ ਰਾਜਨੀਤਿਕ ਦਲਾਂ ਜਾਂ ਉਮੀਦਵਾਰਾਂ ਨੂੰ ਚਾਹੀਦਾ ਹੈ ਮਤਦਾਨ ਦੇ ਦਿਨ ਵਾਹਨਾਂ ਤੇ ਲਗਾਏ ਜਾਣ ਵਾਲੇ ਨਿਰਬੰਧਨਾਂ ਦਾ ਪਾਲਣ ਕਰਨ ਵਿੱਚ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਨ ਅਤੇ ਵਾਹਨਾਂ ਦੇ ਲਈ ਪਰਮਿਟ ਪ੍ਰਾਪਤ ਕਰ ਲੈਣ ਅਤੇ ਉਹਨਾਂ ਵਾਹਨਾਂ ਤੇ ਇਸ ਤਰ੍ਹਾਂ ਲਗਾ ਦੇਣ ਜਿਸ ਨਾਲ ਸਾਫ-ਸਾਫ ਦਿਖਾਈ ਦਿੰਦੇ ਰਹਿਣ। ਵੋਟਰਾਂ ਤੋਂ ਬਿਨਾਂ ਕੋਈ ਵੀ ਵਿਅਕਤੀ ਚੋਣ ਆਯੋਗ ਦੁਆਰਾ ਦਿੱਤੇ ਗਏ ਆਥੋਰਾਇਜ਼ਡ ਪਾਸ ਤੋਂ ਬਿਨਾਂ ਮਤਦਾਨ ਕੇਂਦਰਾਂ ਵਿੱਚ ਪ੍ਰਵੇਸ਼ ਨਹੀਂ ਕਰੇਗਾ। ਚੋਣ ਆਯੋਗ ਦੁਆਰਾ ਆਬਜ਼ਰਬਰ ਨਿਯੁਕਤ ਕੀਤੇ ਜਾਂਦੇ ਹਨ। ਜੇਕਰ ਚੋਣਾਂ ਦੌਰਾਨ  ਉਮੀਦਵਾਰਾਂ ਜਾਂ ਆਗੂਆਂ ਨੂੰ ਕੋਈ ਵਿਸ਼ੇਸ਼ ਸ਼ਿਕਾਇਤ ਜਾਂ ਸਮੱਸਿਆ ਹੋਵੇ ਤਾਂ ਉਹ ਉਸਦੀ ਸੂਚਨਾ ਚੋਣ ਆਬਜ਼ਰਬਰ ਨੂੰ ਦੇ ਸਕਦੇ ਹਨ। ਸੱਤਾਧਾਰੀ ਦਲ ਨੂੰ, ਭਾਵੇਂ ਉਹ ਕੇਂਦਰ ਵਿੱਚ ਹੋਵੇ ਜਾਂ ਸਬੰਧਿਤ ਰਾਜ ਜਾਂ ਰਾਜਾਂ ਵਿੱਚ ਹੋਵੇ, ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਹ ਸ਼ਿਕਾਇਤ ਕਰਨ ਦਾ ਕੋਈ ਮੌਕਾ ਨਾ ਦਿੱਤਾ ਜਾਵੇ ਕਿ ਉਸ ਦਲ ਨੇ ਆਪਣੇ ਚੋਣ ਅਭਿਆਨ ਲਈ ਆਪਣੇ ਸਰਕਾਰੀ ਅਹੁਦੇ ਦਾ ਦੁਰਉਪਯੋਗ ਕੀਤਾ ਹੈ ਅਤੇ ਵਿਸ਼ੇਸ਼ ਰੂਪ ਨਾਲ-ਮੰਤਰੀਆਂ ਨੂੰ ਆਪਣੇ ਦੌਰਿਆ ਨੂੰ, ਚੋਣਾਂ ਨਾਲ ਸਬੰਧਿਤ ਪ੍ਰਚਾਰ ਦੇ ਨਾਲ ਨਹੀਂ ਜੋੜਨਾ ਚਾਹੀਦਾ ਹੈ ਅਤੇ ਚੋਣਾਂ ਦੌਰਾਨ ਪ੍ਰਚਾਰ ਕਰਦੇ ਹੋਏ ਸਰਕਾਰੀ ਮਸ਼ੀਨਰੀ ਅਤੇ ਕਰਮਚਾਰੀਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਹੈ। ਸਰਕਾਰੀ ਜਹਾਜ਼ਾਂ, ਗੱਡੀਆ ਸਹਿਤ ਸਰਕਾਰੀ ਵਾਹਨਾਂ, ਮਸ਼ੀਨਰੀ ਅਤੇ ਕਰਮਚਾਰੀਆਂ ਦਾ ਸੱਤਾਧਾਰੀ ਦਲ ਦੇ ਹਿੱਤ ਨੂੰ ਵਧਾਵਾ ਦੇਣ ਦੇ ਲਈ ਪ੍ਰਯੋਗ ਨਹੀਂ ਕੀਤਾ ਜਾਵੇਗਾ। ਸੱਤਾਧਾਰੀ ਦਲ ਨੂੰ ਚਾਹੀਦਾ ਹੈ ਕਿ ਉਹ ਸਰਵਜਨਕ ਸਥਾਨ ਜਿਵੇਂ ਮੈਦਾਨ ਆਦਿ ਤੇ ਚੋਣ ਸਭਾਵਾਂ ਆਯੋਜਿਤ ਕਰਨ ਅਤੇ ਹਵਾਈ ਉਡਾਣਾਂ ਦੇ ਲਈ ਹੈਲੀਪੈਡਾਂ ਦਾ ਇਸਤੇਮਾਲ ਕਰਨ ਦੇ ਲਈ ਆਪਣਾ ਏਕਾਧਿਕਾਰ ਨਾ ਜਮਾਏ। ਇਸ ਤਰ੍ਹਾਂ ਦੇ ਸਥਾਨਾਂ ਦਾ ਪ੍ਰਯੋਗ ਦੂਸਰੇ ਦਲਾਂ ਅਤੇ ਉਮੀਦਵਾਰਾਂ ਨੂੰ ਵੀ ਉਹਨਾਂ ਹੀ ਸ਼ਰਤਾਂ ਤੇ ਕਰਨ ਦਿੱਤਾ ਜਾਵੇ, ਜਿਹਨਾਂ ਸ਼ਰਤਾਂ ਤੇ ਸੱਤਾਧਾਰੀ ਦਲ ਉਹਨਾਂ ਦਾ ਪ੍ਰਯੋਗ ਕਰਦਾ ਹੈ। ਸੱਤਾਧਾਰੀ ਦਲ ਜਾਂ ਉਸਦੇ ਉਮੀਦਵਾਰਾਂ ਦਾ ਵਿਸ਼ਰਾਮਘਰਾਂ, ਡਾਕ ਬੰਗਲਿਆਂ ਜਾਂ ਹੋਰ ਸਰਕਾਰੀ ਅਵਾਸਾ ਤੇ ਏਕਾਧਿਕਾਰ ਨਹੀਂ ਹੋਵੇਗਾ ਅਤੇ ਇਸ ਤਰ੍ਹਾਂ ਦੇ ਅਵਾਸਾ ਦਾ ਪ੍ਰਯੋਗ ਨਿਰਪੱਖ ਤਰੀਕੇ ਨਾਲ ਕਰਨ ਦੇ ਲਈ ਹੋਰ ਦਲਾਂ ਅਤੇ ਉਮੀਦਵਾਰਾਂ ਨੂੰ ਵੀ ਆਗਿਆ ਹੋਵੇਗੀ ਪਰ ਦਲ ਜਾਂ ਉਮੀਦਵਾਰ ਇਸ ਤਰਾਂ ਦੇ ਅਵਾਸਾ ਦਾ (ਇਹਨਾਂ ਨਾਲ ਸਬੰਧਿਤ ਪਰਿਸਰਾਂ ਸਹਿਤ) ਪ੍ਰਚਾਰ ਦਫ਼ਤਰ ਦੇ ਰੂਪ ਵਿੱਚ ਜਾਂ ਚੋਣ ਪ੍ਰਚਾਰ ਲਈ ਕੋਈ ਸਰਵਜਨਕ ਸਭਾ ਕਰਨ ਦੀ ਦ੍ਰਿਸ਼ਟੀ ਨਾਲ ਪ੍ਰਯੋਗ ਨਹੀਂ ਕਰੇਗਾ ਜਾਂ ਪ੍ਰਯੋਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਚੋਣ ਸਮੇਂ ਦੌਰਾਨ ਸੱਤਾਧਾਰੀ ਦਲ ਨੂੰ ਲਾਭ ਪਹੁੰਚਾਣ ਦੀ ਦ੍ਰਿਸ਼ਟੀ ਨਾਲ ਉਹਨਾਂ ਦੀਆਂ ਉਪਲਬੱਧੀਆਂ ਦਿਖਾਉਣ ਦੇ ਉਦੇਸ਼ ਨਾਲ ਰਾਜਨੀਤਿਕ ਸਮਾਚਾਰਾਂ ਅਤੇ ਪ੍ਰਚਾਰ ਦੀ ਪੱਖਪਾਤਪੂਰਨ ਪ੍ਰਸਿੱਧੀ ਦੇ ਲਈ ਸਰਕਾਰੀ ਖਰਚਿਆਂ ਨਾਲ ਸਮਾਚਾਰ ਪੱਤਰਾਂ ਜਾਂ ਹੋਰ ਮਾਧਿਅਮਾਂ ਨਾਲ ਅਜਿਹੇ ਵਿਗਿਆਪਨਾਂ ਦਾ ਜਾਰੀ ਕੀਤਾ ਜਾਣਾ, ਸਰਕਾਰੀ ਜਨਮਾਧਿਅਮਾਂ ਦਾ ਦੁਰਉਪਯੋਗ ਬਿਲਕੁੱਲ ਬੰਦ ਹੋਣਾ ਚਾਹੀਦਾ ਹੈ। ਮੰਤਰੀਆਂ ਅਤੇ ਹੋਰ ਅਧਿਕਾਰੀਆਂ ਨੂੰ ਉਸ ਸਮੇਂ ਤੋਂ ਜਦੋਂ ਤੋਂ ਚੋਣ ਆਯੋਗ ਦੁਆਰਾ ਚੋਣਾਂ ਘੋਸ਼ਿਤ ਕੀਤੀਆਂ ਜਾਂਦੀਆਂ ਹਨ, ਅਪਣੇ ਫੰਡ ਵਿੱਚੋਂ ਅਨੁਦਾਨਾਂ ਜਾਂ ਅਦਾਇਗੀਆਂ ਦੀ ਸਵੀਕ੍ਰਿਤੀ ਨਹੀਂ ਦੇਣੀ ਚਾਹੀਦੀ ਹੈ। ਮੰਤਰੀ ਅਤੇ ਹੋਰ ਅਧਿਕਾਰੀ, ਉਸ ਸਮੇਂ ਤੋਂ ਜਦੋਂ ਤੋਂ ਚੋਣ ਆਯੋਗ ਦੁਆਰਾ ਚੋਣਾਂ ਘੋਸ਼ਿਤ ਕੀਤੀਆਂ ਜਾਂਦੀਆਂ ਹਨ,  ਕਿਸੀ ਵੀ ਰੂਪ ਵਿੱਚ ਕੋਈ ਵੀ ਵਿੱਤੀ ਮੰਜ਼ੂਰੀ ਜਾਂ ਵਚਨ ਦੇਣ ਦੀ ਘੋਸ਼ਣਾ ਨਹੀਂ ਕਰਨਗੇ ਅਤੇ (ਲੋਕ ਸੇਵਕਾ ਨੂੰ ਛੱਡ ਕੇ) ਕਿਸੀ ਪ੍ਰਕਾਰ ਦੀਆਂ ਪਰਿਯੋਜਨਾਵਾਂ ਅਤੇ ਸਕੀਮਾਂ ਦੇ ਲਈ ਆਧਾਰਸ਼ਿਲਾਵਾਂ ਆਦਿ ਨਹੀਂ ਰੱਖਣਗੇ ਜਾਂ ਸੜਕਾਂ ਦੇ ਨਿਰਮਾਣ ਦਾ ਕੋਈ ਵਚਨ ਨਹੀਂ ਦੇਣਗੇ, ਪੀਣ ਦੇ ਪਾਣੀ ਦੀਆਂ ਸੁਵਿਧਾਵਾਂ ਨਹੀਂ ਦੇਣਗੇ ਜਾਂ ਸ਼ਾਸ਼ਨ, ਸਰਵਜਨਕ ਉਪਕ੍ਰਮਾਂ ਆਦਿ ਵਿੱਚ ਐਸੀ ਕੋਈ ਵੀ ਨਿਯੁਕਤੀ ਨਾ ਕੀਤੀ ਜਾਵੇ ਜਿਸ ਨਾਲ ਸੱਤਾਧਾਰੀ ਦਲ ਦੇ ਹਿੱਤ ਵਿੱਚ ਮਤਦਾਤਾ ਪ੍ਰਭਾਵਿਤ ਹੋਣ। ਆਯੋਗ ਕੋਈ ਵੀ ਚੋਣਾਂ ਦੀ ਤਾਰੀਖ  ਘੋਸ਼ਿਤ ਕਰੇਗਾ, ਜੋ ਐਸੀਆਂ ਚੋਣਾਂ ਦੇ ਬਾਰੇ ਵਿੱਚ ਜਾਰੀ ਹੋਣ ਵਾਲੀ ਅਧਿਸੂਚਨਾ ਦੀ ਤਾਰੀਖ ਤੋਂ ਆਮ ਤੋਰ ਤੇ  ਤਿੰਨ ਹਫਤਿਆਂ ਤੋਂ ਵੱਧ ਨਹੀਂ ਹੋਵੇਗੀ। ਚੋਣ ਆਯੋਗ ਵਲੋਂ ਲਾਗੂ ਕੀਤੇ ਜਾਣ ਵਾਲਾ ਚੋਣ ਜ਼ਾਬਤਾ ਪੂਰੀ ਤਰਾਂ ਅਮਲ ਵਿੱਚ ਨਹੀਂ ਆ ਰਿਹਾ ਹੈ ਅਤੇ ਇਸਦਾ ਵੱਡਾ ਕਾਰਨ ਹੈ ਕਿ ਬਹੁਤੇ ਰਾਜਨੀਤਿਕ ਦਲ ਅਤੇ ਉਮੀਦਵਾਰ ਵਿਸ਼ੇਸ਼ ਤੋਰ ਤੇ ਸੱਤਾਧਾਰੀ ਪਾਰਟੀਆਂ ਦੇ ਆਗੂ ਇਸਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਹਨ। ਦੇਸ ਦੇ ਬਹੁਤੇ ਲੋਕਾਂ ਅਤੇ ਵੋਟਰਾਂ ਨੂੰ ਵੀ ਚੋਣ ਜ਼ਾਬਤਾ ਬਾਰੇ ਬਹੁਤੀ ਜਾਣਕਾਰੀ ਨਾਂ ਹੋਣਾ ਵੀ ਇਸਦਾ ਵੱਡਾ ਕਾਰਨ ਹੈ। ਚੋਣ ਆਯੋਗ ਨੂੰ ਚਾਹੀਦਾ ਹੈ ਕਿ ਚੋਣ ਜ਼ਾਬਤਾ ਬਾਰੇ ਆਮ ਲੋਕਾਂ ਤੱਕ ਸਰਲ ਅਤੇ ਸਥਾਨਕ ਭਾਸ਼ਾ ਵਿੱਚ ਜਾਣਕਾਰੀ ਪਹੁੰਚਾਏ ਤਾਂ ਜੋ ਆਮ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ ਅਤੇ ਇਸਦੀ ਉਲੰਘਣਾ ਕਰਨ ਵਾਲੇ ਆਗੂਆਂ ਅਤੇ ਰਾਜਨੀਤਿਕ ਦਲਾਂ ਖਿਲਾਫ ਲੋਕ ਸ਼ਿਕਾਇਤਾਂ ਕਰ ਸਕਣ।
ਕੁਲਦੀਪ ਚੰਦ
9417563054