ਕਰੋੜਾਂ ਰੁਪਏ ਖਰਚਣ ਤੋਂ ਬਾਦ ਵੀ ਪੰਜਾਬ ਵਿੱਚ ਸਾਖਰਤਾ ਦਰ 77% ਤੋਂ ਨਾਂ ਵਧੀ

ਮੁੱਖ ਮੰਤਰੀ ਅਤੇ ਉਪੱ ਮੁੱਖ ਮੰਤਰੀ ਦਾ ਅਪਣਾ ਜਿਲ੍ਹਾ ਸਾਖਰਤਾ ਵਿੱਚ ਪੱਛੜਿਆ।

04 ਅਪ੍ਰੈਲ, 2014 (ਕੁਲਦੀਪ ਚੰਦ) ਵਿਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਮੰਨਿਆਂ ਜਾਂਦਾ ਹੈ। ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਕਰਨ ਲਈ ਸਰਕਾਰ ਹਰ ਸਾਲ ਕਰੋੜਾਂ-ਅਰਬਾਂ ਰੁਪਏ ਖਰਚ ਕਰ ਰਹੀ ਹੈ ਪਰ ਫਿਰ ਵੀ ਦੇਸ਼ ਵਿੱਚੋਂ ਅਨਪੜਤਾ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਅੱਜ ਅਸੀਂ ਭਾਵੇਂ 21ਵੀਂ ਸਦੀ ਵਿੱਚ ਪਹੁੰਚ ਚੁੱਕੇ ਹਾਂ ਪਰ ਫਿਰ ਵੀ ਦੇਸ਼ ਦੇ ਹਰ ਨਾਗਰਿਕ ਨੂੰ ਪੜਿਆ ਲਿਖਿਆ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋ ਰਿਹਾ। ਦੁਨੀਆਂ ਦੇ ਵਿਕਸਿਤ ਦੇਸ਼ਾਂ ਨੇ ਪੜ੍ਹਾਈ ਦੇ ਮਹੱਤਵ ਨੂੰ ਪਹਿਲਾਂ ਹੀ ਪਹਿਚਾਣ ਲਿਆ ਸੀ ਜਿਸ ਕਾਰਨ ਵਿਕਸਿਤ ਦੇਸ਼ਾਂ ਵਿੱਚ ਹਰ ਨਾਗਰਿਕ ਪੜਿਹਆ-ਲਿਖਿਆ ਹੈ ਅਤੇ ਉਹਨਾਂ ਦੀ ਸਾਖਰਤਾ ਦਰ 100 ਫੀਸਦੀ ਹੈ। ਵਿਕਸਿਤ ਦੇਸ਼ਾਂ ਦੇ ਨਾਗਰਿਕਾਂ ਦੀ 100 ਫੀਸਦੀ ਸਾਖਰਤਾ ਦਰ ਕਾਰਨ ਹੀ ਉਥੋਂ ਦੇ ਨਾਗਰਿਕ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹਨ ਅਤੇ ਉਹਨਾਂ ਦਾ ਜੀਵਨ ਪੱਧਰ ਉਚਾ ਹੈ। ਅੱਜ ਸਾਡਾ ਦੇਸ਼ ਦੁਨੀਆਂ ਦੇ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋਣ ਲਈ ਜ਼ੋਰ ਲਾ ਰਿਹਾ ਹੈ ਪਰ ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਕੀਤੇ ਬਿਨਾ ਦੇਸ਼ ਨੂੰ ਵਿਕਸਿਤ ਨਹੀਂ ਕੀਤਾ ਜਾ ਸਕਦਾ। ਅਨਪੜ੍ਹ ਬੰਦਿਆਂ ਨੂੰ ਆਪਣੇ ਲਿਖਣ ਪੜ੍ਹਨ ਦੇ ਹਰ ਕੰਮ ਲਈ ਦੂਸਰਿਆਂ ਤੇ ਨਿਰਭਰ ਰਹਿਣਾ ਪੈਂਦਾ ਹੈ। ਅਨਪੜ੍ਹ ਬੰਦਾ ਆਪਣੇ ਨਫੇ-ਨੁਕਸਾਨ ਦਾ ਹਿਸਾਬ ਨਹੀਂ ਲਗਾ ਸਕਦਾ। ਪੰਜਾਬ ਨੂੰ ਖੁਸ਼ਹਾਲ ਸੂਬਾ ਕਿਹਾ ਜਾਂਦਾ ਹੈ ਪਰ ਜੇਕਰ ਸਾਖਰਤਾ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ 76.7 ਫੀਸਦੀ ਹੈ ਜਿਸ ਵਿੱਚ ਪੁਰਸ਼ਾਂ ਦੀ ਸਾਖਰਤਾ ਦਰ 81.5 ਫੀਸਦੀ ਅਤੇ ਮਹਿਲਾਵਾਂ ਦੀ ਸਾਖਰਤਾ ਦਰ 71.3 ਫੀਸਦੀ ਹੈ। ਪੰਜਾਬ ਦੀ 23.3 ਫੀਸਦੀ ਜਨਸੰਖਿਆ ਯਾਨੀ ਕਿ 64,55,087 ਲੋਕ ਅਜੇ ਅਨਪੜ੍ਹ ਹਨ ਜਦਕਿ ਪੂਰੇ ਦੇਸ਼ ਦੀ ਸਾਖਰਤਾ ਦਰ 74 ਫੀਸਦੀ ਹੈ। ਪੰਜਾਬ ਦੇ 7 ਜ਼ਿਲਿਆ ਦੀ ਸਾਖਰਤਾ ਦਰ 60 ਫੀਸਦੀ ਤੋਂ 70 ਫੀਸਦੀ ਦੇ ਵਿਚਕਾਰ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਵੱਖ ਵੱਖ ਜਿਲਿਆਂ ਦੀ ਸਾਖਰਤਾ ਦਰ ਵੇਖੀਏ ਤਾਂ ਪੰਜਾਬ ਵਿੱਚ ਸਭ ਤੋਂ ਵੱਧ ਸਾਖਰ ਹੁਸ਼ਿਆਰਪੁਰ ਜ਼ਿਲ੍ਹਾ ਹੈ ਜਿੱਥੇ ਦੀ ਸਾਖਰਤਾ ਦਰ 85.4 ਫੀਸਦੀ ਹੈ, ਅਜੀਤਗੜ੍ਹ ਜ਼ਿਲ੍ਹੇ ਦੀ ਸਾਖਰਤਾ ਦਰ 84.9 ਫੀਸਦੀ ਹੈ, ਰੂਪਨਗਰ ਜ਼ਿਲ੍ਹੇ ਦੀ ਸਾਖਰਤਾ ਦਰ 83.3 ਫੀਸਦੀ ਹੈ, ਲੁਧਿਆਣਾ ਜ਼ਿਲ੍ਹੇ ਦੀ ਸਾਖਰਤਾ ਦਰ 82.5 ਫੀਸਦੀ ਹੈ, ਜਲੰਧਰ ਜ਼ਿਲ੍ਹੇ ਦੀ ਸਾਖਰਤਾ ਦਰ 82.4 ਫੀਸਦੀ ਹੈ, ਗੁਰਦਾਸਪੁਰ ਜ਼ਿਲ੍ਹੇ ਦੀ ਸਾਖਰਤਾ ਦਰ 81.1 ਫੀਸਦੀ ਹੈ, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਸਾਖਰਤਾ ਦਰ 80.3 ਫੀਸਦੀ ਹੈ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਸਾਖਰਤਾ ਦਰ 80.3 ਫੀਸਦੀ ਹੈ, ਕਪੂਰਥਲਾ ਜ਼ਿਲ੍ਹੇ ਦੀ ਸਾਖਰਤਾ ਦਰ 80.2 ਫੀਸਦੀ ਹੈ, ਅਮਿੰਰਤਸਰ ਜ਼ਿਲ੍ਹੇ ਦੀ ਸਾਖਤਰਾ ਦਰ 77.2 ਫੀਸਦੀ ਹੈ, ਪਟਿਆਲਾ ਜ਼ਿਲ੍ਹੇ ਦੀ ਸਾਖਰਤਾ ਦਰ 76.3 ਫੀਸਦੀ ਹੈ, ਮੋਗਾ ਜ਼ਿਲ੍ਹੇ ਦੀ ਸਾਖਰਤਾ ਦਰ 71.6 ਫੀਸਦੀ ਹੈ, ਫਰੀਦਕੋਟ ਜ਼ਿਲ੍ਹੇ ਦੀ ਸਾਖਰਤਾ ਦਰ 70.6 ਫੀਸਦੀ ਹੈ, ਬਠਿੰਡਾ ਜ਼ਿਲ੍ਹੇ ਦੀ ਸਾਖਰਤਾ ਦਰ 69.9 ਫੀਸਦੀ ਹੈ, ਫਿਰੋਜ਼ਪੁਰ ਜ਼ਿਲ੍ਹੇ ਦੀ ਸਾਖਰਤਾ ਦਰ 69.8 ਫੀਸਦੀ ਹੈ, ਤਰਨਤਾਰਨ ਜ਼ਿਲ੍ਹੇ ਦੀ ਸਾਖਰਤਾ ਦਰ 69.4 ਫੀਸਦੀ ਹੈ,  ਬਰਨਾਲਾ ਜ਼ਿਲ੍ਹੇ ਦੀ ਸਾਖਰਤਾ ਦਰ 68.9 ਫੀਸਦੀ ਹੈ, ਸੰਗਰੂਰ ਜ਼ਿਲ੍ਹੇ ਦੀ ਸਾਖਰਤਾ ਦਰ 68.9 ਫੀਸਦੀ ਹੈ, ਪੰਜਾਬ ਦੇ ਮੋਜੂਦਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਪਣੇ ਜਿਲ੍ਹੇ ਮੁਕਤਸਰ ਸਾਹਿਬ ਦੀ ਸਾਖਰਤਾ ਦਰ ਸਿਰਫ 66.8 ਫੀਸਦੀ ਹੈ,  ਮਾਨਸਾ ਜ਼ਿਲ੍ਹੇ ਦੀ ਸਾਖਰਤਾ ਦਰ 62.8 ਫੀਸਦੀ ਹੈ।  ਪੰਜਾਬ ਦੇ ਗੁਆਂਢੀ ਸੂਬਿਆਂ ਚੰਡੀਗੜ੍ਹ ਵਿੱਚ ਸਾਖਰਤਾ ਦਰ 86.43 ਫੀਸਦੀ ਹੈ, ਹਰਿਆਣਾ ਵਿੱਚ ਸਾਖਰਤਾ ਦਰ 76.64 ਫੀਸਦੀ ਹੈ ਹਿਮਾਚਲ ਪ੍ਰਦੇਸ਼ ਵਿੱਚ ਸਾਖਰਤਾ ਦਰ 83.78 ਫੀਸਦੀ ਹੈ, ਜੰਮੂ ਅਤੇ ਕਸ਼ਮੀਰ ਵਿੱਚ ਸਾਖਰਤਾ ਦਰ 68.74 ਫੀਸਦੀ ਹੈ। ਸਰਕਾਰ ਦੀਆਂ ਢਿੱਲੀਆਂ ਨੀਤੀਆਂ ਕਾਰਨ ਵੀ ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਨਹੀਂ ਹੋ ਰਹੀ ਹੈ। ਅੱਜ ਵੀ ਕਈ ਸਰਕਾਰੀ ਸਕੂਲਾਂ ਵਿੱਚ ਬੈਠਣ ਲਈ ਫਰਨੀਚਰ ਨਹੀਂ ਹੈ। ਕਈ ਸਕੂਲ ਅੱਜ ਵੀ ਅਧਿਆਪਕਾਂ ਤੋਂ ਸੱਖਣੇ ਹਨ। ਕਈ ਸਕੂਲਾਂ ਵਿੱਚ ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਨਹੀਂ ਹਨ। ਕਈ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਦੀ ਜਗ੍ਹਾ ਤੇ ਨਵੀਆਂ ਸਕੂਲ ਦੀਆਂ ਇਮਾਰਤਾਂ ਨਹੀਂ ਬਣਾਈਆਂ ਜਾ ਰਹੀਆਂ ਹਨ। ਬੇਸ਼ੱਕ ਸਰਕਾਰ ਵਲੋਂ ਦੇਸ ਵਿੱਚ ਅਨਪੜਤਾ ਨੂੰ ਖਤਮ ਕਰਨ ਲਈ ਸਰਵ ਸਿਖਿਆ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ 6 ਤੋਂ 14 ਸਾਲ ਤੱਕ ਦੇ ਹਰ ਬੱਚੇ ਨੂੰ ਮੁਫਤ ਅਤੇ ਜਰੂਰੀ ਸਿਖਿਆ ਪ੍ਰਦਾਨ ਕਰਨ ਲਈ ਸਿਖਿਆ ਦਾ ਅਧਿਕਾਰ ਲਾਗੂ ਕੀਤਾ ਗਿਆ ਹੈ ਪਰ ਇਸਦਾ ਅਸਰ ਕਿੰਨਾ ਹੁੰਦਾ ਹੈ ਇਹ ਤਾਂ ਸਮਾਂ ਬੀਤਣ ਤੇ ਹੀ ਚਲੇਗਾ ਪਰ ਅਜੇ ਤੱਕ ਤਾਂ ਮੁਕੰਮਲ ਸਾਖਰਤਾ ਇੱਕ ਸੁਪਨਾ ਹੀ ਬਣਿਆ ਹੋਇਆ ਹੈ।  
ਕੁਲਦੀਪ ਚੰਦ
9417563054